ਆਓ ਬਿਲਕੁਲ ਸ਼ੁਰੂਆਤ ਤੋਂ ਗੱਲ ਕਰਦੇ ਹਾਂ...

2014 ਤੋਂ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ) ਭਾਰਤ ਦੀ ਵਿਭਿੰਨਤਾ ਬਾਰੇ ਲਾਸਾਨੀ ਕਹਾਣੀਆਂ ਸੁਣਾਉਂਦੀ ਰਹੀ ਹੈ, ਜੋ ਭਾਰਤੀ ਭਾਸ਼ਾਵਾਂ ਵਿੱਚ ਵੀ ਬਾਦਸਤੂਰ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਭਾਰਤ ਵਿੱਚ, ਪੇਂਡੂ ਖੇਤਰਾਂ ਵਿੱਚ 833 ਮਿਲੀਅਨ ਲੋਕ 86 ਵੱਖ-ਵੱਖ ਲਿਪੀਆਂ ਦੀ ਵਰਤੋਂ ਕਰਕੇ 700 ਤੋਂ ਵੱਧ  ਭਾਸ਼ਾਵਾਂ ਬੋਲਦੇ ਹਨ। ਕੁਝ ਭਾਸ਼ਾਵਾਂ, ਜਿਨ੍ਹਾਂ ਦੀ ਕੋਈ ਲਿਪੀ ਨਹੀਂ, ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੇ ਕੇਂਦਰ ਵਿੱਚ ਹਨ। ਭਾਰਤੀ ਭਾਸ਼ਾਵਾਂ ਵਿੱਚ ਪਾਰੀ ਦੀਆਂ ਸਟੋਰੀਆਂ ਦਾ ਅਨੁਵਾਦ ਕੀਤਾ ਜਾਣਾ ਇਸ ਯਾਤਰਾ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

''ਇਹ ਆਰਕਾਈਵ ਪੱਤਰਕਾਰੀ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੀ ਹੈ। ਇਹ ਅਨੁਵਾਦ ਨੂੰ ਸਮਾਜਿਕ ਨਿਆਂ ਦੇ ਨਜ਼ਰੀਏ ਤੋਂ ਵੇਖਦੀ ਹੈ," ਸਮਿਤਾ ਖਾਟੋਰ ਕਹਿੰਦੀ ਹਨ, ''ਨਾਲ਼ੇ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਗਿਆਨ ਦੀ ਉਪਜ ਅਤੇ ਪ੍ਰਸਾਰ ਅੰਗਰੇਜ਼ੀ ਪੜ੍ਹੇ-ਲਿਖੇ, ਅੰਗਰੇਜ਼ੀ ਬੋਲਣ ਵਾਲ਼ੇ ਵਰਗਾਂ ਦਾ ਵਿਸ਼ੇਸ਼ ਅਧਿਕਾਰ ਹੀ ਨਾ ਰਹੇ।''

ਭਾਸ਼ਾ ਸੰਪਾਦਕਾਂ ਅਤੇ ਅਨੁਵਾਦਕਾਂ ਦੀ ਸਾਡੀ ਟੀਮ ਅਕਸਰ ਸ਼ਬਦਾਂ ਦੇ ਸੱਭਿਆਚਾਰਕ ਪ੍ਰਸੰਗਾਂ, ਵਾਕੰਸ਼ਾਂ ਦੀ ਉਚਿਤਤਾ ਦੇ ਨਾਲ਼ ਨਾਲ਼ ਹੋਰ ਵੀ ਬਹੁਤ ਸਾਰੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਇਸ ਬਾਰੇ ਗੱਲ ਕਿਸੇ ਹੋਰ ਦਿਨ...

ਸਮਿਤਾ : ਕੀ ਤੁਹਾਨੂੰ ਯਾਦ ਹੈ ਕਿ ਪੁਰਸ਼ੋਤਮ ਠਾਕੁਰ ਨੇ ਤੇਲੰਗਾਨਾ ਵਿੱਚ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲ਼ੇ ਕੁਰੂਮਪੁਰੀ ਪੰਚਾਇਤ ਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਇੱਕ ਸਟੋਰੀ ਵਿੱਚ ਕੀ ਲਿਖਿਆ ਸੀ? ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਮਜ਼ਦੂਰ ਨੇ ਉਨ੍ਹਾਂ ਨੂੰ ਕਿਹਾ ਸੀ, "ਲੰਬੇ ਸਮੇਂ ਬਾਅਦ, ਮੈਂ ਇੱਕ ਓਡੀਆ ਬੋਲਣ ਵਾਲ਼ੇ ਆਦਮੀ ਨੂੰ ਮਿਲ਼ਿਆਂ। ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ!"

ਇੱਕ ਸਟੋਰੀ , ਜਿੱਥੇ ਮਹਾਰਾਸ਼ਟਰ ਦੇ ਇੱਕ ਪ੍ਰਵਾਸੀ ਮਜ਼ਦੂਰ, ਲੜਕੇ ਰਘੂ ਬਾਰੇ ਜੋਤੀ ਸ਼ਿਨੋਲੀ ਕਹਿੰਦੀ ਹਨ ਕਿ ਉਸ ਲਈ ਸਭ ਤੋਂ ਵੱਡੀ ਚੁਣੌਤੀ ਇੱਕ ਨਵੇਂ ਸਕੂਲ ਦੀ ਆਦਤ ਪਾਉਣਾ ਸੀ ਜਿੱਥੇ ਅਧਿਆਪਕ ਅਤੇ ਦੋਸਤ ਉਸ ਭਾਸ਼ਾ ਵਿੱਚ ਗੱਲਾਂ ਕਰਦੇ ਹਨ ਜਿਸਨੂੰ ਉਹ ਨਹੀਂ ਸਮਝ ਪਾਉਂਦਾ ਸੀ। ਉਸ ਨੂੰ ਉੱਥੇ ਕੁਝ ਵੀ ਸਮਝ ਨਹੀਂ ਆ ਸਕਿਆ। ਰਘੂ ਦੀ ਮਾਂ ਗਾਇਤਰੀ ਕਹਿੰਦੀ ਹਨ,''ਚੇਨੱਈ ਸਕੂਲ ਕੁਝ ਦਿਨ ਜਾਣ ਤੋਂ ਬਾਅਦ ਇੱਕ ਦਿਨ ਉਹ ਰੋਂਦਾ-ਰੋਂਦਾ ਘਰ ਮੁੜਿਆ। ਉਹਨੇ ਕਿਹਾ ਉਹ ਹੁਣ ਸਕੂਲ ਨਹੀਂ ਜਾਵੇਗਾ। ਉੱਥੇ ਉਹਨੂੰ ਕੁਝ ਵੀ ਸਮਝ ਨਾ ਆਉਂਦੀ ਤੇ ਉਸ ਨੇ ਇਹ ਵੀ ਮਹਿਸੂਸ ਕੀਤਾ ਕਿ ਉੱਥੋਂ ਦੇ ਲੋਕ ਉਸ ਨਾਲ਼ ਬੇਰਹਿਮੀ ਨਾਲ਼ ਪੇਸ਼ ਆਉਂਦੇ ਹਨ।''

ਪੇਂਡੂ ਭਾਰਤ ਦੇ ਲੋਕਾਂ ਲਈ ਭਾਸ਼ਾਈ ਪਛਾਣ ਮਹੱਤਵਪੂਰਨ ਹੈ, ਖ਼ਾਸਕਰ ਜਦੋਂ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਦੂਰ-ਦੁਰਾਡੇ ਜਾਣਾ ਪੈਂਦਾ ਹੈ।

PHOTO • Labani Jangi

ਸ਼ੰਕਰ : ਪਰ ਸਮਿਤਾ, ਕਈ ਵਾਰ ਸ਼ਬਦ ਵੀ ਪ੍ਰਵਾਸ ਕਰਦੇ ਹਨ। ਸੇਂਥਾਲੀਰ ਦੁਆਰਾ ਰਿਪੋਰਟ ਕੀਤੀ ਗਈ ਹੱਥੀਂ ਪਰਾਗਣ ਕਰਨ ਵਾਲ਼ੀਆਂ ਔਰਤਾਂ ਦੀ ਕਹਾਣੀ ਵਿੱਚ, ਉੱਥੋਂ ਦੀਆਂ ਔਰਤਾਂ ਨੇ ਆਪਣੇ ਹੱਥੀਂ ਕ੍ਰਾਸ-ਪਰਾਗਣ ਦੇ ਕੰਮ ਲਈ 'ਕ੍ਰਾਸ/ਕ੍ਰਾਸਿੰਗ' ਸ਼ਬਦ ਦੀ ਵਰਤੋਂ ਕੀਤੀ। ਇਹ ਇੱਕ ਅੰਗਰੇਜ਼ੀ ਸ਼ਬਦ ਹੁਣ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਅਜਿਹੇ ਸ਼ਬਦ ਅਸੀਂ ਕਈ ਪਿੰਡਾਂ ਵਿੱਚ ਸੁਣ ਸਕਦੇ ਹਾਂ।

ਇਹ ਇੱਕ ਦਿਲਚਸਪ ਤਜ਼ਰਬਾ ਹੋਣ ਦੇ ਨਾਲ਼-ਨਾਲ਼ ਇੱਕ ਚੁਣੌਤੀਪੂਰਨ ਕੰਮ ਵੀ ਹੈ। ਕਈ ਵਾਰੀਂ ਮੈਂ ਆਪਣੇ ਰਾਜ ਕਰਨਾਟਕ ਤੋਂ ਅੰਗਰੇਜ਼ੀ ਵਿੱਚ ਰਿਪੋਰਟ ਕੀਤੀਆਂ ਕਹਾਣੀਆਂ ਵਿੱਚ ਦੇਖਦਾ ਹਾਂ ਤੇ ਮਹਿਸੂਸ ਕਰਦਾ ਹਾਂ ਕਿ ਕਹਾਣੀਆਂ ਵਿਚਲੇ ਮਜ਼ਦੂਰ ਆਪਣੀਆਂ ਗੱਲਾਂ ਤੋਂ ਉਸ ਥਾਂ ਦੇ ਬਾਸ਼ਿੰਦੇ ਜਾਪਦੇ ਹੀ ਨਹੀਂ। ਉਹ ਕਿਸੇ ਕਿਤਾਬ ਦੇ ਕਾਲਪਨਿਕ ਪਾਤਰ ਜਾਪਦੇ ਹਨ, ਬੇਰੰਗ ਤੇ ਨਿਰਜੀਵ। ਇਸਲਈ ਅਜਿਹੀਆਂ ਕਹਾਣੀਆਂ ਦਾ ਅਨੁਵਾਦ ਕਰਦੇ ਸਮੇਂ, ਮੈਂ ਆਪਣੇ ਮਨੋ-ਮਨੀਂ ਉਨ੍ਹਾਂ ਪਾਤਰਾਂ ਨਾਲ਼ ਗੱਲਾਂ ਕਰਨ ਲੱਗਦਾ ਹਾਂ ਤੇ ਇਹ ਯਕੀਨੀ ਬਣਾਉਂਦਾ ਹਾਂ ਜਿਵੇਂ ਉਹ ਬੋਲਦੇ ਹਨ ਉਸੇ ਤਰੀਕੇ ਨਾਲ਼ ਉਨ੍ਹਾਂ ਨੂੰ ਆਪਣੇ ਅਨੁਵਾਦ ਵਿੱਚ ਉਤਾਰਾਂ ਤੇ ਇਹ ਵੀ ਸੋਚਦਾਂ ਹਾਂ ਕਿ ਕਿਤੇ ਇਹ ਕਹਾਣੀ ਮਹਿਜ ਰਿਪੋਰਟ ਬਣ ਕੇ ਹੀ ਨਾ ਰਹਿ ਜਾਵੇ।

ਪ੍ਰਤਿਸ਼ਠਾ : ਅਨੁਵਾਦ ਕਰਨ ਦੀ ਇਹ ਪ੍ਰਕਿਰਿਆ ਹਮੇਸ਼ਾ ਸਿੱਧੀ ਜਾਂ ਆਸਾਨ ਨਹੀਂ ਹੁੰਦੀ। ਮੈਨੂੰ ਕਈ ਵਾਰ ਪੱਤਰਕਾਰਾਂ ਵੱਲੋਂ ਰਿਪੋਰਟ ਕੀਤੀਆਂ ਕਹਾਣੀਆਂ ਦਾ ਮੂਲ਼ ਭਾਸ਼ਾ ਵਿੱਚ ਅਨੁਵਾਦ ਕਰਨਾ ਮੁਸ਼ਕਲ ਲੱਗਦਾ ਹੈ। ਮੂਲ਼ ਰੂਪ ਵਿੱਚ ਹਿੰਦੀ ਜਾਂ ਗੁਜਰਾਤੀ ਵਿੱਚ ਲਿਖੀ ਕਹਾਣੀ ਚੰਗੀ ਤਰ੍ਹਾਂ ਪੜ੍ਹੀ ਜਾਂਦੀ ਹੈ। ਪਰ ਜਦੋਂ ਕਦੇ ਮੈਂ ਇਸਦਾ ਮੂਲ਼ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਬਹਿੰਦੀ ਹਾਂ ਤਾਂ ਇਓਂ ਜਾਪਦਾ ਹੈ ਕਿ ਇਸਦੀ ਉਸਾਰੀ, ਵਾਕ ਸੰਰਚਨਾ ਅਤੇ ਸ਼ਬਦਾਵਲੀ ਕਾਫ਼ੀ ਕਾਲਪਨਿਕ ਜਿਹੀ ਹੋ ਗਈ ਹੋਵੇ। ਅਜਿਹੀ ਸਥਿਤੀ ਕਾਫ਼ੀ ਉਲਝਾਉਂਦੀ ਹੈ ਕਿ ਮੇਰੀ ਵਫ਼ਾਦਾਰੀ ਕਿਹੜੇ ਪਾਸੇ ਹੋਣੀ ਚਾਹੀਦੀ ਹੈ। ਹਾਸ਼ੀਏ 'ਤੇ ਪਏ ਭਾਈਚਾਰਿਆਂ ਦੀ ਕਹਾਣੀ ਸੁਣਾਉਂਦੇ ਸਮੇਂ, ਇਹ ਹਮੇਸ਼ਾਂ ਮੁਸ਼ਕਲ ਹੁੰਦਾ ਹੈ ਕਿ ਮੈਨੂੰ ਮੌਲਿਕਤਾ ਦੀ ਭਾਵਨਾ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ ਜਾਂ ਅਸਲ ਲਿਪੀ ਅਤੇ ਇਸ ਵਿੱਚ ਵਰਤੇ ਗਏ ਸ਼ਬਦਾਂ ਪ੍ਰਤੀ। ਮੈਨੂੰ ਅੰਗਰੇਜ਼ੀ ਵਿੱਚ ਸੰਪਾਦਨ ਕਰਨਾ ਚਾਹੀਦਾ ਹੈ ਜਾਂ ਕਿਸੇ ਭਾਰਤੀ ਭਾਸ਼ਾ ਵਿੱਚ, ਇਹ ਨਿਰੰਤਰ ਸੋਚਣ ਦਾ ਵਿਸ਼ਾ ਹੈ। ਇਸ ਨਾਲ਼ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਅਤੇ ਇਹ ਵਫ਼ਾਦਾਰੀ ਸਥਿਤੀ ਦੇ ਅਧਾਰ 'ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖੋ-ਵੱਖਰੀ ਹੁੰਦੀ ਹੈ।

ਅਨੁਵਾਦ ਦਰਅਸਲ ਵੱਖ-ਵੱਖ ਭਾਸ਼ਾਵਾਂ ਦੇ ਆਪਸੀ ਸਬੰਧਾਂ ਕਾਰਨ ਹੀ ਸੰਭਵ ਹਨ। ਪਰ ਚਿੱਤਰਾਂ, ਸ਼ਬਦਾਂ, ਭਾਸ਼ਾ, ਗਿਆਨ, ਸਭਿਆਚਾਰ ਅਤੇ ਸ਼ਖਸੀਅਤ ਦੇ ਵਿਚਕਾਰ ਸਬੰਧ ਇਸ ਨੂੰ ਸਭ ਕੁਝ ਖਾਸ ਬਣਾਉਂਦੇ ਹਨ. ਜਦੋਂ ਮੈਂ ਪਾਰੀ ਨਾਲ਼ ਕੰਮ ਕੀਤਾ, ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਕਿੰਨਾ ਖ਼ਾਸ ਸੀ। ਇੱਥੇ ਅਸੀਂ ਇੱਕੋ ਕਹਾਣੀ ਨੂੰ ਦੋ ਵੱਖ-ਵੱਖ ਭਾਸ਼ਾਵਾਂ ਵਿੱਚ ਦੋ ਵਾਰ ਦੱਸਦੇ ਹਾਂ, ਪਰ ਕਹਾਣੀ ਉਹੀ ਰਹਿੰਦੀ ਹੈ ਵੱਖਰੀ ਨਹੀਂ ਹੋ ਜਾਂਦੀ। ਫਿਰ ਵੀ ਮੈਂ ਇਸ ਨੂੰ ਸਿਰਫ਼ ਅਨੁਵਾਦ ਨਹੀਂ ਕਹਿਣਾ ਚਾਹੁੰਦੀ।

ਜੋਸ਼ੂਆ : ਪ੍ਰਤਿਸ਼ਠਾ ਦੀਦੀ, ਕੀ ਅਨੁਵਾਦ ਕਰਨਾ ਮੁੜ-ਸਿਰਜਣਾ ਹੀ ਨਹੀਂ ਹੈ? ਮੈਨੂੰ ਲੱਗਦਾ ਹੈ ਕਿ ਇਹ ਤਬਦੀਲੀ ਦੀ ਪ੍ਰਕਿਰਿਆ ਹੈ, ਜਦੋਂ ਮੈਂ ਗ੍ਰਾਇੰਡਮਿਲ ਗੀਤ ਪ੍ਰੋਜੈਕਟ ਦਾ ਬੰਗਲਾ ਵਿੱਚ ਅਨੁਵਾਦ ਕਰਦਾ ਹਾਂ ਤਾਂ ਮੈਂ ਇਹੀ ਕਰਦਾ ਹਾਂ। ਉਹ ਮੇਰੀ ਭਾਸ਼ਾ ਵਿੱਚ ਮੁੜ ਜਨਮ ਲੈਂਦੇ ਹਨ। ਜੇ ਮੈਂ ਸੋਚਦਾ ਹਾਂ ਕਿ ਕਵੀ ਬਣਨਾ ਮੁਸ਼ਕਲ ਹੈ, ਤਾਂ ਕਵਿਤਾ ਦਾ ਅਨੁਵਾਦ ਕਰਨਾ ਹੋਰ ਵੀ ਮੁਸ਼ਕਲ ਹੈ!

ਪ੍ਰਗਟਾਵੇ, ਕਲਪਨਾ, ਚਿੱਤਰਕਾਰੀ, ਸ਼ਬਦਾਵਲੀ, ਕਵਿਤਾ, ਤਾਲ ਅਤੇ ਰੂਪਕਾਂ ਦੇ ਸਾਰੇ ਪੱਖਾਂ ਨੂੰ ਬਰਕਰਾਰ ਰੱਖਦੇ ਹੋਏ ਕੋਈ ਮਰਾਠੀ ਮੌਖਿਕ ਸਾਹਿਤ ਨੂੰ ਦੁਬਾਰਾ ਕਿਵੇਂ ਰਚ ਸਕਦਾ ਹੈ? ਪੇਂਡੂ ਗਾਇਕਾਂ-ਗੀਤਕਾਰਾਂ ਤੋਂ ਪ੍ਰੇਰਿਤ ਹੋ ਕੇ ਮੈਂ ਹਮੇਸ਼ਾ ਆਪਣੀ ਕਵਿਤਾ ਨੂੰ ਇੱਕ ਔਰਤ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਜੋ ਜਾਤ-ਪਾਤ, ਪਿੱਤਰਸੱਤਾ ਅਤੇ ਜਮਾਤੀ ਸੰਘਰਸ਼ ਦੀ ਚੱਕੀ ਵਿੱਚ ਕਿਸੇ ਅਨਾਜ ਵਾਂਗਰ ਪਿੱਸਦੀ ਜਾ ਰਹੀ ਹੈ। ਹਰ ਵਾਰ, ਮੈਂ ਪੇਂਡੂ ਬੰਗਾਲ ਦੀਆਂ ਔਰਤ ਸੰਗੀਤਕ-ਕਾਵਿ-ਮੌਖਿਕ ਪਰੰਪਰਾਵਾਂ ਜਿਵੇਂ ਕਿ ਤੁਸੂ , ਭਾਦੂ , ਕੁਲੋ - ਜ਼ਾਰਾ ਗਾਨ ਜਾਂ ਬ੍ਰੋਟੋਕੋਠਾ ਵਿੱਚ ਉਨ੍ਹਾਂ ਲਈ ਪੂਰਕ ਲੱਭਦਾ ਹਾਂ।

ਇਹ ਕੰਮ ਇੱਕੋ ਸਮੇਂ ਮੁਸ਼ਕਲ ਵੀ ਹੈ ਤੇ ਮੋਹ ਲੈਣ ਵਾਲ਼ਾ ਵੀ।

PHOTO • Labani Jangi

ਮੇਧਾ : ਮੈਨੂੰ ਪੁੱਛੋ। ਮੈਂ ਦੱਸਦੀ ਹਾਂ ਕਿਹੜਾ ਅਨੁਵਾਦ ਕਰਨਾ ਮੁਸ਼ਕਲ ਹੈ? ਹਾਸੇ-ਮਜ਼ਾਕ ਦਾ ਅਨੁਵਾਦ ਕਰਨਾ ਸੱਚਮੁੱਚ ਮੁਸ਼ਕਲ ਕੰਮ ਹੈ। ਖ਼ਾਸ ਕਰਕੇ ਸਾਈਨਾਥ ਦੀਆਂ ਰਿਪੋਰਟਾਂ! ਜਦੋਂ ਵੀ ਮੈਂ ਉਨ੍ਹਾਂ ਦੀ ਸਟੋਰੀ ਐਲੀਫੈਂਟ ਮੈਨ ਐਂਡ ਦਿ ਬੈਲੀ ਆਫ਼ ਦਿ ਬੀਸਟ ਪੜ੍ਹਦੀ ਹਾਂ ਤਾਂ ਇਹ ਮੇਰੇ ਚਿਹਰੇ 'ਤੇ ਮੁਸਕਾਨ ਤਾਂ ਲਿਆਉਂਦੀ ਹੈ, ਪਰ ਨਾਲ਼ ਹੀ ਮੇਰੇ ਅੰਦਰ ਜਲੂਣ ਜਿਹੀ ਵੀ ਪੈਦਾ ਕਰ ਦਿੰਦੀ ਹੈ। ਇਸ ਸਟੋਰੀ ਅੰਦਰਲੀ ਹਰ ਸਤਰ, ਹਰ ਸ਼ਬਦ ਇੱਕ ਦਿਲਚਸਪ ਤਸਵੀਰ ਬਣਾਉਂਦੇ ਜਾਪਦੇ ਹਨ ਜਿਸ ਵਿੱਚ ਤਿੰਨ ਆਦਮੀ ਪਾਰਬਤੀ ਨਾਮਕ ਇੱਕ  ਨਿਮਰ ਹਾਥੀ 'ਤੇ ਬੈਠੇ ਹਨ ਅਤੇ ਉਸਦੇ ਪਿਆਰੇ ਮਹਾਵਤ, ਪਰਭੂ ਨਾਲ਼ ਗੱਲਾਂ ਕਰ ਰਹੇ ਹਨ.

ਮੈਨੂੰ ਵੇਰਵਿਆਂ ਨਾਲ਼ ਸਮਝੌਤਾ ਕੀਤੇ ਬਿਨਾ ਅਤੇ ਹਾਥੀ ਦੀ ਸਵਾਰੀ ਦੀ ਤਾਲ ਅਤੇ ਗਤੀ ਨੂੰ ਖ਼ਰਾਬ ਕੀਤੇ ਬਿਨਾ ਕਹਾਣੀ ਦੀ ਸੁੰਦਰਤਾ ਨੂੰ ਬਰਕਰਾਰ ਰੱਖਦੇ ਹੋਏ ਇਹਦਾ ਮਰਾਠੀ ਵਿੱਚ ਅਨੁਵਾਦ ਕਰਨਾ ਪਿਆ।

ਚੁਣੌਤੀ ਸਿਰਲੇਖ ਤੋਂ ਹੀ ਸ਼ੁਰੂ ਹੋ ਗਈ, ਇੱਕ ਸਮੱਸਿਆ ਜਿਸਦਾ ਅਸੀਂ ਸਾਹਮਣਾ ਪਾਰੀ ਦੀਆਂ ਜ਼ਿਆਦਾਤਰ ਸਟੋਰੀਆਂ ਦਾ ਅਨੁਵਾਦ ਕਰਦੇ ਸਮੇਂ ਕਰਦੇ ਹਾਂ। ਅਖ਼ੀਰ ਵਿੱਚ, ਵਿਸ਼ਾਲ ਜਾਨਵਰ ਨੂੰ ਲਗਾਤਾਰ ਖੁਆਉਣ ਦੀ ਜ਼ਰੂਰਤ ਨੇ ਮੈਨੂੰ 'ਬਕਾਸੂਰ' ਨਾਮਕ ਇੱਕ ਪ੍ਰਸਿੱਧ ਕਿਰਦਾਰ ਸਾਹਮਣੇ ਲਿਆ ਖੜ੍ਹਾ ਕੀਤਾ, ਜਿਸ ਨੂੰ ਰਜਾਉਣਾ ਪੂਰੇ ਪਿੰਡ ਦੇ ਵੱਸੋਂ ਬਾਹਰ ਦੀ ਗੱਲ ਰਹਿੰਦੀ। ਅੰਤ, ਮੈਂ ਇਸ ਨੂੰ ਮਰਾਠੀ ਵਿੱਚ ਸਿਰਲੇਖ ਦਿੱਤਾ: हत्ती दादा आणि बकासुराचं पोट

ਮੈਨੂੰ ਲੱਗਦਾ ਹੈ ਕਿ "ਬੈਲੀ ਆਫ਼ ਦਿ ਬੀਸਟ" ਜਾਂ "ਪੈਨਡੋਰਾਬਾਕਸ" ਜਾਂ "ਥੀਏਟਰ ਆਫ਼ ਦਿ ਆਪਟਿਕਸ" ਵਰਗੇ ਵਿਸ਼ਿਆਂ ਦਾ ਅਨੁਵਾਦ ਕਰਦੇ ਸਮੇਂ ਸਾਡੇ ਪਾਠਕਾਂ ਨੂੰ ਵਰਤੀਂਦੇ ਸ਼ਬਦ, ਸੰਦਰਭਾਂ ਅਤੇ ਪਾਤਰਾਂ ਦੀ ਭਾਲ਼ ਕਰਨਾ ਮੁਸ਼ਕਲ ਨਹੀਂ ਲੱਗਾ ਹੋਣਾ ਕਿਉਂਕਿ ਉਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਹਰ ਚੋਣ ਕੀਤੀ ਗਈ ਹੈ।

ਪ੍ਰਤਿਸ਼ਠਾ : ਮੈਂ ਅਕਸਰ ਇਹ ਆਜ਼ਾਦੀ ਕਿਸੇ ਹੋਰ ਸਭਿਆਚਾਰ ਦੀ ਕਵਿਤਾ ਦਾ ਅਨੁਵਾਦ ਕਰਦੇ ਸਮੇਂ ਲੈਂਦੀ ਹਾਂ। ਪਰ ਮੈਂ ਇਹ ਵੀ ਸਮਝਦੀ ਹਾਂ ਕਿ ਪਾਰੀ ਦੀ ਸਟੋਰੀ ਦਾ ਅਨੁਵਾਦ ਕਰਦੇ ਸਮੇਂ ਵੀ ਹਰ ਕਿਸੇ ਨੂੰ ਅਜਿਹੀ ਲੋੜ ਕਿਉਂ ਪੈਂਦੀ ਹੈ। ਮੇਰੀ ਰਾਏ ਵਿੱਚ, ਅਨੁਵਾਦ ਦਾ ਕੁਝ ਕੁ ਹਿੱਸਾ ਉਸ ਪਾਠਕ ਵੱਲੋਂ ਵੀ ਦਰਸਾਇਆ ਜਾਂਦਾ ਹੈ ਜਿਹਦੇ ਵਾਸਤੇ ਕੋਈ ਅਨੁਵਾਦ ਕਰ ਰਿਹਾ ਹੁੰਦਾ ਹੈ।

PHOTO • Labani Jangi

‘ਸਭ ਤੋਂ ਅਹਿਮ ਗੱਲ ਇਹ ਕਿ ਪਾਰੀ (PARI) ਦਾ ਅਨੁਵਾਦ ਕਾਰਜ ਮਹਿਜ਼ ਭਾਸ਼ਾਈ ਕਾਰਜ ਹੀ ਨਹੀਂ ਹੁੰਦਾ ਅਤੇ ਨਾ ਹੀ ਸਾਡਾ ਮਕਸਦ ਹਰੇਕ ਸੂਖ਼ਮ ਤੋਂ ਸੂਖ਼ਮ ਪੇਸ਼ਕਾਰੀ (ਅਹਿਸਾਸ) ਨੂੰ ਅੰਗਰੇਜ਼ੀ ਵਿੱਚ ਪ੍ਰਗਟਾਵੇ ਵਜੋਂ ਛੋਟਾ ਕਰ ਦੇਣਾ ਹੁੰਦਾ ਹੈ’ ਪੀ. ਸਾਈਨਾਥ

ਕਮਲਜੀਤ : ਲਿਆਓ ਜ਼ਰਾ ਮੈਂ ਤੁਹਾਨੂੰ ਦੱਸਾਂ ਕਿ ਪੰਜਾਬੀ ਅਨੁਵਾਦ ਵਿੱਚ ਕੀ-ਕੀ ਮੁਸ਼ਕਲਾਂ ਆਉਂਦੀਆਂ ਹਨ। ਕਈ ਵਾਰ ਮੈਨੂੰ ਆਪਣੀ ਭਾਸ਼ਾ ਦੇ ਨਿਯਮਾਂ ਨੂੰ ਬਦਲਣਾ ਪਿਆ ਤੇ ਆਪਣੇ ਹਿਸਾਬ ਨਾਲ਼ ਕੁਝ ਨਵੇਂ ਨੇਮ ਬਣਾਉਣੇ ਪਏ! ਮੈਨੂੰ ਅਕਸਰ ਇੰਝ ਕਰਨ ਬਦਲੇ ਆਲੋਚਨਾ ਵੀ ਸਹਿਣੀ ਪਈ ਹੈ।

ਉਦਾਹਰਨ ਲਈ, ਅੰਗਰੇਜ਼ੀ ਭਾਸ਼ਾ ਵਿੱਚ ਸਟੋਰੀਆਂ ਵਿਚਲੇ ਪਾਤਰਾਂ ਨੂੰ ਸਮਾਜਿਕ ਵੱਖਰੇਵੇਂ ਤੇ ਭਿੰਨਤਾਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪਰ ਪੰਜਾਬੀ (ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ) ਵਿੱਚ ਕਿਸੇ ਵਿਅਕਤੀ ਨੂੰ ਉਹਦੇ ਦਰਜੇ, ਵਰਗ, ਜਾਤ, ਲਿੰਗ, ਉਮਰ ਤੇ ਸਮਾਜਿਕ ਰੁਤਬੇ ਦੇ ਅਧਾਰ 'ਤੇ ਸੰਬੋਧਤ ਕੀਤਾ ਜਾਂਦਾ ਹੈ। ਪਾਰੀ ਦੀ ਸਟੋਰੀ ਨੂੰ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕਰਦੇ ਸਮੇਂ, ਜੇ ਮੈਂ ਆਪਣੀ ਭਾਸ਼ਾ ਦੇ ਸਮਾਜਿਕ-ਭਾਸ਼ਾਈ ਮਿਆਰਾਂ ਦੀ ਪਾਲਣਾ ਕਰਾਂ ਤਾਂ ਇਹ ਸਾਡੇ ਵਿਚਾਰਧਾਰਕ ਵਿਸ਼ਵਾਸਾਂ ਦੇ ਵਿਰੁੱਧ ਹੋ ਨਿਬੜਦਾ ਹੈ। ਕਿਉਂਕਿ ਸਾਡੇ ਕੇਂਦਰ ਵਿੱਚ ਮਨੁੱਖ ਹੈ।

ਇਸ ਲਈ ਅਨੁਵਾਦ ਪ੍ਰਕਿਰਿਆ ਦੇ ਸ਼ੁਰੂ ਵਿੱਚ ਹੀ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਸਾਰੇ ਮਨੁੱਖਾਂ, ਚਾਹੇ ਉਹ ਗੁਰੂ, ਸਿਆਸਤਦਾਨ, ਵਿਗਿਆਨੀ, ਮਜ਼ਦੂਰ, ਕਿਸਾਨ, ਸਫ਼ਾਈ ਕਰਮਚਾਰੀ, ਪੁਰਸ਼, ਔਰਤ ਜਾਂ ਟਰਾਂਸਜੈਂਡਰ (ਟਰਾਂਸਵੂਮੈਨ) ਹੀ ਕਿਉਂ ਨਾ ਹੋਣ, ਨਾਲ਼ ਸਤਿਕਾਰ ਨਾਲ਼ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।

ਜਦੋਂ ਅਸੀਂ ਇੱਕ ਦਲਿਤ ਔਰਤ, ਮਨਜੀਤ ਕੌਰ ਬਾਰੇ, ਜੋ ਕਿ ਜ਼ਿਮੀਂਦਾਰਾਂ (ਤਰਨ ਤਾਰਨ) ਦੇ ਘਰਾਂ ਵਿੱਚ ਗੋਹਾ ਚੁੱਕਣ ਦਾ ਕੰਮ ਕਰਦੀ ਹਨ, ਦੀ ਕਹਾਣੀ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤੀ ਤਾਂ ਮੈਨੂੰ ਪਾਠਕਾਂ ਦੇ ਸੁਨੇਹੇ ਮਿਲ਼ਣੇ ਸ਼ੁਰੂ ਹੋ ਗਏ , " ਤੁਸੀਂ ਆਪਣੀ ਭਾਸ਼ਾ ਵਿੱਚ ਮਨਜੀਤ ਕੌਰ ਨੂੰ ਇੰਨਾ ਸਤਿਕਾਰ ਕਿਉਂ ਦਿੱਤਾ ਹੈ ? ਮਨਜੀਤ ਕੌਰ ਇੱਕ ਮਜ਼੍ਹਬੀ ਸਿੱਖ ਹਨ ਉਹ ਜ਼ਿਮੀਂਦਾਰਾਂ ਦੇ ਘਰਾਂ ਦਾ ਗੋਹਾ ਚੁੱਕਦੀ ਹਨ ?" ਬਹੁਤ ਸਾਰੇ ਪਾਠਕਾਂ ਨੂੰ ਸ਼ੱਕ ਪਿਆ ਜਿਵੇਂ ਮੈਂ ਮਸ਼ੀਨੀ ਅਨੁਵਾਦ ਕੀਤਾ ਹੋਵੇ ਕਿਉਂਕਿ ਮੈਂ ਭਾਸ਼ਾ ਦੇ ਉਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ' ਹੈ ' ਦੀ ਬਜਾਏ ' ਹਨ ' ਸ਼ਬਦ ਦੀ ਵਰਤੋਂ ਕੀਤੀ।

ਦੇਵੇਸ਼ : ਜੀ, ਹਿੰਦੀ ਵਿੱਚ ਵੀ, ਹਾਸ਼ੀਏ 'ਤੇ ਪਏ ਭਾਈਚਾਰਿਆਂ ਦਾ ਸਤਿਕਾਰ ਕਰਨ ਲਈ ਕੋਈ ਸ਼ਬਦ ਨਹੀਂ ਹਨ। ਅਜਿਹੇ ਸ਼ਬਦ ਲੱਭਣਾ ਬਹੁਤ ਮੁਸ਼ਕਲ ਹੈ ਜੋ ਉਨ੍ਹਾਂ ਨੂੰ ਹੀਣੇ ਨਾ ਮੰਨਦੇ ਹੋਣ। ਪਰ ਅਨੁਵਾਦ ਦੀ ਸਾਡੀ ਪ੍ਰਕਿਰਿਆ ਇਸ ਘਾਟ ਨੂੰ ਦੂਰ ਕਰਦੀ ਹੈ ਅਤੇ ਸਾਨੂੰ ਨਵੇਂ ਸ਼ਬਦ ਬਣਾਉਣ ਅਤੇ ਹੋਰ ਭਾਸ਼ਾਵਾਂ ਤੋਂ ਸ਼ਬਦ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ।

ਕੁਦਰਤ, ਵਿਗਿਆਨ, ਲਿੰਗ ਜਾਂ ਲਿੰਗਕਤਾ ਜਾਂ ਅਪੰਗਤਾ ਦੇ ਸਬੰਧ ਵਿੱਚ ਸਹੀ ਸ਼ਬਦ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਭਾਸ਼ਾ ਦੀ ਮਹਿਮਾ ਕਰਨ ਨਾਲ਼, ਬੁਨਿਆਦੀ ਪ੍ਰਸ਼ਨ ਅਲੋਪ ਹੋ ਜਾਂਦੇ ਹਨ - ਉਦਾਹਰਨ ਲਈ ਔਰਤ ਨੂੰ ਕਿੱਥੇ ਦੇਵੀ ਵਜੋਂ ਦਰਸਾਇਆ ਜਾਂਦਾ ਹੈ ਜਾਂ ਅਪਾਹਜ ਲੋਕਾਂ ਨੂੰ ' ਦਿਵਿਆਂਗ ' ਕਿਹਾ ਜਾਂਦਾ ਹੈ; ਪਰ ਹਕੀਕਤ ਨੂੰ ਵੇਖਦੇ ਹੋਏ, ਉੱਥੇ ਉਨ੍ਹਾਂ ਦੀ ਸਥਿਤੀ ਪਹਿਲਾਂ ਨਾਲ਼ੋਂ ਵੀ ਬਦਤਰ ਹੈ।

ਕਵਿਤਾ ਅਈਅਰ ਦੀ ਕਹਾਣੀ 'ਮੈਂ ਨਲਬੰਦੀ ਕਰਾਨੇ ਕੇ ਲਿਏ ਘਰ ਸੇ ਅਕੇਲੀ ਹੀ ਨਿਕਲ਼ ਗਈ ਥੀ' ( ‘मैं नलबंदी कराने के लिए घर से अकेली ही निकल गई थी’ ) ਦਾ ਅਨੁਵਾਦ ਕਰਦੇ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਇੰਨੇ ਵਿਸ਼ਾਲ ਸਾਹਿਤ ਦੇ ਬਾਵਜੂਦ, ਹਿੰਦੀ ਦੀਆਂ ਗ਼ੈਰ-ਸਾਹਿਤਕ ਸ਼ੈਲੀਆਂ ਵਿੱਚ ਲੋਕਾਂ ਦੇ ਦਰਦ ਬਿਆਨ ਕਰਨ ਦਾ ਕੋਈ ਸਪੱਸ਼ਟ ਤਰੀਕਾ ਨਹੀਂ ਹੈ। ਗਿਆਨ, ਵਿਗਿਆਨ, ਦਵਾਈ, ਸਿਹਤ ਅਤੇ ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਤੀ ਜਾਣ ਵਾਲ਼ੀ ਸ਼ਬਦਾਵਲੀ ਹਿੰਦੀ ਵਿੱਚ ਉਚਿਤ ਢੰਗ ਨਾਲ਼ ਵਿਕਸਤ ਨਹੀਂ ਕੀਤੀ ਗਈ ਹੈ।

PHOTO • Labani Jangi

ਸਵਰਨ ਕਾਂਤਾ : ਭੋਜਪੁਰੀ ਵਿੱਚ ਵੀ ਇਹੀ ਸੱਚ ਹੈ। ਜਾਂ ਕਹਿ ਲਵੋ ਇੱਥੋਂ ਦੀ ਸਥਿਤੀ ਹੋਰ ਵੀ ਬਦਤਰ ਹੈ। ਕਿਉਂਕਿ ਇਸ ਭਾਸ਼ਾ ਨੂੰ ਬੋਲਣ ਵਾਲ਼ਿਆਂ ਦੇ ਮੁਕਾਬਲੇ ਲਿਖਣ ਵਾਲ਼ਿਆਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਿਉਂਕਿ ਭੋਜਪੁਰੀ ਭਾਸ਼ਾ ਸਿੱਖਿਆ ਦੇ ਮਾਧਿਅਮ ਵਿੱਚ ਨਹੀਂ ਹੈ, ਇਸ ਲਈ ਇਸ ਵਿੱਚ ਮੈਡੀਕਲ, ਇੰਜੀਨੀਅਰਿੰਗ, ਇੰਟਰਨੈੱਟ, ਸੋਸ਼ਲ ਮੀਡੀਆ ਆਦਿ ਵਰਗੇ ਨਵੇਂ ਕਿੱਤਿਆਂ ਨਾਲ਼ ਜੁੜੇ ਸ਼ਬਦ ਨਹੀਂ ਹਨ।

ਦੇਵੇਸ਼, ਜਿਵੇਂ ਕਿ ਤੁਸੀਂ ਨਵੇਂ ਸ਼ਬਦ ਬਣਾਏ ਜਾਣ ਦਾ ਸੁਝਾਅ ਦੇ ਰਹੇ ਹੋ, ਪਰ ਇਸ ਵਿੱਚ ਕਾਫ਼ੀ ਉਲਝਣ ਹੈ। 'ਟਰਾਂਸਜੈਂਡਰ' ਵਰਗੇ ਸ਼ਬਦਾਂ ਲਈ, ਰਵਾਇਤੀ ਤੌਰ 'ਤੇ ਅਸੀਂ ' ਹਿਜੜਾ ' , ' ਚੱਕਾ ' , ' ਲੌਂਡਾ ' ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਜੋ ਸਾਡੇ ਦੁਆਰਾ ਅੰਗਰੇਜ਼ੀ ਵਿੱਚ ਵਰਤੇ ਜਾਂਦੇ ਸ਼ਬਦਾਂ ਦੇ ਮੁਕਾਬਲੇ ਬਹੁਤ ਅਪਮਾਨਜਨਕ ਹਨ। ਇਸੇ ਤਰ੍ਹਾਂ, ਭਾਵੇਂ ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ, ਮਹਿਲਾ ਦਿਵਸ, ਮਾਨਸਿਕ ਸਿਹਤ, ਐਕਟਾਂ (ਸਿਹਤਸੰਭਾਲ਼ ਐਕਟ) ਜਾਂ ਮੂਰਤੀਆਂ ਦੇ ਨਾਮ , ਖੇਡ ਟੂਰਨਾਮੈਂਟਾਂ ਦੇ ਨਾਮ (ਪੁਰਸ਼ ਅੰਤਰਰਾਸ਼ਟਰੀ ਵਿਸ਼ਵ ਕੱਪ) ਆਦਿ ਦਾ ਅਨੁਵਾਦ ਕਰਨਾ ਅਸੰਭਵ ਹੈ।

ਮੈਨੂੰ ਯਾਦ ਹੈ ਕਿ ਮੈਂ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੀ 19 ਸਾਲਾ ਮਹਾਦਲਿਤ ਲੜਕੀ, ਸ਼ਿਵਾਨੀ ਦੀ ਕਹਾਣੀ ਦਾ ਅਨੁਵਾਦ ਕੀਤਾ ਸੀ, ਜੋ ਆਪਣੇ ਪਰਿਵਾਰ ਅਤੇ ਬਾਹਰੀ ਦੁਨੀਆ ਦੇ ਖਿਲਾਫ਼ ਜਾਤੀ ਅਤੇ ਲਿੰਗ ਭੇਦਭਾਵ ਵਿਰੁੱਧ ਲੜ ਰਹੀ ਸੀ। ਹਾਲਾਂਕਿ ਮੈਂ ਅਜਿਹੇ ਭੇਦਭਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ, ਪਰ ਮੈਨੂੰ ਅਹਿਸਾਸ ਹੋਇਆ ਕਿ ਸਾਡੀ ਭਾਸ਼ਾ ਵਿੱਚ ਅਜਿਹੀਆਂ ਕਹਾਣੀਆਂ ਕਦੇ ਵੀ ਉਪਲਬਧ ਨਹੀਂ ਹੋ ਸਕਦੀਆਂ।

ਇਹ ਮੇਰਾ ਵਿਸ਼ਵਾਸ ਹੈ ਕਿ ਅਨੁਵਾਦ ਭਾਈਚਾਰੇ ਦੇ ਬੌਧਿਕ ਅਤੇ ਸਮਾਜਿਕ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ।

ਨਿਰਮਲ : ਇਹ ਸਮੱਸਿਆ ਅਜਿਹੀ ਭਾਸ਼ਾ ਵਿੱਚ ਕੰਮ ਕਰਦੇ ਸਮੇਂ ਵੀ ਪੈਦਾ ਹੁੰਦੀ ਹੈ ਜਿਸਦਾ ਕੋਈ ਮਿਆਰੀ ਮਾਡਲ ਨਹੀਂ ਹੈ। ਛੱਤੀਸਗੜ੍ਹ ਦੇ ਪੰਜ ਹਿੱਸਿਆਂ- ਉੱਤਰ, ਦੱਖਣ, ਪੂਰਬ, ਪੱਛਮ ਅਤੇ ਕੇਂਦਰ ਵਿੱਚ ਛੱਤੀਸਗੜ੍ਹੀ ਭਾਸ਼ਾ ਦੇ ਦੋ ਦਰਜਨ ਤੋਂ ਵੱਧ ਰੂਪ ਹਨ। ਇਸਲਈ ਛੱਤੀਸਗੜ੍ਹੀ ਵਿੱਚ ਅਨੁਵਾਦ ਕਰਦੇ ਸਮੇਂ, ਕਿਸੇ ਮਿਆਰੀ ਮਾਡਲ ਦਾ ਨਾ ਹੋਣਾ ਆਪਣੇ-ਆਪ ਵਿੱਚ ਇੱਕ ਚੁਣੌਤੀ ਹੈ। ਅਕਸਰ, ਮੈਂ ਖ਼ਾਸ ਸ਼ਬਦਾਂ ਦੀ ਚੋਣ ਕਰਦੇ ਵੇਲ਼ੇ ਉਲਝਿਆ ਹੀ ਰਹਿੰਦਾ ਹਾਂ। ਅਜਿਹੇ ਮੌਕੇ ਮੈਂ ਆਪਣੇ ਪੱਤਰਕਾਰ ਦੋਸਤਾਂ, ਸੰਪਾਦਕਾਂ, ਲੇਖਕਾਂ, ਅਧਿਆਪਕਾਂ ਤੇ ਕਿਤਾਬਾਂ ਤੋਂ ਵੀ ਹਵਾਲੇ ਲੈਂਦਾ ਹਾਂ।

ਸਾਈਨਾਥ ਦੀ ਸਟੋਰੀ ਬੀਵੇਅਰ ਆਫ਼ ਕੰਟ੍ਰੈਕਟਰਸ ਬਿਅਰਿੰਗ ਗਿਫ਼ਟਸ ਦਾ ਅਨੁਵਾਦ ਕਰਦੇ ਸਮੇਂ ਮੈਨੂੰ ਵੀ ਇਹੀ ਸਮੱਸਿਆ ਦਰਪੇਸ਼ ਹੋਈ। ਮੈਨੂੰ ਬਹੁਤ ਸਾਰੇ ਛੱਤੀਸਗੜ੍ਹੀ ਸ਼ਬਦ ਲੱਭਣ ਲਈ ਸੰਘਰਸ਼ ਕਰਨਾ ਪਿਆ। ਛੱਤੀਸਗੜ੍ਹ ਦਾ ਸਰਗੁਜਾ ਝਾਰਖੰਡ ਦੀ ਸਰਹੱਦ 'ਤੇ ਸਥਿਤ ਹੈ। ਉਰਾਨ ਆਦਿਵਾਸੀ ਇੱਥੇ ਵੱਡੀ ਗਿਣਤੀ ਵਿੱਚ ਹਨ। ਜੰਗਲ ਦੇ ਸਬੰਧ ਵਿੱਚ ਉਹ ਜੋ ਸ਼ਬਦ ਵਰਤਦੇ ਹਨ ਉਹ ਛੱਤੀਸਗੜ੍ਹੀ ਨਾਲ਼ ਮਿਲਦੇ-ਜੁਲਦੇ ਹਨ। ਮੈਂ ਆਦਿਵਾਸੀਆਂ ਨਾਲ਼ ਜੁੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਰਿਪੋਰਟ ਇਸੇ ਭਾਈਚਾਰੇ ਦੀ ਔਰਤ 'ਤੇ ਕੇਂਦਰਤ ਸੀ। ਮੈਂ ਉਹੀ ਸ਼ਬਦ ਵਰਤਣ ਦੀ ਕੋਸ਼ਿਸ਼ ਕੀਤੀ ਜੋ ਉਹ ਆਪਣੀ ਰੋਜ਼ਮੱਰਾ ਜ਼ਿੰਦਗੀ ਵਿੱਚ ਵਰਤਦੇ ਸਨ। ਇਸ ਭਾਈਚਾਰੇ ਦੇ ਲੋਕ ਕੁਰੂਖ ਭਾਸ਼ਾ ਬੋਲਦੇ ਹਨ।

ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਸੁਕੁਰਦਮ , ਕੌਵਵਾ , ਹੰਕਾ , ਹੰਕੇ , ਲੰਡਾ , ਫੰਡਾ , ਖੇੜਾ , ਅਲਕਰਹਾ ਆਦਿ ਸ਼ਬਦ, ਜੋ ਕਦੇ ਰੋਜ਼ਮੱਰਾ ਜ਼ਿੰਦਗੀ ਵਿੱਚ ਥਾਂ ਰੱਖਦੇ ਸਨ, ਹੁਣ ਵਰਤੋਂ ਵਿੱਚ ਨਹੀਂ ਹਨ ਕਿਉਂਕਿ ਇਨ੍ਹਾਂ ਭਾਈਚਾਰਿਆਂ ਦੀ ਹੁਣ ਉਨ੍ਹਾਂ ਦੇ ਜਲ, ਜੰਗਲ ਅਤੇ ਜ਼ਮੀਨ ਤੱਕ ਪਹੁੰਚ ਨਹੀਂ ਰਹਿਣ ਦਿੱਤੀ ਗਈ।

PHOTO • Labani Jangi

‘ਸਾਡਾ ਚੁਗਿਰਦਾ, ਸਾਡੀ ਰੋਜ਼ੀਰੋਟੀ ਅਤੇ ਲੋਕਤੰਤਰ ਇਹ ਸਾਰਾ ਤਾਣਾ-ਬਾਣਾ ਸਾਡੀਆਂ ਭਾਸ਼ਾਵਾਂ ਦੇ ਭਵਿੱਖ ਨਾਲ਼ ਬੜੇ ਗੁੰਝਲਦਾਰ ਰੂਪ ਨਾਲ਼ ਜੁੜੇ ਹੋਏ ਹਨ’ – ਪੀ. ਸਾਈਨਾਥ

ਪੰਕਜ : ਮੈਂ ਜਾਣਦਾ ਹਾਂ ਕਿ ਇੱਕ ਅਨੁਵਾਦਕ ਲਈ ਲੋਕਾਂ ਦੀ ਉਸ ਭਾਸ਼ਾਈ ਦੁਨੀਆ ਵਿੱਚ ਦਾਖ਼ਲ ਹੋਣਾ ਕਿੰਨਾ ਮਹੱਤਵਪੂਰਨ ਹੈ ਜਿਸਦਾ ਉਹ ਅਨੁਵਾਦ ਕਰ ਰਿਹਾ ਹੈ। ਆਰੂਸ਼ ਦੀ ਕਹਾਣੀ ਦੇ ਅਨੁਵਾਦ ਤੋਂ, ਮੈਨੂੰ ਨਾ ਸਿਰਫ਼ ਇੱਕ ਟਰਾਂਸਜੈਂਡਰ ਆਦਮੀ ਅਤੇ ਇੱਕ ਔਰਤ ਦਰਿਮਆਨ ਪਿਆਰ ਦੀ ਤੀਬਰਤਾ ਦਾ ਅਹਿਸਾਸ ਹੋਇਆ, ਬਲਕਿ ਉਨ੍ਹਾਂ ਦੇ ਸੰਘਰਸ਼ ਦੀ ਗੁੰਝਲਦਾਰਤਾ ਦਾ ਵੀ ਅਹਿਸਾਸ ਹੋਇਆ। ਮੈਂ ਸਹੀ ਸ਼ਬਦ ਲੱਭਣ ਲਈ ਸ਼ਬਦਾਵਲੀ ਬਾਰੇ ਧਿਆਨ ਨਾਲ਼ ਸੋਚਣਾ ਸਿੱਖ ਲਿਆ ਹੈ, ਉਦਾਹਰਨ ਲਈ, 'ਰੀਅਸਾਈਨਮੈਂਟ ਸਰਜਰੀ' ਵਰਗੇ ਸ਼ਬਦਾਂ ਨੂੰ ਬ੍ਰੈਕੇਟਾਂ ਵਿੱਚ ਰੱਖਣਾ ਅਤੇ 'ਲਿੰਗ ਪੁਸ਼ਟੀ ਸਰਜਰੀ' ਵਰਗੇ ਸ਼ਬਦਾਂ ਨੂੰ ਉਜਾਗਰ ਕਰਨਾ ਵੀ।

ਅਸਾਮੀ ਵਿੱਚ , ਮੈਨੂੰ ਟਰਾਂਸਜੈਂਡਰ ਵਿਅਕਤੀਆਂ ਦੀ ਨੁਮਾਇੰਦਗੀ ਕਰਨ ਵਾਲ਼ੇ ਕੁਝ ਸ਼ਬਦ ਮਿਲ਼ੇ ਹਨ। ਅਜਿਹੇ ਸ਼ਬਦ ਜੋ ਉਨ੍ਹਾਂ ਨੂੰ ਹੀਣਾ ਨਹੀਂ ਦਿਖਾਉਂਦੇ ਤੇ ਨਾ ਹੀ ਉਨ੍ਹਾਂ ਦਾ ਅਪਮਾਨ ਹੀ ਕਰਦੇ ਹਨ : ਰੂਪਾਂਤੋਰਕਾਮੀ ਪੁਰਸ਼ ਜਾਂ ਨਾਰੀ , ਜੇ ਉਹ ਆਪਣੇ ਲਿੰਗ ਦੀ ਪੁਸ਼ਟੀ ਕਰਦੇ ਹਨ , ਤਾਂ ਅਸੀਂ ਉਨ੍ਹਾਂ ਨੂੰ ਰੂਪਾਂਤੋਰੀਤੋ ਪੁਰਸ਼ ਜਾਂ ਨਾਰੀ ਕਹਿੰਦੇ ਹਾਂ। ਸਾਡੇ ਕੋਲ਼ ਲੈਸਬੀਅਨ ਅਤੇ ਸਮਲਿੰਗੀ ਭਾਈਚਾਰੇ ਲਈ ਸੋਮੋਕਾਮੀ ਸ਼ਬਦ ਹੈ। ਪਰ ਹੁਣ ਤੱਕ ਮਿਆਰੀ ਸ਼ਬਦਾਂ ਦੀ ਘਾਟ ਹੈ ਜੋ ਕੁਈਰ ਭਾਈਚਾਰੇ ਦੀ ਇੱਜ਼ਤ ਨੂੰ ਕਾਇਮ ਰੱਖ ਸਕਦੇ ਹੋਣ। ਅਸੀਂ ਸਿਰਫ਼ ਉਨ੍ਹਾਂ ਸ਼ਬਦਾਂ ਦਾ ਲਿਪੀਅੰਤਰਣ ਹੀ ਕਰਦੇ ਹਾਂ।

ਰਾਜਾਸੰਗੀਤਨ : ਪੰਕਜ , ਮੈਂ ਕੋਵਿਡ-19 ਮਹਾਂਮਾਰੀ ਦੌਰਾਨ ਸੈਕਸ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ਇੱਕ ਹੋਰ ਕਹਾਣੀ ਬਾਰੇ ਸੋਚ ਰਿਹਾ ਹਾਂ। ਮੈਂ ਇਸ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ। ਜਦੋਂ ਦੁਨੀਆ ਬੜੇ ਹੀ ਯੋਜਨਾਬੱਧ ਹੰਕਾਰੀ ਤਰੀਕੇ ਨਾਲ਼ ਇਸ ਨਵੀਂ ਬੀਮਾਰੀ ਨੂੰ ਗਰੀਬਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ , ਤਾਂ ਆਮ ਭਾਰਤੀਆਂ ਦੀਆਂ ਮੁਸ਼ਕਲਾਂ ਦੁੱਗਣੀਆਂ ਹੋ ਗਈਆਂ। ਉਸ ਸਮੇਂ ਜਦੋਂ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਲਈ ਵੀ ਜ਼ਿੰਦਗੀ ਮੁਸ਼ਕਲ ਹੋ ਨਿਬੜੀ ਸੀ ਤਾਂ ਉਸ ਵੇਲ਼ੇ ਸਮਾਜ ਦੇ ਹਾਸ਼ੀਏ ' ਤੇ ਪਏ ਵਰਗਾਂ ਵੱਲ ਧਿਆਨ ਦੇਣ ਵਾਲ਼ਾ ਕੌਣ ਸੀ ? ਕਮਾਠੀਪੁਰਾ ਬਾਰੇ ਅਕਾਂਕਸ਼ਾ ਦੇ ਲੇਖ ਨੇ ਸਾਨੂੰ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਜੋ ਪਹਿਲਾਂ ਕਦੇ ਸਾਡੀ ਚੇਤਨਾ ਵਿੱਚ ਦਾਖ਼ਲ ਨਹੀਂ ਹੋਏ ਸਨ।

ਇਸ ਛੋਟੇ ਜਿਹੇ ਦਮਘੋਟੂ ਕਮਰੇ ਵਿੱਚ, ਜੋ ਉਨ੍ਹਾਂ ਦਾ ਕਾਰਜ ਸਥਾਨ ਅਤੇ ਘਰ ਦੋਵੇਂ ਸਨ , ਉਨ੍ਹਾਂ ਨੂੰ ਹੁਣ ਆਪਣੇ ਛੋਟੇ ਬੱਚਿਆਂ ਲਈ ਵੀ ਜਗ੍ਹਾ ਬਣਾਉਣੀ ਪਈ ਸੀ, ਜੋ ਹੁਣ ਦੇਸ਼-ਵਿਆਪੀ ਤਾਲਾਬੰਦੀ ਕਾਰਨ ਸਕੂਲ ਨਹੀਂ ਜਾ ਪਾ ਰਹੇ ਸਨ। ਇਸ ਤਾਲਾਬੰਦੀ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਦੁਬਿਧਾ ਖੜ੍ਹੀ ਕਰ ਦਿੱਤੀ ਸੀ। ਬੱਚਿਆਂ ਨੂੰ ਬੜਾ ਕੁਝ ਝੱਲਣਾ ਪੈਣਾ ਸੀ। ਬਤੌਰ ਇੱਕ ਸੈਕਸ ਵਰਕਰ ਅਤੇ ਮਾਂ, ਪ੍ਰਿਆ ਨੇ ਖ਼ੁਦ ਨੂੰ ਆਪਣੀਆਂ ਭਾਵਨਾਵਾਂ ਅਤੇ ਜਿਊਂਦੇ ਰਹਿਣ ਦੇ ਸੰਘਰਸ਼ ਵਿਚਾਲੇ ਬੁਰੀ ਤਰ੍ਹਾਂ ਫਸਿਆ-ਫਸਿਆ ਮਹਿਸੂਸ ਕੀਤਾ। ਓਧਰ ਉਨ੍ਹਾਂ ਦਾ ਬੇਟਾ, ਵਿਕਰਮ ਆਪਣੇ ਆਲ਼ੇ-ਦੁਆਲ਼ੇ ਦੀ ਹਨ੍ਹੇਰੀ ਦੁਨੀਆ ' ਚ ਆਪਣੀ ਜ਼ਿੰਦਗੀ ਦੇ ਅਰਥ ਲੱਭਣ ਲਈ ਸੰਘਰਸ਼ ਕਰ ਰਿਹਾ ਸੀ।

ਇਸ ਸਟੋਰੀ ਅੰਦਰ ਪਰਿਵਾਰ , ਪਿਆਰ , ਉਮੀਦ , ਖੁਸ਼ੀ ਅਤੇ ਪਾਲਣ ਪੋਸ਼ਣ ਦੇ ਜਜ਼ਬਾਤ ਹੈਰਾਨ ਕਰ ਸੁੱਟਣ ਵਾਲ਼ੇ ਰੂਪ ਧਾਰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦਾ ਸਮਾਜਿਕ ਅਰਥ ਨਹੀਂ ਬਦਲਦਾ। ਜਿਸ ਦਿਨ ਤੋਂ ਮੈਂ ਇਨ੍ਹਾਂ ਸਟੋਰੀਆਂ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ , ਮੈਂ ਇਹ ਯਕੀਨ ਕਰਨ ਲੱਗ ਪਿਆ ਕਿ ਕਿਸੇ ਉਮੀਦ ਦੇ ਵਿਰੁੱਧ ਇੱਕ ਉਮੀਦ ਦੀ ਚਿਣਗ ਸਾਰੇ ਮਨੁੱਖਾਂ ਦੇ ਧੁਰ ਅੰਦਰ ਹੁੰਦੀ ਹੈ।

ਸੁਦਾਮਾਈ : ਬੇਸ਼ੱਕ , ਮੈਂ ਇਨ੍ਹਾਂ ਸ਼ਬਦਾਂ ਨਾਲ਼ ਸਹਿਮਤ ਨਹੀਂ ਹਾਂ। LGBTQIA+ ਭਾਈਚਾਰੇ ਬਾਰੇ ਸਟੋਰੀਆਂ ਅਨੁਵਾਦ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇਸ ਭਾਈਚਾਰੇ ਬਾਰੇ ਕੁਝ ਨਹੀਂ ਪਤਾ ਸੀ। ਈਮਾਨਦਾਰੀ ਨਾਲ਼ ਕਹਾਂ ਤਾਂ ਮੈਨੂੰ ਇਨ੍ਹਾਂ ਲੋਕਾਂ ਅਤੇ ਇਸ ਮੁੱਦੇ ਤੋਂ ਡਰ ਆਉਂਦਾ ਸੀ। ਜਦੋਂ ਟਰਾਂਸ ਕਮਿਊਨਿਟੀ ਦੇ ਲੋਕ ਸੜਕਾਂ ' ਤੇ , ਸਿਗਨਲਾਂ ਦੇ ਨੇੜੇ ਜਾਂ ਜਦੋਂ ਸਾਡੇ ਘਰਾਂ ਵਿੱਚ ਆਉਂਦੇ ਸਨ ਤਾਂ ਮੈਨੂੰ ਉਨ੍ਹਾਂ ਵੱਲ ਵੇਖਣ ਤੋਂ ਵੀ ਡਰ ਆਉਂਦਾ ਸੀ। ਮੈਂ ਇਹ ਵੀ ਸੋਚਦੀ ਸੀ ਕਿ ਉਹ ਕਿੰਨਾ ਗ਼ੈਰ-ਕੁਦਰਤੀ ਵਿਵਹਾਰ ਕਰਦੇ ਹਨ।

ਇਨ੍ਹਾਂ ਕਹਾਣੀਆਂ ਦਾ ਅਨੁਵਾਦ ਕਰਦੇ ਸਮੇਂ ਮੈਨੂੰ ਅਜਿਹੇ ਲੋਕਾਂ ਨੂੰ ਲੱਭਣਾ ਪਿਆ ਜੋ ਇਸ ਵਿਸ਼ੇ ਨੂੰ ਜਾਣਦੇ ਸਨ ਅਤੇ ਇਸ ਭਾਈਚਾਰੇ ਲਈ ਵਰਤੀਂਦੀ ਸ਼ਬਦਾਵਲੀ ਨਾਲ਼ ਨਿਆਂ ਕਰ ਸਕਦੇ ਸਨ ਅਤੇ ਉਨ੍ਹਾਂ ਕਹਾਣੀਆਂ ਨੂੰ ਪੜ੍ਹਨ , ਸਮਝਣ ਅਤੇ ਫਿਰ ਸੰਪਾਦਿਤ ਕਰਨ ਦੀ ਪ੍ਰਕਿਰਿਆ ਵਿੱਚ , ਮੈਂ ਵਧੇਰੇ ਗਿਆਨ ਪ੍ਰਾਪਤ ਕੀਤਾ ਅਤੇ ਇਸ ਤਰ੍ਹਾਂ ਮੈਂ ਆਪਣੇ ਅੰਦਰ ਟਰਾਂਸਫੋਬੀਆ ' ਤੇ ਕਾਬੂ ਪਾਇਆ। ਹੁਣ , ਜਦੋਂ ਮੈਂ ਉਨ੍ਹਾਂ ਸਾਰਿਆਂ ਨੂੰ ਦੇਖਦੀ ਹਾਂ ਤਾਂ ਉਨ੍ਹਾਂ ਨਾਲ਼ ਪਿਆਰ ਤੇ ਮੋਹਭਰੇ ਸ਼ਬਦਾਂ ਨਾਲ਼ ਗੱਲ ਕਰਦੀ ਹਾਂ।

ਮੇਰੇ ਅਨੁਸਾਰ , ਅਨੁਵਾਦ ਸਾਡੇ ਤੁਅੱਸਬਾਂ ਨੂੰ ਤੋੜਨ ਅਤੇ ਸਾਨੂੰ ਅੰਦਰੂਨੀ ਤੌਰ ' ਤੇ ਵਿਕਸਤ ਕਰਨ ਦੀ ਪ੍ਰਕਿਰਿਆ ਵੀ ਹੈ।

PHOTO • Labani Jangi

ਪ੍ਰਣਤੀ : ਸਾਡੇ ਦੁਆਰਾ ਅਨੁਵਾਦ ਕੀਤੀਆਂ ਗਈਆਂ ਬਹੁਤ ਸਾਰੀਆਂ ਸੱਭਿਆਚਾਰਕ ਕਹਾਣੀਆਂ ਬਾਰੇ ਮੇਰੀ ਵੀ ਅਜਿਹੀ ਹੀ ਭਾਵਨਾ ਹੈ। ਇੱਕ ਅਨੁਵਾਦਕ ਵਾਸਤੇ, ਵਿਭਿੰਨ ਸੱਭਿਆਚਾਰਕ ਸਰੋਤਾਂ ਤੋਂ ਆਉਣ ਵਾਲ਼ੀ ਸਮੱਗਰੀ ਦੀਆਂ ਬਰੀਕੀਆਂ ਨੂੰ ਪੜ੍ਹ ਕੇ ਅਤੇ ਧਿਆਨਪੂਰਵਕ ਅਨੁਵਾਦ ਕਰਕੇ ਵੰਨ-ਸੁਵੰਨੇ ਸਭਿਆਚਾਰਕ ਅਭਿਆਸਾਂ ਬਾਰੇ ਸਿੱਖਣ ਦੀ ਕਾਫ਼ੀ ਗੁੰਜਾਇਸ਼ ਰਹਿੰਦੀ ਹੈ। ਅਜਿਹੇ ਮੌਕੇ, ਮੂਲ਼  ਭਾਸ਼ਾ ਵਿੱਚ ਦਿੱਤੀ ਗਈ ਸਮੱਗਰੀ ਦੀਆਂ ਸੱਭਿਆਚਾਰਕ ਬਾਰੀਕੀਆਂ ਨੂੰ ਸਮਝਣਾ ਵੀ ਬੇਹੱਦ ਲਾਜ਼ਮੀ ਹੋ ਜਾਂਦਾ ਹੈ।

ਭਾਰਤ ਵਰਗੇ ਬ੍ਰਿਟਿਸ਼ ਬਸਤੀਵਾਦ ਰਹੇ ਦੇਸ਼ ਵਿੱਚ, ਅੰਗਰੇਜ਼ੀ ਸੰਚਾਰ ਦੀ ਭਾਸ਼ਾ ਹੈ। ਕਈ ਵਾਰ ਅਸੀਂ ਲੋਕਾਂ ਦੀ ਮੂਲ਼ ਭਾਸ਼ਾ ਨਹੀਂ ਜਾਣਦੇ ਅਤੇ ਆਪਣੇ ਕੰਮ ਲਈ ਅੰਗਰੇਜ਼ੀ 'ਤੇ ਨਿਰਭਰ ਕਰਦੇ ਹਾਂ। ਪਰ ਇੱਕ ਚੇਤੰਨ ਅਨੁਵਾਦਕ ਵੱਖ-ਵੱਖ ਸੱਭਿਆਚਾਰਕ ਅਭਿਆਸਾਂ, ਇਤਿਹਾਸਾਂ ਅਤੇ ਭਾਸ਼ਾਵਾਂ ਨੂੰ ਲਗਨ ਅਤੇ ਧੀਰਜ ਨਾਲ਼ ਸਿੱਖ ਕੇ ਬਿਹਤਰ ਨਤੀਜੇ ਦੇ ਸਕਦਾ ਹੈ।

ਰਾਜੀਵ : ਕਈ ਵਾਰ , ਭਾਵੇਂ ਮੈਂ ਕਿੰਨੇ ਵੀ ਧੀਰਜ ਨਾਲ਼ ਖੋਜ ਕਰਾਂ , ਮੈਨੂੰ ਆਪਣੀ ਭਾਸ਼ਾ ਵਿੱਚ ਕੁਝ ਸ਼ਬਦ ਨਹੀਂ ਮਿਲ਼ਦੇ। ਖ਼ਾਸਕਰ ਜਦੋਂ ਪੇਸ਼ੇ ਨਾਲ਼ ਸਬੰਧਤ ਰਿਪੋਰਟਾਂ ਦਾ ਅਨੁਵਾਦ ਕਰਨਾ ਪੈਂਦਾ ਹੈ। ਉਸ ਪੇਸ਼ੇ ਦੇ ਸਾਧਨਾਂ ਅਤੇ ਇਸਦੀ ਗੁੰਝਲਦਾਰ ਪ੍ਰਕਿਰਿਆ ਨੂੰ ਸਹੀ ਸ਼ਬਦਾਂ ਵਿੱਚ ਵਰਣਨ ਕਰਨਾ ਸੱਚਮੁੱਚ ਚੁਣੌਤੀਪੂਰਨ ਹੋ ਸਕਦਾ ਹੈ। ਕਸ਼ਮੀਰ ਦੇ ਬੁਣਕਰਾਂ ਬਾਰੇ ਉਫਾਕ ਫਾਤਿਮਾ ਦੀ ਕਹਾਣੀ ਵਿੱਚ , ਮੈਨੂੰ ਚਰਖਾਨਾ ਅਤੇ ਚਸ਼ਮ - - ਬੁਲਬੁਲ ਵਰਗੇ ਬੁਣਾਈ ਤਰੀਕਿਆਂ ਦੇ ਨਾਮਾਂ ਦਾ ਅਨੁਵਾਦ ਕਰਨ ਵਿੱਚ ਬਹੁਤ ਮੁਸ਼ਕਲ ਆਈ। ਕਿਉਂਕਿ ਇਨ੍ਹਾਂ ਨੂੰ ਲੈ ਕੇ ਮਲਿਆਲਮ ਵਿੱਚ ਅਰਥ ਸਪੱਸ਼ਟ ਕਰਦੇ ਸ਼ਬਦ ਨਹੀਂ ਹਨ , ਇਸ ਲਈ ਮੈਂ ਉਨ੍ਹਾਂ ਲਈ ਕੁਝ ਵਰਣਨਾਤਮਕ ਵਾਕੰਸ਼ਾਂ ਦੀ ਵਰਤੋਂ ਕੀਤੀ ਹੈ। ਪੱਟੂ ਸ਼ਬਦ ਵੀ ਦਿਲਚਸਪ ਸੀ। ਕਸ਼ਮੀਰ ਵਿੱਚ , ਇਹ ਉੱਨ ਨਾਲ਼ ਬੁਣਿਆ ਕੱਪੜਾ ਹੁੰਦਾ ਹੈ ਜਦੋਂ ਕਿ ਮਲਿਆਲਮ ਵਿੱਚ ਪੱਟੂ ਦਾ ਮਤਲਬ ਰੇਸ਼ਮ ਦਾ ਕੱਪੜਾ ਹੁੰਦਾ ਹੈ।

ਕਮਾਰ : ਉਰਦੂ ਦੀ ਸ਼ਬਦਾਵਲੀ ਥੋੜ੍ਹੀ ਕਮਜ਼ੋਰ ਨਜ਼ਰ ਆਉਂਦੀ ਹੈ , ਖ਼ਾਸਕਰ ਜਦੋਂ ਪਾਰੀ ਲਈ ਜਲਵਾਯੂ ਤਬਦੀਲੀ ਅਤੇ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਬਾਰੇ ਲੇਖਾਂ ਦਾ ਅਨੁਵਾਦ ਕੀਤਾ ਜਾਂਦਾ ਹੈ। ਇਸ ਮਾਮਲੇ ਵਿੱਚ ਹਿੰਦੀ ਦੀ ਕਹਾਣੀ ਥੋੜ੍ਹੀ ਵੱਖਰੀ ਹੈ। ਇਹ ਇੱਕ ਕੇਂਦਰੀ ਪ੍ਰਾਯੋਜਿਤ ਭਾਸ਼ਾ ਹੈ ; ਇਸ ਨੂੰ ਸਰਕਾਰ ਦਾ ਸਮਰਥਨ ਹਾਸਲ ਹੈ। ਇਸ ਭਾਸ਼ਾ ਨੂੰ ਸਮਰਪਿਤ ਉਨ੍ਹਾਂ ਕੋਲ਼ ਕਈ ਸੰਸਥਾਵਾਂ ਹਨ। ਇਸ ਤਰ੍ਹਾਂ ਉਰਦੂ ਦੇ ਮੁਕਾਬਲੇ ਹਿੰਦੀ ਅੰਦਰ ਜਲਦੀ ਹੀ ਨਵੀ ਸ਼ਬਦਾਵਲੀ ਆ ਜਾਂਦੀ ਹੈ। ਉਰਦੂ ਵਿੱਚ ਸਾਨੂੰ ਅਨੁਵਾਦ ਕਰਨ ਲੱਗਿਆਂ ਬਹੁਤ ਸਾਰੇ ਵਿਸ਼ਿਆਂ ਲਈ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਨੀ ਹੀ ਪੈਂਦੀ ਹੈ।

ਉਰਦੂ ਕਦੇ ਮੁੱਖ ਭਾਸ਼ਾ ਸੀ। ਇਤਿਹਾਸ ਸਾਨੂੰ ਦੱਸਦਾ ਹੈ ਕਿ ਦਿੱਲੀ ਕਾਲਜ ਅਤੇ ਹੈਦਰਾਬਾਦ ਦੀ ਓਸਮਾਨੀਆ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਉਰਦੂ ਗ੍ਰੰਥਾਂ ਦੇ ਅਨੁਵਾਦ ਲਈ ਜਾਣੀਆਂ ਜਾਂਦੀਆਂ ਸਨ। ਫੋਰਟ ਵਿਲੀਅਮ ਕਾਲਜ , ਕਲਕੱਤਾ ਦਾ ਮੁੱਖ ਉਦੇਸ਼ ਬ੍ਰਿਟਿਸ਼ ਅਧਿਕਾਰੀਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਸਿਖਲਾਈ ਦੇਣਾ ਅਤੇ ਅਨੁਵਾਦ ਕਰਨਾ ਸੀ। ਅੱਜ ਉਹ ਸਾਰੀਆਂ ਥਾਵਾਂ ਤਬਾਹ ਹੋ ਗਈਆਂ ਹਨ। ਉਰਦੂ ਅਤੇ ਹਿੰਦੀ ਵਿਚਾਲੇ ਸੰਘਰਸ਼ 1947 ਤੋਂ ਲੈ ਕੇ ਅੱਜ ਤੱਕ ਜਾਰੀ ਹੈ ਅਤੇ ਅਸੀਂ ਸਾਰੇ ਦੇਖ ਰਹੇ ਹਾਂ ਕਿ ਉਰਦੂ ' ਤੇ ਧਿਆਨ ਪੂਰੀ ਤਰ੍ਹਾਂ ਅਲੋਪ ਹੋ ਗਿਆ ਹੈ।

PHOTO • Labani Jangi

ਕਮਲਜੀਤ : ਕੀ ਤੁਸੀਂ ਸੋਚਦੇ ਹੋ ਕਿ ਦੇਸ਼ ਦੀ ਵੰਡ ਨੇ ਭਾਸ਼ਾਈ ਵੰਡ ਨੂੰ ਜਨਮ ਦਿੱਤਾ ? ਮੈਨੂੰ ਲੱਗਦਾ ਹੈ ਲੋਕ ਵੰਡੇ ਜਾ ਸਕਦੇ ਹਨ, ਭਾਸ਼ਾਵਾਂ ਨਹੀਂ ਤੇ ਨਾ ਹੀ ਕੋਈ ਭਾਸ਼ਾ ਵੰਡੀਆਂ ਹੀ ਪਾ ਸਕਦੀ ਹੈ।

ਕਮਾਰ : ਇੱਕ ਸਮਾਂ ਸੀ ਜਦੋਂ ਉਰਦੂ ਪੂਰੇ ਦੇਸ਼ ਦੀ ਭਾਸ਼ਾ ਹੁੰਦੀ ਸੀ। ਇਹ ਦੱਖਣ ਵਿੱਚ ਵੀ ਸਥਾਨ ਰੱਖਦੀ ਸੀ। ਉਹ ਇਸ ਨੂੰ ਦੱਖਣੀ (ਜਾਂ ਦੱਖਣੀ) ਉਰਦੂ ਕਹਿੰਦੇ ਸਨ। ਇੱਥੇ ਕਵੀ ਸਨ ਜੋ ਇਸ ਭਾਸ਼ਾ ਵਿੱਚ ਲਿਖਦੇ ਸਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਕਲਾਸੀਕਲ ਉਰਦੂ ਪਾਠਕ੍ਰਮ ਦਾ ਹਿੱਸਾ ਸਨ। ਪਰ ਇਹ ਸਭ ਮੁਸਲਿਮ ਸ਼ਾਸਨ ਦੇ ਖ਼ਾਤਮੇ ਨਾਲ਼ ਹੀ ਮੁੱਕ ਗਿਆ। ਆਧੁਨਿਕ ਭਾਰਤ ਵਿੱਚ ਕੁਝ ਕੁ ਥਾਵੇਂ ਉਰਦੂ ਬਚੀ ਹੋਈ ਹੈ , ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ , ਬਿਹਾਰ , ਬੰਗਾਲ ਸ਼ਾਮਲ ਹਨ , ਜਿਸ ਨੂੰ ਅਸੀਂ ਹਿੰਦੀ ਪੱਟੀ ਕਹਿੰਦੇ ਹਾਂ।

ਇੱਥੇ ਲੋਕਾਂ ਨੂੰ ਸਕੂਲਾਂ ਵਿੱਚ ਉਰਦੂ ਸਿਖਾਈ ਜਾਂਦੀ ਸੀ। ਇਸ ਦਾ ਹਿੰਦੂ ਜਾਂ ਮੁਸਲਮਾਨ ਹੋਣ ਨਾਲ਼ ਕੋਈ ਲੈਣਾ ਦੇਣਾ ਨਹੀਂ ਸੀ। ਮੈਂ ਉਨ੍ਹਾਂ ਲੋਕਾਂ ਨੂੰ ਜਾਣਦਾ ਹਾਂ ਜੋ ਕਹਿੰਦੇ ਹਨ ਕਿ ਉਹ ਉਰਦੂ ਜਾਣਦੇ ਹਨ , ਹਿੰਦੂ , ਬਜ਼ੁਰਗ ਲੋਕ ਜੋ ਮੀਡੀਆ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਇਹ ਭਾਸ਼ਾ ਆਪਣੇ ਸਕੂਲ ਵਿੱਚ ਸਿੱਖੀ ਸੀ। ਪਰ ਹੁਣ ਕਿਤੇ ਵੀ ਕਿਸੇ ਵੀ ਸਕੂਲ ਵਿੱਚ ਉਰਦੂ ਨਹੀਂ ਪੜ੍ਹਾਈ ਜਾਂਦੀ। ਤੁਸੀਂ ਖ਼ੁਦ ਸੋਚੋ ਉਰਦੂ ਦਾ ਵਜੂਦ ਬਚ ਕਿਵੇਂ ਸਕਦਾ ਹੈ?

ਪਹਿਲਾਂ ਤੁਸੀਂ ਉਰਦੂ ਪੜ੍ਹ ਕੇ ਨੌਕਰੀ ਪ੍ਰਾਪਤ ਕਰਨੀ ਯਕੀਨੀ ਬਣਾ ਸਕਦੇ ਸੋ , ਪਰ ਹੁਣ ਇਹ ਸੰਭਵ ਨਹੀਂ ਹੈ।  ਵਿਰਲੇ-ਟਾਂਵੇਂ ਅਖ਼ਬਾਰ ਅਤੇ ਕੁਝ ਲੋਕ ਸਨ ਜੋ ਕੁਝ ਕੁ ਸਾਲ ਪਹਿਲਾਂ ਤੱਕ ਉਰਦੂ ਲਈ ਲਿਖਦੇ ਸਨ। ਪਰ 2014 ਤੋਂ ਬਾਅਦ , ਅਜਿਹੀਆਂ ਅਖ਼ਬਾਰਾਂ ਦੀ ਵੀ ਮੌਤ ਹੋ ਗਈ ਹੈ ਕਿਉਂਕਿ ਉਨ੍ਹਾਂ ਦੀ ਫੰਡਿੰਗ ਬੰਦ ਹੋ ਗਈ ਹੈ। ਲੋਕ ਇਸ ਭਾਸ਼ਾ ਨੂੰ ਬੋਲਦੇ ਜ਼ਰੂਰ ਹਨ ਪਰ ਇਸ ਭਾਸ਼ਾ ਵਿੱਚ ਪੜ੍ਹਨਾ ਅਤੇ ਲਿਖਣਾ ਜਾਣਨ ਵਾਲ਼ੇ ਲੋਕਾਂ ਦੀ ਗਿਣਤੀ ਨਾਟਕੀ ਢੰਗ ਨਾਲ਼ ਘੱਟ ਗਈ ਹੈ।

ਦੇਵੇਸ਼ : ਇਹ ਭਾਸ਼ਾ ਅਤੇ ਰਾਜਨੀਤੀ ਦਾ ਹਕੀਕੀ ਦੁਖਾਂਤ ਹੈ , ਕਮਾਰ ਦਾ । ਤਾਂ ਫਿਰ ਅੱਜ ਤੁਹਾਡੇ ਦੁਆਰਾ ਇੱਥੇ (ਪਾਰੀ ਲਈ) ਅਨੁਵਾਦ ਕੀਤੇ ਲੇਖਾਂ ਨੂੰ ਕੌਣ ਪੜ੍ਹਦਾ ਹੋਵੇਗਾ ? ਕੀ ਤੁਹਾਨੂੰ ਤੁਹਾਡੇ ਕੰਮ ਦਾ ਅਰਥ ਹੱਥ ਆਉਂਦਾ ਨਜ਼ਰ ਆਉਂਦਾ ਹੈ?

ਕਮਾਰ : ਮੈਂ ਪਾਰੀ ਵਿੱਚ ਸ਼ਾਮਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੋਈ ਪਾਰੀ ਸਲਾਨਾ ਮੀਟਿੰਗ ਵਿੱਚ ਇਸ ਬਾਰੇ ਗੱਲ ਕੀਤੀ। ਮੈਂ ਦੇਖਿਆ ਕਿ ਪਾਰੀ ਦੇ ਸਾਥੀ ਮੇਰੀ ਭਾਸ਼ਾ ਨੂੰ ਬਚਾਉਣ ਵਿੱਚ ਦਿਲਚਸਪੀ ਰੱਖਦੇ ਸਨ। ਇਹੀ ਕਾਰਨ ਹੈ ਕਿ ਮੈਂ ਅਜੇ ਵੀ ਪਾਰੀ ਨਾਲ਼ ਕੰਮ ਕਰ ਰਿਹਾ ਹਾਂ। ਗੱਲ ਸਿਰਫ਼ ਉਰਦੂ ਨੂੰ ਬਚਾਉਣ ਦੀ ਨਹੀਂ, ਪਾਰੀ ਨੂੰ ਹਰ ਭਾਸ਼ਾ ਨੂੰ ਬਚਾਉਣ ਤੇ ਸਾਂਭਣ ਦੀ ਵੀ ਚਿੰਤਾ ਹੈ। ਆਰਕਾਈਵ ਇਹ ਯਕੀਨੀ ਬਣਾਉਣ ਦੀ ਵੀ ਕੋਸ਼ਿਸ਼ ਕਰਦੀ ਹੈ ਕਿ ਕਿਸੇ ਭਾਸ਼ਾ ਨੂੰ ਮਿਟਾਇਆ ਨਾ ਜਾਵੇ।

ਇਹ ਲੇਖ ਦੇਵੇਸ਼ ( ਹਿੰਦੀ ) , ਜੋਸ਼ੂਆ ਬੋਧੀਨੇਤਰਾ ( ਬੰਗਲਾ ) , ਕਮਲਜੀਤ ਕੌਰ ( ਪੰਜਾਬੀ ) , ਮੇਧਾ ਕਾਲੇ ( ਮਰਾਠੀ ) , ਮੁਹੰਮਦ ਕਮਾਰ ਤਬਰੇਜ਼ ( ਉਰਦੂ ) , ਨਿਰਮਲ ਕੁਮਾਰ ਸਾਹੂ ( ਛੱਤੀਸਗੜ੍ਹੀ ) , ਪੰਕਜ ਦਾਸ ( ਅਸਾਮੀ ) , ਪ੍ਰਣਤੀ ਪਰੀਦਾ ( ਉੜੀਆ ) , ਪ੍ਰਤਿਸ਼ਠਾ ਪਾਂਡਿਆ ( ਗੁਜਰਾਤੀ ) , ਰਾਜਾਸੰਗੀਥਨ ( ਤਮਿਲ ) , ਰਾਜੀਵ ਚੇਲਾਨਤ ( ਮਲਿਆਲਮ ) , ਸਮਿਤਾ ਖਟੋਰ (ਬੰਗਲਾ), ਸਵਰਨ ਕਾਂਤਾ (ਭੋਜਪੁਰੀ), ਸ਼ੰਕਰ ਐੱਨ. ਕੇਂਚਾਨੁਰੂ (ਕੰਨੜ) ਤੇ ਸੁਧਾਮਾਈ ਸੇਤਾਨਪੱਲੀ (ਤੇਲੁਗੂ ) ਦੁਆਰਾ ਲਿਖਿਆ ਗਿਆ ਹੈ। ਅਤੇ ਸਮਿਤਾ ਖਟੋਰ , ਮੇਧਾ ਕਾਲੇ , ਜੋਸ਼ੂਆ ਬੋਧੀਨੇਤਰਾ ਦੇ ਸੰਪਾਦਕੀ ਸਮਰਥਨ ਨਾਲ਼ ਪ੍ਰਤਿਸ਼ਠਾ ਪਾਂਡਿਆ ਦੁਆਰਾ ਸੰਪਾਦਿਤ ਕੀਤੀ ਗਿਆ ਹੈ।

ਤਰਜਮਾ: ਕਮਲਜੀਤ ਕੌਰ

PARIBhasha Team

PARIBhasha is our unique Indian languages programme that supports reporting in and translation of PARI stories in many Indian languages. Translation plays a pivotal role in the journey of every single story in PARI. Our team of editors, translators and volunteers represent the diverse linguistic and cultural landscape of the country and also ensure that the stories return and belong to the people from whom they come.

Other stories by PARIBhasha Team
Illustrations : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur