ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਦਾ ਨਾਮ 'ਪੁਲੀ' ਰੱਖਿਆ, ਤਮਿਲ ਭਾਸ਼ਾ ਵਿੱਚ ਜਿਹਦਾ ਮਤਲਬ ਚੀਤਾ ਹੁੰਦਾ, ਉਨ੍ਹਾਂ ਨੇ ਆਪਣੀ ਪੋਤੀ ਦੀ ਊਰਜਾ ਨੂੰ ਦੇਖਦੇ ਹੋਏ ਇਹ ਨਾਮ ਦਿੱਤਾ ਸੀ। ਬੰਦਰਗਾਹ ਵਿਖੇ ਅਜੇ ਵੀ ਕੇ.ਬਾਨੁਮਤੀ ਨੂੰ ਇਸੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਪਰ ਕਡਲੂਰ ਦੀ ਇਸ ਬੰਦਰਗਾਹ 'ਤੇ ਪੁਲੀ ਅਤੇ ਉਨ੍ਹਾਂ ਵਾਂਗਰ ਕੰਮ ਕਰਨ ਵਾਲ਼ੀਆਂ ਹੋਰਨਾਂ ਔਰਤਾਂ ਨੂੰ ਸਰਕਾਰੀ ਨੀਤੀਆਂ ਵਿੱਚ ਮਜ਼ਦੂਰ ਨਹੀਂ ਗਿਣਿਆ ਜਾਂਦਾ ਅਤੇ ਸੁਰੱਖਿਆ ਮਾਮਲਿਆਂ ਵਿੱਚ ਉਨ੍ਹਾਂ ਨੂੰ ਕੱਢ ਬਾਹਰ ਕੀਤਾ ਜਾਂਦਾ ਹੈ।
''ਮੈਂ 35 ਸਾਲਾਂ ਦੀ ਰਹੀ ਹੋਵਾਂਗੀ ਜਦੋਂ ਮੈਂ ਇੱਥੇ ਆਈ ਅਤੇ ਮੱਛੀਆਂ ਦੀ ਨੀਲਾਮੀ ਸ਼ੁਰੂ ਕੀਤੀ,'' ਪੁਲੀ ਕਹਿੰਦੀ ਹਨ ਜੋ ਹੁਣ ਆਪਣੇ 75ਵੇਂ ਵਰ੍ਹੇ ਵਿੱਚ ਹਨ। ਸ਼ਹਿਰ ਦੇ ਪੂਰਬ ਵਿੱਚ ਸਥਿਤ ਕਡਲੂਰ ਓਲਡ ਟਾਊਨ ਬੰਦਰਗਾਹ ਵਿਖੇ, ਜਿਓਂ ਹੀ ਮੱਛੀਆਂ ਦੀ ਬੇੜੀ ਕੰਢੇ ਅੱਪੜਦੀ ਹੈ ਉਵੇਂ ਹੀ ਨੀਲਾਮੀ ਕਰਨ ਵਾਲ਼ੇ ਕਾਮੇ ਵਪਾਰੀਆਂ ਪਾਸੋਂ ਬੋਲੀ ਲੈਣ ਲੱਗਦੇ ਹਨ। ਉਨ੍ਹਾਂ ਨੂੰ ਵਿਕਰੀ ਦਾ 10 ਫੀਸਦ ਹਿੱਸਾ ਕਮਿਸ਼ਨ (ਲਗਭਗ 20 ਸਾਲ ਪਹਿਲਾਂ ਤੱਕ ਇਹ 5 ਫ਼ੀਸਦ ਸੀ) ਵਜੋਂ ਮਿਲ਼ਦਾ ਹੈ, ਹਾਂ ਜੇਕਰ ਉਨ੍ਹਾਂ ਨੇ ਬੇੜੀ ਵਿੱਚ ਨਿਵੇਸ ਕੀਤਾ ਹੋਵੇ। ਜਦੋਂ ਸਾਲਾਂ ਪਹਿਲਾਂ ਪੁਲੀ ਇੱਥੇ ਆਈ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਇਸ ਨੌਕਰੀ ਬਾਰੇ ਦੱਸਿਆ ਅਤੇ ਦੋ ਬੇੜੀਆਂ ਵਿੱਚ ਪੈਸਾ ਲਾਉਣ ਲਈ ਉਨ੍ਹਾਂ ਨੂੰ 50,000 ਰੁਪਏ ਦਾ ਕਰਜਾ ਵੀ ਦਿੱਤਾ, ਜੋ ਰਾਸ਼ੀ ਪੁਲੀ ਨੇ ਕਈ ਕਈ ਘੰਟੇ ਮਜ਼ਦੂਰੀ ਕਰ ਕਰ ਕੇ ਚੁਕਾ ਦਿੱਤੀ। ਜਿਓਂ ਜਿਓਂ ਪੁਲੀ ਬੁੱਢੀ ਹੋਣ ਲੱਗੀ, ਉਨ੍ਹਾਂ ਨੇ ਖ਼ੁਦ ਨੀਲਾਮੀ ਦਾ ਕੰਮ ਰੋਕ ਦਿੱਤਾ ਅਤੇ ਕੰਮ ਆਪਣੀ ਧੀ ਨੂੰ ਸਪੁਰਦ ਕਰ ਦਿੱਤਾ।
ਰੁਝੇਵੇਂ ਭਰੀ ਇਹ ਬੰਦਰਗਾਹ ਕਈ ਅਵਾਜ਼ਾਂ ਨਾਲ਼ ਗੂੰਜਦੀ ਰਹਿੰਦੀ ਹੈ- ਬੋਲੀ ਲਾਉਣ ਵਾਲ਼ੇ ਕਾਮਿਆਂ ਦੀ ਨੀਲਾਮੀ ਲਈ ਸੱਦਾ ਦਿੰਦਿਆਂ ਦੀ ਅਵਾਜ਼, ਵਪਾਰੀਆਂ ਦੇ ਟਹਿਲਦੇ ਫਿਰਨ ਦੀ ਅਵਾਜ, ਫੜ੍ਹੀ ਮੱਛੀ ਨੂੰ ਲਾਹੁੰਦਿਆਂ ਦੀ ਅਵਾਜ਼, ਬਰਫ਼ ਨਪੀੜਦੀਆਂ ਮਸ਼ੀਨਾਂ ਦੀ ਚਕ-ਚਕ, ਗੱਡੀਆਂ ਦੇ ਆਉਣ-ਜਾਣ ਦਾ ਰੌਲ਼ਾ, ਫ਼ੇਰੀ ਵਾਲ਼ਿਆਂ ਦਾ ਰੌਲ਼ਾ ਅਸਮਾਨੀਂ ਤੈਰਦਾ ਰਹਿੰਦਾ ਹੈ। ਇਹ ਕਡਲੂਰ ਜ਼ਿਲ੍ਹੇ ਦੀ ਸਭ ਤੋਂ ਰੁਝੇਵੇਂ ਭਰੀ ਬੰਦਰਗਾਹ ਹੈ ਅਤੇ ਇਹ ਸੋਤੀਕੁੱਪਮ, ਪੁਲੀ ਦੇ ਪਿੰਡ ਅਤੇ ਹੋਰਨਾਂ ਚਾਰ ਗੁਆਂਢੀਆਂ ਪਿੰਡਾਂ ਦੇ ਮੱਛੀ ਕਾਰੋਬਾਰ ਦਾ ਗੜ੍ਹ ਹੈ। ਦਸ ਸਾਲ ਪਹਿਲਾਂ ਸੈਂਟ੍ਰਲ ਮਰੀਨ ਫਿਸ਼ਰੀਜ ਰਿਸਰਚ ਇੰਸਟੀਚਿਊਟ ਵਿੱਚ ਦਰਜ ਅੰਕੜਿਆਂ ਮੁਤਾਬਕ ਇਨ੍ਹਾਂ ਪੰਜ ਪਿੰਡਾਂ ਵਿੱਚ ਕੁੱਲ 256 ਮਸ਼ੀਨੀ ਅਤੇ ਮੋਟਰ ਨਾਲ਼ ਚੱਲਣ ਵਾਲ਼ੀਆਂ 822 ਬੇੜੀਆਂ ਹਨ। ਹਾਲੀਆ ਅੰਕੜੇ ਉਪਲਬਧ ਨਹੀਂ ਹਨ।
''ਮੈਂ ਕਜ਼ਾਰ (ਕਲਾਰ) ਵੇਚਣ ਦਾ ਕੰਮ ਵੀ ਉਦੋਂ ਹੀ ਸ਼ੁਰੂ ਕੀਤਾ ਸੀ (ਜਦੋਂ ਤੋਂ ਮੈਂ ਬੰਦਰਗਾਹ 'ਤੇ ਕੰਮ ਕਰਨ ਆਈ ਸਾਂ),'' ਮੱਛੀ ਦੇ ਅਵਸ਼ੇਸ਼ਾਂ (ਮੱਛੀ ਦੀ ਚਮੜੀ, ਸਿਰ, ਪੂਛ ਅਤੇ ਹੋਰਨਾਂ ਅਵਸ਼ੇਸ਼) ਨੂੰ ਇਕੱਠੇ ਕਰਨ ਦੇ ਆਪਣੇ ਕੰਮ ਦਾ ਹਵਾਲਾ ਦਿੰਦਿਆਂ ਪੁਲੀ ਕਹਿੰਦੀ ਹਨ। ਇਨ੍ਹਾਂ ਅਵਸ਼ੇਸ਼ਾਂ ਵਿੱਚ ਸਿੱਪੀਆਂ, ਘੋਘੇ, ਸਕਿਵਡ ਅਤੇ ਛੋਟੀਆਂ ਮੱਛੀਆਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਅਵਸ਼ੇਸ਼ਾਂ ਨੂੰ ਤਮਿਲ ਵਿੱਚ ਕਜ਼ਿਵੂ ਮੀਨ ਅਤੇ ਆਮ ਬੋਲਚਾਲ਼ ਦੀ ਭਾਸ਼ਾ ਵਿੱਚ ਕਜ਼ਾਰ ਕਹਿੰਦੇ ਹਨ। ਪੁਲੀ, ਬੰਦਰਗਾਹ ਵਿਖੇ ਮੱਛੀਆਂ ਦੇ ਅਵਸ਼ੇਸ਼ਾਂ ਨੂੰ ਚੁਗਣ ਅਤੇ ਉਨ੍ਹਾਂ ਨੂੰ ਮੁਰਗੀਆਂ ਦੀ ਫੀਡ ਬਣਾਉਣ ਵਾਲ਼ਿਆਂ ਨੂੰ ਵੇਚਣ ਦਾ ਕੰਮ ਕਰਨ ਵਾਲ਼ੀਆਂ ਦਸ ਔਰਤਾਂ ਵਿੱਚੋਂ ਇੱਕ ਹਨ। ਮੁਰਗੀਆਂ ਦੀ ਫੀਡ ਬਣਾਉਣਾ, ਨਾਮੱਕਲ ਜਿਹੇ ਜ਼ਿਲ੍ਹਿਆਂ ਵਿੱਚ ਇੱਕ ਵੱਡਾ ਉਦਯੋਗ ਹੈ। ਜਦੋਂ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ, ਤਾਂ ਕਜ਼ਾਰ 7 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਵਿਕਦਾ ਸੀ। ਹੁਣ ਪੁਲੀ ਦੇ ਕਹੇ ਮੁਤਾਬਕ ਇਹ ਭਾਅ ਮੱਛੀਆਂ ਲਈ 30 ਰੁਪਏ ਪ੍ਰਤੀ ਕਿਲੋ, ਉਹਦੇ ਮੱਥੇ ਵਾਸਤੇ 23 ਰੁਪਏ ਪ੍ਰਤੀ ਕਿਲੋ ਅਤੇ ਕੇਕੜੇ ਦੇ ਕਜ਼ਾਰ ਵਾਸਤੇ 12 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਜਦੋਂ ਪੁਲੀ 16 ਸਾਲਾਂ ਦੀ ਸਨ, ਤਦ ਉਨ੍ਹਾਂ ਦਾ ਨਾਗਪੱਟੀਨਮ ਦੇ ਇੱਕ ਮਛੇਰੇ ਨਾਲ਼ ਵਿਆਹ ਕਰ ਦਿੱਤਾ ਗਿਆ। ਦੋਵਾਂ ਦੇ ਚਾਰ ਬੱਚੇ ਵੀ ਹੋਏ, ਪਰ ਉਨ੍ਹਾਂ ਦਾ ਕੁੱਪੁਸਾਮੀ ਉਨ੍ਹਾਂ ਨਾਲ਼ ਕੁੱਟਮਾਰ ਕਰਦਾ ਸੀ। ਇਸਲਈ ਉਨ੍ਹਾਂ (ਪੁਲੀ) ਦੇ ਪਿਤਾ ਨੇ, ਜੋ ਕਿ ਸੋਤੀਕੁੱਪਮ ਵਿਖੇ ਪੰਚਾਇਤ ਪੱਧਰ ਦੇ ਇੱਕ ਆਗੂ ਸਨ, ਨੇ ਉਨ੍ਹਾਂ ਨੂੰ ਬੱਚੇ ਲੈ ਕੇ ਘਰ ਵਾਪਸ ਆਉਣ ਲਈ ਕਿਹਾ। ਇਸ ਘਟਨਾ ਤੋਂ ਕੋਈ ਤਿੰਨ ਸਾਲ ਪਹਿਲਾਂ ਪੁਲੀ ਦੀ ਮਾਂ ਦੀ ਮੌਤ ਹੋ ਗਈ ਸੀ। ਉਹ ਵੀ ਰੋਜ਼ੀਰੋਟੀ ਵਾਸਤੇ ਮੱਛੀਆਂ ਦੀ ਨੀਲਾਮੀ ਦਾ ਕੰਮ ਕਰਦੀ ਸਨ। ਪੁਲੀ ਦੱਸਦੀ ਹਨ,''ਉਹਦੇ ਬਾਅਦ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਇਹ ਕੰਮ ਕਰਨ ਲਈ ਕਿਹਾ। ਬੱਚਿਆਂ ਦੇ ਪਾਲਣ-ਪੋਸਣ ਵਾਸਤੇ ਮੈਨੂੰ ਵੀ ਪੈਸਿਆਂ ਦੀ ਲੋੜ ਸੀ।''
ਉਹ ਸਵੇਰੇ 4 ਵਜੇ ਤੋਂ ਲੈ ਸ਼ਾਮ ਦੇ 6 ਵਜੇ ਤੱਕ ਦਾ ਸਮਾਂ ਬੰਦਰਗਾਹ 'ਤੇ ਹੀ ਬਿਤਾਉਂਦੀ ਹਨ ਅਤੇ ਅਵਸ਼ੇਸ਼ਾਂ ਵਿੱਚ ਲੂਣ ਰਲ਼ਾਉਣ ਤੋਂ ਲੈ ਕੇ ਉਹਦੀ ਪੈਕਿੰਗ ਅਤੇ ਵਿਕਰੀ ਦੇ ਕੰਮਾਂ ਵਿੱਚ ਰੁਝੀ ਰਹਿੰਦੀ ਹਨ। ਪਹਿਲੇ ਦਿਨ ਕਜ਼ਾਰ ਵਿੱਚ ਲੂਣ ਰਲ਼ਾਇਆ ਜਾਂਦਾ ਹੈ ਤਾਂਕਿ ਉਹਦੀ ਹਵਾੜ ਕੁਝ ਘੱਟ ਜਾਵੇ। ਦੂਸਰੇ ਦਿਨ ਉਹਨੂੰ ਸੁਕਾ ਕੇ ਜਾਲ਼ੀਦਾਰ ਝੋਲ਼ੇ ਵਿੱਚ ਪੈਕ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਬੰਦਰਗਾਹ ਵਿਖੇ ਹੀ 4 ਰੁਪਏ/ਪੀਸ ਦੇ ਹਿਸਾਬ ਨਾਲ਼ ਖਰੀਦਦੀ ਹਨ। ਉਹ ਜੂਟ ਦੀ ਬਣੀਆਂ ਲੂਣ ਦੀਆਂ ਬੋਰੀਆਂ ਨੂੰ ਵੀ ਮੁੜ ਇਸਤੇਮਾਲ ਕਰਦੀ ਹਨ, ਜਿਨ੍ਹਾਂ ਨੂੰ 15 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ਼ ਖਰੀਦਦੀ ਹਨ।
ਪੁਲੀ ਦੱਸਦੀ ਹਨ ਕਿ ਕਜ਼ਾਰ ਨਾਲ਼ ਭਰੀ ਇੱਕ ਬੋਰੀ ਦਾ ਭਾਰ 25 ਕਿਲੋਗ੍ਰਾਮ ਹੁੰਦਾ ਹੈ। ਪਹਿਲਾਂ ਉਹ ਹਫ਼ਤੇ ਵਿੱਚ 4-5 ਬੋਰੀਆਂ ਵੇਚ ਲੈਂਦੀ ਹੁੰਦੀ ਸਨ, ਪਰ ਕੋਵਿਡ-19 ਮਹਾਂਮਾਰੀ ਅਤੇ ਰਿੰਗ ਸੇਨ ਜਾਲ਼ੀਆਂ (ਮੱਛੀਆਂ ਫੜ੍ਹਨ ਵਾਲ਼ਾ ਜਾਲ਼) 'ਤੇ ਲੱਗੀ ਰੋਕ ਕਾਰਨ ਮੱਛੀਆਂ ਹੁਣ ਘੱਟ ਹੀ ਫੜ੍ਹੀਆਂ ਜਾ ਰਹੀਆਂ ਹਨ ਜਿਸ ਕਾਰਨ ਪੁਲੀ ਦੇ ਧੰਦੇ 'ਤੇ ਖ਼ਾਸਾ ਮਾੜਾ ਅਸਰ ਪਿਆ ਹੈ। ਹੁਣ ਉਹ ਬਾਮੁਸ਼ਕਲ ਨਾਮੱਕਲ ਦੇ ਖ਼ਰੀਦਦਾਰਾਂ ਨੂੰ ਹਫ਼ਤੇ ਵਿੱਚ ਦੋ ਬੋਰੀਆਂ ਹੀ ਵੇਚ ਪਾਉਂਦੀ ਹਨ, ਜਿਸ ਕਰਕੇ ਹਰ ਹਫ਼ਤੇ ਉਨ੍ਹਾਂ ਨੂੰ ਕਰੀਬ 1,250 ਰੁਪਏ ਦੀ ਹੀ ਕਮਾਈ ਹੋ ਪਾਉਂਦੀ ਹੈ।
ਕਡਲੂਰ ਬੰਦਰਗਾਹ ਵਿਖੇ ਔਰਤਾਂ ਬੋਲੀ ਲਾਉਣ ਤੋਂ ਲੈ ਕੇ ਭਾਰ ਚੁੱਕਣ, ਮੱਛੀਆਂ ਨੂੰ ਸੁਕਾਉਣ ਅਤੇ ਕਜ਼ਾਰ ਛਾਂਟਣ ਜਿਹੇ ਸਾਰੇ ਕੰਮ ਕਰਦੀਆਂ ਹਨ, ਪਰ ਆਪਣੀ ਦਿਹਾੜੀ ਦੀ ਕਮਾਈ ਨੂੰ ਲੈ ਕੇ ਬੇਯਕੀਨੀ ਬਾਰੇ ਦੱਸਦੀਆਂ ਹਨ। ਮਛੇਰਿਆਂ ਨੇ ਇਨ੍ਹਾਂ ਪਿੰਡਾਂ ਦੀਆਂ ਬਹੁਤੇਰੀਆਂ ਔਰਤਾਂ ਆਪਣੇ-ਆਪ ਨੂੰ ਮੱਛੀ ਫੜ੍ਹਨ ਦੇ ਕੰਮ ਤੋਂ ਦੂਰ ਰੱਖਣਾ ਚਾਹੁੰਦੀਆਂ ਹਨ। ਫ਼ਲਸਰੂਪ, ਬੰਦਰਗਾਹ 'ਤੇ ਕੰਮ ਕਰਨ ਵਾਲ਼ੀਆਂ ਜ਼ਿਆਦਾਤਰ ਔਰਤਾਂ ਬਜ਼ੁਰਗ ਹੀ ਹਨ।
''ਕਜ਼ਾਰ ਦੇ ਬਦਲੇ ਮੈਂ ਕੋਈ ਪੈਸਾ ਨਹੀਂ ਦੇਣਾ ਹੁੰਦਾ,'' ਪੁਲੀ ਕਹਿੰਦੀ ਹਨ। ''ਮੈਂ ਬੰਦਰਗਾਹ ਵਿਖੇ ਮੱਛੀ ਕੱਟਣ ਵਾਲ਼ੀਆਂ ਔਰਤਾਂ ਪਾਸੋਂ ਮੈਂ ਇਹ ਇਕੱਠਾ ਕਰ ਲੈਂਦੀ ਹਾਂ।'' ਤੜਕੇ ਚਾਰ ਵਜੇ ਤੋਂ ਉਹ ਮੱਛੀਆਂ ਦੇ ਥੋਕ ਵਿਕ੍ਰੇਤਾਵਾਂ ਅਤੇ ਗ੍ਰਾਹਕਾਂ ਦੀ ਲੋੜ ਮੁਤਾਬਕ, ਉਹਦੇ ਸ਼ਲਕ ਅਤੇ ਆਂਦਰਾਂ ਕੱਢਣ ਵਾਲ਼ੇ ਦੂਸਰੇ ਲੋਕਾਂ ਕੋਲ਼ੋਂ ਅਵਸ਼ੇਸ਼ਾਂ ਨੂੰ ਇਕੱਠਿਆਂ ਕਰਨ ਦੇ ਕੰਮੇ ਲੱਗ ਜਾਂਦੀ ਹਨ। ਕਿਉਂਕਿ ਪੁਲੀ ਕਜ਼ਾਰ ਬਦਲੇ ਪੈਸੇ ਨਹੀਂ ਦਿੰਦੀ ਇਸਲਈ ਕਦੇ-ਕਦਾਈਂ ਉਹ ਮੱਛੀ ਵੇਚਣ ਅਤੇ ਕੱਟਣ ਵਾਲ਼ੀਆਂ/ਵਾਲ਼ਿਆਂ ਨੂੰ ਕੋਲਡ ਡ੍ਰਿੰਕ ਪਿਆ ਦਿੰਦੀ ਹਨ। ਉਹ ਕਹਿੰਦੀ ਹਨ,''ਮੈਂ ਉਨ੍ਹਾਂ ਦੀ ਬੈਠਣ ਵਾਲ਼ੀ ਥਾਂ ਸਾਫ਼ ਕਰਨ ਵਿੱਚ ਵੀ ਮਦਦ ਕਰ ਦਿੰਦੀ ਹਾਂ। ਮੈਂ ਉਨ੍ਹਾਂ ਨਾਲ਼ ਗੱਲਾਂ ਕਰਦੀ ਹਾਂ ਅਤੇ ਕਈ ਖ਼ਬਰਾਂ ਸਾਂਝੀਆਂ ਕਰਦੀਆਂ ਹਾਂ।''
ਕਡਲੂਰ ਬੰਦਰਗਾਹ 'ਤੇ ਕੰਮ ਕਰਨ ਵਾਲ਼ੀਆਂ ਔਰਤਾਂ ਸਿੱਧੇ-ਸਿੱਧੇ ਮੱਛੀਆਂ ਦੇ ਕਾਰੋਬਾਰ ਅਤੇ ਰਸਾਇਣੀਕਰਨ (ਪੈਕਿੰਗ ਤੱਕ ਦੀ ਪ੍ਰਕਿਰਿਆ) ਦੇ ਨਾਲ਼ ਨਾਲ਼, ਪ੍ਰਤੱਖ ਰੂਪ ਨਾਲ਼ ਇਸ ਕਾਰੋਬਾਰ ਨਾਲ਼ ਜੁੜੇ ਲੋਕਾਂ/ਵਪਾਰੀਆਂ ਵਾਸਤੇ ਬਰਫ਼ ਦੇ ਟੁਕੜੇ ਵੇਚਣ, ਪੀਣ ਲਈ ਚਾਹ ਅਤੇ ਮਜ਼ਦੂਰਾਂ ਦੀ ਭੁੱਖ ਮਿਟਾਉਣ ਲਈ ਪੱਕਿਆ ਭੋਜਨ/ਸਮੱਗਰੀ ਵੇਚਣ ਜਿਹੇ ਕੰਮਾਂ ਵਿੱਚ ਵੀ ਲੱਗੀਆਂ ਹੋਈਆਂ ਹਨ। ਰਾਸ਼ਟਰੀ ਮੱਛੀ ਪਾਲਣ ਨੀਤੀ 2020 ਮੁਤਾਬਕ ਮੱਛੀ ਪਾਲਣ ਉਦਯੋਗ ਵਿੱਚ ਮੱਛੀ ਫੜ੍ਹਨ ਤੋਂ ਬਾਅਦ ਵਾਲ਼ੇ ਕੰਮ ਵਿੱਚ ਵੀ 69 ਫੀਸਦ ਹਿੱਸੇਦਾਰੀ ਸਿਰਫ਼ ਔਰਤਾਂ ਦੀ ਹੈ। ਜੇਕਰ ਪੂਰਾ ਹਿਸਾਬ ਲਾ ਕੇ ਦੇਖਿਆ ਜਾਵੇ ਤਾਂ ਮੱਛੀ ਪਾਲਣ ਦੇ ਕਾਰੋਬਾਰ ਵਿੱਚ ਮੁੱਖ ਭੂਮਿਕਾ ਵਿੱਚ ਔਰਤਾਂ ਹੀ ਹਨ ਅਤੇ ਇਹ ਕਾਰੋਬਾਰ ਔਰਤਾਂ ਸਿਰ ਹੀ ਨਿਰਭਰ ਹੈ।
ਸਾਲ 2020 ਦੀ ਇਹ ਨੀਤੀ, ਮੱਛੀ ਪਾਲਣ ਦੇ ਖੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਉਦੇਸ਼ ਨਾਲ਼ ਸਹਿਕਾਰਤਾ ਅਤੇ ਉਨ੍ਹਾਂ ਲਈ ਕੰਮ ਦੇ ਵਾਤਾਵਰਣ ਅਤੇ ਸ਼ਰਤਾਂ ਨੂੰ ਅਨੁਕੂਲ ਬਣਾਉਣ ਦੀਆਂ ਯੋਜਨਾਵਾਂ ਅਤੇ ਲੋੜਾਂ ਨੂੰ ਪ੍ਰਵਾਨ ਕਰਦੀ ਹੈ। ਖ਼ੈਰ, ਮੱਛੀ ਕਾਰੋਬਾਰ ਨਾਲ਼ ਜੁੜੀਆਂ ਸਾਰੀਆਂ ਯੋਜਨਾਵਾਂ ਔਰਤਾਂ ਦੇ ਰੋਜ਼ਮੱਰਾ ਦੀਆਂ ਮੁਸ਼ਕਿਲਾਂ ਨਾਲ਼ ਨਜਿੱਠਣ ਦੀ ਬਜਾਇ ਮੱਛੀ ਪਾਲਣ ਉਦਯੋਗ ਦੇ ਮਸ਼ੀਨੀਕਰਨ 'ਤੇ ਵੱਧ ਕੇਂਦਰਤ ਹਨ।
ਮੱਛੀਆਂ ਦੇ ਕਾਰੋਬਾਰ ਵਿੱਚ ਕੰਮ ਕਰਦੀਆਂ ਔਰਤਾਂ ਦੀ ਮਦਦ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਹੱਲ੍ਹਾਸ਼ੇਰੀ ਦੇਣ ਵੱਲ ਪੈਰ ਪੁੱਟਣ ਦੀ ਬਜਾਇ, ਤਟੀ ਤਬਦੀਲੀਆਂ, ਪੂੰਜੀ ਨਿਵੇਸ਼ ਅਤੇ ਨਿਰਯਾਤ-ਕੇਂਦਰਤ ਨੀਤੀ ਦੇ ਅਧਾਰ 'ਤੇ ਉਨ੍ਹਾਂ ਨੂੰ ਇਸ ਕਾਰੋਬਾਰ ਵਿਚਲੇ ਲਾਭਾਂ ਆਦਿ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਇੰਨਾ ਹੀ ਨਹੀ ਇਹ ਤਬਦੀਲੀਆਂ ਅਤੇ ਨੀਤੀਆਂ ਇਸ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਤੋਂ ਕੰਨੀ-ਕਤਰਾਉਂਦੀਆਂ ਹਨ। ਔਰਤਾਂ ਨੂੰ ਇਸ ਉਦਯੋਗ ਵਿੱਚ ਖੁੱਲ੍ਹ ਕੇ ਆਉਣ ਦੇਣ ਮਗਰ ਸਭ ਤੋਂ ਵੱਡੀ ਰੁਕਾਵਟ ਸੂਖਮ ਬੁਨਿਆਦੀ ਢਾਂਚਿਆਂ ਵਿੱਚ ਵੱਧਦਾ ਹੋਇਆ ਨਿਵੇਸ਼ ਅਤੇ 1972 ਵਿੱਚ ਸਥਾਪਤ ਹੋਈ ਮਰੀਨ ਪ੍ਰੋਡਕਟ ਐਕਸਪੋਰਟ ਡਿਵਲਪਮੈਂਟ ਅਥਾਰਿਟੀ ਹੈ, ਜਿਹਨੇ ਨਿਰਯਾਤ ਨੂੰ ਵਧਾਇਆ ਅਤੇ ਲਘੂ-ਪੱਧਰੀ ਮੱਛੀਪਾਲਣ ਨੂੰ ਹੱਲ੍ਹਾਸ਼ੇਰੀ ਦੇਣ ਦਾ ਕੰਮ ਕੀਤਾ। ਸਾਲ 2004 ਵਿੱਚ ਸੁਨਾਮੀ ਆਉਣ ਤੋਂ ਬਾਅਦ ਇਹ ਪ੍ਰਕਿਰਿਆ ਹੋਰ ਤੇਜ਼ ਹੋ ਗਈ ਕਿਉਂਕਿ ਨਵੀਂਆਂ ਬੇੜੀਆਂ ਅਤੇ ਉਪਕਰਣਾਂ ਵਿੱਚ ਵੱਧ ਪੈਸਾ ਲਾਇਆ ਜਾਣ ਲੱਗਿਆ।
ਸਮਾਂ ਲੰਘਣ ਦੇ ਨਾਲ਼ ਨਾਲ਼, ਵੱਧ ਤੋਂ ਵੱਧ ਔਰਤਾਂ ਇਸ ਕਾਰੋਬਾਰ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਨਹੀਂ... ਬਾਹਰ ਕੀਤੀਆਂ ਜਾ ਰਹੀਆਂ ਹਨ, ਇਹ ਕਹਿਣਾ ਵੱਧ ਢੁੱਕਵਾਂ ਰਹੇਗਾ। ਕਡਲੂਰ ਬੰਦਰਗਾਹ ਦੀਆਂ ਔਰਤਾਂ ਦੀ ਇਹ ਆਮ ਸ਼ਿਕਾਇਤ ਹੈ ਕਿ ਉਹ ਮੱਛੀ ਵੇਚਣ, ਕੱਟਣ, ਸੁਕਾਉਣ ਅਤੇ ਬੰਦਰਗਾਹ ਦੀ ਸਾਫ਼-ਸਫ਼ਾਈ ਦੇ ਕੰਮ ਤੋਂ ਦਿਨ-ਬ-ਦਿਨ ਬਾਹਰ ਕੱਢੀਆਂ ਜਾ ਰਹੀਆਂ ਹਨ। ਵਿਰਲ਼ੀਆਂ ਹੀ ਔਰਤਾਂ ਮੱਛੀ ਵੇਚਣ ਦੇ ਕੰਮਾਂ ਵਿੱਚ ਅਜੇ ਤੱਕ ਲੱਗੀਆਂ ਹੋਈਆਂ ਹਨ ਅਤੇ ਜਿਨ੍ਹਾਂ ਨੂੰ ਸਰਕਾਰੀ ਏਜੰਸੀਆਂ ਵੱਲੋਂ ਆਇਸਬਾਕਸ ਉਪਲਬਧ ਕਰਾਇਆ ਗਿਆ ਹੈ ਅਤੇ ਪਿੰਡਾਂ ਅਤੇ ਕਸਬਿਆਂ ਦੇ ਬਜ਼ਾਰਾਂ ਵਿੱਚ ਉਨ੍ਹਾਂ ਲਈ ਛੱਡੀਆਂ ਗਈਆਂ ਥਾਵਾਂ ਵੀ ਬਹੁਤ ਹੀ ਘੱਟ ਬਚੀਆਂ ਹਨ। ਇਸ ਸਭ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਉਨ੍ਹਾਂ ਨੂੰ ਮੱਛੀ ਵੇਚਣ ਲਈ ਮੀਲ਼ਾਂ ਪੈਦਲ ਤੁਰ ਕੇ ਜਾਣਾ ਪੈਂਦਾ ਹੈ।
''ਮੈਂ ਇੱਥੇ ਬੰਦਰਗਾਹ ਦੇ ਨੇੜੇ ਹੀ ਇੱਕ ਝੌਂਪੜੀ ਵਿੱਚ ਰਹਿੰਦੀ ਹਾਂ ਤਾਂਕਿ ਮੈਂ ਆਪਣੇ ਕੰਮ ਦੀ ਥਾਂ ਦੇ ਨੇੜੇ ਰਹਿ ਸਕਾਂ,'' ਪੁਲੀ ਕਹਿੰਦੀ ਹੈ। ਪਰ ਜਦੋਂ ਮੀਂਹ ਪੈਂਦਾ ਹੈ ਤਾਂ ਉਹ ਤਿੰਨ ਕਿਲੋਮੀਟਰ ਦੂਰ ਸੋਤੀਕੁੱਪਮ ਵਿਖੇ ਆਪਣੇ ਬੇਟੇ, ਮੁਤੁ ਦੇ ਘਰ ਚਲੀ ਜਾਂਦੀ ਹਨ। 58 ਸਾਲਾ ਮੁਤੁ ਜੋ ਆਪ ਵੀ ਬੰਦਰਗਾਹ ਦੇ ਮਛੇਰੇ ਹਨ, ਰੋਜ਼ ਹੀ ਪੁਲੀ ਲਈ ਘਰੋਂ ਖਾਣਾ ਬਣਵਾ ਕੇ ਲਿਆਉਂਦੇ ਹਨ। ਪੁਲੀ ਨੂੰ ਹਰੇਕ ਮਹੀਨੇ 1,000 ਰੁਪਏ ਬੁਢਾਪਾ ਪੈਨਸ਼ਨ ਵੀ ਮਿਲ਼ਦੀ ਹੈ। ਪੁਲੀ ਮੱਛੀ ਦੇ ਕੰਮ ਤੋਂ ਹੋਣ ਵਾਲ਼ੀ ਆਪਣੀ ਬਹੁਤੇਰੀ ਕਮਾਈ ਆਪਣੇ ਬੱਚਿਆਂ- ਦੋ ਬੇਟਿਆਂ ਅਤੇ ਦੋ ਬੇਟੀਆਂ ਹਵਾਲੇ ਕਰ ਦਿੰਦੀ ਹਨ। ਉਹ ਸਾਰੇ 40 ਤੋਂ 60 ਸਾਲ ਦੀ ਉਮਰ ਦੇ ਹੀ ਹਨ ਅਤੇ ਕਡਲੂਰ ਜ਼ਿਲ੍ਹੇ ਵਿਖੇ ਮੱਛੀ ਪਾਲਣ ਦੇ ਕੰਮ ਨਾਲ਼ ਹੀ ਜੁੜੇ ਹੋਏ ਹਨ। ''ਮੈਂ ਆਪਣੇ ਨਾਲ਼ ਕੀ ਲਿਜਾਣਾ ਏ?'' ਪੁਲੀ ਆਪੇ ਤੋਂ ਪੁੱਛੇ ਇਸ ਸਵਾਲ ਦਾ ਜਵਾਬ ਦਿੰਦੀ ਹਨ,''ਕੁਝ ਵੀ ਤਾਂ ਨਹੀਂ।''
ਯੂ. ਦਿਵਿਯਾਉਤਿਰਣ ਦੇ ਸਹਿਯੋਗ ਦੇ ਨਾਲ਼।
ਤਰਜਮਾ: ਕਮਲਜੀਤ ਕੌਰ