ਪੂਰਾ ਮੀਡੀਆ ਢਾਂਚਾ ਤ੍ਰੇੜਾਂ ਨਾਲ਼ ਭਰਿਆ ਪਿਆ ਸੀ। ਉਹ ਹਰ ਰੋਜ਼ ਆਪਣੇ ਧੱਸਦੇ ਜਾਂਦੇ ਸ਼ਹਿਰ ਦੀ ਹਿੱਕ 'ਤੇ ਨਿੱਤ ਨਵੀਆਂ ਤ੍ਰੇੜਾਂ ਦੇ ਉੱਭਰ ਆਉਣ ਬਾਰੇ ਨਵੀਂਆਂ ਕਹਾਣੀਆਂ ਪੜ੍ਹਦੀ ਰਹਿੰਦੀ। ਉਹਦਾ ਸ਼ਹਿਰ ਜੋ ਚਮੋਲੀ ਜ਼ਿਲ੍ਹੇ ਵਿਖੇ ਪੈਣ ਵਾਲ਼ੀ ਪਹਾੜੀ 'ਤੇ ਸਥਿਤ ਹੈ। ਮੀਡੀਆ ਵਾਲ਼ੇ ਤ੍ਰੇੜਾਂ ਦੇਖਣ ਪਿੰਡੀਂ ਥਾਈਂ ਆਉਂਦੇ ਰਹੇ ਤੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ। ਪਿਛਲੇ ਹਫ਼ਤੇ ਉਹਨੇ ਆਪਣਾ ਘਰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਪ੍ਰਸ਼ਾਸਨ ਲੋਕਾਂ ਨੂੰ ਆਪੋ-ਆਪਣੇ ਘਰ ਖਾਲੀ ਕਰਨ ਨੂੰ ਕਹਿ ਰਿਹਾ ਸੀ। ਸ਼ਾਇਦ ਉਹਨੂੰ ਖਿੱਚ ਕੇ ਬਾਹਰ ਕੱਢਣਾ ਪਵੇ। ਪਰ ਉਹ ਡਰੀ ਨਹੀਂ ਸੀ।

ਉਹ ਜਾਣਦੀ ਸੀ ਇਹ ਤ੍ਰੇੜਾਂ ਹੋਰ ਕੁਝ ਨਹੀਂ, ਇੱਕ ਲਾਲਚ ਸੀ ਜਿਹਨੇ ਉਨ੍ਹਾਂ ਦੇ ਪਿੰਡ ਨੂੰ ਹੇਠਾਂ ਤੋਂ ਖੋਖਲਾ ਕਰ ਛੱਡਿਆ ਸੀ। ਵਿਕਾਸ ਦੇ ਨਾਮ 'ਤੇ ਪਹਾੜਾਂ ਦੀ ਹਿੱਕ ਚੀਰਨ ਵਾਲ਼ੇ ਨਵੇਂ ਨਵੇਂ ਪ੍ਰੋਜੈਕਟ ਅਤੇ ਸੜਕਾਂ ਕੋਈ ਪਹਿਲਾ ਹਮਲਾ ਤਾਂ ਨਹੀਂ ਸਨ। ਕੁਝ ਹੋਰ ਵੀ ਸੀ, ਬੜਾ ਡੂੰਘੇਰਾ, ਜਿਹਨੇ ਪੂਰੀ ਦੁਨੀਆ ਨੂੰ ਦਾਅ 'ਤੇ ਲਾ ਛੱਡਿਆ ਸੀ। ਇਹ ਪਾੜ, ਇਹ ਵੰਡ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ। ਜਦੋਂ ਉਨ੍ਹਾਂ ਨੇ ਪਹਾੜੀ ਵੇਲ਼ ਦੇ ਨਾਲ਼ ਲਮਕਦੇ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਕਰਦਿਆਂ ਖ਼ੁਦ ਨੂੰ ਕੁਦਰਤ ਨਾਲ਼ੋਂ, ਧਰਤੀ ਦੇ ਦੇਵਤਿਆਂ ਨਾਲ਼ੋਂ ਉੱਚੇਰਾ ਸਮਝ ਲਿਆ। ਹਾਲਾਂਕਿ ਇਹ ਵੇਲ਼ ਮਹਿਜ ਇੱਕ ਜਾਦੂ ਸੀ। ਉਸ ਮ੍ਰਿਗ-ਤ੍ਰਿਸ਼ਨਾ ਦੀ ਖ਼ੋਜ ਵਾਸਤੇ ਕਿਹਨੂੰ ਦੋਸ਼ੀ ਗਰਦਾਨਿਆ ਜਾਣਾ ਸੀ?

ਪ੍ਰਤਿਸ਼ਠਾ ਪਾਂਡਿਆਂ ਦੀ ਅਵਾਜ਼ ਵਿੱਚ ਅੰਗਰੇਜ਼ੀ ਕਵਿਤਾ ਪਾਠ ਸੁਣੋ

PHOTO • Labani Jangi

ਤ੍ਰੇੜਾਂ

ਇਹ ਕੋਈ ਇੱਕ ਦਿਨ 'ਚ ਨਾ ਵਾਪਰਿਆ।
ਬੜੀਆਂ ਮਹੀਨ, ਤ੍ਰੇੜਾਂ ਲੁਕੀਆਂ
ਰਹੀਆਂ ਨੇ,
ਉਹਦੇ ਚਿੱਟੇ ਹੁੰਦੇ ਵਾਲ਼ਾਂ ਦੀ ਪਹਿਲੀ ਲਟ ਵਾਂਗਰ,
ਜਾਂ ਉਹਦੀ ਅੱਖ ਹੇਠ ਆਉਣ ਵਾਲ਼ੀ ਪਹਿਲੀ ਝੁਰੜੀ ਵਾਂਗਰ।

ਪਿੰਡ ਅਤੇ ਪਹਾੜ, ਜੰਗਲ, ਨਦੀਆਂ
ਵਿਚਾਲ਼ੇ ਛੋਟੇ ਛੋਟੇ ਪਾੜ
ਪਤਾ ਨਹੀਂ ਕਦੋਂ ਤੋਂ ਸਨ
ਦੂਰੋਂ ਦੇਖਿਆਂ ਅਦਿੱਖ ਬਣੇ ਰਹੇ ਜੋ।

ਜਦੋਂ ਮਲ੍ਹਕੜੇ ਜਿਹੇ ਮੁਸਲਸਲ,
ਤ੍ਰੇੜਾਂ ਫ਼ੈਲਣ ਲੱਗੀਆਂ, ਉਹਨੇ ਸੋਚਿਆ,
ਉਹ ਅਜੇ ਵੀ ਉਨ੍ਹਾਂ ਨੂੰ ਠੀਕ ਕਰ ਸਕਦੀ ਏ-
ਇੱਕ ਠੁਮ੍ਹਣੇ-ਨੁਮਾ ਕੰਧ ਖੜ੍ਹੀ ਕਰਕੇ
ਪਤਲਾ ਪਲਸਤਰ ਚੜ੍ਹਾ ਕੇ,
ਜਿਓਂ ਰਿਸ਼ਤੇ ਨੂੰ ਬਚਾਉਣ ਲਈ
ਬੱਚੇ ਜੰਮਦੇ ਜਾਣਾ।

ਪਰ ਫਿਰ ਵੱਡੀਆਂ ਤ੍ਰੇੜਾਂ ਘੂਰਨ ਲੱਗੀਆਂ,
ਉਹਦੇ ਚਿਹਰੇ ਵੱਲ
ਸ਼ੀਸ਼ੇ-ਨੁਮਾ ਕੰਧਾਂ ਵਿੱਚੋਂ ਦੀ ਘੂਰਦੀਆਂ,
ਬੇਸ਼ਰਮ, ਬੇਧੜਕ, ਬੇਰਹਿਮ
ਨਰਸਿਮ੍ਹਾ ਜਿਹੀਆਂ ਅੱਖਾਂ ਨਾਲ਼।

ਉਹ ਉਨ੍ਹਾਂ ਦੇ ਅਕਾਰਾਂ, ਦਿਸ਼ਾਵਾਂ ਨੂੰ ਜਾਣਦੀ ਸੀ-
ਲੇਟਵੀਂਆਂ, ਲੰਬਕਾਰੀ, ਅੱਗੇ ਵੱਧਦੀਆਂ ਹੋਈਆਂ,
ਉਹ ਖ਼ਾਸ ਥਾਵਾਂ ਜਿੱਥੇ ਉਹ ਉੱਭਰੀਆਂ ਸਨ-
ਇੱਟਾਂ ਦੇ ਵਿਚਾਲ਼ਿਓਂ ਰਸਤਾ ਬਣਾਉਂਦੀਆਂ,
ਪਲਾਸਟਰਬੋਰਡ ਤੇ ਕੰਧਾਂ ਤੋਂ ਹੁੰਦੀਆਂ,
ਨੀਂਹਾਂ ਵੱਲੋਂ ਆਉਂਦੀਆਂ ਤੇ ਛੇਤੀ ਹੀ
ਸਿਰਫ ਜੋਸ਼ੀਮਠ ਤੱਕ ਨਾ ਰਹੀਆਂ।
ਉਹਨੇ ਉਨ੍ਹਾਂ ਤ੍ਰੇੜਾਂ ਨੂੰ ਮਹਾਂਮਾਰੀ ਵਾਂਗਰ ਫ਼ੈਲਦੇ ਦੇਖਿਆ,
ਪਹਾੜਾਂ ਤੋਂ ਪਾਰ, ਪੂਰੇ ਰਾਸ਼ਟਰ ਨੂੰ, ਗਲ਼ੀਆਂ ਨੂੰ,
ਉਹਦੇ ਪੈਰਾਂ ਹੇਠਲੀ ਜ਼ਮੀਨ ਨੂੰ,
ਕੁਟਾਪਾ ਚੜ੍ਹੇ ਆਪਣੇ ਅੰਗਾਂ ਨੂੰ, ਆਪਣੀ ਆਤਮਾ ਨੂੰ
ਤਿੜਕਦੇ ਦੇਖਿਆ।

ਹੁਣ ਬੜੀ ਦੇਰ ਹੋ ਗਈ ਸੀ
ਕਿਤੇ ਵੀ ਜਾਣਾ ਮੁਮਕਿਨ ਨਾ ਰਿਹਾ
ਦੇਵਤੇ ਵੀ ਸਮਾਨ ਵਲ੍ਹੇਟ ਚਲੇ ਗਏ।

ਅਰਦਾਸਾਂ ਦਾ ਵੇਲ਼ਾ ਚਲਾ ਗਿਆ
ਬੜੀ ਦੇਰ ਹੋ ਗਈ ਪੁਰਾਣੀਆਂ ਗੱਲਾਂ ਸੁਣਨ ਨੂੰ
ਕੁਝ ਵੀ ਬਚਣ-ਬਚਾਉਣ ਨੂੰ ਬੜੀ ਦੇਰ ਹੋ ਗਈ।
ਉਨ੍ਹਾਂ ਤ੍ਰੇੜਾਂ ਅੰਦਰ ਧੁੱਪ ਭਰਨੀ ਬੇਕਾਰ ਸੀ।
ਪਿਘਲੇ ਸ਼ਾਲੀਗ੍ਰਾਮ ਵਾਂਗਰ,
ਫੁੱਟਦਾ ਜਾਂਦਾ ਹਨ੍ਹੇਰਾ
ਕਿਸੇ ਅਣਜਾਣ ਗੁੱਸੇ, ਡੂੰਘੀ ਨਫ਼ਰਤ ਜਿਹਾ
ਸਾਰਾ ਕੁਝ ਨਿਗ਼ਲਦਾ ਜਾ ਰਿਹਾ ਸੀ।

ਘਾਟੀ ਵਿੱਚ, ਉਹਦੇ ਘਰ ਦੇ ਮਗਰ
ਕਿਹਨੇ ਸ਼ਰਾਪੀਆਂ ਫਲ਼ੀਆਂ ਦੇ ਬੀਜ਼ ਖਿੰਡਾ ਦਿੱਤੇ?
ਉਹਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ।
ਜਾਂ ਫਿਰ ਕੀੜੇ ਪੈ ਗਏ ਵੇਲਾਂ ਨੂੰ
ਤੇ ਇਹਦੀਆਂ ਜੜ੍ਹਾਂ ਜਾ ਪੁੱਜੀਆਂ ਅਸਮਾਨੀਂ?
ਇਸ ਜ਼ਹਿਰੀਲੀ ਵੇਲ਼ ਸਹਾਰੇ ਕਿਹਦਾ ਮਹਲ ਉਸਰ ਸਕਦਾ?
ਜੇ ਕਿਤੇ ਉਹ ਉਸ ਸ਼ੈਤਾਨ ਨੂੰ ਮਿਲ਼ੀ ਵੀ ਹੁੰਦੀ
ਤਾਂ ਕੀ ਪਛਾਣ ਸਕਦੀ ਸੀ?
ਕੀ ਉਹਦੀਆਂ ਬਾਹਾਂ ਵਿੱਚ ਇੰਨੀ ਤਾਕਤ ਹੁੰਦੀ
ਕਿ ਉਹ ਕੁਹਾੜਾ ਚਲਾ ਸਕਦੀ?

ਮੁਕਤੀ ਦੀ ਭਾਲ਼ ਵਿੱਚ ਕੋਈ ਜਾਵੇ ਤਾਂ ਜਾਵੇ ਕਿਧਰੇ?
ਥੱਕ-ਹਾਰ ਕੇ, ਉਹਨੇ ਇੱਕ ਵਾਰ ਹੋਰ ਸੌਣ ਦੀ ਕੋਸ਼ਿਸ਼ ਕੀਤੀ,
ਉਹਦੀ ਫਟੀਆਂ-ਫਟੀਆਂ ਅੱਖਾਂ
ਚੜ੍ਹਦੀਆਂ-ਉਤਰਦੀਆਂ ਰਹੀਆਂ
ਕਿਸੇ ਸੁਪਨੇ ਵਰਗੇ ਵਜਦ ‘ਚੋਂ,
ਅਤੇ ਫਲ਼ੀਆਂ ਦੀਆਂ ਜਾਦੂਈ ਟਹਿਣੀਆਂ
ਪੁਰਾਣੀਆਂ ਕੰਧਾਂ ‘ਤੇ ਜਿਓਂ ਉਗਦੀਆਂ ਜਾ ਰਹੀਆਂ ਸਨ।

ਤਰਜਮਾ: ਕਮਲਜੀਤ ਕੌਰ

Pratishtha Pandya

பிரதிஷ்தா பாண்டியா பாரியின் மூத்த ஆசிரியர் ஆவார். இலக்கிய எழுத்துப் பிரிவுக்கு அவர் தலைமை தாங்குகிறார். பாரிபாஷா குழுவில் இருக்கும் அவர், குஜராத்தி மொழிபெயர்ப்பாளராக இருக்கிறார். கவிதை புத்தகம் பிரசுரித்திருக்கும் பிரதிஷ்தா குஜராத்தி மற்றும் ஆங்கில மொழிகளில் பணியாற்றுகிறார்.

Other stories by Pratishtha Pandya
Illustration : Labani Jangi

லபானி ஜங்கி 2020ம் ஆண்டில் PARI மானியப் பணியில் இணைந்தவர். மேற்கு வங்கத்தின் நாடியா மாவட்டத்தைச் சேர்ந்தவர். சுயாதீன ஓவியர். தொழிலாளர் இடப்பெயர்வுகள் பற்றிய ஆய்வுப்படிப்பை கொல்கத்தாவின் சமூக அறிவியல்களுக்கான கல்வி மையத்தில் படித்துக் கொண்டிருப்பவர்.

Other stories by Labani Jangi
Translator : Kamaljit Kaur

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur