"ਥੋੜ੍ਹਾ ਜਿਹਾ ਗੁੱਸਾ ਦਿਖਾਉਣਾ ਹੋਵੇ ਤਾਂ ਅੱਖਾਂ ਨੂੰ ਰਤਾ ਕੁ ਤਾਣਨਾ ਪੈਂਦਾ ਹੈ... ਭਿਅੰਕਰ ਗੁੱਸੇ ਲਈ ਚਪਟ ਖੁੱਲ੍ਹੀਆਂ ਵੱਡੀਆਂ ਅੱਖਾਂ ਤੇ ਭਰਵੱਟੇ ਚੜ੍ਹੇ ਹੋਣੇ ਚਾਹੀਦੇ ਹਨ। ਖੁਸ਼ੀ ਦਿਖਾਉਣੀ ਹੋਵੇ ਤਾਂ ਗੱਲ੍ਹਾਂ 'ਤੇ ਮੁਸਕਰਾਹਟ ਖਿੰਡਾਉਣੀ ਪੈਂਦੀ ਹੈ।''
ਦਿਲੀਪ ਪਟਨਾਇਕ ਨੂੰ ਝਾਰਖੰਡ ਰਾਜ ਵਿਖੇ ਸਰਾਏਕੇਲਾ ਛਊ ਨਾਚ ਵਿੱਚ ਵਰਤੇ ਜਾਣ ਵਾਲ਼ੇ ਮਖੌਟਾ ਬਣਾਉਣ ਲਈ ਜਾਣਿਆ ਜਾਂਦਾ ਹੈ। "ਮਖੌਟੇ 'ਚੋਂ ਪੂਰਾ ਕਿਰਦਾਰ ਝਲਕਣਾ ਚਾਹੀਦਾ ਹੈ," ਉਹ ਕਹਿੰਦੇ ਹਨ। ਸਰਾਏਕੇਲਾ ਛਊ ਕਲਾ ਦੇ ਮਖੌਟੇ ਵਿਲੱਖਣ ਹਨ। ਉਹ ਨਵਾਰਾਸ ਦੇ ਨੌ ਭਾਵਾਂ ਨੂੰ ਦਰਸਾਉਂਦੇ ਨੇ, ਹਾਵ-ਭਾਵਾਂ ਦੀ ਇੰਨੀ ਵੰਨ-ਸੁਵੰਨਤਾ ਤੁਸੀਂ ਕਿਸੇ ਹੋਰ ਛਊ ਸ਼ੈਲੀ ਵਿੱਚ ਨਹੀਂ ਲੱਭ ਸਕਦੇ।''
ਬਣਨ ਪ੍ਰਕਿਰਿਆ ਦੇ ਵੱਖੋ-ਵੱਖ ਪੜਾਵਾਂ 'ਤੇ ਪਏ ਕੁਝ ਇੱਧਰ-ਓਧਰ ਫੈਲੇ ਮਖੌਟੇ, ਦੇਖਣ ਵਿੱਚ ਕਾਫੀ ਵਿਲੱਖਣ ਜਾਪਦੇ ਹਨ। ਇਨ੍ਹਾਂ ਮਖੌਟਿਆਂ ਦੀਆਂ ਚਪਟ ਖੁੱਲ੍ਹੀਆਂ ਅੱਖਾਂ, ਪਤਲੇ ਭਰਵੱਟੇ, ਸਾਂਵਲੀ, ਕਣਕਵੰਨੀ ਚਮੜੀ ਇਹ ਸਭ ਮਿਲ਼ ਕੇ ਕਈ ਤਰ੍ਹਾਂ ਦੇ ਭਾਵਾਂ ਨੂੰ ਕੈਪਚਰ ਕਰਦੇ ਹਨ।
ਇਹ ਕਲਾ ਨਾਚ ਅਤੇ ਮਾਰਸ਼ਲ ਆਰਟਸ ਦਾ ਸੰਗਮ ਹੈ। ਜਿਸ ਵਿੱਚ ਕਲਾਕਾਰ ਇਹ ਮਖੌਟੇ ਪਹਿਨ ਕੇ ਰਾਮਾਇਣ, ਮਹਾਭਾਰਤ ਅਤੇ ਸਥਾਨਕ ਲੋਕਕਥਾਵਾਂ ਦੀਆਂ ਕਹਾਣੀਆਂ ਪੇਸ਼ ਕਰਦੇ ਹਨ। ਦਿਲੀਪ ਇਨ੍ਹਾਂ ਸਾਰੇ ਸ਼ੋਆਂ ਲਈ ਲੋੜੀਂਦੇ ਮਖੌਟੇ ਬਣਾ ਸਕਦੇ ਹਨ। ਪਰ ਉਨ੍ਹਾਂ ਵਿੱਚੋਂ ਉਨ੍ਹਾਂ ਦਾ ਮਨਪਸੰਦ ਮਖੌਟਾ ਕ੍ਰਿਸ਼ਨ ਦਾ ਹੈ। "ਗੁੱਸੇ ਦਾ ਭਾਵ ਦਿਖਾਉਣਾ ਸੌਖਾ ਹੈ, ਚਪਟ ਖੁੱਲ੍ਹੀਆਂ ਅੱਖਾਂ ਅਤੇ ਉਤਾਂਹ ਚੁੱਕੇ ਭਰਵੱਟੇ ਬਣਾ ਦਿਓ ਕੰਮ ਖਤਮ, ਪਰ ਸ਼ਰਾਰਤੀ ਭਾਵ ਲਿਆਉਣਾ ਕੋਈ ਸੌਖਾ ਕੰਮ ਨਹੀਂ ਹੈ।''
ਕਿਉਂਕਿ ਦਿਲੀਪ ਖੁਦ ਇੱਕ ਪ੍ਰਦਰਸ਼ਨਕਾਰੀ ਕਲਾਕਾਰ ਹਨ, ਬਚਪਨ ਤੋਂ ਹੀ ਛਊ ਨਾਚ ਮੰਡਲੀ ਦਾ ਹਿੱਸਾ ਰਹਿਣ ਕਾਰਨ ਉਹ ਬਰੀਕ ਤੋਂ ਬਰੀਕ ਵੇਰਵੇ ਨੂੰ ਸਮਝਣ ਯੋਗ ਹੋਏ। ਉਹ ਛਊ ਤਿਉਹਾਰ ਦੌਰਾਨ ਸ਼ਿਵ ਮੰਦਰ ਵਿੱਚ ਹੁੰਦੇ ਨਾਚ ਨੂੰ ਵੇਖ ਕੇ ਸਭ ਸਿੱਖਦੇ ਚਲੇ ਗਏ। ਕ੍ਰਿਸ਼ਨ ਦਾ ਨਾਚ ਉਨ੍ਹਾਂ ਦਾ ਮਨਪਸੰਦ ਨਾਚ ਹੈ। ਉਹ ਅੱਜ ਢੋਲ਼ ਵਜਾਉਂਦੇ ਹਨ ਅਤੇ ਸਰਾਏਕੇਲਾ ਛਊ ਟੀਮ ਦਾ ਅਨਿਖੜਵਾਂ ਹਿੱਸਾ ਹਨ।










