ਜਿਸ ਵੇਲ਼ੇ ਮੈਂ ਉਨ੍ਹਾਂ ਨੂੰ ਮਿਲ਼ਿਆਂ ਉਹ ਕਰੀਬ 104 ਸਾਲ ਦੇ ਸਨ ਤੇ ਆਸਰਾ ਦੇਣ ਲਈ ਵੱਧਦੇ ਹੱਥਾਂ ਨੂੰ ਨਿਮਰਤਾ ਨਾਲ਼ ਪਿਛਾਂਹ ਕਰਦਿਆਂ ਆਪਣੇ-ਆਪ ਤੁਰ ਕੇ ਕਮਰੇ ਵਿੱਚੋਂ ਬਾਹਰ ਆਏ। ਉਹ ਆਪਣੀ ਖੂੰਡੀ ਸਹਾਰੇ ਔਖੇ-ਸੌਖੇ ਤੁਰਦੇ ਰਹੇ ਪਰ ਕਿਸੇ ਦੀ ਮਦਦ ਲੈਣ ਨੂੰ ਤਿਆਰ ਨਾ ਹੋਏ। ਉਮਰ ਦੇ ਉਸ ਦੌਰ ਵਿੱਚ ਵੀ ਉਹ ਬਗ਼ੈਰ ਕਿਸੇ ਸਹਾਰੇ ਦੇ ਤੁਰਦੇ, ਖੜ੍ਹੇ ਹੁੰਦੇ ਤੇ ਆਪੇ ਬੈਠਦੇ ਵੀ। ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਚੇਪੂਆ ਪਿੰਡ ਵਿੱਚ ਉਨ੍ਹਾਂ ਦਾ ਵਿਸ਼ਾਲ ਸਾਂਝਾ ਪਰਿਵਾਰ ਸਧਾਰਣ ਜੀਵਨ ਜਿਊਂਦਾ ਹੋਇਆ ਖੇਤੀਬਾੜੀ 'ਤੇ ਨਿਰਭਰ ਹੈ ਤੇ ਔਰਤਾਂ ਘਰ ਸੰਭਾਲ਼ਦੀਆਂ ਹਨ।
ਅਜ਼ਾਦੀ ਵਿਰਾਂਗਣਾ, ਭਾਬਾਨੀ ਮਾਹਾਤੋ 29-30 ਅਗਸਤ, 2024 ਦੀ ਅੱਧੀ ਰਾਤੀਂ ਆਪਣੀ ਨੀਂਦ ਵਿੱਚ ਹੀ ਦੁਨੀਆ ਛੱਡ ਗਏ। ਉਹ 106 ਸਾਲ ਦੇ ਸਨ। ਉਨ੍ਹਾਂ ਦੀ ਮੌਤ ਹੋਈ ਤੇ ਮੇਰੀ ਕਿਤਾਬ 'ਅਖ਼ੀਰਲੇ ਨਾਇਕ: ਭਾਰਤੀ ਅਜ਼ਾਦੀ ਦੇ ਪੈਦਲ ਸਿਪਾਹੀ' (ਪੇਂਗੁਇਨ ਨਵੰਬਰ 2022) ਦੇ 16 ਅਜ਼ਾਦੀ ਘੁਲਾਟੀਆਂ ਵਿੱਚੋਂ ਸਿਰਫ਼ ਚਾਰ ਹੀ ਹੁਣ ਜਿਉਂਦੇ ਰਹਿ ਗਏ ਹਨ। ਦੇਖਿਆ ਜਾਵੇ ਤਾਂ ਭਵਾਨੀ ਮਾਹਾਤੋ ਉਨ੍ਹਾਂ ਅਸਧਾਰਣ ਸੁਤੰਤਰਤਾ ਸੈਨਾਨੀਆਂ ਨਾਲ਼ੋਂ ਵੀ ਅਸਧਾਰਣ ਸਨ, ਜਿਨ੍ਹਾਂ ਦੀਆਂ ਇੰਟਰਵਿਊ ਪਾਰੀ ਦੀ ਸੁਤੰਤਰਤਾ ਸੈਨਾਨੀ ਗੈਲਰੀ ਵਿੱਚ ਦਰਜ ਹਨ। ਭਬਾਨੀ ਮਾਹਾਤੋ ਨੇ ਪਾਰੀ ਨਾਲ਼ ਹੋਈ ਲੰਬੀ ਗੱਲਬਾਤ ਦੌਰਾਨ ਇੱਕ ਵਾਰ ਵੀ ਅਜ਼ਾਦੀ ਸੰਗਰਾਮ ਵਿੱਚ ਨਿਭਾਈ ਆਪਣੀ ਭੂਮਿਕਾ ਕਬੂਲ ਨਾ ਕੀਤੀ ਤੇ ਕੋਈ ਗੱਲ ਨਾ ਚਿਤਾਰੀ। ਜਦੋਂ ਅਸੀਂ 2022 ਵਿੱਚ ਉਨ੍ਹਾਂ ਨੂੰ ਮਿਲੇ, ਤਾਂ ਉਨ੍ਹਾਂ ਨੇ ਕਿਹਾ, "ਮੇਰਾ ਅਜ਼ਾਦੀ ਦੀ ਲੜਾਈ ਨਾਲ਼ ਕੀ ਲੈਣਾ ਦੇਣਾ? ਅਜਿਹੇ ਸੰਘਰਸ਼ਾਂ ਵਿੱਚ ਮੇਰੀ ਕੋਈ ਭੂਮਿਕਾ ਨਹੀਂ।" ਪੜ੍ਹੋ: ਭਬਾਨੀ ਮਾਹਾਤੋ ਦੇ ਹੱਥੀਂ ਪਲ਼ਿਆ ਇਨਕਲਾਬ








