ਉਸ ਦਿਨ ਉਹ ਸਾਰੀ ਰਾਤ ਜਾਗਦੇ ਰਹੇ। ਜਦੋਂ ਉਹ ਸਿਰਫ਼ 15 ਸਾਲ ਦੇ ਸਨ, ਤਦ ਉਨ੍ਹਾਂ ਨੇ ਪਹਿਲੀ ਵਾਰੀ ਤਮਿਲ਼ਨਾਡੂ ਦੇ ਅਨੁਮੰਦਈ ਪਿੰਡ ਦੀ ਮਾਰੀਅੰਮਨ ਕੋਇਲ ਸਟ੍ਰੀਟ 'ਤੇ ਥੇਰੂਕੁਥੂ ਦੇਖਿਆ ਸੀ।70 ਸਾਲ ਦੇ ਵੀਰ ਰਾਘਵਨ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ,"ਉਨ੍ਹਾਂ ਸਾਰਿਆਂ ਨੇ ਭਾਰੀ ਪੁਸ਼ਾਕਾਂ ਪਾਈਆਂ ਹੋਈਆਂ ਸਨ। ਲਿਸ਼ਕਵੇਂ ਮੁਕੁਟ, ਸੁਨਿਹਰੀ ਗਹਿਣੇ ਪਹਿਨੇ ਹੋਏ ਸਨ ਅਤੇ ਰੰਗ-ਬਿਰੰਗੇ ਸਿੰਗਾਰ ਕੀਤੇ ਹੋਏ ਸਨ।ਉਨ੍ਹਾਂ ਨੇ ਗਾਣੇ ਗਾਏ, ਨਾਚ ਅਤੇ ਅਭਿਨੈ ਕੀਤਾ ਅਤੇ ਸਾਰੇ ਉਨ੍ਹਾਂ ਨੂੰ ਹੈਰਾਨੀ ਨਾਲ਼ ਦੇਖ ਰਹੇ ਸਨ। ਦਰਸ਼ਕਾਂ ਵਿੱਚ, ਥਾਥਾ ਅਤੇ ਪਾਥੀ (ਦਾਦਾ ਅਤੇ ਦਾਦੀ) ਇਓਂ ਹੱਥ ਜੋੜ ਕੇ ਬੈਠੇ ਸਨ ਜਿਓਂ ਉਨਾਂ ਦੇ ਸਾਹਮਣੇ ਕੋਈ ਦੇਵਤਾ ਆ ਗਿਆ ਹੋਵੇ। ਇਹ ਦੇਖਣਾ ਕਾਫ਼ੀ ਮਜ਼ੇਦਾਰ ਸੀ।''
ਜਿਸ ਰਾਤ ਉਨ੍ਹਾਂ ਨੇ ਪਹਿਲੀ ਵਾਰ ਥੇਰੂਕੁਥੁ (ਜੋ ਇੱਕ ਤਰ੍ਹਾਂ ਦਾ ਨੁੱਕੜ ਨਾਟਕ ਹੈ) ਦੇਖਿਆ, ਉਨ੍ਹਾਂ ਦੇ ਦਿਮਾਗ਼ 'ਤੇ ਡੂੰਘੀ ਛਾਪ ਪੈ ਗਈ। ਉਹ ਦੱਸਦੇ ਹਨ,"ਨਾ ਮੈਂ ਕੁਝ ਖਾ ਪਾ ਰਿਹਾ ਸਾਂ ਨਾ ਹੀ ਸੌਂ ਹੀ ਪਾ ਰਿਹਾ ਸਾਂ।ਮੇਰੇ ਅੰਦਰ ਤਰਥੱਲੀ ਮੱਚੀ ਹੋਈ ਸੀ ਜੋ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਉਨ੍ਹਾਂ ਨਾਲ਼ ਰਹਿਣਾ ਚਾਹੀਦਾ ਹੈ। ਮੈਂ ਉਹੀ ਕਰਨਾ ਚਾਹੁੰਦਾ ਸੀ ਜੋ ਉਹ ਉਸ ਦਿਨ ਕਰ ਰਹੇ ਸਨ।" ਉਨ੍ਹੀਂ ਦਿਨੀਂ ਉਹ ਛੇਵੀਂ ਕਲਾਸ ਵਿੱਚ ਪੜ੍ਹ ਰਹੇ ਸਨ ਪਰ ਉਨ੍ਹਾਂ ਦਾ ਭਵਿੱਖ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਸੰਗੀਤ, ਨਾਚ ਜਾਂ ਕਥਾਨਕ ਵਿੱਚ ਬਿਨਾਂ ਕਿਸੇ ਰਸਮੀ ਸਿਖਲਾਈ ਦੇ ਉਨ੍ਹਾਂ ਨੇ ਅੱਧ-ਵਿਚਾਲ਼ੇ ਪੜ੍ਹਾਈ ਛੱਡ ਦਿੱਤੀ ਅਤੇ ਥੇਰੂਕੁਥੁ ਗਰੁੱਪ ਨਾਲ਼ ਜੁੜ ਗਏ।
ਉਹਨਾਂ ਦੇ ਮਾਤਾ-ਪਿਤਾ ਜੋ ਰਾਜ ਵਿੱਚ ਹੋਰ ਪਿਛੜੇ ਵਰਗ ਹੇਠ ਸੂਚੀਬੱਧ ਵਣਨੀਆਰ ਸਮੁਦਾਏ ਨਾਲ਼ ਸਬੰਧਿਤ ਕਿਸਾਨ ਮਜ਼ਦੂਰ ਸਨ, ਨੇ ਇਸ ਫ਼ੈਸਲੇ 'ਤੇ ਕੋਈ ਇਤਰਾਜ਼ ਨਾ ਕੀਤਾ। ਉਹ ਯਾਦ ਕਰਦੇ ਹੋਏ ਕਹਿੰਦੇ ਹਨ, "ਅਸੀਂ ਬਹੁਤਾ ਨਹੀਂ ਕਮਾਉਂਦੇ ਸੀ, ਪਰ ਸਿੱਖਣ ਵਿੱਚ ਮੈਨੂੰ ਮਜ਼ਾ ਆਉਂਦਾ ਸੀ। ਸ਼ੁਰੂ ਵਿੱਚ ਉਹ ਮੈਨੂੰ ਛੋਟੇ-ਮੋਟੇ ਰੋਲ਼ਦਿਆ ਕਰਦੇ।" ਪਰ ਫਿਰ ਬਾਅਦ ਵਿੱਚ, ਵੀਰ ਰਾਘਵਨ ਨੂੰ ਮਹਾਭਾਰਤ 'ਤੇ ਅਧਾਰਤ ਇੱਕ ਨਾਟਕ ਵਿੱਚ ਪਹਿਲਾ ਕਿਰਦਾਰ ਦੁਰਯੋਧਨ ਦਾ ਨਿਭਾਉਣ ਦਾ ਮੌਕਾ ਮਿਲ਼ਿਆ, ਜਿਸ ਲਈ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ। ਉਨ੍ਹਾਂ ਦੇ ਚਿਹਰੇ 'ਤੇ ਮਾਣ ਭਰੀ ਮੁਸਕਾਨ ਫ਼ੈਲ ਗਈ, ਮੁਸਕਾਨ ਜੋ ਉਮਰ ਦੇ ਇਸ ਪੜਾਅ 'ਤੇ ਵੀ ਮਾਸਾ ਫਿੱਕੀ ਨਹੀਂ ਪਈ ਸੀ, "ਮੈਂ ਬਿਲਕੁਲ ਨਾ ਡਰਿਆ। ਬਲਕਿ, ਮੈਂ ਤਾਂ ਕਾਫ਼ੀ ਜੋਸ਼ ਵਿੱਚ ਸੀ।"
ਵੀਰ ਰਾਘਵਨ ਨੇ ਨਾ ਸਿਰਫ਼ ਇਸ ਕਲਾ ਨੂੰ ਸਿੱਖਣ ਵਿੱਚ ਮਨ ਲਾਇਆ, ਸਗੋਂ ਉਨ੍ਹਾਂ ਮਹਾਕਾਵਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ 'ਤੇ ਇਹ ਨਾਟਕ ਅਧਾਰਿਤ ਹੁੰਦੇ। ਉਨ੍ਹਾਂ ਨੇ ਆਪਣਾ ਗਿਆਨ ਵਧਾਉਣ ਲਈ ਤਮਿਲ਼ ਭਾਸ਼ਾ ਵਿੱਚ ਲਿਖੇ ਨੂਲ ਅਗਰਥੀ, ਪੇਰੀਆ ਪੂਰਾਣਮ ਅਤੇ ਭਰਤਮ ਵਰਗੇ ਪੁਰਾਤਨ ਗ੍ਰੰਥਾਂ ਨੂੰ ਵੀ ਪੜ੍ਹਿਆ।
90 ਦੇ ਦਹਾਕੇ ਦੇ ਅੰਤ ਤੱਕ ਉਹ ਇੱਕ ਪੇਸ਼ਕਾਰੀ ਲਈ ਸਿਰਫ਼ 5 ਤੋਂ 10 ਰੁਪਏ ਕਮਾਉਂਦੇ ਸਨ। ਉਹ ਮੁਸਕਰਾ ਕੇ ਦੱਸਦੇ ਹਨ,"ਸਾਡੇ ਸ਼ੋਅ ਲਗਭਗ ਪੂਰਾ ਸਾਲ ਚੱਲਦੇ। ਕਰੀਬ 250 ਦਿਨ ਇਨ੍ਹਾਂ ਵਿੱਚ ਹੀ ਲੰਘ ਜਾਇਆ ਕਰਦੇ।" ਨਾਟਕ ਦਾ ਖ਼ਰਚਾ ਗ੍ਰਾਮ ਪੰਚਾਇਤ ਦੁਆਰਾ ਅਤੇ ਲੋਕਾਂ ਤੋਂ ਇਕੱਠੇ ਕੀਤੇ ਚੰਦਿਆਂ ਨਾਲ਼ ਪੂਰਾ ਕੀਤਾ ਜਾਂਦਾ। ਉਹ ਅੱਗੇ ਕਹਿੰਦੇ ਹਨ,"ਦਰਸ਼ਕ ਸਾਡੀ ਕਲਾ ਪ੍ਰਤੀ ਆਪਣਾ ਪਿਆਰ ਜਤਾਉਂਦੇ ਹੋਏ ਵੀ ਪੈਸਾ ਦੇ ਦਿਆ ਕਰਦੇ, ਸੋਚਦੇ ਸਨ ਕਿ ਇਹ ਭਗਵਾਨ ਲਈ ਹੈ।" ਲੋਕ ਆਪ ਵੀ ਬਹੁਤਾ ਨਹੀਂ ਕਮਾਉਂਦੇ ਸਨ, ਬੱਸ ਇਹ ਸਭ ਇੱਕ ਜਨੂੰਨ ਹੀ ਸੀ।




























