ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਅੱਜ ਸੱਤ ਸਾਲਾਂ ਦਾ ਹੋ ਗਿਆ। ਅਸੀਂ ਨਾ ਸਿਰਫ਼ ਮਹਾਂਮਾਰੀ ਅਤੇ ਤਾਲਾਬੰਦੀ ਤੋਂ ਹੀ ਉਭਰੇ ਸਗੋਂ ਇਸ ਕਾਲ ਦੌਰਾਨ ਅਸੀਂ ਆਪਣਾ ਕੰਮ ਵੀ ਬਾਖ਼ੂਬੀ ਕੀਤਾ।

ਪਿਛਲੇ ਸਾਲ ਤਾਲਾਬੰਦੀ ਦੇ ਐਲਾਨ ਦੇ ਪਹਿਲੇ ਹੀ ਦਿਨ ਤੋਂ ਭਾਰਤ ਸਰਕਾਰ ਨੇ ਮੀਡੀਆ (ਪ੍ਰਿੰਟ ਅਤੇ ਇਲੈਕਟ੍ਰਾਨਿਕ ਦੋਵਾਂ ਨੂੰ) ਨੂੰ ਲਾਜ਼ਮੀ ਵਸਤਾਂ ਅਤੇ ਸੇਵਾਵਾਂ ਦੀ ਸ਼੍ਰੇਣੀ ਵਿੱਚ ਗਿਣਿਆ। ਇਹ ਇੱਕ ਚੰਗਾ ਫ਼ੈਸਲਾ ਸੀ। ਇਸ ਤੋਂ ਪਹਿਲਾਂ ਭਾਰਤੀ ਜਨਤਾ ਨੂੰ ਪੱਤਰਕਾਰਤਾ ਅਤੇ ਪੱਤਰਕਾਰਾਂ ਦੀ ਇੰਨੀ ਲੋੜ ਕਦੋਂ ਪਈ ਸੀ! ਅਜਿਹੀਆਂ ਕਹਾਣੀਆਂ ਕਹਿਣੀਆਂ ਲਾਜ਼ਮੀ ਸਨ ਜਿਨ੍ਹਾਂ ਦੇ ਸਿਰ 'ਤੇ ਲੋਕਾਂ ਦਾ ਜੀਵਨ ਅਤੇ ਰੋਜ਼ੀਰੋਟੀ ਨਿਰਭਰ ਸੀ। ਬਦਲੇ ਵਿੱਚ ਇਸ ਦੇਸ਼ ਦੀਆਂ ਵੱਡੀਆਂ ਮੀਡੀਆ ਕੰਪਨੀਆਂ ਨੇ ਕੀ ਕੀਤਾ? 2,000 ਤੋਂ 2,500 ਪੱਤਰਕਾਰਾਂ ਅਤੇ ਕਰੀਬ 10,000 ਤੋਂ ਵੱਧ ਮੀਡੀਆ ਕਰਮੀਆਂ ਨੂੰ ਨੌਕਰੀ ਤੋਂ ਕੱਢ ਬਾਹਰ ਕੀਤਾ ਗਿਆ।

ਤਾਂ ਦੱਸੋ ਉਹ ਇਨ੍ਹਾਂ ਵੱਡੀਆਂ ਕਹਾਣੀਆਂ ਨੂੰ ਸੁਣਾਉਣ ਕਿਵੇਂ ਵਾਲ਼ੇ ਸਨ? ਸ਼ਾਇਦ ਬਿਹਤਰੀਨ ਪੱਤਰਕਾਰਾਂ ਨੂੰ ਕੱਢ ਕੇ? ਜਿਨ੍ਹਾਂ ਦੀਆਂ ਨੌਕਰੀਆਂ ਸਲਾਮਤ ਰਹੀਆਂ ਉਨ੍ਹਾਂ ਹਜ਼ਾਰਾਂ ਮੀਡੀਆ-ਕਰਮੀਆਂ ਦੀ ਤਨਖ਼ਾਹ ਵਿੱਚੋਂ 40 ਤੋਂ 60 ਫ਼ੀਸਦ ਤੱਕ ਦੀ ਕਟੌਤੀ ਕੀਤੀ ਗਈ। ਪੱਤਰਕਾਰਾਂ ਦੇ ਯਾਤਰਾ ਕਰਨ 'ਤੇ ਸਖ਼ਤ ਪਾਬੰਦੀ ਲਾਈ ਗਈ ਸੀ, ਪਰ ਇਹ ਕਦਮ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਰੋਕਾਰ ਕਾਰਨ ਨਹੀਂ, ਸਗੋਂ ਆਉਣ ਵਾਲ਼ੇ ਖ਼ਰਚਿਆਂ 'ਤੇ ਕੈਂਚੀ ਫ਼ੇਰਨ ਲਈ ਕੀਤਾ ਗਿਆ ਸੀ। 25 ਮਾਰਚ 2020 ਤੋਂ ਬਾਅਦ ਜੋ ਸਾਰੇ ਦੀਆਂ ਸਾਰੀਆਂ ਕਹਾਣੀਆਂ ਕਵਰ ਕੀਤੀਆਂ ਵੀ ਗਈਆਂ, ਉਹ ਵੱਡੇ ਪੱਧਰ 'ਤੇ ਸ਼ਹਿਰਾਂ ਜਾਂ ਵੱਡੇ ਕਸਬਿਆਂ ਤੱਕ ਹੀ ਸੀਮਤ ਸਨ।

ਅਪ੍ਰੈਲ 2020 ਤੋਂ ਬਾਅਦ ਪਾਰੀ (PARI ) ਨੇ ਆਪਣੀ ਟੀਮ ਵਿੱਚ 11 ਹੋਰ ਲੋਕਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ ਅਤੇ ਕਿਸੇ ਦੀ ਵੀ ਤਨਖ਼ਾਹ ਵਿੱਚੋਂ ਇੱਕ ਨਵੇਂ ਪੈਸੇ ਦੀ ਕਟੌਤੀ ਨਹੀਂ ਕੀਤੀ। ਅਗਸਤ 2020 ਵਿੱਚ, ਕਰੀਬ ਸਾਰੇ ਕਰਮਚਾਰੀਆਂ ਦੀ ਪਦ-ਉੱਨਤੀ ਹੋਈ ਅਤੇ ਤਨਖ਼ਾਹ ਵੀ ਵਧਾਈ ਗਈ।

ਆਪਣੀਆਂ ਹੋਰਨਾਂ ਰਿਪੋਰਟਾਂ ਤੋਂ ਛੁੱਟ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਰੀ ਨੇ ਕਰੀਬ 270 (ਜ਼ਿਆਦਾਤਰ ਮਲਟੀਮੀਡੀਆ) ਸਟੋਰੀਆਂ ਅਤੇ ਲਾਜ਼ਮੀ ਦਸਤਾਵੇਜਾਂ ਦਾ ਪ੍ਰਕਾਸ਼ਨ ਕੀਤਾ ਹੈ, ਜੋ ਤਾਲਾਬੰਦੀ ਦੌਰਾਨ ਰੋਜ਼ੀਰੋਟੀ ਨਾਲ਼ ਜੁੜੀਆਂ ਸਮੱਸਿਆਵਾਂ 'ਤੇ ਅਧਾਰਤ ਸਨ। ਸਾਡੇ ਕੋਲ਼ ਇਹ ਕਹਾਣੀਆਂ 23 ਰਾਜਾਂ ਤੋਂ ਆਈਆਂ ਅਤੇ ਜੋ ਭਾਰਤ ਦੇ ਕਰੀਬ ਸਾਰੇ ਮਹੱਤਵਪੂਰਨ ਇਲਾਕਿਆਂ ਦੀ ਗੱਲ ਕਰਦੀਆਂ ਹਨ, ਇਹ ਗ੍ਰਾਮੀਣ ਇਲਾਕਿਆਂ ਵੱਲੋਂ ਪ੍ਰਵਾਸ ਕਰ ਰਹੇ ਮਜ਼ਦੂਰਾਂ ਦੀ ਗੱਲ ਕਰਦੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਦੇ ਨਾਲ਼ ਹੀ ਅਸੀਂ ਉਨ੍ਹਾਂ ਇਲਾਕਿਆਂ ਨਾਲ਼ ਜੁੜੀਆਂ ਸਾਰੀਆਂ ਕਹਾਣੀਆਂ ਨੂੰ ਅਸੀਂ ਇੱਕ ਤੰਦ ਵਿੱਚ ਪਿਰੋਇਆ ਜਿਨ੍ਹਾਂ ਲਈ ਪੱਤਰਕਾਰਾਂ ਨੇ ਤਾਲਾਬੰਦੀ ਦੌਰਾਨ ਆਵਾਜਾਈ ਦੇ ਸਾਧਨਾਂ ਦੇ ਮੌਜੂਦ ਨਾ ਹੋਣ ਕਾਰਨ ਵੀ ਸੈਂਕੜੇ ਕਿਲੋਮੀਟਰ ਦੇ ਪੈਂਡੇ ਤੈਅ ਕੀਤੇ। ਤੁਹਾਨੂੰ ਇਨ੍ਹਾਂ ਕਹਾਣੀਆਂ ਦੇ ਹੇਠਾਂ 65 ਤੋਂ ਵੱਧ ਪੱਤਰਕਾਰਾਂ ਦੇ ਨਾਮ ਮਿਲ਼ਣਗੇ। ਮਹਾਂਮਾਰੀ ਆਉਣ ਤੋਂ ਕਈ ਸਾਲ ਪਹਿਲਾਂ ਤੋਂ ਹੀ ਪਾਰੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਹਾਣੀਆਂ ਕਵਰ ਕਰਦਾ ਰਿਹਾ ਸੀ ਅਤੇ ਉਹਨੂੰ ਇਹਦੇ ਵਾਸਤੇ 25 ਮਾਰਚ 2020 ਤੱਕ ਦੀ ਉਡੀਕ ਕਰਨ ਦੀ ਲੋੜ ਨਹੀਂ ਸੀ।

ਜਿਵੇਂ ਕਿ ਸਾਡੇ ਪਾਠਕ ਜਾਣਦੇ ਹੀ ਹਨ ਅਤੇ ਜੋ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦੇਈਏ ਕਿ ਪਾਰੀ ਨਾ ਸਿਰਫ਼ ਪੱਤਰਕਾਰਤਾ ਨਾਲ਼ ਜੁੜਿਆ ਇੱਕ ਮੰਚ ਹੈ, ਸਗੋਂ ਇੱਕ ਜਿਊਂਦਾ ਜਾਗਦਾ ਸਾਹ ਲੈਂਦਾ ਸੰਗ੍ਰਹਿ (ਆਰਕਾਈਵ) ਵੀ ਹੈ। ਅਸੀਂ ਗ੍ਰਾਮੀਣ ਭਾਰਤ ਦੇ ਵੱਖੋ-ਵੱਖ ਹਿੱਸਿਆਂ ਸਬੰਧੀ ਲੇਖਾਂ, ਰਿਪੋਰਟਾਂ, ਲੋਕ ਗੀਤ-ਸੰਗੀਤ, ਗਾਣਿਆਂ, ਤਸਵੀਰਾਂ ਅਤੇ ਫ਼ਿਲਮਾਂ ਦੇ ਸਭ ਤੋਂ ਵੱਡਾ ਖ਼ਜਾਨਾ (ਸੰਗ੍ਰਹਿ) ਹਾਂ ਅਤੇ ਪੂਰੀ ਦੁਨੀਆ ਵਿੱਚ ਗ੍ਰਾਮੀਣ ਇਲਾਕਿਆਂ ਨਾਲ਼ ਜੁੜੀਆਂ ਕਹਾਣੀਆਂ ਦੇ ਸਭ ਤੋਂ ਵੱਡੇ ਸੰਗ੍ਰਹਿਕਰਤਾਵਾਂ ਵਿੱਚੋਂ ਇੱਕ ਹਾਂ। ਇੰਨਾ ਹੀ ਨਹੀਂ ਪਾਰੀ ਦੀ ਪੱਤਰਕਾਰਤਾ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਦੇ ਅਧਾਰਤ ਹੈ। ਅਸੀਂ 83 ਕਰੋੜ ਗ੍ਰਾਮੀਣ ਭਾਰਤੀਆਂ ਦੇ ਜੀਵਨ ਨਾਲ਼ ਜੁੜੀਆਂ ਕਹਾਣੀਆਂ ਨੂੰ ਉਨ੍ਹਾਂ ਦੀ ਹੀ ਜ਼ੁਬਾਨ ਵਿੱਚ ਲੈ ਕੇ ਆਉਂਦੇ ਹਾਂ।

PHOTO • Zishaan A Latif
PHOTO • Shraddha Agarwal

ਪਾਰੀ ਨੇ ਮਹਾਂਮਾਰੀ-ਤਾਲਾਬੰਦੀ ਦੌਰਾਨ ਆਪਣਾ ਸਭ ਤੋਂ ਬਿਹਤਰੀਨ ਕੰਮ ਕੀਤਾ ਹੈ, ਜਿਸ ਵਿੱਚ ਮਹਿਲਾਵਾਂ ਦੇ ਪ੍ਰਜਨਨ ਸਿਹਤ (ਖੱਬੇ) ਨੂੰ ਲੈ ਕੇ ਪੂਰੀ ਦੀ ਪੂਰੀ ਇੱਕ ਲੜੀ ਪੇਸ਼ ਕੀਤੀ ਹੈ ਜਿਸਨੇ ਕਈ ਇਨਾਮ ਜਿੱਤੇ ਅਤੇ ਖੇਤੀ ਕਨੂੰਨਾਂ ਦੇ ਖ਼ਿਲਾਫ਼ ਹੋਏ ਕਿਸਾਨ ਅੰਦੋਲਨ (ਸੱਜੇ) ਦੀ ਵਿਸਤ੍ਰਿਤ ਕਵਰੇਜ ਸ਼ਾਮਲ ਹੈ

ਆਪਣੀ ਸਥਾਪਨਾ ਦੇ ਪਹਿਲੇ 84 ਮਹੀਨਿਆਂ ਅੰਦਰ ਪਾਰੀ ਨੇ 42 ਪੁਰਸਕਾਰ ਜਿੱਤੇ, ਭਾਵ ਕਿ ਔਸਤਨ ਹਰ 59ਵੇਂ ਦਿਨ ਇੱਕ ਪੁਰਸਕਾਰ। ਇਨ੍ਹਾਂ ਵਿੱਚੋਂ 12 ਅੰਤਰਰਾਸ਼ਟਰੀ ਪੁਰਸਕਾਰ ਹਨ ਅਤੇ ਕੁੱਲ 16 ਪੁਰਸਕਾਰ ਤਾਲਾਬੰਦੀ ਦੌਰਾਨ ਕਵਰ ਕੀਤੀਆਂ ਗਈਆਂ ਸਾਰੀਆਂ ਸਟੋਰੀਆਂ ਨੂੰ ਮਿਲ਼ੇ ਹਨ। ਅਪ੍ਰੈਲ 2020 ਵਿੱਚ, ਯੂਨਾਇਟੇਡ ਸਟੇਟਸ ਲਾਈਬ੍ਰੇਰੀ ਆਫ਼ ਕਾਂਗਰਸ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਵੈੱਬ ਆਰਕਾਈਵਸ ਵਿੱਚ ਪਾਰੀ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਕਿਹਾ: ''ਅਸੀਂ ਤੁਹਾਡੀ ਵੈੱਬਸਾਈਟ ਨੂੰ ਇਸ ਸੰਗ੍ਰਹਿ ਅਤੇ ਇਤਿਹਾਸਕ ਰਿਕਾਰਡ ਸਾਂਭਣ ਕੇ ਰੱਖਣ ਵਾਲ਼ਾ ਇੱਕ ਮਹੱਤਵਪੂਰਨ ਹਿੱਸਾ ਮੰਨਦੇ ਹਾਂ।''

ਪਾਰੀ ਨੇ ਭਾਰਤ ਦੇ 12 ਰਾਜਾਂ ਤੋਂ ਔਰਤਾਂ ਦੀ ਪ੍ਰਜਨਨ ਸਿਹਤ ਨੂੰ ਲੈ ਕੇ ਕਹਾਣੀਆਂ ਦੀ ਲੜੀ (ਪੁਰਸਕਾਰ ਪ੍ਰਾਪਤ) ਦਾ ਪ੍ਰਕਾਸ਼ਨ ਕੀਤਾ, ਇਸ ਲੜੀ ਦੀਆਂ ਸਾਰੀਆਂ ਕਹਾਣੀਆਂ ਖ਼ਾਸ ਕਰਕੇ ਉਨ੍ਹਾਂ ਰਾਜਾਂ ਤੋਂ ਕਵਰ ਕੀਤੀਆਂ ਗਈਆਂ ਜਿੱਥੇ ਪ੍ਰਜਨਨ ਸਿਹਤ ਨੂੰ ਲੈ ਕੇ ਔਰਤਾਂ ਦੀ ਹਾਲਤ ਸਭ ਤੋਂ ਵੱਧ ਗੰਭੀਰ ਹੈ। ਇਸ ਲੜੀ ਵਿੱਚ ਕੁੱਲ 37 ਸਟੋਰੀਆਂ ਵਿੱਚੋਂ 33 ਸਟੋਰੀਆਂ ਮਹਾਂਮਾਰੀ ਕਾਲ਼ ਵਿੱਚ ਤਾਲਾਬੰਦੀ ਦੌਰਾਨ ਪ੍ਰਕਾਸ਼ਤ ਹੋਈਆਂ। ਇਹ ਲੜੀ ਪੱਤਰਕਾਰਤਾ ਖੇਤਰ ਵਿੱਚ ਅਜਿਹੀ ਪਹਿਲੀ ਰਾਸ਼ਟਰ-ਵਿਆਪੀ ਕੋਸ਼ਿਸ਼ ਹੈ ਜਿਸ ਵਿੱਚ ਸਾਡੀ ਟੀਮ ਨੇ ਗ੍ਰਾਮੀਣ ਔਰਤਾਂ ਦੇ ਆਪਣੇ ਤਜ਼ਰਬਿਆਂ ਜ਼ਰੀਏ ਉਨ੍ਹਾਂ ਦੀ ਪ੍ਰਜਨਨ ਸਿਹਤ ਨਾਲ਼ ਜੁੜੇ ਬਹੁਤੇਰੇ ਹੱਕਾਂ ਦਾ ਜਾਇਜਾ ਲਿਆ ਗਿਆ।

ਸਮੇਂ ਦੇ ਮੁਸ਼ਕਲ ਦੌਰ ਦੌਰਾਨ ਕੰਮ ਕਰਦਿਆਂ ਅਸੀਂ ਦੇਖਿਆ ਕਿ ਸਾਡੇ ਪਾਠਕਾਂ ਦੀ ਗਿਣਤੀ ਵਿੱਚ ਕਰੀਬ 150 ਫ਼ੀਸਦੀ ਇਜਾਫ਼ਾ ਹੋਇਆ ਅਤੇ ਸਾਡੇ ਸੋਸ਼ਲ ਮੀਡੀਆ ਪਲੇਟਫ਼ਾਰਮ ਜਿਵੇਂ ਇੰਸਟਾਗ੍ਰਾਮ 'ਤੇ ਇਸ ਗਿਣਤੀ (ਫੈਲੋਵਰ) ਵਿੱਚ 200 ਫ਼ੀਸਦ ਤੱਕ ਦਾ ਇਜਾਫ਼ਾ ਹੋਇਆ ਹੈ। ਸਭ ਤੋਂ ਲਾਜ਼ਮੀ ਗੱਲ ਤਾਂ ਇਹ ਹੈ ਕਿ ਇੰਸਟਾਗ੍ਰਾਮ 'ਤੇ ਪਾਰੀ ਨਾਲ ਜੁੜੇ ਪਾਠਕਾਂ ਨੇ ਉਨ੍ਹਾਂ ਸਟੋਰੀਆਂ ਨੂੰ ਤਿਆਰ ਕਰਨ ਵਾਲ਼ੇ ਲੋਕਾਂ ਵਾਸਤੇ ਲੱਖਾਂ ਰੁਪਿਆਂ ਦੀ ਮਦਦ ਭੇਜੀ।

ਇਸ ਤੋਂ ਇਲਾਵਾ ਅਸੀਂ ਹਾਲ ਹੀ ਵਿੱਚ ਰੱਦ ਹੋਏ ਖੇਤੀ ਕਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਨੂੰ ਲੈ ਕੇ 25 ਪੱਤਰਕਾਰਾਂ ਅਤੇ ਫ਼ੋਟੋਗ੍ਰਾਫ਼ਰਾਂ ਦੁਆਰਾ ਸਾਂਝੇ ਤੌਰ 'ਤੇ ਲਿਖੀਆਂ ਗਈਆਂ 65 ਵਿਸਤ੍ਰਿਤ ਰਿਪੋਰਟਾਂ ਦੇ ਨਾਲ਼-ਨਾਲ਼ ਦਸ ਅਹਿਮ ਦਸਤਾਵੇਜਾਂ ਦਾ ਪ੍ਰਕਾਸ਼ਨ ਵੀ ਕੀਤਾ। ਇਸ ਤਰ੍ਹਾਂ ਦੀਆਂ ਰਿਪੋਰਟਾਂ ਤੁਹਾਨੂੰ 'ਮੁੱਖ ਧਾਰਾ ਦੇ ਮੀਡੀਆ ਪਲੇਟਫ਼ਾਰਮਾਂ' 'ਤੇ ਵੀ ਨਹੀਂ ਮਿਲ਼ਣ ਲੱਗੀਆਂ। ਇਹ ਕਹਾਣੀਆਂ ਸਿਰਫ਼ ਦਿੱਲੀ ਦੀਆਂ ਸਰਹੱਦਾਂ ਤੋਂ ਹੀ ਨਹੀਂ ਸਗੋਂ ਅੱਧਾ ਦਰਜਨ ਰਾਜਾਂ ਤੋਂ ਪ੍ਰਕਾਸ਼ਤ ਕੀਤੀਆਂ ਗਈਆਂ।

ਸਾਡੀਆਂ ਕਹਾਣੀਆਂ ਨੇ ਇਸ ਇਤਿਹਾਸਕ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਦੇ ਵਿਅਕਤੀਗਤ ਜੀਵਨ ਨੂੰ ਨਾ ਸਿਰਫ਼ ਨੇੜਿਓਂ ਦੇਖਿਆ, ਇਹ ਵੀ ਦੇਖਿਆ ਕਿ ਉਹ ਕਿੱਥੋਂ ਕਿੱਥੋਂ ਆਏ ਸਨ, ਉਨ੍ਹਾਂ ਦੀਆਂ ਮੰਗਾਂ ਕੀ ਸਨ, ਉਹ ਕਿਹੜੀਆਂ ਗੱਲਾਂ ਤੋਂ ਇੰਨੇ ਵਿਆਕੁਲ ਹੋਏ ਕਿ ਦਿੱਲੀ ਆ ਕੇ ਤੰਬੂ ਗੱਡ ਲਏ ਅਤੇ ਨਿਵੇਕਲਾ ਅੰਦੋਲਨ ਚਲਾਇਆ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਦਾ ਸੰਤਾਪ ਵੀ ਹੰਢਾਇਆ। ਅਸੀਂ ਪ੍ਰਚਾਰਕਾਂ ਜਾਂ ਉਚ-ਵਰਗੀ ਬੁੱਧੀਜੀਵੀਆਂ ਦੀ ਅਵਾਜ਼ ਬਣਨ ਦੀ ਬਜਾਇ ਆਮ ਕਿਸਾਨਾਂ ਦੀ ਅਵਾਜ਼ ਬਣਨ ਨੂੰ ਤਰਜ਼ੀਹ ਦਿੱਤੀ। ਇਹ ਪਾਰੀ ਹੀ ਸੀ ਜਿਹਨੇ ਇਸ ਅੰਦੋਲਨ ਦਾ ਉਲੇਖ ਇੱਕ ਸ਼ਾਂਤਮਈ ਲੋਕਤੰਤਰਿਕ ਵਿਰੋਧ ਪ੍ਰਦਰਸ਼ਨ ਦੇ ਰੂਪ ਵਿੱਚ ਕੀਤਾ, ਇੱਕ ਅਜਿਹਾ ਸ਼ਾਂਤਮਈ ਅਤੇ ਅੱਜ ਤੱਕ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਜੋ ਸ਼ਾਇਦ ਹੀ ਪੂਰੀ ਦੁਨੀਆ ਵਿੱਚ ਹੋਇਆ ਹੋਵੇ। ਇਹ ਅੰਦੋਲਨ ਵੀ ਤਾਂ ਮਹਾਂਮਾਰੀ ਕਾਲ਼ ਦੌਰਾਨ ਹੀ ਸ਼ੁਰੂ ਹੋਇਆ ਸੀ।

PHOTO • Vandana Bansal

ਪਾਰੀ ਦੇ ਅਨੁਵਾਦ, ਪਾਠਕਾਂ ਅਤੇ ਵੱਖੋ-ਵੱਖ ਪਿੱਠਭੂਮੀ ਤੋਂ ਆਉਂਦੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਹ ਸਾਰੇ ਹੀ ਸਾਡੀਆਂ ਸਟੋਰੀਆਂ ਕਈ ਭਾਸ਼ਾਵਾਂ (ਖੱਬੇ) ਵਿੱਚ ਪੜ੍ਹ ਸਕਦੇ ਹਨ। ਵਜੂਦ ਵਿੱਚ ਆਉਣ ਦੇ ਪਹਿਲੇ ਹੀ ਵਰ੍ਹੇ ਵਿੱਚ ਪਾਰੀ ਐਜੁਕੇਸ਼ਨ ਨੇ 63 ਅੱਡ-ਅੱਡ ਥਾਵਾਂ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ 135 ਲੇਖ (ਸੱਜੇ) ਪ੍ਰਕਾਸ਼ਤ ਕੀਤੇ ਹਨ

ਦਸੰਬਰ 2014 ਵਿੱਚ ਅੰਗਰੇਜ਼ੀ ਭਾਸ਼ਾਈ ਮੀਡੀਆ ਪਲੇਟਫ਼ਾਰਮ ਵਜੋਂ ਸਥਾਪਤ ਹੋਇਆ ਪਾਰੀ (PARI) ਹੁਣ ਇਕੱਠਿਆਂ 13 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੁੰਦਾ ਹੈ ਅਤੇ ਛੇਤੀ ਹੀ ਹੋਰਨਾਂ ਭਾਸ਼ਾਵਾਂ ਵਿੱਚ ਵੀ ਉਪਲਬਧ ਹੋਵੇਗਾ। ਅਸੀਂ ਬਰਾਬਰੀ ਵਿੱਚ ਯਕੀਨ ਰੱਖਦੇ ਹਾਂ ਇਸਲਈ ਕਿਸੇ ਵੀ ਭਾਸ਼ਾ ਵਿੱਚ ਲਿਖੀ ਕਹਾਣੀ ਨੂੰ 13 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਭਾਰਤੀ ਭਾਸ਼ਾਵਾਂ ਗ੍ਰਾਮੀਣ ਭਾਰਤ ਦੀ ਆਤਮਾ ਹਨ ਅਤੇ ਭਾਰਤ ਦੀ ਹਰ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ । ਸਾਡੇ ਅਨੁਵਾਦਕਾਂ ਵਿੱਚ ਡਾਕਟਰ, ਭੌਤਿਕ ਵਿਗਿਆਨੀ, ਭਾਸ਼ਾ-ਸ਼ਾਸਤਰੀ, ਕਵੀ, ਗ੍ਰਹਿਣੀਆਂ, ਅਧਿਆਪਕ, ਕਲਾਕਾਰ, ਲੇਖਕ, ਇੰਜੀਨੀਅਰ, ਵਿਦਿਆਰਥੀ ਅਤੇ ਪ੍ਰੋਫ਼ੈਸਰ ਸ਼ਾਮਲ ਹਨ। ਸਭ ਤੋਂ ਵਡੇਰੀ ਉਮਰ ਦੇ ਅਨੁਵਾਦਕ 84 ਸਾਲਾ ਅਤੇ ਸਭ ਤੋਂ ਛੋਟੀ ਉਮਰ ਦੇ ਅਨੁਵਾਦਕ 22 ਸਾਲ ਦੇ ਹਨ। ਇਨ੍ਹਾਂ ਵਿੱਚੋਂ ਕੁਝ ਕੁ ਤਾਂ ਭਾਰਤ ਦੇ ਬਾਹਰ ਰਹਿੰਦੇ ਹਨ ਜਦੋਂ ਕਿ ਬਾਕੀ ਲੋਕ ਭਾਰਤ ਦੇ ਦੂਰ-ਦੁਰੇਡੇ ਇਲਾਕਿਆਂ ਵਿੱਚ ਰਹਿੰਦੇ ਹਨ, ਜਿੱਥੇ ਇੰਟਰਨੈਟ ਕੁਨੈਕਟੀਵਿਟੀ ਦੀ ਸਮੱਸਿਆ ਕਾਫ਼ੀ ਜ਼ਿਆਦਾ ਹੈ।

ਪਾਰੀ ਨੂੰ ਕੋਈ ਵੀ ਪੜ੍ਹ ਸਕਦਾ ਹੈ। ਇਹਦੀ ਕੋਈ ਸਬਕ੍ਰਿਪਸ਼ਨ ਫ਼ੀਸ ਨਹੀਂ ਲੱਗਦੀ। ਕਿਸੇ ਵੀ ਲੇਖ ਨੂੰ ਪੜ੍ਹਨ ਲਈ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਅਤੇ ਸਾਡੀ ਵੈੱਬਸਾਈਟ 'ਤੇ ਕਿਸੇ ਇਸ਼ਤਿਹਾਰ ਲਈ ਕੋਈ ਥਾਂ ਨਹੀਂ। ਪਹਿਲਾਂ ਹੀ ਅਜਿਹੇ ਕਈ ਮੀਡੀਆ ਪਲੇਟਫ਼ਾਰਮਾਂ ਦੀ ਭਰਮਾਰ ਹੈ ਜੋ ਇਸ਼ਤਿਹਾਰਾਂ ਜ਼ਰੀਏ ਨੌਜਵਾਨ ਪੀੜ੍ਹੀ ਅੰਦਰ ਗ਼ੈਰ-ਜ਼ਰੂਰੀ ਉਤਪਾਦ ਖਰੀਦਣ ਦੀ ਲੋੜ ਪੈਦਾ ਕਰ ਰਹੇ ਹਨ। ਦੱਸੋ ਅਸੀਂ ਕਿਉਂ ਉਸੇ ਭੀੜ ਵਿੱਚ ਜਾ ਰਲ਼ੀਏ? ਸਾਡੇ ਕਰੀਬ 60 ਫ਼ੀਸਦ ਪਾਠਕ 34 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਉਨ੍ਹਾਂ ਵਿੱਚੋਂ ਕਰੀਬ 60 ਫ਼ੀਸਦ ਲੋਕ 18 ਤੋਂ 24 ਸਾਲ ਦੇ ਹਨ। ਸਾਡੇ ਨਾਲ਼ ਕੰਮ ਕਰਨ ਵਾਲ਼ੇ ਕਈ ਰਿਪੋਰਟਰ, ਲੇਖਕ ਅਤੇ ਫ਼ੋਟੋਗਰਾਫ਼ਰ ਵੀ ਇਸੇ ਉਮਰ ਵਰਗ ਦੇ ਹੀ ਹਨ।

ਸਾਡੇ ਨਵੇਂ ਸੈਕਸ਼ਨ, ਪਾਰੀ ਐਜੁਕੇਸ਼ਨ ਨੂੰ ਵਜੂਦ ਵਿੱਚ ਆਇਆਂ ਇੱਕ ਸਾਲ ਹੋ ਗਿਆ ਹੈ ਅਤੇ ਇਹ ਭਵਿੱਖ ਦੇ ਸਾਡੇ ਟੀਚੇ: ਭਵਿੱਖ ਲਈ ਪਾਠ-ਪੁਸਤਕਾਂ ਤਿਆਰ ਕਰਨ ਵੱਲ ਛੋਹਲੇ ਪੈਰੀਂ ਪੁਲਾਂਘਾ ਪੁੱਟਦਾ ਜਾ ਰਿਹਾ ਹੈ। ਕਰੀਬ 95 ਵਿਦਿਅਕ ਸੰਸਥਾਵਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ 17 ਸੰਗਠਨ, ਪਾਰੀ ਨੂੰ ਬਤੌਰ ਪਾਠ-ਪੁਸਤਕ ਵਰਤ ਰਹੇ ਹਨ ਅਤੇ ਉਹਦੇ ਜ਼ਰੀਏ ਗ੍ਰਾਮੀਣ ਭਾਰਤ ਬਾਰੇ ਸਿੱਖਣ ਅਤੇ ਪੂਰੇ ਦਾਇਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ 36 ਸੰਸਥਾਵਾਂ ਸਾਡੇ ਨਾਲ਼ ਕੰਮ ਕਰਦਿਆਂ ਪਾਰੀ-ਕੇਂਦਰਤ ਸਿਲੇਬਸ ਤਿਆਰ ਕਰ ਰਹੇ ਹਨ ਤਾਂਕਿ ਉਨ੍ਹਾਂ ਦੇ ਵਿਦਿਆਰਥੀ ਸਾਡੇ ਦੇਸ਼ ਵਾਂਝੇ ਤਬਕਿਆਂ ਨਾਲ਼ ਜੁੜ ਕੇ ਕੰਮ ਕਰ ਸਕਣ। ਪਾਰੀ ਐਜੁਕੇਸ਼ਨ ਨੇ 63 ਅੱਡ-ਅੱਡ ਇਲਾਕਿਆਂ ਦੇ ਵਿਦਿਆਰਥੀਆਂ ਦੁਆਰਾ ਲਿਖੀਆਂ 135 ਰਿਪੋਰਟਾਂ ਨੂੰ ਪ੍ਰਕਾਸ਼ਤ ਕੀਤਾ ਹੈ ਜੋ ਖੇਤੀ ਦੇ ਸੰਤਾਪ, ਰੁਜ਼ਗਾਰ ਦੇ ਮੁੱਕਦੇ ਵਸੀਲਿਆਂ, ਲਿੰਗਕ ਮੁੱਦਿਆਂ ਜਿਹੇ ਵਿਸ਼ਿਆਂ 'ਤੇ ਅਧਾਰਤ ਹਨ। ਜਨਵਰੀ 2021 ਤੋਂ, ਇਸ ਸੈਕਸ਼ਨ ਨੇ ਭਾਰਤ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਦੇ ਨਾਲ਼ ਨਾਲ਼ ਦੂਰ-ਦੁਰਾਡੇ ਸਥਿਤ ਗ੍ਰਾਮੀਣ ਸਕੂਲਾਂ ਵਿੱਚ 120 ਤੋਂ ਵੱਧ ਆਨਲਾਈਨ ਗੋਸ਼ਠੀਆਂ ਅਤੇ ਕਾਰਜਸ਼ਾਲਾਵਾਂ ਅਯੋਜਿਤ ਕੀਤੀਆਂ ਹਨ।

ਪਾਰੀ ਦਾ ਸ਼ਬਦ 'ਗ੍ਰਾਮੀਣ' ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਨੂੰ ਦਰਸਾਉਣ ਵਾਲ਼ਾ ਕੋਈ ਆਦਰਸ਼ ਸ਼ਬਦ ਨਹੀਂ ਹੈ ਅਤੇ ਨਾ ਹੀ ਇਹ ਭਾਰਤੀ ਸਭਿਆਚਾਰ ਦੀ ਮਹਿਮਾ ਗਾਉਣ ਵਾਲ਼ਾ ਸ਼ਬਦ ਹੈ, ਨਾ ਹੀ ਇਸ ਸ਼ਬਦ ਸਹਾਰੇ ਅਸੀਂ ਬੀਤੀ ਜੀਵਨ-ਸ਼ੈਲੀ ਨੂੰ ਅਵਾਜ਼ਾਂ ਮਾਰਦੇ ਹਾਂ ਜਿਸ ਨੂੰ ਕਿ ਸਾਂਭ ਕੇ ਰੱਖਣ ਅਤੇ ਪ੍ਰਦਰਸ਼ਤ ਕਰਨ ਦੀ ਲੋੜ ਮਹਿਸੂਸ ਹੁੰਦੀ ਹੋਵੇ। ਪਾਰੀ ਦੀ ਇਹ ਯਾਤਰਾ ਉਨ੍ਹਾਂ ਪੇਚੀਦਗੀਆਂ ਅਤੇ ਬੇਦਖ਼ਲੀਆਂ ਦੀ ਪੜਚੋਲ਼ ਕਰਦੀ ਹੈ ਜਿਨ੍ਹਾਂ 'ਤੇ ਸਾਡੇ ਗ੍ਰਾਮੀਣ ਭਾਰਤ ਦੀ ਨੀਂਹ ਟਿਕੀ ਹੋਈ ਹੈ। ਗ੍ਰਾਮੀਣ ਭਾਰਤ ਦੀ ਇਸ ਤਸਵੀਰ ਅੰਦਰ ਸੁੰਦਰ ਅਤੇ ਸ਼ਾਨਦਾਰ ਪੱਖ ਦੇ ਨਾਲ਼ ਨਾਲ਼ ਕਰੂਰ ਅਤੇ ਬਰਬਰ ਪੱਖ ਵੀ ਮੌਜੂਦ ਹੈ। ਪਾਰੀ ਆਪਣੇ ਆਪ ਵਿੱਚ ਸਾਡੇ ਸਾਰਿਆਂ ਲਈ ਸਿੱਖਿਆ ਦਾ ਇਕਲੌਤਾ ਮਾਧਿਅਮ ਹੈ ਅਤੇ ਅਸੀਂ ਸਾਧਾਰਣ ਭਾਰਤੀਆਂ ਦੇ ਕੌਸ਼ਲ ਅਤੇ ਉਨ੍ਹਾਂ ਦੇ ਗਿਆਨ ਦਾ ਸਨਮਾਨ ਕਰਦੇ ਹਾਂ। ਇਹੀ ਕਾਰਨ ਹੈ ਕਿ ਸਾਡੀਆਂ ਕਹਾਣੀਆਂ ਦਾ ਧੁਰਾ ਉਨ੍ਹਾਂ ਦੀ (ਗ੍ਰਾਮੀਣਾਂ ਦੀ) ਅਵਾਜ਼ ਰਹਿੰਦਾ ਹੈ ਅਤੇ ਆਪਣੇ ਸਭ ਤੋਂ ਅਹਿਮ ਮੁੱਦਿਆਂ 'ਤੇ ਲਿਖਦੇ ਹੋਏ ਉਨ੍ਹਾਂ ਦੇ ਜੀਵਨ ਤਜ਼ਰਬਿਆਂ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਕੇਂਦਰ ਵਿੱਚ ਰੱਖਦਾ ਹਾਂ।

PHOTO • Rahul M.
PHOTO • P. Sainath

ਜਲਵਾਯੂ ਤਬਦੀਲੀ ' ਤੇ ਕੇਂਦਰਤ ਸਾਡੀ ਪੁਰਸਕਾਰ ਪ੍ਰਾਪਤ ਲੜੀ (ਖੱਬੇ), ਆਮ ਲੋਕਾਈ ਅਤੇ ਉਨ੍ਹਾਂ ਦੇ ਜੀਵਨ ਤਜ਼ਰਬਿਆਂ ਦੇ ਜ਼ਰੀਏ ਚੁਗਿਰਦੇ ਵਿੱਚ ਹੋ ਰਹੇ ਬਦਲਾਵਾਂ ਨੂੰ ਦਰਜ ਕਰਦੀ ਹੈ, ਨਾਲ਼ ਹੀ ਅਸੀਂ ਭਾਰਤ ਦੀ ਅਜ਼ਾਦੀ ਘੋਲ਼ ਦੇ ਅੰਤਮ ਜਿਊਂਦੇ ਯੋਧਿਆਂ (ਸੱਜੇ) ' ਤੇ ਅਧਾਰਤ ਆਪਣਾ ਸੈਕਸ਼ਨ ਲਗਾਤਾਰ ਵਧਾ ਰਹੇ ਹਾਂ

ਸਾਡੇ ਦੁਆਰਾ ਜਲਵਾਯੂ ਤਬਦੀਲੀ 'ਤੇ ਪ੍ਰਕਾਸ਼ਤ ਕੀਤੇ ਗਏ ਲੇਖਾਂ ਦੀ ਪੁਰਸਕਾਰ ਪ੍ਰਾਪਤ ਲੜੀ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਤ ਕਰੇਗਾ। ਇਹ ਲੜੀ ਕਿਸਾਨਾਂ, ਮਜ਼ਦੂਰਾਂ, ਮਛੇਰਿਆਂ, ਜੰਗਲ-ਵਾਸੀਆਂ, ਸਮੁੰਦਰੀ ਜੜ੍ਹੀ-ਬੂਟੀਆਂ ਦੇ ਉਤਪਾਦਕ, ਖ਼ਾਨਾਬਦੋਸ਼ ਆਜੜੀ, ਮਧੂਮੱਖੀ ਪਾਲਕ, ਕੀਟ ਪਾਲਣ ਦਾ ਕੰਮ ਕਰਦੇ ਲੋਕਾਂ ਦੇ ਤਜ਼ਰਬਿਆਂ ਅਤੇ ਉਨ੍ਹਾਂ ਦੇ ਕਥਨਾਂ 'ਤੇ ਅਧਾਰਤ ਹੈ ਅਤੇ ਜਲਵਾਯੂ ਤਬਦੀਲੀ ਦੀ ਗੱਲ ਕਰੀਏ ਤਾਂ ਸੰਵੇਦਨਸ਼ੀਲ ਪਹਾੜੀ ਇਲਾਕਿਆਂ, ਜੰਗਲਾਂ, ਸਮੁੰਦਰਾਂ, ਤਟੀ ਇਲਾਕਿਆਂ, ਨਦੀ-ਘਾਟੀਆਂ, ਕੋਰਲ ਦੀਪਾਂ, ਮਾਰਥੂਲਾਂ, ਖ਼ੁਸ਼ਕ ਅਤੇ ਅੱਧ-ਖ਼ੁਸ਼ਕ ਇਲਾਕਿਆਂ ਦੇ ਵਾਤਾਵਰਣਕ ਢਾਂਚੇ ਨਾਲ਼ ਜੁੜੀਆਂ ਕਹਾਣੀਆਂ ਹਨ।

ਰਵਾਇਤੀ ਮੀਡੀਆ ਦੁਆਰਾ ਵਰਤੀਂਦੀ ਵੱਡੇ ਅਤੇ ਭਾਰੇ ਸ਼ਬਦਾਂ ਕਾਰਨ ਇਹ ਆਮ ਪਾਠਕ ਨੂੰ ਦੂਰ ਕਰਦਾ ਚਲਾ ਜਾਂਦਾ ਹੈ ਅਤੇ ਜਲਵਾਯੂ ਤਬਦੀਲੀ ਨੂੰ ਲੈ ਕੇ ਇੱਕ ਕਿਸਮ ਦੀ ਰੂੜੀਵਾਦਿਤਾ ਸਥਾਪਤ ਕਰਦਾ ਹੈ, ਜਿੱਥੇ ਜਲਵਾਯੂ ਤਬਦੀਲੀ ਦਾ ਮਤਲਬ ਆਰਕਟਿਕ ਗਲੇਸ਼ੀਅਰਾਂ ਦਾ ਪਿਘਲਣਾ, ਅਮੇਜਨ ਦੇ ਜੰਗਲਾਂ ਦੀ ਤਬਾਹੀ ਅਤੇ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣਾ ਹੀ ਹੈ। ਉੱਥੇ ਦੂਸਰੇ ਪਾਸੇ ਉਹ ਅੰਤਰ-ਸਰਕਾਰੀ ਸਮਾਗਮਾਂ ਵਿੱਚ ਹੋਏ ਸੰਵਾਦ ਦੇ ਸੰਦਰਭ ਵਿੱਚ ਜਾਂ ਮਹੱਤਵਪੂਰਨ ਹੀ ਸਹੀ ਪਰ ਗੁੰਝਲਦਾਰ ਭਾਸ਼ਾ ਵਿੱਚ ਲਿਖੀਆਂ ਆਈਪੀਸੀਸੀ ਦੀਆਂ ਰਿਪੋਰਟਾਂ ਪੇਸ਼ ਕਰਦਾ ਹੈ ਜੋ ਆਮ ਲੋਕਾਂ ਦੀ ਸਮਝ ਤੋਂ ਬਾਹਰ ਰਹਿੰਦੀਆਂ ਹਨ। ਓਧਰ ਪਾਰੀ ਦੇ ਰਿਪੋਰਟਰ ਜਲਵਾਯੂ ਤਬਦੀਲੀ ਦੀਆਂ ਸਮੱਸਿਆਵਾਂ ਨੂੰ ਆਪਣੇ ਪਾਠਕਾਂ ਦੇ ਸਾਹਮਣੇ ਇਸ ਤਰੀਕੇ ਨਾਲ਼ ਪੇਸ਼ ਕਰਦੇ ਹਨ ਕਿ ਆਮ ਲੋਕ ਸਹਿਜੇ ਹੀ ਖ਼ੁਦ ਨੂੰ ਇਸ ਵਿਸ਼ਾਲ ਸਮੱਸਿਆ ਨਾਲ਼ ਜੁੜਿਆ ਮਹਿਸੂਸ ਕਰਦੇ ਹਨ।

ਜਿਵੇਂ ਜਿਵੇਂ ਸਾਡਾ ਦੇਸ਼ ਅਜ਼ਾਦੀ ਦੇ 75ਵੇਂ ਸਾਲ ਵੱਲ ਵੱਧਦਾ ਜਾ ਰਿਹਾ ਹੈ ਅਸੀਂ ਭਾਰਤ ਦੇ ਉਨ੍ਹਾਂ ਅੰਤਮ ਜੀਵਤ ਬਚੇ ਅਜ਼ਾਦੀ ਘੁਲਾਟੀਆਂ ਦੇ ਜੀਵਨ ਸਬੰਧੀ ਲੇਖ, ਵੀਡਿਓ ਅਤੇ ਆਡਿਓ ਦੇ ਜ਼ਰੀਏ ਲਗਾਤਾਰ ਲਿਖਦੇ ਜਾ ਰਹੇ ਹਾਂ। ਆਉਣ ਵਾਲ਼ੇ 5-7 ਸਾਲਾਂ ਵਿੱਚ ਅਜ਼ਾਦੀ ਘੁਲਾਈਆਂ ਦੀ ਇਸ ਬਚੀ ਪੀੜ੍ਹੀ ਵਿੱਚੋਂ ਕੋਈ ਇੱਕ ਵੀ ਘੁਲਾਟੀਆਂ ਜਿਊਂਦਾ ਨਹੀਂ ਬਚੇਗਾ ਅਤੇ ਭਾਰਤ ਦੇ ਬੱਚੇ ਅਜ਼ਾਦੀ-ਘੋਲ ਨਾਲ਼ ਜੁੜੇ ਕਿੱਸਿਆਂ ਨੂੰ ਸੁਣਨ ਤੋਂ ਵਾਂਝੇ ਹੋ ਜਾਣਗੇ। ਪਾਰੀ ਦੇ ਮੌਜੂਦਾ ਪਲੇਟਫ਼ਾਰਮ 'ਤੇ ਉਹ ਨਾ ਸਿਰਫ਼ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣ ਸਕਦੇ ਹਨ ਸਗੋਂ ਉਨ੍ਹਾਂ ਨੂੰ ਦੇਖ ਸਕਦੇ ਹਨ ਅਤੇ ਅਜ਼ਾਦੀ ਨਾਲ਼ ਜੁੜੀਆਂ ਗੱਲਾਂ ਨੂੰ ਉਨ੍ਹਾਂ ਦੇ ਹੀ ਸ਼ਬਦਾਂ ਵਿੱਚ ਪੜ੍ਹ ਵੀ ਸਕਦੇ ਹਨ।

ਅਸੀਂ ਭਾਵੇਂ ਬੇਹੱਦ ਘੱਟ ਵਸੀਲਿਆਂ ਨਾਲ਼ ਹੀ ਕੰਮ ਕਿਉਂ ਨਾ ਕਰਦੇ ਹੋਈਏ ਪਰ ਭਾਰਤੀ ਪੱਤਰਕਾਰਤਾ ਦੇ ਖੇਤਰ ਵਿੱਚ ਅਸੀਂ ਸਭ ਤੋਂ ਵੱਡਾ ਫ਼ੈਲੋਸ਼ਿਪ ਪ੍ਰੋਗਰਾਮ ਚਲਾਉਂਦੇ ਹਾਂ। ਸਾਡਾ ਟੀਚਾ ਹੈ ਕਿ ਸਾਰੇ 95 (ਪ੍ਰਕਿਰਤਕ-ਭੂਗੋਲਿਕ ਅਤੇ ਇਤਿਹਾਸਕ ਰੂਪ ਵਿੱਚ ਅਹਿਮ) ਖੇਤਰਾਂ ਅਤੇ ਉਨ੍ਹਾਂ ਦੇ ਗ੍ਰਾਮੀਣ ਖਿੱਤਿਆਂ ਵਿੱਚੋਂ ਕੋਈ ਇੱਕ ਲੇਖਕ, ਪੱਤਰਕਾਰ ਅਤੇ ਕਵੀ ਨਿਤਰ ਕੇ ਸਾਹਮਣੇ ਆਵੇ ਅਤੇ ਉਨ੍ਹਾਂ ਖਿੱਤਿਆਂ ਨਾਲ਼ ਜੁੜੀਆਂ ਕਹਾਣੀਆਂ ਪੇਸ਼ ਕਰੇ। ਸਾਡੇ ਫ਼ੈਲੋਸ਼ਿਪ ਪ੍ਰੋਗਰਾਮ ਦੇ ਤਹਿਤ ਚੁਣੇ ਗਏ 30 ਲੋਕਾਂ ਵਿੱਚੋਂ ਅੱਧਿਓਂ ਵੱਧ ਔਰਤਾਂ ਹਨ ਅਤੇ ਉਨ੍ਹਾਂ ਵਿੱਚੋਂ ਕਾਫ਼ੀ ਲੋਕ ਘੱਟ-ਗਿਣਤੀ ਅਤੇ ਸਮਾਜਿਕ-ਆਰਥਿਕ ਰੂਪ ਵਿੱਚ ਹਾਸ਼ੀਆਗਤ ਭਾਈਚਾਰਿਆਂ ਨਾਲ਼ ਸਬੰਧਤ ਹਨ।

ਇਨ੍ਹਾਂ ਸੱਤ ਸਾਲਾਂ ਵਿੱਚ ਸਾਡੇ ਨਾਲ਼ 240 ਇੰਟਰਨ ਕੰਮ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 80 ਇੰਟਨਰ ਪਾਰੀ ਐਜੁਕੇਸ਼ਨ ਪ੍ਰੋਗਰਾਮ ਦੇ ਨਾਲ਼ ਜੁੜੇ ਹਨ ਅਤੇ ਪਾਰੀ ਦੇ ਨਾਲ਼ 2-3 ਮਹੀਨਿਆਂ ਦੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਇੱਕ ਅਲੱਗ ਤਰੀਕੇ ਦੀ ਪੱਤਰਕਾਰਤਾ ਵੱਲ ਕਦਮ ਵਧਾ ਰਹੇ ਹਨ।

PHOTO • Supriti Singha

ਪਾਰੀ ਕੋਲ਼ ਦੁਨੀਆ ਦੀ ਕਿਸੇ ਵੀ ਭਾਸ਼ਾ ਵਿੱਚ ਗ੍ਰਾਮੀਣ ਔਰਤਾਂ ਦੁਆਰਾ ਰਚਿਤ ਅਤੇ ਗਾਏ ਗਏ ਗੀਤਾਂ ਦਾ ਸਭ ਤੋਂ ਵੱਡਾ ਖ਼ਜ਼ਾਨਾ ਮੌਜੂਦ ਹੈ ਜਿਵੇਂ ਗ੍ਰਾਇੰਡਮਿਲ ਸੌਂਗਸ ਪ੍ਰੋਜੈਕਟ। ਇਸ ਤੋਂ ਛੁੱਟ ਸਾਡਾ ਫੇਸਸ (ਚਿਹਰਿਆਂ) ਨੂੰ ਲੈ ਕੇ ਪ੍ਰੋਜੈਕਟ ਜੋ ਦੇਸ਼ ਦੇ ਲੋਕਾਂ ਦੇ ਚਿਹਰਿਆਂ ਦੀ ਵੰਨ-ਸੁਵੰਨਤਾ ਦਾ ਸੰਗ੍ਰਹਿ ਕਰਦਾ ਹੈ

ਇਸ ਤੋਂ ਇਲਾਵਾ, ਸਾਡੇ ਕੋਲ਼ ਵੰਨ-ਸੁਵੰਨੇ ਸਭਿਆਚਾਰਾਂ, ਭਾਸ਼ਾਵਾਂ, ਕਲਾ-ਰੂਪਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ। ਸਾਡੇ ਕੋਲ਼ ਦੁਨੀਆ ਦੇ ਕਿਸੇ ਵੀ ਭਾਸ਼ਾ ਵਿੱਚ ਗ੍ਰਾਮੀਣ ਔਰਤਾਂ ਦੁਆਰਾ ਰਚਿਤ ਅਤੇ ਗਾਏ ਗਏ ਗੀਤਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ। ਭਾਵ ਕਿ, ਗ੍ਰਾਮੀਣ ਮਹਾਰਾਸ਼ਟਰ ਅਤੇ ਕਰਨਾਟਕ ਦੇ ਕੁਝ ਪਿੰਡਾਂ ਵਿੱਚ ਔਰਤਾਂ ਦੁਆਰਾ ਰਚੇ ਅਤੇ ਗਾਏ ਗਏ 110,000 ਗੀਤਾਂ ਦੇ ਸੰਗ੍ਰਹਿ ਵਾਲ਼ਾ ਗ੍ਰਾਇੰਡਮਿਲ ਸੌਂਗਸ ਪ੍ਰੋਜੈਕਟ ਸਾਡਾ ਹਿੱਸਾ ਹੈ। ਅਜੇ ਤੱਕ, ਇਨ੍ਹਾਂ ਵਿੱਚੋਂ ਕਰੀਬ 69000 ਗੀਤਾਂ ਦਾ ਅੰਗਰੇਜੀ ਅਨੁਵਾਦ ਸਾਡੀ ਟੀਮ ਦੁਆਰਾ ਕੀਤਾ ਜਾ ਚੁੱਕਿਆ ਹੈ।

ਅਸੀਂ ਲੋਕ ਕਲਾਵਾਂ, ਸੰਗੀਤ, ਕਲਾਕਾਰਾਂ, ਕਾਰੀਗਰਾਂ, ਰਚਨਾਤਮਕ ਲੇਖਣ ਅਤੇ ਕਵਿਤਾਵਾਂ ਨੂੰ ਆਪਣੇ ਪਲੇਟਫ਼ਾਰਮ 'ਤੇ ਥਾਂ ਦੇ ਕੇ ਭਾਰਤ ਦੇ ਵੱਖੋ-ਵੱਖ ਹਿੱਸਿਆਂ ਤੋਂ ਸਾਹਮਣੇ ਆਉਣ ਵਾਲ਼ੀਆਂ ਕਹਾਣੀਆਂ ਅਤੇ ਵੀਡਿਓ ਦਾ ਸੰਗ੍ਰਹਿ ਸਥਾਪਤ ਕੀਤਾ ਹੈ। ਸ਼ਾਇਦ ਸਾਡਾ ਪਲੇਟਫ਼ਾਰਮ ਹੀ ਇਕਲੌਤਾ ਅਜਿਹਾ ਪਲੇਟਫ਼ਾਰਮ ਹੈ ਜਿੱਥੇ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਭਾਰਤ ਦੇ ਗ੍ਰਾਮੀਣ ਇਲਾਕਿਆਂ ਤੋਂ ਖਿੱਚੀਆਂ ਗਈਆਂ ਬਲੈਕ ਐਂਡ ਵ੍ਹਾਈਟ ਤਸਵੀਰਾਂ ਦਾ ਆਰਕਾਈਵ ਮੌਜੂਦ ਹੈ, ਜਿੱਥੇ ਕੁੱਲ 10,000 ਤਸਵੀਰਾਂ ਦਾ ਭੰਡਾਰਨ ਹੈ। ਇਨ੍ਹਾਂ ਤਸਵੀਰਾਂ ਵਿੱਚੋਂ ਬਹੁਤੇਰੀਆਂ ਕੰਮ ਕਰਦੇ ਲੋਕਾਂ ਦੀਆਂ ਹਨ ਹਾਲਾਂਕਿ ਕੁਝ ਤਸਵੀਰਾਂ ਵਿੱਚ ਉਹ ਆਰਮ ਫ਼ਰਮਾਉਂਦੇ ਵੀ ਦਿੱਸ ਜਾਂਦੇ ਹਨ।

ਅਸੀਂ ਆਪਣੇ ਫੇਸਸ (ਚਿਹਰੇ) ਪ੍ਰੋਜੈਕਟ ਦਾ ਜ਼ਿਕਰ ਬੜੇ ਫ਼ਖਰ ਨਾਲ਼ ਕਰਦੇ ਹਾਂ ਜੋ ਪੂਰੇ ਦੇਸ਼ ਦੇ ਲੋਕਾਂ ਦੇ ਚਿਹਰਿਆਂ ਦੀ ਵੰਨ-ਸੁਵੰਨਤਾ ਦਾ ਭੰਡਾਰਨ ਕਰਦਾ ਹੈ। ਇਹ ਚਿਹਰੇ ਨੇਤਾਵਾਂ ਜਾਂ ਮਸ਼ਹੂਰ ਹਸਤੀਆਂ ਦੇ ਨਹੀਂ ਸਗੋਂ ਆਮ ਲੋਕਾਂ ਦੇ ਚਿਹਰੇ ਹਨ। ਚਿਹਰਿਆਂ ਦੇ ਅਜਿਹੇ ਭੰਡਾਰਨ ਕਰਨ ਦਾ ਸਾਡਾ ਮਕਸਦ ਹੈ ਕਿ ਸਾਡੇ ਕੋਲ਼ ਦੇਸ਼ ਦੇ ਹਰ ਜ਼ਿਲ੍ਹੇ, ਹਰ ਬਲਾਕ ਤੋਂ ਲੋਕਾਂ ਦੀਆਂ ਤਸਵੀਰਾਂ ਦਾ ਹੋਣਾ। ਅਜੇ ਤੱਕ ਸਾਡੇ ਕੋਲ਼ ਦੇਸ਼ ਦੇ 220 ਜ਼ਿਲ੍ਹਿਆਂ ਅਤੇ 629 ਬਲਾਕਾਂ ਤੋਂ 2756 ਚਿਹਰਿਆਂ ਦੀਆਂ ਤਸਵੀਰਾਂ ਉਪਲਬਧ ਹਨ। ਇਨ੍ਹਾਂ ਤਸਵੀਰਾਂ ਨੂੰ ਪਾਰੀ ਦੇ ਫ਼ੋਟੋਗਰਾਫ਼ਰਾਂ ਸਣੇ ਗ੍ਰੈਜੁਏਸ਼ਨ ਕਰ ਰਹੇ ਵਿਦਿਆਰਥੀਆਂ  ਦੀ 164 ਜਣਿਆਂ ਦੀ ਟੀਮ ਦੁਆਰਾ ਖਿੱਚਿਆ ਗਿਆ ਹੈ। ਕੁੱਲ ਮਿਲ਼ਾ ਕੇ ਪਾਰੀ ਨੇ ਪਿਛਲੇ ਸੱਤ ਸਾਲਾਂ ਵਿੱਚ ਆਪਣੇ ਪਲੇਟਫ਼ਾਰਮ 'ਤੇ 576 ਫ਼ੋਟੋਗਰਾਫ਼ਰਾਂ ਦੇ ਕੰਮ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ।

ਸਾਡੀ ਲਾਈਬ੍ਰੇਰੀ ਵਿੱਚ ਉਪਲਬਧ ਕਿਸੇ ਸਮੱਗਰੀ, ਕਿਤਾਬ ਤੁਹਾਨੂੰ ਕਿਰਾਏ 'ਤੇ ਨਹੀਂ ਸਗੋਂ ਮੁਫ਼ਤ ਮਿਲ਼ ਜਾਂਦੀ ਹੈ। ਕੋਈ ਵੀ ਲਾਜ਼ਮੀ ਰਿਪੋਰਟ, ਦਸਤਾਵੇਜ, ਕਨੂੰਨ ਸਬੰਧੀ ਜਾਣਕਾਰੀ ਅਤੇ ਪ੍ਰਕਾਸ਼ਨ ਤੋਂ ਬਾਹਰ ਹੋ ਚੁੱਕੀ ਕੋਈ ਵੀ ਕਿਤਾਬ ਹੋਵੇ, ਪਾਰੀ ਦੀ ਲਾਈਬ੍ਰੇਰੀ ਵਿੱਚ ਸਾਰਾ ਕੁਝ ਹੀ ਮੌਜੂਦ ਹੈ, ਜਿੱਥੇ ਤੁਸੀਂ ਉਨ੍ਹਾਂ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਪ੍ਰਿੰਟ ਵੀ ਲੈ ਸਕਦੇ ਹੋ ਅਤੇ ਸਬੰਧਤ ਸਮੱਗਰੀ ਬਾਰੇ ਵਾਜਬ ਜਾਣਕਾਰੀ ਵੀ ਲੈ ਸਕਦੇ ਹੋ। ਇਸ ਕਿਤਾਬ ਦਾ ਇੱਕ ਹਿੱਸਾ ਪਾਰੀ ਹੈਲਥ ਆਰਕਾਈਵ ਵੀ ਹੈ, ਜਿਹਨੂੰ ਅਸੀਂ ਮਹਾਂਮਾਰੀ ਦੇ ਪਹਿਲੇ ਸਾਲ ਸ਼ੁਰੂ ਕੀਤਾ ਸੀ ਅਤੇ ਹੁਣ ਇਸ 'ਤੇ ਕੁੱਲ 140 ਸਿਹਤ ਸਬੰਧੀ ਮਹੱਤਵਪੂਰਨ ਰਿਪੋਰਟਾਂ ਅਤੇ ਦਸਤਾਵੇਜ ਸ਼ਾਮਲ ਹਨ, ਜਿਨ੍ਹਾਂ ਵਿੱਚ ਕਈ ਦਹਾਕਿਆਂ ਪੁਰਾਣੀਆਂ ਹੋ ਚੁੱਕੀਆਂ ਰਿਪੋਰਟਾਂ ਦੇ ਨਾਲ਼ ਨਾਲ਼ ਹਾਲੀਆ ਰਿਪੋਰਟਾਂ ਵੀ ਉਪਲਬਧ (ਇਲੈਕਟ੍ਰਾਨਿਕ ਫ਼ਾਰਮ ਵਿੱਚ) ਹਨ।

ਪਾਰੀ ਦੋਵਾਂ ਤਰ੍ਹਾਂ ਦੇ ਦਬਾਵਾਂ ਤੋਂ ਮੁਕਤ ਹੈ ਭਾਵੇਂ ਗੱਲ ਸਰਕਾਰੀ ਦੀ ਹੋਵੇ ਜਾਂ ਨਿੱਜੀ ਦੀ। ਅਸੀਂ ਕਿਸੇ ਇਸ਼ਤਿਹਾਰ ਨੂੰ ਥਾਂ ਨਹੀਂ ਦਿੰਦੇ। ਭਾਵੇਂ ਸਾਡਾ ਇਹ ਕਦਮ ਸਾਡੀ ਅਜ਼ਾਦੀ ਤਾਂ ਤੈਅ ਕਰਦਾ ਹੈ, ਇਸਦਾ ਮਤਲਬ ਇਹ ਹੈ ਕਿ ਅਸੀਂ ਪੂਰੀ ਤਰ੍ਹਾਂ ਨਾਲ਼ ਆਪਣੇ ਪਾਠਕਾਂ ਅਤੇ ਤੁਹਾਡੇ ਜਿਹੇ ਸੰਵੇਦਨਸ਼ੀਲ ਲੋਕਾਂ ਵੱਲੋਂ ਮਿਲ਼ਦੀ ਆਰਥਿਕ ਮਦਦ 'ਤੇ ਨਿਰਭਰ ਰਹਿੰਦੇ ਹਾਂ। ਇਹ ਕੋਈ ਜੁਮਲਾ ਨਹੀਂ। ਸੱਚਾਈ ਇਹ ਹੈ ਕਿ ਜੇਕਰ ਤੁਸੀਂ ਸਾਡੀ ਮਦਦ ਲਈ ਅੱਗੇ ਨਹੀਂ ਆਉਂਦੇ ਤਾਂ ਅਸੀਂ ਮੁਸ਼ਕਲ ਵਿੱਚ ਪੈ ਜਾਂਦੇ ਹਾਂ। ਇਸਲਈ ਕ੍ਰਿਪਾ ਕਰਕੇ ਤੁਸੀਂ ਪਾਰੀ ਦੀ ਆਰਥਿਕ ਮਦਦ ਕਰਕੇ ਸਾਡੀ ਬੋਲਣ ਅਤੇ ਲਿਖਣ ਦੀ ਅਜ਼ਾਦੀ ਦੀ ਰੱਖਿਆ ਕਰੋ ਅਤੇ ਬਿਹਤਰ ਪੱਤਰਕਾਰਤਾ ਨੂੰ ਇੱਕ ਮੌਕਾ ਦਿਓ

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur