ਪੁਰੀਸਈ ਦੀਆਂ ਗਲ਼ੀਆਂ ਵਿੱਚ ਕਲਾਕਾਰਾਂ ਦੀਆਂ ਅਵਾਜ਼ਾਂ ਗੂੰਜ ਰਹੀਆਂ ਹਨ, ਜੋ ਅਭਿਆਸ ਕਰਨ ਵਿੱਚ ਮਸਰੂਫ਼ ਹਨ। ਅਕਤੂਬਰ ਮਹੀਨਾ ਆਉਂਦਿਆਂ ਹੀ ਪਿੰਡ 24 ਘੰਟੇ ਜਾਗਣ ਲੱਗਦਾ ਹੈ। ਉਤਸ਼ਾਹਤ ਦਰਸ਼ਕਾਂ ਦੀ ਭੀੜ ਪਿੰਡ ਦੇ ਚੌਕ ਵਿੱਚ ਇਕੱਠੀ ਹੋਣ ਲੱਗਦੀ ਹੈ, ਸੰਗੀਤ ਹਵਾ ਵਿੱਚ ਤੈਰਨ ਲੱਗਦਾ ਹੈ ਅਤੇ ਸਧਾਰਣ ਜਿਹੇ ਘਰ ਵੀ ਗ੍ਰੀਨ ਰੂਮ ਵਿੱਚ ਬਦਲ ਜਾਂਦੇ ਹਨ। ਕਪੁਸਾਮੀ ਅਤੇ ਚੰਦਰਾਂ ਵਰਗੀਆਂ ਸਥਾਨਕ ਚਾਹ ਦੀ ਦੁਕਾਨਾਂ ਰਾਤ-ਰਾਤ ਭਰ ਖੁੱਲ੍ਹੀਆਂ ਰਹਿੰਦੀਆਂ ਹਨ। ਦੇਸ਼ ਭਰ ਤੋਂ ਆਏ ਕਲਾਕਾਰ ਇੱਥੇ ਇਕੱਠੇ ਹੁੰਦੇ ਹਨ, ਜਿਨ੍ਹਾਂ ਵਿੱਚ ਝਾਰਖੰਡ ਦੇ ਲੋਕ ਰੰਗਮੰਚ ਕਲਾਕਾਰ, ਸਥਾਨਕ ਥੇਰੂਕੁਥੂ ਕਲਾਕਾਰ, ਤਮਿਲਨਾਡੂ ਦੇ ਹੋਰ ਹਿੱਸਿਆਂ ਤੋਂ ਪਰਈ ਮੰਡਲੀਆਂ, ਕੇਰਲ, ਪੁਡੁੱਚੇਰੀ ਅਤੇ ਚੇਨੱਈ ਅਤੇ ਹੋਰ ਥਾਵਾਂ ਤੋਂ ਆਏ ਆਧੁਨਿਕ ਰੰਗਕਰਮੀ ਸ਼ਾਮਲ ਹਨ। ਅੱਜ 6 ਅਕਤੂਬਰ, 2024 ਹੈ ਅਤੇ ਪ੍ਰਸਿੱਧ ਕਲਾਇਮਾਮਣੀ ਕਨੱਪਾ ਥੰਬਿਰਨ ਸਮ੍ਰਿਤੀ ਰੰਗਮੰਚ ਮਹੋਤਸਵ ਦਾ ਆਯੋਜਨ ਇੱਕ ਸਾਲ ਬਾਅਦ ਫਿਰ ਤੋਂ ਕੀਤਾ ਜਾ ਰਿਹਾ ਹੈ ਜਿਸ ਨੂੰ ਜ਼ਿਆਦਾਤਰ ਲੋਕ ਪੁਰੀਸਈ ਮਹੋਤਸਵ ਦੇ ਨਾਮ ਨਾਲ਼ ਜਾਣਦੇ ਹਨ।
ਪਹਿਲਾਂ ਇਹ ਮਹੋਤਸਵ ਤਿੰਨ ਦਿਨਾਂ ਤੱਕ ਚੱਲਦਾ ਸੀ। ਪਰੰਤੂ ਕਰੋਨਾ ਮਹਾਂਮਾਰੀ ਤੋਂ ਬਾਅਦ ਇਸਦਾ ਆਯੋਜਨ ਹਰ ਦੋ ਸਾਲਾਂ ਵਿੱਚ ਇੱਕ ਵਾਰ ਕੀਤਾ ਜਾਣ ਲੱਗਿਆ ਜੋ ਵੱਧ ਤੋਂ ਵੱਧ ਸਿਰਫ਼ ਡੇਢ ਦਿਨ ਹੀ ਚੱਲਦਾ ਹੈ। ਇਸ ਮਹੋਤਸਵ ਦੀ ਜੜ੍ਹਾਂ 1989 ਤੱਕ ਜਾਂਦੀਆਂ ਹਨ ਜਦੋਂ ਇਸਨੂੰ ਕੋਡੈ ਵਿਝਾ (ਗਰਮੀ ਦਾ ਉਤਸਵ) ਦੇ ਨਾਮ ਨਾਲ਼ ਜਾਣਿਆ ਜਾਂਦਾ ਸੀ। ਇਸਦੀ ਸ਼ੁਰੂਆਤ ਆਧੁਨਿਕ ਨਾਟਕਕਾਰ ਐੱਨ. ਮੁਥੁਸਾਮੀ ਨੇ ਪੁਰੀਸਈ ਦੇ ਕੰਨੱਪਾ ਥੰਬਿਰਨ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਕਾਸੀ ਨਾਲ਼ ਮਿਲ਼ ਕੇ ਕੀਤੀ ਸੀ। ਮੁਥੁਸਾਮੀ ਇਸ ਲੋਕ ਕਲਾ ਤੋਂ ਪ੍ਰਭਾਵਿਤ ਸਨ ਅਤੇ ਉਨਾਂ ਨੇ ਥੇਰੂਕੁਤੂ ਨੂੰ ਆਧੁਨਿਕ ਰੂਪ ਵਿੱਚ ਢਾਲਨ ਲਈ ਥੰਬਿਰਨ ਨਾਲ਼ ਮਿਲ਼ ਕੇ ਕੰਮ ਕੀਤਾ।
ਇਹ ਪਿੰਡ ਥੇਰੂਕੁਥੂ ਕਲਾ ਦੇ ਕਲਾਕਾਰਾਂ ਦਾ ਕੇਂਦਰ ਮੰਨਿਆ ਜਾਂਦਾ ਹੈ। 49 ਸਾਲਾ ਥੇਰੂਕੁਥੂ ਕਲਾਕਾਰ ਪਲਾਨੀ ਮੁਰੂਗਨ, ਜੋ ਇਸ ਪਿੰਡ ਦੇ ਹਨ, ਦੱਸਦੇ ਹਨ,"ਇੱਥੇ ਹਰ ਕੋਈ ਕਲਾਕਾਰ ਹੈ, ਚਾਹੇ ਉਹ ਕਿਸਾਨ ਹੋਵੇ ਜਾਂ ਦਿਹਾੜੀ ਮਜ਼ਦੂਰ।" ਪਲਾਨੀ ਮੁਰੂਗਨ ਪੁਰੀਸਈ ਮਹੋਤਸਵ ਦੇ ਆਯੋਜਕ ਵੀ ਹਨ। ਸ਼ਹਿਰ ਦੀਆਂ ਸਭਿਆਚਾਰਾਂ ਤੋਂ ਪ੍ਰਭਾਵਿਤ ਰੰਗਮੰਚ ਅਤੇ ਆਧੁਨਿਕ ਨ੍ਰਿੱਤ ਵਿੱਚ ਕਈ-ਕਈ ਸਾਲ ਬਿਤਾਉਣ ਦੇ ਬਾਅਦ ਉਹ ਥੇਰੂਕੁਥੂ ਵਿੱਚ ਵਾਪਸ ਆਏ ਹਨ। ਉਹ ਕਹਿੰਦੇ ਹਨ,"ਸਾਲਾਂ ਤੱਕ ਸਕ੍ਰਿਪਟ ਦੇ ਅਨੁਸਾਰ ਨਾਟਕ ਕਰਨ ਤੋਂ ਬਾਅਦ ਇਸ ਨੂੰ ਬਿਨਾਂ ਅਭਿਆਸ ਦੇ ਅਸਾਨੀ ਨਾਲ਼ ਕਰ ਪਾਉਣਾ ਚੁਣੌਤੀਪੂਰਨ ਹੈ। ਪਰ ਇਹ ਇੱਕ ਘਰ ਵਾਪਸੀ ਵਾਂਗ ਹੈ।"
































