''ਤੁਹਾਡੇ ਵਾਸਤੇ ਤਾਂ ਬੜਾ ਔਖ਼ਾ ਸਮਾਂ ਰਿਹਾ ਹੋਣਾ ਜਦੋਂ ਭਾਰਤ ਛੱਡੋ ਅੰਦੋਲਨ ਵਿੱਚ ਤੁਹਾਡੇ ਪਤੀ, ਬੈਦਯਨਾਥ ਨੂੰ 13 ਮਹੀਨਿਆਂ ਤੱਕ ਜੇਲ੍ਹ ਹੋਈ ਸੀ?'' ਪੁਰੂਲੀਆ ਦੀ ਭਬਾਨੀ ਮਾਹਾਤੋ ਤੋਂ ਮੈਂ ਸਹਿਜ-ਸੁਭਾਅ ਹੀ ਪੁੱਛ ਲਿਆ। ''ਇੰਨਾ ਵੱਡਾ ਟੱਬਰ ਪਾਲਣਾ ਅਤੇ...''

''ਜਦੋਂ ਉਹ ਘਰ ਵਾਪਸ ਆਇਆ ਤਾਂ ਹੀ ਹਾਲਾਤ ਔਖ਼ੇ ਹੋਏ,'' ਉਹ ਬੜੇ ਠਰ੍ਹੰਮੇ ਨਾਲ਼ ਕਹਿੰਦੀ ਹਨ ਪਰ ਉਨ੍ਹਾਂ ਦਾ ਸੁਰ ਦ੍ਰਿੜਤਾਪੂਰਵਕ ਸੀ। ''ਜੇਲ੍ਹ ਤੋਂ ਰਿਹਾਈ ਦਾ ਨਤੀਜਾ ਇਹ ਨਿਕਲ਼ਿਆ ਬਈ ਉਹ ਆਪਣੇ ਦੋਸਤਾਂ ਨੂੰ ਬੁਲਾਉਣ ਲੱਗਾ ਅਤੇ ਮੈਨੂੰ ਉਨ੍ਹਾਂ ਲਈ ਖਾਣਾ ਪਕਾਉਣਾ ਪੈਂਦਾ, ਉਹ ਆਉਂਦੇ ਅਤੇ ਬੜੇ ਮਜ਼ੇ ਨਾਲ਼ ਪੱਕਿਆ ਭੋਜਨ ਚੁੱਕ ਲਿਜਾਂਦੇ। ਕਦੇ ਕਦੇ ਉਹ 5, 10, 20 ਜਾਂ ਇਸ ਤੋਂ ਵੀ ਵੱਧ ਜਣੇ ਹੁੰਦੇ। ਮੇਰੇ ਅਰਾਮ ਦਾ ਇੱਕ ਇੱਕ ਪਲ ਵੀ ਸੂਲ਼ੀ ਟੰਗਿਆ ਗਿਆ।''

''ਠੀਕ ਹੈ, ਪਰ ਭਾਰਤ ਛੱਡੋ ਅੰਦੋਲਨ ਨਾਲ਼ ਤੁਹਾਡਾ ਜੁੜਾਅ...''

''ਮੇਰਾ ਉਸ ਸਭ ਨਾਲ਼ ਕੀ ਲੈਣਾ-ਦੇਣਾ ਸੀ?'' ਉਹ ਪੁੱਛਦੀ ਹਨ। ''ਘੋਲ਼ ਵਿੱਚ ਮੇਰੀ ਕੋਈ  ਭੂਮਿਕਾ ਨਹੀਂ ਸੀ, ਮੇਰੇ ਪਤੀ ਬੈਦਯਨਾਥ ਮਾਹਾਤੋ ਹੀ ਸਾਰਾ ਕੁਝ ਕਰਦੇ। ਮੈਂ ਤਾਂ ਐਡੇ ਵੱਡੇ ਟੱਬਰ ਦੀ ਦੇਖਭਾਲ਼ ਕਰਨ ਵਿੱਚ ਹੀ ਰੁੱਝੀ ਰਹਿੰਦੀ, ਤੁਸੀਂ ਖ਼ੁਦ ਸੋਚੋ ਮੈਨੂੰ ਕਿੰਨਾ ਖਾਣਾ ਪਕਾਉਣਾ ਪੈਂਦਾ ਅਤੇ ਖਾਣਾ ਪਕਾਉਣ ਦਾ ਇਹ ਕੰਮ ਹਰ ਆਉਂਦੇ ਦਿਨ ਵੱਧਦਾ ਹੀ ਜਾਂਦਾ! ਮੈਨੂੰ ਚੇਤੇ ਹੈ ਮੈਂ ਖੇਤਾਂ ਦਾ ਕੰਮ ਵੀ ਸਾਂਭਦੀ ਹੁੰਦੀ ਸਾਂ,'' ਭਬਾਨੀ ਕਹਿੰਦੀ ਹਨ।

ਇਹ ਸੁਣ ਅਸੀਂ ਨਿੰਮੋਝੂਣੇ ਹੋਣ ਲੱਗੇ। ਨਿਰਾਸ਼ਾ ਨਾਲ਼ ਸਾਡੇ ਚਿਹਰੇ ਲਮਕ ਗਏ। ਜੀਵਤ ਬਚੇ ਅਜ਼ਾਦੀ ਘੁਲ਼ਾਟੀਆਂ ਦੀ ਆਪਣੀ ਇਸ ਭਾਲ਼ ਵਿੱਚ ਅਸੀਂ ਪੱਛਮ ਬੰਗਾਲ ਤੋਂ ਲੰਬੀ ਦੂਰੀ ਤੈਅ ਕਰਕੇ ਦੇਖੋ ਇਸ ਬੀਹੜ ਇਲਾਕੇ ਵਿੱਚ ਕਿੰਨੀ ਅੰਦਰ ਤੱਕ ਆ ਗਏ ਸਾਂ। ਅਸੀਂ ਮਾਨਬਜ਼ਾਰ I ਬਲਾਕ ਦੇ ਚੇਪੂਆ ਪਿੰਡ ਵਿਖੇ ਅਪੜਨ ਲਈ ਕਿੰਨਾ ਪੈਂਡਾ ਮਾਰਿਆ ਅਤੇ ਸਾਡੀ ਝੋਲ਼ੀ ਪਿਆ ਵੀ ਤਾਂ ਕੀ... ਇੱਕ ਅਜਿਹਾ ਮਹਾਨ ਇਨਸਾਨ ਜੋ ਉਸ ਇਤਿਹਾਸਕ ਘੋਲ਼ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਨਕਾਰ ਰਿਹਾ ਸੀ, ਉਹੀ ਘੋਲ਼ ਜਿਹਨੇ ਭਾਰਤ ਨੂੰ ਅਜ਼ਾਦੀ ਦਵਾਈ ਸੀ।

ਭਬਾਨੀ ਮਾਹਾਤੋ, ਜਿਨ੍ਹਾਂ ਦੀ ਉਮਰ ਦੇ 101 ਜਾਂ 104 ਸਾਲਾਂ ਵਿਚਾਲ਼ੇ ਹੈ, ਬੜੀ ਹੀ ਸਪੱਸ਼ਟਤਾ ਅਤੇ ਫ਼ੈਸਲਾਕੁੰਨ ਤਰੀਕੇ ਨਾਲ਼ ਆਪਣੀ ਗੱਲ ਰੱਖਦੀ ਹਨ। ਇਨ੍ਹਾਂ ਬੀਹੜ ਪੇਂਡੂ ਇਲਾਕਿਆਂ ਵਿੱਚ ਜਿੱਥੇ ਗ਼ਰੀਬ ਲੋਕਾਂ ਦੀ ਉਮਰ ਨੂੰ ਲੈ ਕੇ ਦਸਤਾਵੇਜੀਕਰਨ ਕਰਨਾ ਆਪਣੇ ਆਪ ਵਿੱਚ ਕਾਫ਼ੀ ਮੁਸ਼ਕਲਾਂ ਭਰਿਆ ਕੰਮ ਹੁੰਦਾ ਹੈ, ਉੱਥੇ ਹੀ ਇੱਕ ਸਦੀ ਪਹਿਲਾਂ, ਜਦੋਂ ਉਹ ਪੈਦਾ ਹੋਈ, ਉਮਰਾਂ ਨੂੰ ਕੌਣ ਚੇਤੇ ਰੱਖਦਾ ਸੀ। ਪਰ ਭਬਾਨੀ ਦੀ ਉਮਰ ਨੂੰ ਲੈ ਕੇ ਸਾਡੀ ਥਾਹ ਪਾਉਣ ਦੀ ਇੱਛਾ ਆਪਣੇ ਮੁਕਾਮ 'ਤੇ ਪਹੁੰਚਣ ਲੱਗੀ। ਪਹਿਲਾ ਕਿਆਸ ਉਨ੍ਹਾਂ ਦੇ ਮਰਹੂਮ ਪਤੀ ਦੇ ਦਸਤਾਵੇਜਾਂ ਅਤੇ ਉਨ੍ਹਾਂ (ਭਬਾਨੀ) ਦੇ ਇਸ ਵੱਡੇ ਟੱਬਰ ਦੇ ਕੁਝ ਮੈਂਬਰਾਂ ਦੀ ਗੱਲਬਾਤ ਤੋਂ ਲੱਗਾ, ਖ਼ਾਸ ਕਰਕੇ ਉਨ੍ਹਾਂ ਦਾ ਬੇਟੇ ਪਾਸੋਂ, ਜੋ 70 ਸਾਲਾਂ ਦੇ ਹਨ। ਆਪਣੇ ਕਿਆਸ ਨੂੰ ਪੁਖਤਾ ਕਰਨ ਲਈ ਅਸੀਂ ਉਮਰ ਵਿੱਚ ਛੋਟੇ ਉਨ੍ਹਾਂ ਦੇ ਸਮਕਾਲੀਆਂ ਨੂੰ ਮਿਲ਼ਣ ਲਈ ਪੁਰੂਲੀਆ ਦੇ ਕੁਝ ਪਿੰਡਾਂ ਵਿੱਚ ਜਾਣ ਵਾਲ਼ੇ ਵੀ ਹਾਂ।

ਸਾਡੀ ਤਫ਼ਤੀਸ਼ ਦਾ ਇਹ ਤਰੀਕਾ, ਅਧਾਰ ਕਾਰਡਾਂ ਦੀ ਬੇਕਾਰ ਪ੍ਰਣਾਲੀ ਦੀ ਉਸ ਗਣਨਾ ਨਾਲ਼ੋਂ ਕਈ ਦਰਜ਼ੇ ਚੰਗਾ ਹੈ ਜਿੱਥੇ ਇਸ ਪੀੜ੍ਹੀ ਦੇ ਬਜ਼ੁਰਗਾਂ ਦੀ ਉਮਰ ਆਪਣੀ ਮਨਮਰਜ਼ੀ ਨਾਲ਼ ਝਰੀਟ ਦਿੱਤੀ ਜਾਂਦੀ ਹੈ। ਸੋ ਇਸ ਤਫ਼ਤੀਸ਼ ਦੇ ਨਤੀਜੇ ਵਜੋਂ ਭਬਾਨੀ ਦਾ ਜਨਮ ਸਾਲ 1925 ਨਿਕਲ਼ਿਆ। ਇਸ ਹਿਸਾਬ ਨਾਲ਼ ਉਹ 97 ਵਰ੍ਹਿਆਂ ਦੀ ਹੋਈ।

ਉਨ੍ਹਾਂ ਦੇ ਪਰਿਵਾਰ ਮੁਤਾਬਕ ਉਹ 104 ਸਾਲਾਂ ਦੀ ਹਨ।

Bhabani’s age is somewhere between 101 and 104. Here she is with her son Shyam Sundar Mahato who is in his 70s
PHOTO • P. Sainath

ਭਬਾਨੀ ਦੀ ਉਮਰ ਕੋਈ 101 ਅਤੇ 104 ਸਾਲ ਵਿਚਕਾਰ ਹੈ। ਇਸ ਤਸਵੀਰ ਵਿੱਚ ਉਹ ਆਪਣੇ ਬੇਟੇ ਸਿਆਮ ਸੁੰਦਰ ਮਾਹਾਤੋ ਦੇ ਨਾਲ਼, ਜਿਨ੍ਹਾਂ ਦੀ ਉਮਰ 70 ਸਾਲ ਹੈ

''ਸਾਡਾ ਇੱਕ ਬਹੁਤ ਵੱਡਾ ਟੱਬਰ ਸੀ। ਸਾਰੇ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਮੇਰੇ ਸਿਰ ਸਨ। ਸਾਰੇ ਕੰਮ ਮੈਂ ਹੀ ਸਾਂਭਦੀ, ਹਰੇਕ ਦੀ ਦੇਖਭਾਲ਼ ਕਰਦੀ। ਸਾਰਾ ਕੁਝ ਮੈਂ ਹੀ ਕਰਦੀ। ਮੈਂ ਇੱਕ ਪੂਰੇ ਦਾ ਪੂਰਾ ਟੱਬਰ ਚਲਾਉਂਦੀ। 1942-43 ਵਿੱਚ ਜਦੋਂ ਉਹ ਸਾਰੀਆਂ ਘਟਨਾਵਾਂ ਵਾਪਰੀਆਂ ਉਦੋਂ ਵੀ ਪਰਿਵਾਰ ਦੀ ਕਰਤਾ-ਧਰਤਾ ਮੈਂ ਹੀ ਸਾਂ,'' ਉਹ ਕਹਿੰਦੀ ਹਨ। 'ਘਟਨਾਵਾਂ' ਦਾ ਨਾਮ ਭਬਾਨੀ ਖੁੱਲ੍ਹ ਕੇ ਨਹੀਂ ਲੈਂਦੀ। ਪਰ ਉਨ੍ਹਾਂ ਘਟਨਾਵਾਂ ਵਿੱਚ ਭਾਰਤ ਛੱਡੋ ਅੰਦੋਲਨ ਵੀ ਸ਼ਾਮਲ ਸੀ। ਉਨ੍ਹਾਂ ਘਟਨਾਵਾਂ ਵਿੱਚੋਂ ਇੱਕ ਸੀ 30 ਸਤੰਬਰ 1942 ਦੀ ਘਟਨਾ, ਜਦੋਂ ਅਜ਼ਾਦੀ ਘੁਲ਼ਾਟੀਆਂ ਨੇ 12 ਪੁਲਿਸ ਸਟੇਸ਼ਨਾਂ 'ਤੇ ਤਿਰੰਗੇ ਝੰਡੇ ਲਹਿਰਾਏ ਸਨ, ਉਸ ਇਲਾਕਾ ਵਿੱਚ ਜੋ ਉਦੋਂ ਵੀ ਬੰਗਾਲ ਦੇ ਸਭ ਤੋਂ ਬੀਹੜ ਇਲਾਕਿਆਂ ਵਿੱਚੋਂ ਇੱਕ ਸੀ।

ਇੱਕ ਅਜਿਹਾ ਜ਼ਿਲ੍ਹਾ ਜਿੱਥੋਂ ਦੇ ਇੱਕ ਤਿਹਾਈ ਪਰਿਵਾਰ ਅੱਜ ਵੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਂਦੇ ਹਨ। ਇੱਕ ਅਜਿਹਾ ਜ਼ਿਲ੍ਹਾ, ਜਿੱਥੇ ਪੱਛਮੀ ਬੰਗਾਲ ਦੀ ਕੁੱਲ ਗ਼ਰੀਬੀ ਦਾ ਸਭ ਤੋਂ ਉੱਚਾ ਪੱਧਰ ਹੋਣ ਬਾਰੇ ਰਿਪੋਰਟ ਕੀਤੀ ਜਾਂਦੀ ਹੈ। ਉੱਥੇ ਹੀ ਭਬਾਨੀ ਦੇ ਵੱਡੇ ਪਰਿਵਾਰ ਕੋਲ਼ ਅਜੇ ਵੀ ਕੁਝ ਏਕੜ ਜ਼ਮੀਨ ਹੈ। ਬੱਸ ਇਹੀ ਚੀਜ਼ ਬਾਕੀ ਪਰਿਵਾਰਾਂ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ ਨੂੰ ਥੋੜ੍ਹਾ ਬਿਹਤਰ ਰੱਖਦੀ ਹੈ।

ਉਨ੍ਹਾਂ ਦੇ ਪਤੀ ਬੈਦਯਨਾਥ ਮਾਹਾਤੋ ਇੱਕ ਸਥਾਨਕ ਆਗੂ ਸਨ। ਉਹ ਬਰਤਾਨਵੀ ਸਰਕਾਰ ਵਿਰੁੱਧ ਸਿੱਧੀਆਂ ਕਾਰਵਾਈਆਂ ਵਿੱਚ ਸ਼ਾਮਲ ਹੁੰਦੇ। ਜਿਵੇਂ ਕਿ ਪੁਰੂਲੀਆ ਦੇ ਦੋ ਹੋਰ ਜੀਵਤ ਅਜ਼ਾਦੀ ਘੁਲ਼ਾਟੀਏ, ਠੇਲੂ ਮਾਹਾਤੋ ਅਤੇ 'ਲੋਖੀ' ਮਾਹਾਤੋ ਪਿਰਾ ਪਿੰਡ ਵਿਖੇ ਸਾਡੇ ਨਾਲ਼ ਹੋਈ ਆਪਣੀ ਮੁਲਾਕਾਤ ਦੌਰਾਨ ਕਹਿੰਦੇ ਹਨ ਕਿ ਸਾਡੇ ਇਸ ਬੀਹੜ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਖ਼ਬਰ ਪਹੁੰਚਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ। ''ਇੱਥੇ ਰਹਿੰਦਿਆਂ, ਸਾਨੂੰ ਸ਼ਾਇਦ ਇੱਕ ਮਹੀਨੇ ਤੋਂ ਬਾਅਦ ਕਿਤੇ ਜਾ ਕੇ ਭਾਰਤ ਛੱਡੋ ਅੰਦੋਲਨ ਦੇ ਸੱਦੇ ਦਾ ਪਤਾ ਚੱਲਿਆ ਹੋਣਾ,'' ਠੇਲੂ ਮਾਹਾਤੋ ਕਹਿੰਦੇ ਹਨ।

ਇਸ ਲਈ ਸੱਦੇ ਦੀ ਜਵਾਬੀ ਤਿਆਰੀ ਦੀ ਕਾਰਵਾਈ 30 ਸਤੰਬਰ 1942 ਨੂੰ ਹੋਈ। 8 ਅਗਸਤ, 1942 ਨੂੰ ਮੁੰਬਈ ਦੇ ਗੋਵਾਲੀਆ ਟੈਂਕ ਮੈਦਾਨ ਵਿੱਚ ਮਹਾਤਮਾ ਗਾਂਧੀ ਵੱਲੋਂ ਬ੍ਰਿਟਿਸ਼ਾਂ ਨੂੰ ਦਿੱਤੀ 'ਭਾਰਤ ਛੱਡੋ' ਦੀ ਵੰਗਾਰ ਦੇ ਪੂਰੇ 52 ਦਿਨਾਂ ਬਾਅਦ। ਇਸ ਕਾਰਵਾਈ ਵਿੱਚ ਬੈਦਯਨਾਥ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਤਸ਼ੱਦਦ ਝੱਲਣੇ ਪਏ। ਅਜ਼ਾਦੀ ਤੋਂ ਬਾਅਦ ਉਹ ਸਕੂਲ ਵਿਖੇ ਅਧਿਆਪਕ ਲੱਗ ਗਏ। ਉਸ ਵੇਲ਼ੇ ਦੇ ਅਧਿਆਪਕਾਂ ਨੇ ਸਿਆਸੀ ਲਾਮਬੰਦੀ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਇੱਕ ਅਜਿਹੀ ਭੂਮਿਕਾ ਜੋ ਅਜ਼ਾਦ ਭਾਰਤ ਦੇ ਕਈ ਦਹਾਕਿਆਂ ਤੱਕ ਨਿਭਾਈ ਅਤੇ ਸੰਭਾਲ਼ੀ ਜਾਂਦੀ ਰਹੀ।

*****

Bhabani ran the family’s farm for decades right from preparing the soil for sowing, to supervising the labour and the harvesting. She even transported the produce back home herself
PHOTO • P. Sainath

ਉਹ ਦਹਾਕਿਆਂ ਤੱਕ ਪਰਿਵਾਰ ਦੇ ਖੇਤ ਵੀ ਸਾਂਭਦੀ ਰਹੀ ਜਿੱਥੇ ਉਹ ਮਿੱਟੀ ਤਿਆਰ ਕਰਨ ਤੋਂ ਲੈ ਕੇ ਬਿਜਾਈ ਤੱਕ ਦੇ ਸਾਰੇ ਕੰਮ ਕਰਨ ਦੇ ਨਾਲ਼ ਨਾਲ਼ ਵਾਢੀ ਤੱਕ ਮਜ਼ਦੂਰਾਂ ਦੀ ਨਿਗਰਾਨੀ ਵੀ ਕਰਿਆ ਕਰਦੀ। ਇੰਨਾ ਹੀ ਨਹੀਂ ਉਹ ਵੱਢੀ ਗਈ ਉਪਜ ਨੂੰ ਘਰੇ ਵੀ ਪਹੁੰਚਾਉਂਦੀ

ਪੁਲਿਸ ਸਟੇਸ਼ਨਾਂ ਨੂੰ ਘੇਰਨ ਦੀ ਕੋਸ਼ਿਸ਼ ਅਤੇ ਉੱਥੇ ਤਿਰੰਗਾ ਲਹਿਰਾਉਣ ਦੇ ਪੂਰੇ ਕੰਮ ਵਿੱਚ ਕਈ ਤਰ੍ਹਾਂ ਦੇ ਬਲ ਸ਼ਾਮਲ ਸਨ। ਇੱਕ ਤਾਂ ਉਹ ਅਵਾਮ ਜੋ ਬਰਤਾਨਵੀ ਰਾਜ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੀ ਸੀ। ਇਨ੍ਹਾਂ ਵਿੱਚ ਵੱਖੋ-ਵੱਖ ਪਿਛੋਕੜਾਂ ਵਾਲ਼ੇ ਲੋਕ ਸ਼ਾਮਲ ਸਨ। ਕਈ ਖੱਬੇਪੱਖੀ ਸਨ ਅਤੇ ਕਈ ਗਾਂਧੀਵਾਦੀ ਵੀ ਸਨ। ਅਵਾਮ ਦੇ ਉਸ ਹਜ਼ੂਮ ਵਿੱਚ ਠੇਲੂ ਅਤੇ 'ਲੋਖੀ' ਜਿਹੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਬਾਰੇ ਸਾਡਾ ਇਹੀ ਮੰਨਣਾ ਹੈ ਕਿ ਉਹ ਪ੍ਰੇਰਨਾ ਪੱਖੋਂ ਖੱਬੇਪੱਖੀ ਅਤੇ ਸ਼ਖਸੀਅਤ ਪੱਖੋਂ ਗਾਂਧੀਵਾਦੀ ਸਨ।

ਉਨ੍ਹਾਂ ਦੀ ਰਾਜਨੀਤੀ, ਉਨ੍ਹਾਂ ਦਾ ਜਨੂੰਨ ਖੱਬੇਪੱਖੀਆਂ ਨਾਲ਼ ਸੀ। ਉਨ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਇਖ਼ਲਾਕੀ ਕਿਰਦਾਰ (ਰਹਿਣ-ਸਹਿਣ) ਗਾਂਧੀ ਦੇ ਰੰਗ ਰੰਗਿਆ ਸੀ। ਉਹ ਅਕਸਰ ਇਨ੍ਹਾਂ ਦੋਹਾਂ ਲੀਹਾਂ ਦੇ ਪੁੜਾਂ ਵਿਚਾਲ਼ੇ ਪੀਸੇ ਜਾਂਦੇ ਰਹਿੰਦੇ। ਉਹ ਯਕੀਨ ਤਾਂ ਅਹਿੰਸਾ ਵਿੱਚ ਰੱਖਦੇ ਸਨ ਪਰ ਕਦੇ ਕਦੇ ਬ੍ਰਿਟਿਸ਼ਾਂ ਖ਼ਿਲਾਫ਼ ਆਪਣੀ ਕਾਰਵਾਈ ਵਿੱਚ ਹਿੰਸਾ ਦਾ ਮੋਰਚਾ ਖੋਲ੍ਹ ਦਿੰਦੇ। ਉਹ ਕਹਿੰਦੇ ਹਨ: ''ਦੇਖੋ, ਉਨ੍ਹਾਂ ਨੇ ਸਾਡੇ 'ਤੇ ਗੋਲ਼ੀਆਂ ਵਰ੍ਹਾਈਆਂ। ਬੇਸ਼ੱਕ ਜਦੋਂ ਲੋਕ ਆਪਣੀ ਅੱਖੀਂ ਆਪਣੇ ਸਾਥੀਆਂ, ਆਪਣੇ ਪਰਿਵਾਰਾਂ ਜਾਂ ਦੋਸਤਾਂ ਨੂੰ ਪੁਲਿਸੀਆ ਗੋਲ਼ੀਆਂ ਦਾ ਸ਼ਿਕਾਰ ਹੁੰਦਾ ਦੇਖਦੇ ਤਾਂ ਉਹ ਜਵਾਬੀ ਕਾਰਵਾਈ ਕਰਦੇ ਹੀ ਕਰਦੇ।'' ਠੇਲੂ ਅਤੇ 'ਲੋਖੀ' ਦੋਵੇਂ ਹੀ ਕੁਰਮੀ  ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ।

ਭਬਾਨੀ ਦਾ ਪਰਿਵਾਰ ਵੀ ਕੁਰਮੀ (ਭਾਈਚਾਰੇ) ਨਾਲ਼ ਸਬੰਧ ਰੱਖਦਾ ਹੈ ਜੋ ਪੱਛਮੀ ਬੰਗਾਲ ਦੇ ਜਨਾਗਲਮਹਲ ਇਲਾਕੇ ਦਾ ਇੱਕ ਵੱਡਾ ਭਾਈਚਾਰਾ ਹੈ।

ਬਰਤਾਨਵੀ ਰਾਜ ਨੇ 1913 ਵਿੱਚ ਉਨ੍ਹਾਂ ਨੂੰ ਪਿਛੜੇ ਕਬੀਲੇ ਵਜੋਂ ਸੂਚੀਬੱਧ ਕੀਤਾ। ਹਾਲਾਂਕਿ 1931 ਦੀ ਮਰਦਮਸ਼ੁਮਾਰੀ ਵਿੱਚੋਂ ਉਸ ਸਮੂਹ ਨੂੰ ਹਟਾ ਦਿੱਤਾ ਗਿਆ। 1950 ਦੇ ਭਾਰਤ ਵਿੱਚ, ਉਨ੍ਹਾਂ ਨੂੰ ਬੜੇ ਅਨੋਖੇ ਢੰਗ ਨਾਲ਼ ਓਬੀਸੀ ਵਜੋਂ ਸੂਚੀਬੱਧ ਕੀਤਾ। ਆਪਣੇ ਕਬਾਇਲੀ ਰੁਤਬੇ ਦੀ ਮੁੜ-ਬਹਾਲੀ (ਕਰਨਾ) ਇਸ ਰਾਜ ਦੇ ਕੁਰਮੀਆਂ ਦੀ ਮੁੱਖ ਮੰਗ ਬਣੀ ਹੋਈ ਹੈ।

ਅਜ਼ਾਦੀ ਦੀ ਲੜਾਈ ਵਿੱਚ ਕੁਰਮੀ ਵੀ ਮੋਹਰੀ ਭੂਮਿਕਾ ਵਿੱਚ ਰਹੇ ਸਨ। ਸਤੰਬਰ 1942 ਦੇ ਅਖ਼ੀਰਲੇ ਦੋ ਦਿਨਾਂ ਵਿੱਚ 12 ਥਾਣਿਆਂ ਤੱਕ ਕੀਤੇ ਕੂਚ (ਮਾਰਚ) ਵਿੱਚ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਹਿੱਸਾ ਲਿਆ।

Baidyanath Mahato was jailed 13 months for his role in the Quit India stir
PHOTO • Courtesy: the Mahato family

ਬੈਦਯਨਾਥ ਮਾਹਾਤੋ, ਭਬਾਨੀ ਦੇ ਪਤੀ, ਭਾਰਤ ਛੱਡੋ ਅੰਦੋਲਨ ਵੇਲ਼ੇ 13 ਮਹੀਨੇ ਜੇਲ੍ਹ ਵਿੱਚ ਰਹੇ

''ਬੈਦਯਨਾਥ ਨੇ ਜੇਲ੍ਹ ਵਿੱਚ ਅਗਲੇ 13 ਮਹੀਨੇ ਕੱਟੇ,'' ਉਨ੍ਹਾਂ ਦੇ 70 ਸਾਲਾ ਬੇਟੇ ਸ਼ਿਆਮ ਸੁੰਦਰ ਮਾਹਾਤੋ ਕਹਿੰਦੇ ਹਨ। ''ਉਨ੍ਹਾਂ ਨੂੰ ਭਾਗਲਪੁਰ ਕੈਂਪ ਜੇਲ੍ਹ ਵਿੱਚ ਰੱਖਿਆ ਗਿਆ।'' ਇਹ ਪੂਰੀ ਗੁਫ਼ਤਗੂ ਉਸੇ ਗੱਲਬਾਤ ਦਾ ਹਿੱਸਾ ਹੈ ਜਦੋਂ ਅਸੀਂ ਭਬਾਨੀ ਨੂੰ ਉਨ੍ਹਾਂ ਦੇ ਪਤੀ ਬਾਜੋਂ ਲੰਘੀ ਔਖ਼ੀ ਜ਼ਿੰਦਗੀ ਬਾਰੇ ਪੁੱਛਿਆ ਸੀ ਅਤੇ ਆਪਣੇ ਜਵਾਬ ਵਿੱਚ ਉਨ੍ਹਾਂ ਨੇ ਹੈਰਾਨ ਕਰ ਸੁੱਟਣ ਵਾਲ਼ਾ ਜਵਾਬ ਦਿੱਤਾ ਸੀ ਕਿ ਉਨ੍ਹਾਂ ਦੇ (ਬੈਦਯਨਾਥ) ਦੇ ਜੇਲ੍ਹੋਂ ਛੁਟਣ ਤੋਂ ਬਾਅਦ ਵਾਲ਼ਾ ਸਮਾਂ ਵੱਧ ਔਖ਼ਾ ਸੀ।

''ਰਿਹਾਈ ਦਾ ਮਤਲਬ ਸੀ ਵੱਧ ਤੋਂ ਵੱਧ ਲੋਕਾਂ ਦਾ ਆਉਣਾ। ਵੱਧ ਤੋਂ ਵੱਧ ਲੋਕਾਂ ਨੂੰ ਖੁਆਉਣਾ। ਵੱਧ ਤੋਂ ਵੱਧ ਲੋਕਾਂ ਦੀ ਦੇਖਭਾਲ਼ ਕਰਨਾ। ਜਦੋਂ ਉਹ ਵਾਪਸ ਆਇਆ ਤਾਂ ਮੈਂ ਬੜਾ ਰੋਈ ਅਤੇ ਉਸ 'ਤੇ ਆਪਣਾ ਉਬਾਲ਼ ਵੀ ਕੱਢ ਸੁੱਟਿਆ ਕਿ ਉਹਦੀ ਸਾਰੀ ਦੀ ਸਾਰੀ ਵੀਰਤਾ ਦਾ ਖ਼ਰਚਾ ਮੇਰੇ ਸਿਰੋਂ ਹੋ ਰਿਹਾ ਸੀ, ਮੇਰੇ ਪਰਿਵਾਰ ਦਾ ਢਿੱਡ ਕੱਟ ਕੱਟ ਕੇ। ਉਹਦੀ ਇਸ ਵਾਪਸੀ ਨਾਲ਼ ਮੇਰਾ ਕੰਮ ਹੋਰ ਵੱਧ ਗਿਆ।''

ਅਸੀਂ ਆਪਣਾ ਪੂਰਾ ਧਿਆਨ ਭਬਾਨੀ ਵੱਲ ਕੇਂਦਰਤ ਕਰਨ ਲੱਗਦੇ ਹਾਂ। ਕੀ ਗਾਂਧੀ ਦੀ ਵਿਚਾਰਧਾਰਾ ਦਾ ਉਨ੍ਹਾਂ ਦੀ ਸੋਚ 'ਤੇ ਕੋਈ ਅਸਰ ਪਿਆ? ਸੱਤਿਆਗ੍ਰਹਿ ਅਤੇ ਅਹਿੰਸਾ ਬਾਰੇ ਉਨ੍ਹਾਂ ਨੇ ਕੀ ਮਹਿਸੂਸ ਕੀਤਾ?

ਸ਼ਾਂਤਚਿੱਤ ਜਾਪਣ ਵਾਲ਼ੀ ਭਬਾਨੀ ਬੋਲਚਾਲ਼ ਪੱਖੋਂ ਭਾਵਪੂਰਨ ਅਤੇ ਸਪੱਸ਼ਟ (ਖਰੀ) ਹਨ। ਉਹ ਸਾਡੇ ਵੱਲ ਅਜੀਬ ਜਿਹੇ ਤਰੀਕੇ ਨਾਲ਼ ਦੇਖਦੀ ਹਨ, ਉਨ੍ਹਾਂ ਦੀ ਤੱਕਣੀ ਤੋਂ ਇੰਝ ਲੱਗਦਾ ਹੈ ਜਿਵੇਂ ਉਹ ਆਪਣੇ ਆਪ ਬਾਰੇ ਬੁੱਧੀਓਂ ਸੱਖਣੇ ਉਨ੍ਹਾਂ ਬੱਚਿਆਂ ਨੂੰ ਸਮਝਾ ਰਹੀ ਹੋਵੇ ਜੋ ਸੁਖ਼ਾਲਿਆਂ ਗੱਲ ਸਮਝ ਹੀ ਨਾ ਰਹੇ ਹੋਣ।

''ਗਾਂਧੀ... ਤੁਹਾਡਾ ਕੀ ਮਤਲਬ?'' ਉਹ ਪੁੱਛਦੀ ਹਨ। ''ਤੁਹਾਡਾ ਮਤਲਬ ਕੀ ਹੈ? ਤੁਹਾਨੂੰ ਕੀ ਜਾਪਦਾ ਹੈ ਮੇਰੇ ਕੋਲ਼ ਇੰਨੀ ਵਹਿਲ ਰਹੀ ਹੋਣੀ ਜੋ ਮੈਂ ਕਿਸੇ ਵਿਚਾਰ ਜਾਂ ਮੁੱਦਿਆਂ ਬਾਬਤ ਸੋਚਦੀ ਰਹੀ ਹੋਵਾਂ? ਹਰ ਆਉਂਦੇ ਦਿਨ ਉਨ੍ਹਾਂ ਲੋਕਾਂ ਦੀ ਗਿਣਤੀ ਵਿੱਚ ਇਜਾਫ਼ਾ ਹੁੰਦਾ ਜਾਂਦਾ, ਜਿਨ੍ਹਾਂ ਨੂੰ ਖਾਣਾ ਖੁਆਉਣਾ, ਜਿਨ੍ਹਾਂ ਦੀ ਸੇਵਾ ਅਤੇ ਦੇਖਭਾਲ਼ ਮੈਨੂੰ ਕਰਨੀ ਪੈਂਦੀ ਸੀ,'' ਆਪਣੀ ਗੱਲ ਨੂੰ ਹੋਰ ਜ਼ੋਰ ਦੇਣ ਲਈ ਉਹ ਆਪਣੀ ਬਾਂਹ ਲਹਿਰਾਉਂਦੀ ਹਨ।

''ਕ੍ਰਿਪਾ ਕਰਕੇ ਗੱਲ ਨੂੰ ਸਮਝੋ, ਜਦੋਂ ਮੇਰਾ ਵਿਆਹ ਹੋਇਆ ਮੈਂ ਸਿਰਫ਼ ਨੌਂ ਸਾਲਾਂ ਦੀ ਸਾਂ। ਤੁਸੀਂ ਖ਼ੁਦ ਦੱਸੋ ਉਸ ਵੇਲ਼ੇ ਮੈਂ ਇੰਨੀਆਂ ਵੱਡੀਆਂ ਗੱਲਾਂ ਬਾਰੇ ਕਿੱਥੋਂ ਸੋਚ ਪਾਉਂਦੀ? ਉਸ ਤੋਂ ਬਾਅਦ ਕਈ ਦਹਾਕਿਆਂ ਤੱਕ ਮੈਂ ਇਕੱਲਿਆਂ ਹੀ ਇੰਨੇ ਵੱਡੇ ਟੱਬਰ ਦੀ ਦੇਖਭਾਲ਼ ਕਰਦੀ ਰਹੀ। ਇਹ ਵੀ ਨਾ ਭੁੱਲੋ ਕਿ ਮੈਂ ਖੇਤੀ ਵੀ ਸਾਂਭਦੀ ਸਾਂ। ਮਿੱਟੀ ਤਿਆਰ ਕਰਨ ਤੋਂ ਲੈ ਕੇ ਬਿਜਾਈ ਤੱਕ... ਗੋਡੀ ਕਰਨ ਤੋਂ ਲੈ ਕੇ ਵਾਢੀ ਕਰਨ ਤੱਕ ਮੈਂ ਹਰੇਕ ਕੰਮ ਦਾ ਹਿੱਸਾ ਰਹਿੰਦੀ ਅਤੇ ਮੁਨਿਸ਼ਾਂ (ਮਜ਼ਦੂਰਾਂ) ਦੀ ਨਿਗਰਾਨੀ ਕਰਨਾ ਵੀ ਮੇਰੇ ਕੰਮਾਂ ਵਿੱਚ ਸ਼ੁਮਾਰ ਹੁੰਦਾ।'' ਇਸ ਤੋਂ ਬਾਅਦ ਉਹ ਖੇਤ ਮਜ਼ਦੂਰਾਂ ਵਾਸਤੇ ਖਾਣਾ (ਪੱਕਿਆ) ਵੀ ਮੁਹੱਈਆ ਕਰਵਾਉਂਦੀ।

ਇਸ ਸਭ ਤੋਂ ਬਾਅਦ ਖੇਤਾਂ ਵਿੱਚੋਂ ਵੱਢੀ ਉਪਜ ਨੂੰ ਲੱਦ ਕੇ ਘਰੇ ਪਹੁੰਚਾਉਣਾ ਵੀ ਉਨ੍ਹਾਂ ਦੇ ਕੰਮਾਂ ਵਿੱਚੋਂ ਇੱਕ ਹੁੰਦਾ ਸੀ। ਉਨ੍ਹਾਂ ਦੇ ਖੇਤ ਜੰਗਲਾਂ ਦੇ ਸਿਰੇ 'ਤੇ ਸਥਿਤ ਸਨ।

ਇੰਨਾ ਸਾਰਾ ਕੰਮ ਉਹ ਉਸ ਦੌਰ ਵਿੱਚ ਕਰਦੀ ਰਹੀ ਜਦੋਂ ਖੇਤੀ ਦੇ ਕੰਮਾਂ ਵਿੱਚ ਅਜੋਕੇ ਸੰਦ ਜਾਂ ਮਸ਼ੀਨਾਂ ਵਗੈਰਾ ਨਹੀਂ ਹੁੰਦੀਆਂ ਸਨ। ਖੇਤਾਂ ਵਿੱਚ ਉਨ੍ਹਾਂ ਦੀ ਹੱਢ-ਭੰਨ੍ਹਵੀਂ ਮਿਹਨਤ ਯਕੀਨੋ-ਬਾਹਰੀ ਹੁੰਦੀ ਕਿਉਂਕਿ ਜਿੰਨ੍ਹਾਂ ਸੰਦਾਂ ਦਾ ਖੇਤੀ ਵਿੱਚ ਇਸਤੇਮਾਲ ਹੁੰਦਾ ਸੀ ਉਹ ਸਾਰੇ ਇੰਨੇ ਵੱਡੇ ਹੁੰਦੇ ਸਨ ਕਿਉਂਕਿ ਸੰਦ ਸਦਾ ਤੋਂ ਹੀ ਪੁਰਸ਼ਾਂ ਦੇ ਹੱਥਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਇਨ ਕੀਤੇ ਜਾਂਦੇ ਰਹੇ ਹਨ। ਸੋਕੇ ਨਾਲ਼ ਬੁਰੀ ਤਰ੍ਹਾਂ ਪ੍ਰਭਾਵਤ ਇਹ ਇਲਾਕਾ ਨਾਬਰਾਬਰੀ ਅਤੇ ਫ਼ਾਕਿਆਂ ਦੀ ਜਿਲ੍ਹਣ ਵਿੱਚ ਵੀ ਕੈਦ ਹੈ।

ਭਬਾਨੀ ਨਾਲ਼ ਆਪਣੇ ਵਿਆਹ ਦੇ ਤਿੰਨ ਦਹਾਕਿਆਂ ਬਾਅਦ ਬੈਦਯਨਾਥ ਨੇ ਦੋਬਾਰਾ ਵਿਆਹ ਕੀਤਾ। ਇਸ ਵਾਰ ਉਨ੍ਹਾਂ ਨੇ ਭਬਾਨੀ ਦੀ ਸਕੀ ਭੈਣ ਉਰਮਿਲਾ ਨਾਲ਼ ਵਿਆਹ ਰਚਾਇਆ ਜੋ ਉਨ੍ਹਾਂ (ਭਬਾਨੀ) ਨਾਲ਼ੋਂ 20 ਸਾਲ ਛੋਟੀ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਇੱਕ ਅਜਿਹੀ ਘਟਨਾ ਰਹੀ ਜਿਸ ਕਾਰਨ ਕਰਕੇ ਪਰਿਵਾਰਕ ਸੰਕਟ ਹੋਰ ਗਹਿਰਾ ਹੋ ਗਿਆ। ਹਰੇਕ ਭੈਣ ਨੇ ਤਿੰਨ-ਤਿੰਨ ਬੱਚੇ ਪੈਦਾ ਕੀਤੇ।

PHOTO • P. Sainath
PHOTO • P. Sainath

ਭਬਾਨੀ, ਪੁਰੂਲੀਆ ਜ਼ਿਲ੍ਹੇ ਦੇ ਚੇਪੂਆ ਪਿੰਡ ਵਿਖੇ ਆਪਣੇ ਘਰ ਵਿੱਚ

ਸੰਕਟ ਹੌਲ਼ੀ-ਹੌਲ਼ੀ ਨਿਤਰਣ ਲੱਗਦਾ ਹੈ। ਭਬਾਨੀ ਮਾਹਾਤੋ ਫ਼ਸਲ ਉਗਾਉਂਦੀ, ਵਾਢੀ ਕਰਦੀ ਅਤੇ ਅਨਾਜ ਲੱਦ ਘਰੇ ਲਿਆਉਂਦੀ ਅਤੇ ਆਪਣੇ ਪਰਿਵਾਰ ਲਈ ਅਤੇ ਬਾਕੀਆਂ ਲਈ ਖਾਣਾ ਪਕਾਉਂਦੀ। ਉਨ੍ਹਾਂ ਨੇ ਇਹ ਕੰਮ 1920 ਤੋਂ 1930 ਤੱਕ ਤਾਂ ਕੀਤਾ ਹੀ, 1940 ਤੋਂ ਬਾਅਦ ਉਨ੍ਹਾਂ ਸਿਰ ਕੰਮ ਦਾ ਦਬਾਅ ਬਣਿਆ ਰਿਹਾ।

ਉਹ ਕਿੰਨੇ ਏਕੜ ਵਿੱਚ ਕੰਮ ਕਰਦੀ ਰਹੀ ਸਨ ਇਸ ਬਾਰੇ ਵੇਰਵਾ ਥੋੜ੍ਹਾ ਸਪੱਸ਼ਟ ਨਹੀਂ। ਪਰਿਵਾਰ ਉਹੀ ਜ਼ਮੀਨ ਵਾਹੁੰਦਾ ਬੀਜਦਾ ਰਿਹਾ ਜੋ ਉਹਨੂੰ ਆਪਣੀ ਜਾਪਦੀ ਸੀ ਪਰ ਉਹ ਜ਼ਮੀਨ ਉਨ੍ਹਾਂ ਦੇ ਨਾਂਅ ਬੋਲਦੀ ਵੀ ਨਹੀਂ ਸੀ। ਉਹ ਜ਼ਿਮੀਂਦਾਰ ਦੀ ਮਰਜ਼ੀ ਨਾਲ਼ ਉੱਥੇ ਖੇਤੀ ਕਰਦੇ। 20 ਤੋਂ ਵੱਧ ਮੈਂਬਰਾਂ ਵਾਲ਼ਾ ਉਨ੍ਹਾਂ ਦਾ ਟੱਬਰ, ਜਨੜਾ ਵਿਖੇ ਭਬਾਨੀ ਦੇ ਪੇਕਾ ਘਰ ਦੀ ਖੇਤੀ ਅਤੇ ਚੇਪੂਆ ਵਿਖੇ ਉਨ੍ਹਾਂ ਦੇ ਸਹੁਰਾ ਪਰਿਵਾਰ ਦੀ ਖੇਤੀ ਤੋਂ ਜੋ ਫ਼ਸਲ ਨਿਕਲ਼ਦੀ ਉਸੇ 'ਤੇ ਨਿਰਭਰ ਰਹਿੰਦਾ ਸੀ। ਦੋਵਾਂ ਪਿੰਡਾਂ ਵਿੱਚ ਕੁੱਲ ਮਿਲ਼ਾ ਕੇ 30 ਏਕੜ ਦੇ ਕਰੀਬ ਜ਼ਮੀਨ ਸੀ।

ਉਨ੍ਹਾਂ ਦੇ ਕੰਮ ਦਾ ਬੋਝ ਉਨ੍ਹਾਂ ਦੇ ਜੀਵਨ ਦਾ ਹਰ ਇੱਕ ਘੰਟਾ ਨਿਗਲ਼ਦਾ ਜਾਂਦਾ ਅਤੇ ਕਈ ਘੰਟੇ ਨਿਗਲ਼ ਵੀ ਚੁੱਕਿਆ ਸੀ।

ਸੋ ਉਹ ਸਵੇਰੇ 4 ਵਜੇ ਉੱਠਦੀ ਸਨ? ''ਉਸ ਤੋਂ ਵੀ ਕਾਫ਼ੀ ਪਹਿਲਾਂ,'' ਉਹ ਟਿਕਚਰ ਕਰਦੀ ਹਨ,''ਬੜੀ ਸਾਜਰੇ।'' ਉਨ੍ਹਾਂ ਦੀ ਗੱਲ ਤੋਂ ਜਾਪਦਾ ਸੀ ਜਿਵੇਂ ਉਹ ਰਾਤੀਂ 2 ਵਜੇ ਉੱਠ ਖੜ੍ਹਦੀ। ''ਅਤੇ ਰਾਤੀਂ ਮੈਨੂੰ 10 ਵਜੇ ਤੋਂ ਪਹਿਲਾਂ ਬਿਸਤਰਾ ਨਸੀਬ ਨਾ ਹੁੰਦਾ। ਅਕਸਰ ਮੈਂ ਬੜੀ ਦੇਰ ਨਾਲ਼ ਸੌਂਦੀ।''

ਉਨ੍ਹਾਂ ਦੇ ਪਹਿਲੇ ਬੱਚੇ ਨੂੰ ਪੇਚਸ ਦੀ ਗੰਭੀਰ ਬੀਮਾਰੀ ਸੀ ਅਤੇ ਉਹਦੀ ਮੌਤ ਹੋ ਗਈ। ''ਅਸੀਂ ਇੱਕ ਸਿਆਣੇ, ਇੱਕ ਫ਼ਕੀਰ ਕੋਲ਼ ਗਏ ਜਿਹਦਾ ਨਾਮ ਕਾਵੀਰਾਜ ਸੀ। ਪਰ ਉਹਨੇ ਕੋਈ ਮਦਦ ਨਾ ਕੀਤੀ। ਉਹ ਮਾਸੂਮ ਸਿਰਫ਼ ਇੱਕ ਸਾਲ ਦੀ ਸੀ ਜਦੋਂ ਉਹਦੀ ਮੌਤ ਹੋ ਗਈ।''

ਮੈਂ ਬਾਰ ਬਾਰ ਉਨ੍ਹਾਂ ਤੋਂ ਗਾਂਧੀ ਅਤੇ ਅੰਦੋਲਨ ਬਾਰੇ ਪੁੱਛਣ ਦੀ ਕੋਸ਼ਿਸ਼ ਕਰਦਾ ਰਿਹਾ। ਉਹ ਕਹਿੰਦੀ ਹਨ, ''ਜਦੋਂ ਮੈਂ ਮਾਂ ਬਣੀ ਫਿਰ ਕਦੇ ਦੋਬਾਰਾ ਮੈਂ ਚਰਖਾ ਨਾ ਕੱਤ ਸਕੀ ਅਤੇ ਨਾ ਹੀ ਅਜਿਹੇ ਹੋਰ ਕੰਮ ਕਰ ਸਕੀ ਜੋ ਪਹਿਲਾਂ ਕਰਿਆ ਕਰਦੀ ਸਾਂ।'' ਉਹ ਸਾਨੂੰ ਦੋਬਾਰਾ ਚੇਤੇ ਕਰਾਉਂਦਿਆਂ ਕਹਿੰਦੀ ਹਨ- ''ਮੇਰਾ 9 ਸਾਲ ਦੀ ਉਮਰੇ ਵਿਆਹ ਹੋ ਗਿਆ ਸੀ।''

ਪਰ ਉਸ ਸਭ ਤੋਂ ਬਾਅਦ ਵੀ, ਜਿਹੜੇ ਸਮੇਂ ਵਿੱਚੋਂ ਦੀ ਉਹ ਲੰਘੀ, ਜਿਹੜੇ ਜਫ਼ਰ ਜਾਲ਼ੇ, ਯਕੀਨਨ ਉਨ੍ਹਾਂ ਨੂੰ ਦੇਖਦੇ ਹੋਇਆਂ ਭਬਾਨੀ ਸਾਡੇ ਨਾਲ਼ ਉਸ ਯੁੱਗ ਵਿੱਚ ਹੰਢਾਏ ਤਿੰਨ ਤਜ਼ਰਬਿਆਂ ਬਾਬਤ ਗੱਲ ਕਰ ਸਕਦੀ ਹਨ?

''ਮੇਰੇ ਦਿਮਾਗ਼ 'ਤੇ ਹਰ ਵੇਲ਼ੇ ਫ਼ਿਕਰਾਂ ਤਾਰੀ ਰਹਿੰਦੀਆਂ। ਕ੍ਰਿਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਮੇਰਾ ਜੀਵਨ ਕੈਸਾ ਸੀ। ਕੀ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੋਲ਼ ਬੈਠਣ ਦੀ ਅਤੇ ਬੈਠ ਕੇ ਸੋਚਣ ਦੀ ਵਿਹਲ ਹੁੰਦੀ ਰਹੀ ਸੀ? ਮੇਰਾ ਦਿਮਾਗ਼ ਤਾਂ ਇਸੇ ਵਿੱਚ ਉਲਝਿਆ ਰਹਿੰਦਾ ਕਿ ਮੈਂ ਇੰਨਾ ਵੱਡਾ ਟੱਬਰ ਪਾਲ਼ਣਾ ਕਿਵੇਂ ਹੈ। ਬੈਦਯਨਾਥ ਅਤੇ ਬਾਕੀ ਲੋਕ ਤਾਂ ਅਜ਼ਾਦੀ ਦੇ ਘੋਲ਼ ਵਿੱਚ ਸ਼ਾਮਲ ਸਨ। ਮੈਂ ਹੀ ਸਾਰਿਆਂ ਨੂੰ ਖੁਆਉਣਾ ਹੁੰਦਾ।''

ਉਨ੍ਹਾਂ ਨੇ ਉਸ ਵੇਲ਼ੇ ਨੂੰ ਕਿਵੇਂ ਹੰਢਾਇਆ ਜਦੋਂ ਸਰੀਰ ਨੂੰ ਥਕਾ ਸੁੱਟਣ ਵਾਲ਼ੇ ਅਤੇ ਤੋੜ ਸੁੱਟਣ ਵਾਲ਼ੇ ਕੰਮ ਦਾ ਬੋਝ ਉਨ੍ਹਾਂ ਸਿਰ ਆਣ ਪਿਆ? ''ਮੈਂ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖਦੀ ਅਤੇ ਬੜਾ ਰੋਂਦੀ। ਸੋਚ ਕੇ ਦੇਖੋ, ਮੈਨੂੰ ਉਨ੍ਹਾਂ ਸਾਰੇ ਲੋਕਾਂ ਲਈ ਖਾਣਾ ਪਕਾਉਣਾ ਪੈਂਦਾ ਜੋ ਬੈਦਯਨਾਥ ਨਾਲ਼ ਆਇਆ ਕਰਦੇ- ਮੈਂ ਖਿੱਝਦੀ ਤਾਂ ਨਹੀਂ ਸਾਂ। ਪਰ ਰੋਣਹਾਕੀ ਜ਼ਰੂਰ ਹੋ ਜਾਇਆ ਕਰਦੀ।''

ਉਹ ਆਪਣੇ ਉਨ੍ਹਾਂ ਅਲਫ਼ਾਜ਼ਾਂ ਨੂੰ ਦਹੁਰਾਉਂਦੀ ਹਨ ਤਾਂ ਕਿ ਅਸੀਂ ਬਿਹਤਰ ਸਮਝ ਜਾਈਏ- ''ਮੈਂ ਖਿੱਝਦੀ ਤਾਂ ਨਹੀਂ ਸਾਂ, ਪਰ ਰੋਣਹਾਕੀ ਜ਼ਰੂਰ ਹੋ ਜਾਇਆ ਕਰਦੀ।''

*****

1940ਵਿਆਂ ਵਿੱਚ ਜਦੋਂ ਬੰਗਾਲ ਦਾ ਉਹ ਅਕਾਲ ਪਿਆ ਤਾਂ ਭਬਾਨੀ ਦੇ ਸਿਰ 'ਤੇ ਕੰਮ ਦਾ ਬੋਝ ਮਣਾਂ-ਮੂੰਹੀਂ ਹੋ ਗਿਆ। ਉਸ ਵੇਲ਼ੇ ਉਨ੍ਹਾਂ ਨੇ ਜੋ ਕਠਿਨਾਈਆਂ ਝੱਲੀਆਂ ਹੋਣੀਆਂ, ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

ਵੀਡੀਓ ਦੇਖੋ: ਭਬਾਨੀ ਮਾਹਾਤੋ - ਪੁਰੂਲੀਆਂ ਦੀ ਬੇਖ਼ਬਰ ਅਜ਼ਾਦੀ ਵੀਰਾਂਗਣਾ

ਅਸੀਂ ਵਾਪਸ ਮੁੜਨ ਦੀ ਤਿਆਰੀ ਵਿੱਚ ਜਿਓਂ ਹੀ ਕੁਰਸੀਆਂ ਛੱਡ ਖੜ੍ਹੇ ਹੋਏ, ਪਾਰਥ ਸਾਰਥੀ ਮਾਹਾਤੋ, ਜੋ ਭਬਾਨੀ ਦੇ ਪੋਤੇ ਹਨ, ਜਿਨ੍ਹਾਂ ਦੀ ਦਿੱਖ ਬੈਦਯਨਾਥ ਜਿਹੀ ਹੀ ਹੈ, ਸਾਨੂੰ ਬੈਠੇ ਰਹਿਣ ਲਈ ਕਹਿੰਦੇ ਹਨ। ਉਹ ਪੇਸ਼ੇ ਵਜੋਂ ਅਧਿਆਪਕ ਹਨ। 'ਪਾਰਥ ਦਾ (ਬੰਗਾਲੀ ਭਾਸ਼ਾ ਵਿੱਚ ਮਤਲਬ ਵੱਡਾ ਭਰਾ) ' ਸਾਨੂੰ ਕੁਝ ਕਹਿਣਾ ਚਾਹੁੰਦੇ ਹਨ।

ਇਕਰਾਰ ਦੀ ਘੜੀ ਆ ਗਈ।

ਆਪਣੇ ਇੰਨੇ ਵੱਡੇ ਟੱਬਰ ਲਈ ਖਾਣਾ ਪਕਾਉਣ ਤੋਂ ਇਲਾਵਾ ਜਿਨ੍ਹਾਂ ਲੋਕਾਂ ਵਾਸਤੇ ਉਹ ਵਾਧੂ ਖਾਣਾ ਪਕਾਇਆ ਕਰਦੀ, ਆਖ਼ਰ ਉਹ ਕੌਣ ਲੋਕ ਸਨ? ਉਹ ਕੌਣ ਲੋਕ ਸਨ ਜੋ ਬੈਦਯਨਾਥ ਨਾਲ਼ ਆਇਆ ਕਰਦੇ ਸਨ, ਜੋ ਕਦੇ ਪੰਜ-ਦਸ-ਵੀਹ ਤੱਕ ਹੋ ਜਾਂਦੇ ਸਨ, ਜਿਨ੍ਹਾਂ ਵਾਸਤੇ ਖਾਣਾ ਪਕਾਉਣ ਲਈ ਉਨ੍ਹਾਂ (ਭਬਾਨੀ) ਨੂੰ ਕਿਹਾ ਜਾਂਦਾ?

''ਜਿਨ੍ਹਾਂ ਵਾਸਤੇ ਉਹ ਖਾਣਾ ਪਕਾਉਂਦੀ, ਉਹ ਇਨਕਲਾਬੀ ਸਨ,'' ਪਾਰਥ ਦੱਸਦੇ ਹਨ। ''ਉਹ ਜੋ ਭੂਮੀਗਤ ਹੁੰਦੇ ਜਾਂ ਰੂਪੋਸ਼ ਹੋਏ ਰਹਿੰਦੇ ਅਤੇ ਜੰਗਲਾਂ ਵਿੱਚ ਲੁਕ ਲੁਕ ਕੇ ਸਮਾਂ ਕੱਟਦੇ।''

ਅਸੀਂ ਕੁਝ ਪਲਾਂ ਲਈ ਥਾਏਂ ਜੰਮ ਗਏ। ਇਸ ਔਰਤ ਦੀਆਂ ਕੁਰਬਾਨੀਆਂ ਭਰੇ ਜੀਵਨ ਦੀ ਕਹਾਣੀ ਸੁਣ ਜਿਓਂ ਅਸੀਂ ਲੁੱਟੇ-ਪੁੱਟੇ ਹੀ ਗਏ, ਇੱਕ ਅਜਿਹੀ ਔਰਤ, ਜਿਹਨੇ ਆਪਣੀ 9 ਸਾਲ ਦੀ ਉਮਰ ਤੋਂ ਲੈ ਕੇ ਤਾਉਮਰ ਕੁਰਬਾਨੀਆਂ ਹੀ ਕੀਤੀਆਂ ਅਤੇ ਆਪਣੇ ਵਾਸਤੇ ਫ਼ੁਰਸਤ ਦਾ ਇੱਕ ਪਲ ਵੀ ਨਾ ਮੰਗਿਆ।

1930ਵਿਆਂ ਅਤੇ 40 ਵਿਆਂ ਵਿੱਚ ਜੋ ਕੁਝ ਉਨ੍ਹਾਂ ਨੇ ਕੀਤਾ, ਜੇ ਉਹ ਅਜ਼ਾਦੀ ਦੇ ਘੋਲ਼ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨਹੀਂ ਸੀ ਤਾਂ ਫਿਰ ਕੀ ਸੀ?

ਉਨ੍ਹਾਂ ਦਾ ਬੇਟਾ ਅਤੇ ਬਾਕੀ ਸਾਡੇ ਵੱਲ ਹੈਰਾਨੀ ਨਾਲ਼ ਦੇਖਦੇ ਹਨ... ਸ਼ਾਇਦ ਉਨ੍ਹਾਂ ਨੂੰ ਲੱਗਿਆ ਸੀ ਜਿਵੇਂ ਅਸੀਂ ਮੂਲ਼ ਗੱਲ ਨੂੰ ਸਮਝਿਆ ਹੀ ਨਹੀਂ। ਛੇਤੀ ਹੀ ਉਨ੍ਹਾਂ ਨੇ ਮੰਨ ਲਿਆ ਸੀ ਕਿ ਅਸੀਂ ਸਮਝ ਗਏ ਹਾਂ।

ਕੀ ਭਬਾਨੀ ਜਾਣਦੀ ਹਨ ਕਿ ਉਹ ਕੀ ਕਰਦੀ ਰਹੀ ਸਨ ਅਤੇ ਕਿੰਨ੍ਹਾਂ ਵਾਸਤੇ?

ਮੇਰੇ ਖ਼ਿਆਲ ਨਾਲ਼ ਜਾਣਦੀ ਹਨ। ਹਾਂ ਪਰ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਨਾਮ ਨਹੀਂ ਪਤਾ ਜਾਂ ਉਹ ਨਿੱਜੀ ਤੌਰ 'ਤੇ ਉਨ੍ਹਾਂ ਲੋਕਾਂ ਨਹੀਂ ਜਾਣਦੀ। ਬੈਦਯਨਾਥ ਅਤੇ ਉਨ੍ਹਾਂ ਦੇ ਬਾਗ਼ੀ ਸਾਥੀਆਂ ਨੇ ਰੂਪੋਸ਼ ਹੋਏ ਸਾਥੀਆਂ ਤੱਕ ਪਿੰਡ ਦੀਆਂ ਔਰਤਾਂ ਵੱਲੋਂ ਪਕਾਏ ਭੋਜਨ ਨੂੰ ਪਹੁੰਚਾਉਣ ਦਾ ਬੀੜਾ ਕੁਝ ਇੰਝ ਚੁੱਕਿਆ ਕਿ ਦੋਵੇਂ ਪਾਸਿਆਂ ਦੀ ਸੁਰੱਖਿਆ ਯਕੀਨੀ ਬਣੀ ਰਹਿੰਦੀ।

ਪਾਰਥ ਦਾ , ਜਿਨ੍ਹਾਂ ਨੇ ਉਸ ਵੇਲ਼ੇ ਦੇ ਪੁਰੂਲੀਆ ਦੀ ਹਾਲਤ ਬਾਰੇ ਕੁਝ ਖੋਜ ਕੀਤੀ ਹੈ, ਸਾਨੂੰ ਬਾਅਦ ਵਿੱਚ ਸਮਝਾਉਂਦੇ ਹਨ: ''ਪਿੰਡ ਦੇ ਵਿਰਲੇ-ਟਾਂਵੇ ਅਤੇ ਆਰਥਿਕ ਪੱਖੋਂ ਚੰਗੇ ਪਰਿਵਾਰਾਂ ਨੇ ਹੀ ਭੋਜਨ ਤਿਆਰ ਕਰਨਾ ਹੁੰਦਾ ਸੀ, ਉਹ ਗੱਲ ਵੱਖਰੀ ਹੈ ਕਿ ਉਸ ਇੱਕ ਦਿਨ ਵਿੱਚ ਰੂਪੋਸ਼ ਕਾਰਕੁੰਨਾਂ ਦੀ ਗਿਣਤੀ ਜਿੰਨੀ ਮਰਜ਼ੀ ਹੋ ਸਕਦੀ ਹੁੰਦੀ ਸੀ ਅਤੇ ਇਸ ਕੰਮ ਵਿੱਚ ਲੱਗੀਆਂ ਔਰਤਾਂ ਨੂੰ ਕਿਹਾ ਗਿਆ ਹੁੰਦਾ ਕਿ ਉਹ ਭੋਜਨ ਪਕਾ ਕੇ ਆਪੋ-ਆਪਣੀ ਰਸੋਈ ਵਿੱਚ ਰੱਖ ਦੇਣ।

''ਉਹ ਇਹ ਤੱਕ ਨਾ ਜਾਣਦੀਆਂ ਹੁੰਦੀਆਂ ਕਿ ਖਾਣਾ ਲੈਣ ਕੌਣ ਆਉਂਦਾ ਹੈ ਅਤੇ ਇਹ ਪੱਕਿਆ ਹੋਇਆ ਭੋਜਨ ਕਿੰਨਾ ਲੋਕਾਂ ਤੀਕਰ ਜਾਂਦਾ ਹੈ। ਇਹ ਗੁਰੀਲਾ ਸਮੂਹ ਆਉਣ-ਜਾਣ ਵਾਸਤੇ ਪਿੰਡ ਦਾ ਕੋਈ ਵਾਹਨ ਇਸਤੇਮਾਲ ਨਾ ਕਰਦੇ। ਪਿੰਡ ਵਿੱਚ ਬ੍ਰਿਟਿਸ਼ ਸਰਕਾਰ ਦੇ ਮੁਖ਼ਬਿਰ ਅਤੇ ਟੱਟੂ ਮੌਜੂਦ ਹੁੰਦੇ। ਇਹ ਕੰਮ ਹੋਰ ਕੋਈ ਨਹੀਂ ਸਗੋਂ ਜਗੀਰੂ ਜ਼ਿਮੀਂਦਾਰ ਕਰਦੇ ਜੋ ਸਰਕਾਰ ਦੇ ਸਹਿਯੋਗੀ ਬਣੇ ਫਿਰਦੇ। ਇਹ ਜਸੂਸ ਸਥਾਨਕ ਲੋਕਾਂ ਨੂੰ ਭਾਰ ਚੁੱਕੀ ਜੰਗਲ ਅੰਦਰ ਜਾਂਦਿਆਂ ਪਛਾਣ ਲੈਂਦੇ। ਇਹ ਗੱਲ ਖਾਣਾ ਪਕਾਉਣ ਵਾਲ਼ੀਆਂ ਔਰਤਾਂ ਅਤੇ ਰੂਪੋਸ਼ ਲੋਕਾਂ ਵਾਸਤੇ ਖ਼ਤਰਾ ਬਣ ਜਾਂਦੀ। ਇੱਥੋਂ ਤੱਕ ਕਿ ਪੱਕਿਆ ਭੋਜਨ ਚੁੱਕਣ ਵਾਲ਼ਾ ਵੀ ਰੂਪੋਸ਼ ਲੋਕਾਂ ਨੂੰ ਜਾਣ ਨਾ ਪਾਉਂਦਾ ਅਤੇ ਨਾ ਹੀ ਔਰਤਾਂ ਕਦੇ ਭੋਜਨ ਚੁੱਕਣ ਆਉਣ ਵਾਲ਼ੇ ਨੂੰ ਦੇਖ ਪਾਉਂਦੀਆਂ।

''ਇਸ ਤਰੀਕੇ ਨਾਲ਼, ਦੋਵੇਂ ਧਿਰਾਂ ਖ਼ੁਲਾਸਾ ਹੋਣ ਤੋਂ ਬਚੀਆਂ ਰਹਿੰਦੀਆਂ। ਪਰ ਔਰਤਾਂ ਨੂੰ ਇਸ ਪੂਰੇ ਵਰਤਾਰੇ ਦਾ ਪਤਾ ਹੁੰਦਾ ਸੀ। ਪਿੰਡ ਦੀਆਂ ਬਹੁਤੇਰੀਆਂ ਔਰਤਾਂ ਹਰ ਸਵੇਰ ਪਿੰਡ ਦੇ ਛੱਪੜਾਂ ਅਤੇ ਝਰਨਿਆਂ, ਖ਼ੂਹਾਂ ਦੁਆਲ਼ੇ ਇਕੱਠੀਆਂ ਹੁੰਦੀਆਂ ਅਤੇ ਇਸ ਕੰਮ ਵਿੱਚ ਸ਼ਾਮਲ ਲੋਕਾਂ ਬਾਰੇ ਆਪੋ-ਆਪਣੇ ਤਜ਼ਰਬੇ ਸਾਂਝੇ ਕਰਦੀਆਂ। ਉਹ ਸਭ ਜਾਣਦੀਆਂ ਹੁੰਦੀਆਂ ਕਿ ਉਹ ਕੀ ਕਰ ਰਹੀਆਂ ਸਨ ਅਤੇ ਇਹ ਵੀ ਜਾਣਦੀਆਂ ਹੁੰਦੀਆਂ ਕਿ ਕਿੰਨ੍ਹਾਂ ਵਾਸਤੇ, ਪਰ ਕਿਸੇ ਵੀ ਇੱਕ ਖ਼ਾਸ ਨੂੰ ਨਾ ਜਾਣਦੀਆਂ ਹੁੰਦੀਆਂ।''

*****

PHOTO • P. Sainath

ਭਬਾਨੀ ਆਪਣੇ ਮੌਜੂਦਾ ਪਰਿਵਾਰ ਦੇ ਬਾਕੀ 13 ਮੈਂਬਰਾਂ ਦੇ ਨਾਲ਼, ਜਿਸ ਵਿੱਚ ਉਨ੍ਹਾਂ ਦੇ ਪੋਤੇ ਪਾਰਥੋ ਸਾਰਥੀ ਮਾਹਾਤੋ (ਹੇਠਾਂ ਸੱਜੇ) ਵੀ ਨਾਲ਼ ਹਨ। ਜਿਸ ਵੇਲ਼ੇ ਇਹ ਫ਼ੋਟੋ ਲਈ ਗਈ ਕੁਝ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ

ਇਨ੍ਹਾਂ 'ਔਰਤਾਂ' ਵਿੱਚ ਮਸਾਂ ਗਭਰੇਟ ਹੀ ਹੋਈਆਂ ਛੋਟੀਆਂ ਕੁੜੀਆਂ ਵੀ ਸ਼ਾਮਲ ਸਨ। ਉਹ ਸਾਰੀਆਂ ਆਪਣੇ ਆਪ ਨੂੰ ਗੰਭੀਰ ਖ਼ਤਰਿਆਂ ਵਿੱਚ ਪਾ ਰਹੀਆਂ ਸਨ। ਕੀ ਬਣਦਾ ਜੇ ਪੁਲਿਸ ਭਬਾਨੀ ਦੇ ਘਰੇ ਛਾਪਾ ਮਾਰ ਦਿੰਦੀ? ਉਨ੍ਹਾਂ ਦਾ ਕੀ ਬਣਦਾ ਅਤੇ ਉਨ੍ਹਾਂ ਦੇ ਉਸ ਟੱਬਰ ਦਾ ਕੀ ਬਣਦਾ ਜੋ ਭਬਾਨੀ 'ਤੇ ਨਿਰਭਰ ਸੀ ਖ਼ਾਸ ਕਰਕੇ ਜੋ 'ਹਰ ਚੀਜ਼' ਵਾਸਤੇ ਭਬਾਨੀ ਦੇ ਮੂੰਹ ਵੱਲ ਦੇਖਦੇ ਸਨ? ਹਾਲਾਂਕਿ, ਰੂਪੋਸ਼ਾਂ ਦੇ ਇਸ ਪ੍ਰੋਟੋਕਾਲ ਨੇ ਬੜੇ ਵੱਡੇ ਪੱਧਰ 'ਤੇ ਕੰਮ ਕੀਤਾ।

ਫਿਰ ਵੀ, ਸਵਦੇਸ਼ੀ, ਚਰਖਾ ਅਤੇ ਬਰਤਾਨਵੀ ਰਾਜ ਦੇ ਵਿਰੋਧ ਦੇ ਇਨ੍ਹਾਂ ਪ੍ਰਤੀਕਾਂ ਨੂੰ ਅਪਣਾਉਣ ਵਾਲ਼ੇ ਪਰਿਵਾਰ ਹਮੇਸ਼ਾਂ ਨਿਗਰਾਨੀ ਹੇਠ ਰਹਿੰਦੇ ਸਨ। ਖ਼ਤਰੇ ਵਾਕਿਆ ਬਹੁਤ ਵੱਡੇ ਸਨ।

ਹੋਰ ਦੱਸੋ ਕਿ ਭਬਾਨੀ ਉਨ੍ਹਾਂ ਰੂਪੋਸ਼ ਸਾਥੀਆਂ ਲਈ ਕੀ ਰਿੰਨ੍ਹਦੀ ਪਕਾਉਂਦੀ? ਪਾਰਥ ਦਾ ਸਾਨੂੰ ਹੋਈ ਮੁਲਾਕਾਤ ਤੋਂ ਬਾਅਦ ਦੱਸਦੇ ਹਨ ਕਿ ਉਹ ਜੋਨਰ (ਮੱਕੀ), ਕੋਡੋ (ਬਾਜਰਾ ਜਾਂ ਗਊ ਦੇ ਚਾਰੇ ਦੀ ਇੱਕ ਕਿਸਮ), ਮਾਡਵਾ (ਰਾਗੀ) ਅਤੇ ਸਬਜ਼ੀਆਂ ਪਕਾਉਂਦੀਆਂ ਜੋ ਵੀ ਉਨ੍ਹਾਂ ਔਰਤਾਂ ਨੂੰ ਮਿਲ਼ ਸਕਦੀਆਂ ਹੁੰਦੀਆਂ। ਇਹਦਾ ਮਤਲਬ ਇਹ ਹੁੰਦਾ ਕਿ ਉਹ ਲੋਕ ਘਰਾਂ ਵਿੱਚ ਜੋ ਕੁਝ ਰਿੰਨ੍ਹਿਆ ਪੱਕਿਆ ਹੁੰਦਾ, ਉਹੀ ਖਾ ਲੈਂਦੇ।

ਕਈ ਮੌਕਿਆਂ 'ਤੇ ਉਹ ਚੌਲ਼ਾਂ ਨੂੰ ਛਿਜੋ ਜਾਂ ਚਪਟੇ ਕਰ ਲੈਂਦੀਆਂ -ਬੰਗਾਲੀ ਵਿੱਚ ਜਿਹਦਾ ਮਤਲਬ ਚਿੰੜੇ (ਪੋਹਾ) ਹੁੰਦਾ। ਇਹ ਔਰਤਾਂ ਕਈ ਦਫ਼ਾ ਉਨ੍ਹਾਂ ਨੂੰ ਫਲ ਵੀ ਭੇਜਦੀਆਂ। ਇਸ ਤੋਂ ਇਲਾਵਾ ਉਹ ਜੰਗਲੀ ਫਲ ਜਾਂ ਬੇਰ/ਜਾਮੁਣ  ਵੀ ਖਾ ਲੈਂਦੇ। ਪੁਰਾਣੇ ਲੋਕਾਂ ਨੂੰ ਉਨ੍ਹਾਂ ਵਿੱਚੋਂ ਜੋ ਇੱਕ ਚੀਜ਼ ਚੇਤੇ ਆਉਂਦੀ ਹੈ ਉਹ ਹੈ ਕਯਾਂਦ (ਜਾਂ ਤਿਰਿਲ )। ਇੱਕ ਤੋਂ ਵੱਧ ਕਬਾਇਲੀ ਭਾਸ਼ਾ ਵਿੱਚ ਜਿਹਦਾ ਮਤਲਬ ਹੁੰਦਾ ਹੈ ਜੰਗਲ ਦਾ ਫ਼ਲ।

ਪਾਰਥ ਦਾ ਕਹਿੰਦੇ ਹਨ ਕਿ ਉਨ੍ਹਾਂ ਦੇ ਦਾਦਾ ਜੀ, ਜੋ ਇੱਕ ਨੌਜਵਾਨ ਪਤੀ ਵੀ ਸਨ ਅਚਾਨਕ ਆ ਧਮਕਦੇ ਅਤੇ ਭਬਾਨੀ ਨੂੰ ਆਦੇਸ਼ ਦੇਣ ਲੱਗਦੇ। ਜਦੋਂ ਇਹ ਆਦੇਸ਼ ਉਨ੍ਹਾਂ ਦੇ ਰੂਪੋਸ਼ ਦੋਸਤਾਂ ਲਈ ਹੁੰਦਾ ਤਾਂ ਇਹਦਾ ਸਪੱਸ਼ਟ ਮਤਲਬ ਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਲਈ ਭੋਜਨ ਤਿਆਰ ਕਰਨਾ।

ਸਿਰਫ਼ ਬਰਤਾਨਵੀ ਸਰਕਾਰ ਹੀ ਨਹੀਂ ਸੀ ਜੋ ਹਰ ਮਸਲੇ ਦੀ ਜੜ੍ਹ ਸੀ। 1940ਵਿਆਂ ਵਿੱਚ ਜਦੋਂ ਬੰਗਾਲ ਦਾ ਉਹ ਅਕਾਲ ਪਿਆ ਤਾਂ ਭਬਾਨੀ ਦੇ ਸਿਰ 'ਤੇ ਕੰਮ ਦਾ ਬੋਝ ਮਣਾਂ-ਮੂੰਹੀਂ ਹੋ ਗਿਆ। ਉਸ ਵੇਲ਼ੇ ਉਨ੍ਹਾਂ ਨੇ ਜੋ ਕਠਿਨਾਈਆਂ ਝੱਲੀਆਂ ਹੋਣੀਆਂ, ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਅਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਦਾ ਸਾਹਸਿਕ ਕਾਰਨਾਮੇ ਜਾਰੀ ਰਹੇ। 1950ਵਿਆਂ ਦੌਰਾਨ ਉਸ ਪੂਰੇ ਮੁਹੱਲੇ ਨੂੰ ਅੱਗ ਲੱਗ ਗਈ ਸੀ ਜਿੱਥੇ ਅੱਜ ਵੀ ਇਹ ਪਰਿਵਾਰ ਰਹਿੰਦਾ ਹੈ। ਇਸ ਅੱਗ ਵਿੱਚ ਲੋਕਾਂ ਦੁਆਰਾ ਸਾਂਭਿਆ ਅਨਾਜ ਸੜ ਕੇ ਸੁਆਹ ਹੋ ਗਿਆ। ਭਬਾਨੀ ਜਨੜਾ ਵਿਖੇ ਗਈ ਅਤੇ ਆਪਣੇ ਪਰਿਵਾਰ ਦੁਆਰਾ ਪੈਦਾ ਕੀਤੀ ਉਪਜ ਲੈ ਆਈ ਅਤੇ ਇਸੇ ਅਨਾਜ ਨਾਲ਼ ਅਗਲੇਰੀ ਵਾਢੀ ਦੇ ਕਈ ਹਫ਼ਤਿਆਂ ਤੀਕਰ ਪੂਰੇ ਭਾਈਚਾਰੇ ਨੂੰ ਜਿਊਂਦਾ ਰੱਖਿਆ।

1964 ਵਿੱਚ, ਜਮਸ਼ੇਦਪੁਰ ਨੇੜੇ ਇੱਕ ਵੱਡੀ ਫ਼ਿਰਕੂ ਲਹਿਰ ਉੱਠ ਖੜ੍ਹੀ ਹੋਈ, ਇਹ ਇਲਾਕਾ ਉਦੋਂ ਬਿਹਾਰ ਹੁੰਦਾ ਸੀ। ਲਹਿਰ ਦੀਆਂ ਲਪਟਾਂ ਪੁਰੂਲੀਆ ਦੇ ਕਈ ਪਿੰਡਾਂ ਨੂੰ ਵੀ ਸੇਕ ਮਾਰਨ ਲੱਗੀਆਂ। ਉਸ ਵੇਲ਼ੇ ਭਬਾਨੀ ਨੇ ਆਪਣੇ ਪਿੰਡ ਦੇ ਕਈ ਮੁਸਲਮਾਨਾਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ।

ਦੋ ਦਹਾਕਿਆਂ ਬਾਅਦ, ਬਜ਼ੁਰਗ ਹੋ ਰਹੀ ਭਬਾਨੀ ਨੇ ਸਥਾਨਕ ਲੋਕਾਂ ਦੇ ਡੰਗਰਾਂ 'ਤੇ ਹਮਲਾ ਬੋਲਣ ਵਾਲ਼ੀ ਜੰਗਲੀ ਬਿੱਲੀ ਨੂੰ ਮਾਰ ਮੁਕਾਇਆ। ਪਾਰਥ ਦਾ ਦੱਸਦੇ ਹਨ, ਭਬਾਨੀ ਨੇ ਇਹ ਕੰਮ ਲੱਕੜ ਦੇ ਇੱਕ ਮੋਟੇ ਸਾਰੇ ਸੋਟੇ ਨਾਲ਼ ਕੀਤਾ। ਜੰਗਲ ਵਿੱਚੋਂ ਬਾਹਰ ਆ ਕੇ ਹਮਲਾ ਕਰਨ ਵਾਲ਼ੀ ਉਹ ਮਰਹੂਮ ਬਿੱਲੀ ਖਟਾਸ਼ (ਭਾਰਤੀ ਊਦ-ਬਿਲਾਵ) ਨਿਕਲ਼ੀ।

*****

PHOTO • Courtesy: the Mahato family

1980 ਦੀ ਇੱਕ ਤਸਵੀਰ ਵਿੱਚ ਭਬਾਨੀ ਮਾਹਾਤੋ (ਵਿਚਕਾਰ) ਆਪਣੇ ਪਤੀ ਬੈਦਯਨਾਥ ਅਤੇ ਭੈਣ ਉਰਮਿਲਾ ਦੇ ਨਾਲ਼।  ਇਸ ਤੋਂ ਪਹਿਲਾਂ ਦੇ ਸਮੇਂ ਦੀਆਂ ਕੋਈ ਵੀ ਪਰਿਵਾਰਕ ਫ਼ੋਟੋਆਂ ਨਹੀਂ ਹਨ

ਹੁਣ ਅਸੀਂ ਭਬਾਨੀ ਵੱਲ ਇੱਕ ਨਿਵਕੇਲੇ ਅਦਬ ਨਾਲ਼ ਲਬਰੇਜ਼ ਨਜ਼ਰ ਸੁੱਟਦੇ ਹਾਂ। ਮੈਨੂੰ ਅਜ਼ਾਦੀ ਘੁਲਾਟੀਏ ਗਣਪਤੀ ਯਾਦਵ 'ਤੇ ਕੀਤੀ ਆਪਣੀ ਸਟੋਰੀ ਚੇਤੇ ਆਈ। ਜੋ ਸਤਾਰਾ ਵਿਖੇ ਭੂਮੀਗਤ ਹੋਏ ਸੈਲਾਨੀਆਂ ਵਾਸਤੇ ਇੱਕ ਹਰਕਾਰਾ ਸਨ, ਉਹ ਜੰਗਲ ਵਿੱਚ ਲੁਕੇ ਆਪਣੇ ਸਾਥੀਆਂ ਵਾਸਤੇ ਸਭ ਦੀਆਂ ਨਜ਼ਰਾਂ ਤੋਂ ਬਚਦੇ ਬਚਾਉਂਦੇ ਭੋਜਨ ਲਿਜਾਇਆ ਕਰਦੇ ਸਨ। ਜਦੋਂ ਮੈਂ ਉਨ੍ਹਾਂ ਨੂੰ ਮਿਲ਼ਿਆਂ ਸਾਂ ਉਹ 98 ਸਾਲਾਂ ਦੇ ਸਨ ਅਤੇ ਉਦੋਂ ਵੀ ਰੋਜ਼ਾਨਾ 20 ਕਿਲੋਮੀਟਰ ਸਾਈਕਲ ਚਲਾਇਆ ਕਰਦੇ ਸਨ। ਉਸ ਬੇਮਿਸਾਲ ਮਨੁੱਖ 'ਤੇ ਕਹਾਣੀ ਕਰਦਿਆਂ ਮੈਨੂੰ ਬੇਤਹਾਸ਼ਾ ਖ਼ੁਸ਼ੀ ਮਿਲ਼ੀ ਸੀ। ਪਰ ਮੈਨੂੰ ਉਨ੍ਹਾਂ ਤੋਂ ਇੱਕ ਸਵਾਲ ਨਾ ਪੁੱਛੇ ਜਾਣ ਦਾ ਹਿਰਖ਼ ਹੈ: ਉਹ ਇੰਨਾ ਖ਼ਤਰਾ ਮੁੱਲ ਲੈ ਕੇ ਜੰਗਲਾਂ ਵਿੱਚ ਭੋਜਨ ਪਹੁੰਚਾਇਆ ਕਰਦੇ ਰਹੇ, ਕਾਸ਼ ਉਹ ਆਪਣੀ ਪਤਨੀ ਬਾਰੇ ਵੀ ਤਾਂ ਕੁਝ ਦੱਸ ਪਾਉਂਦੇ ਜੋ ਇੰਨਾ ਖਾਣਾ ਪਕਾਉਂਦੀ ਰਹੀ ਸਨ?

ਜਦੋਂ ਮੈਂ ਉਨ੍ਹਾਂ (ਗਣਪਤੀ) ਨੂੰ ਮਿਲ਼ਿਆਂ ਸਾਂ ਤਾਂ ਉਹ ਆਪਣੇ ਰਿਸ਼ਤੇਦਾਰਾਂ ਨਾਲ਼ ਕਿਤੇ ਬਾਹਰ ਗਈ ਹੋਈ ਸਨ।

ਗਣਪਤੀ ਤਾਂ ਵਿਦਾ ਹੋ ਗਏ, ਪਰ ਭਬਾਨੀ ਨਾਲ਼ ਸਾਡੀ ਇਹ ਮੁਲਾਕਾਤ ਮੈਨੂੰ ਇੱਕ ਗੱਲ ਦਾ ਅਹਿਸਾਸ ਕਰਾਉਂਦੀ ਹੈ। ਮੈਂ ਵਾਪਸ ਜਾਵਾਂ ਅਤੇ ਵਤਸਲਾ ਗਣਵਤੀ ਯਾਦਵ ਨਾਲ਼ ਗੱਲ ਕਰਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਕਹਾਣੀ ਸੁਣਾਉਣ ਲਈ ਕਹਾਂ।

ਭਬਾਨੀ ਨਾਲ਼ ਇਹ ਮੁਲਾਕਾਤ ਮੈਨੂੰ ਲਕਸ਼ਮੀ ਪਾਂਡਾ ਦੇ ਉਨ੍ਹਾਂ ਬਲਸ਼ਾਲੀ ਅਲਫ਼ਾਜ਼ਾਂ ਦੀ ਵੀ ਯਾਦ ਦਵਾਉਂਦੀ ਹੈ, ਲਕਸ਼ਮੀ ਪਾਂਡਾ ਜੋ ਓਡੀਸਾ ਦੀ ਇੱਕ ਵਿਰਾਂਗਣਾ ਸਨ ਅਤੇ ਜੋ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਤਿਆਰ ਇੰਡੀਅਨ ਨੈਸ਼ਨਲ ਆਰਮੀ ਵਿੱਚ ਜਾ ਰਲ਼ੀ ਅਤੇ ਬਰਮਾ (ਹੁਣ, ਮਿਆਂਮਾਰ) ਅਤੇ ਸਿੰਗਾਪੁਰ ਦੇ ਜੰਗਲਾਂ ਵਿੱਚ ਉਨ੍ਹਾਂ ਦੇ ਦੋਵਾਂ ਖ਼ੇਮਿਆਂ ਵਿੱਚ ਰਹਿੰਦੀ ਰਹੀ ਸਨ।

''ਕਿਉਂਕਿ ਮੈਂ ਕਦੇ ਜੇਲ੍ਹ ਨਹੀਂ ਗਈ, ਕਿਉਂਕਿ ਮੈਨੂੰ ਬੰਦੂਕ ਚਲਾਉਣ ਦੀ ਸਿਖਲਾਈ ਭਾਵੇਂ ਦਿੱਤੀ ਗਈ ਸੀ ਪਰ ਮੈਂ ਕਦੇ ਕਿਸੇ 'ਤੇ ਗੋਲ਼ੀ ਨਹੀਂ ਦਾਗ਼ੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਅਜ਼ਾਦੀ ਘੁਲਾਟੀਆ ਨਹੀਂ? ਮੈਂ INA ਦੇ ਸਿਰਫ਼ ਉਨ੍ਹਾਂ ਜੰਗਲੀ-ਖ਼ੇਮਿਆਂ ਵਿੱਚ ਕੰਮ ਕੀਤਾ ਜੋ ਸਦਾ ਬ੍ਰਿਟਿਸ਼ਾਂ ਦੀ ਬੰਬਾਰੀ ਦੇ ਨਿਸ਼ਾਨੇ 'ਤੇ ਰਹਿੰਦੇ। ਕੀ ਇਹਦਾ ਮਤਲਬ ਇਹ ਹੋਇਆ ਕਿ ਅਜ਼ਾਦੀ ਦੇ ਘੋਲ਼ ਵਿੱਚ ਮੇਰਾ ਕੋਈ ਯੋਗਦਾਨ ਹੀ ਨਹੀਂ? 13 ਸਾਲ ਦੀ ਉਮਰੇ, ਮੈਂ ਖ਼ੇਮੇ ਦੀ ਰਸੋਈ ਵਿੱਚ ਉਨ੍ਹਾਂ ਲੋਕਾਂ ਵਾਸਤੇ ਖਾਣਾ ਪਕਾਇਆ ਕਰਦੀ ਜੋ ਲੜਨ ਲਈ ਬਾਹਰ ਜਾ ਰਹੇ ਹੁੰਦੇ, ਹਾਂ ਇਹ ਸੱਚ ਹੈ ਕਿ ਮੈਂ ਉਨ੍ਹਾਂ ਦਾ ਹਿੱਸਾ ਨਹੀਂ ਸਾਂ?''

ਲਕਸ਼ਮੀ ਪਾਂਡਾ, ਸਾਲੀਹਾਨ, ਹੌਸਾਤਾਈ ਪਾਟਿਲ ਅਤੇ ਵਤਸਲਾ ਯਾਦਵ ਵਾਂਗਰ ਭਬਾਨੀ ਨੂੰ ਵੀ ਨਾ ਕਦੇ ਕੋਈ ਸਨਮਾਨ ਮਿਲ਼ਿਆ ਅਤੇ ਨਾ ਹੀ ਕੋਈ ਮਾਨਤਾ ਹੀ ਮਿਲ਼ੀ ਜਿਸ 'ਤੇ ਅਸਲੀ ਹੱਕ ਉਨ੍ਹਾਂ ਦਾ ਸੀ। ਉਹ ਸਾਰੇ ਦੀਆਂ ਸਾਰੀਆਂ ਔਰਤਾਂ ਭਾਰਤ ਦੀ ਅਜ਼ਾਦੀ ਦੇ ਘੋਲ਼ ਦੀਆਂ ਵਿਰਾਂਗਣਾਂ ਸਨ ਅਤੇ ਉਨ੍ਹਾਂ ਨੇ ਬੜੇ ਅਦਬ ਨਾਲ਼ ਇੱਕ ਦੂਜੇ ਵਾਂਗਰ ਆਪਣੇ ਆਪ ਨੂੰ ਇਸ ਸਨਮਾਨ ਤੋਂ ਵੱਖਰਾ ਕਰਕੇ ਰੱਖਿਆ। ਪਰ ਉਹ ਔਰਤਾਂ ਸਨ ਅਤੇ ਉਸ ਸਮਾਜ ਦੀਆਂ ਔਰਤਾਂ ਜਿੱਥੇ ਉਨ੍ਹਾਂ ਪ੍ਰਤੀ ਤੁਅੱਸਬਾਂ ਅਤੇ ਪਿਛਾਂਹਖਿੱਚੂ ਵਿਚਾਰਾਂ ਨਾਲ਼ ਭਰਿਆ ਇੱਕ ਸਮਾਜ ਸੀ ਜਿਸ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸ਼ਾਇਦ ਹੀ ਕਦੇ ਕਿਸੇ ਖਾਤੇ ਗਿਣਿਆ ਜਾਂਦਾ ਸੀ।

ਹਾਲਾਂਕਿ, ਇਨ੍ਹਾਂ ਗੱਲਾਂ ਨਾਲ਼ ਭਬਾਨੀ ਮਾਹਾਤੋ ਨੂੰ ਕੋਈ ਫ਼ਰਕ ਪੈਂਦਾ ਨਹੀਂ ਜਾਪਦਾ। ਸ਼ਾਇਦ ਉਨ੍ਹਾਂ ਨੇ ਸਮਾਜ ਦੇ ਇਸ ਵਤੀਰੇ ਦਾ ਆਤਮਸਾਤ ਕਰ ਲਿਆ ਹੋਣਾ? ਸ਼ਾਇਦ ਇਹੀ ਸੋਚ ਉਨ੍ਹਾਂ ਨੂੰ ਆਪਣੇ ਵਿਲੱਖਣ ਯੋਗਦਾਨ ਨੂੰ ਘੱਟ ਕਰਕੇ ਦੇਖਣ ਵੱਲ ਲੈ ਜਾਂਦੀ ਹੋਵੇ?

ਪਰ ਜਿਓਂ ਹੀ ਅਸੀਂ ਨਿਕਲ਼ਣ ਲੱਗੇ ਉਹ ਇੱਕ ਅਖ਼ੀਰਲੀ ਗੱਲ ਕਹਿੰਦੀ ਹਨ: ''ਦੇਖੋ ਤਾਂ ਜ਼ਰਾ, ਮੈਂ ਕਿਹਦਾ ਪਾਲਣ-ਪੋਸ਼ਣ ਕੀਤਾ। ਇਸ ਵੱਡੇ ਟੱਬਰ ਦਾ, ਇਨ੍ਹਾਂ ਸਾਰੀਆਂ ਪੀੜ੍ਹੀਆਂ ਦਾ, ਆਪਣੇ ਖੇਤਾਂ ਦਾ, ਹਰੇਕ ਚੀਜ਼ ਦਾ। ਪਰ ਅੱਜਕੱਲ੍ਹ ਦੇ ਇਹ ਨੌਜਵਾਨ...'' ਸਾਡੇ ਆਲ਼ੇ-ਦੁਆਲ਼ੇ ਉਨ੍ਹਾਂ ਦੀਆਂ ਕਈ ਪੋਤਿਓਂ ਨੂੰਹਾਂ ਬੜੀ ਮਿਹਨਤ ਨਾਲ਼ ਕੰਮੇ ਲੱਗੀਆਂ ਦਿੱਸ ਰਹੀਆਂ ਸਨ। ਉਹ ਜ਼ਾਹਰਾ ਤੌਰ 'ਤੇ ਭਾਵੇਂ ਬਹੁਤ ਵਧੀਆ ਕੰਮ ਕਰ ਰਹੀਆਂ ਹੋਣ। ਪਰ ਆਪਣੇ ਸਮੇਂ ਵੇਲ਼ੇ ਭਬਾਨੀ ਇਕੱਲਿਆਂ ਹੀ ਇਸ ਤੋਂ ਕਿਤੇ ਵੱਧ ਕੰਮ ਕਰ ਲੈਂਦੀ ਹੁੰਦੀ ਸਨ।

ਦਰਅਸਲ ਉਹ ਉਨ੍ਹਾਂ 'ਤੇ ਜਾਂ ਕਿਸੇ ਵੀ ਹੋਰ 'ਤੇ ਕੋਈ ਦੋਸ਼ ਨਹੀਂ ਲਾਉਂਦੀ। ਉਹ ਤਾਂ ਇਸ ਗੱਲੋਂ ਪਛਤਾਉਂਦੀ ਹਨ ਕਿ ਵਿਰਲੇ ਹੀ ਲੋਕ ਹੁੰਦੇ ਹਨ ਜੋ 'ਹਰੇਕ ਕੰਮ' ਕਰ ਸਕਦੇ ਹੁੰਦੇ ਹਨ।


ਇਸ ਕਹਾਣੀ ਵਿੱਚ ਮੁੱਖ ਜਾਣਕਾਰੀ ਦੇਣ ਲਈ ਸਮਿਤਾ ਖਟੋਰ ਦਾ ਸ਼ੁਕਰੀਆ ਅਤੇ ਜਿਸ ਤਰੀਕੇ ਨਾਲ਼ ਉਨ੍ਹਾਂ ਨੇ ਭਬਾਨੀ ਮਾਹਾਤੋ ਦੀ ਗੱਲਬਾਤ ਦਾ ਤੁਰਤ-ਫ਼ੁਰਤ ਅਨੁਵਾਦ ਕੀਤਾ ਹੈ, ਉਸ ਵਾਸਤੇ ਵੀ ਸ਼ੁਕਰੀਆ। ਜੋਸ਼ੁਆ ਬੋਧਿਨੇਤ੍ਰਾ  ਦਾ ਵੀ ਸ਼ੁਕਰੀਆ ਜਿਨ੍ਹਾਂ ਨੇ  ਬੇਸ਼ਕੀਮਤੀ ਯੋਗਦਾਨ  ਦਿੱਤਾ ਅਤੇ ਸਾਡੀ ਇਸ ਫੇਰੀ ਤੋਂ ਪਹਿਲਾਂ  ਬੈਠਕ ਦਾ ਬੰਦੋਬਸਤ ਕੀਤਾ ਜਿਸ ਸਦਕਾ ਇਸ ਇੰਟਰਵਿਊ ਦਾ ਕੰਮ ਸੰਭਵ ਹੋ ਸਕਿਆ। ਸਮਿਤਾ ਅਤੇ ਜੋਸ਼ੁਆ ਤੋਂ ਬਗ਼ੈਰ ਇਹ ਕਹਾਣੀ ਆਪਣਾ ਮੁਕਾਮ ਨਹੀਂ ਪਾ ਸਕਦੀ ਸੀ।

ਤਰਜਮਾ : ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur