ਲੈਨਿਨਦਾਸਨ 30 ਕਿਸਮਾਂ ਦੇ ਚੌਲ਼ ਖ਼ੁਦ ਉਗਾਉਂਦੇ ਹਨ ਤੇ 15 ਹੋਰ ਕਿਸਮਾਂ ਦੇ ਚੌਲ਼ ਵੀ ਵੇਚਦੇ ਹਨ ਜੋ ਉਨ੍ਹਾਂ ਦੇ ਨਾਲ਼ ਦੇ ਕਿਸਾਨ ਸਾਥੀਆਂ ਨੇ ਉਗਾਏ ਹੁੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਝੋਨੇ ਦੇ 80 ਕਿਸਮਾਂ ਦੇ ਬੀਜ ਸਾਂਭੇ ਹੋਏ ਹਨ। ਇਹ ਸਾਰਾ ਕੁਝ ਤਮਿਲ਼ਨਾਡੂ ਦੇ ਤਿਰੂਵੰਨਾਮਲਾਈ ਵਿਖੇ ਉਨ੍ਹਾਂ ਦੇ ਪਰਿਵਾਰ ਦੀ 6 ਏਕੜ (ਕਿੱਲੇ) ਭੋਇੰ 'ਤੇ ਹੀ ਸੰਭਵ ਹੁੰਦਾ ਹੈ।
ਚੌਲ਼ਾਂ ਦੀਆਂ ਕਿਸਮਾਂ ਦੀ ਇਸ ਗਿਣਤੀ ਤੋਂ ਹੈਰਾਨ ਨਾ ਹੋਣਾਂ, ਦਰਅਸਲ ਲੰਬੇ ਸਮੇਂ ਤੋਂ ਬੇਰੁਖੀ ਦਾ ਸੰਤਾਪ ਹੰਢਾਉਣ ਵਾਲ਼ੀਆਂ ਚੌਲ਼ਾਂ ਦੀਆਂ ਇਹੀ ਕਿਸਮਾਂ ਇਸ ਇਲਾਕੇ ਦੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਵੱਧ ਅਨੁਕੂਲ ਹਨ। ਲੈਨਿਨ (ਇਸੇ ਨਾਮ ਨਾਲ਼ ਸੱਦੇ ਜਾਂਦੇ) ਤੇ ਉਨ੍ਹਾਂ ਦੇ ਸਾਥੀ ਚੌਲ਼ਾਂ ਦੀਆਂ ਨਵੀਨ ਕਿਸਮਾਂ ਨੂੰ ਬਦਲਣ ਦੀ ਕੋਸ਼ਿਸ਼ ਦੇ ਨਾਲ਼-ਨਾਲ਼ ਇੱਕ-ਫ਼ਸਲੀ (ਮੋਨੋ-ਕ੍ਰਾਪਿੰਗ) ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦੀ ਯੋਜਨਾ ਗੁਆਚ ਚੁੱਕੀ ਫ਼ਸਲੀ-ਵਿਭਿੰਨਤਾ ਨੂੰ ਬਹਾਲ ਕਰਨਾ ਤੇ ਚੌਲ਼ਾਂ ਦੀ ਖੇਤੀ ਅੰਦਰ ਇੱਕ ਇਨਕਲਾਬ ਲਿਆਉਣਾ ਹੈ।
ਇਹ ਆਪਣੀ ਹੀ ਤਰ੍ਹਾਂ ਦਾ ਇਨਕਲਾਬ ਇਸ ਨਵੇਂ ਉਭਰੇ ਲੈਨਿਨ ਦੀ ਅਗਵਾਈ ਵਿੱਚ ਹੋਵੇਗਾ।
ਕਦੇ ਬੱਕਰੀਆਂ ਦਾ ਵਾੜਾ ਰਹੀ ਇਹ ਥਾਂ ਅੱਜਕੱਲ੍ਹ ਸੈਂਕੜੇ ਬੋਰੀਆਂ ਸਾਂਭਣ ਦਾ ਗੁਦਾਮ ਬਣੀ ਹੋਈ ਹੈ। ਉਨ੍ਹਾਂ ਦੇ ਖੇਤਾਂ ਦੇ ਨਾਲ਼ ਪੈਂਦੀ ਇਹ ਥਾਂ ਪੋਲੂਰ ਤਾਲੁਕਾ ਦੇ ਸੇਂਗੁਨਮ ਪਿੰਡ ਵਿੱਚ ਸਥਿਤ ਹੈ।
ਬਾਹਰੋਂ ਦੇਖਿਆ ਇਹ ਢਾਂਚਾ ਕਾਫ਼ੀ ਮਾਮੂਲੀ ਜਾਪਦਾ ਹੈ ਪਰ ਅੰਦਰ ਪੈਰ ਪਾਉਂਦਿਆਂ ਹੀ ਸਾਡੀ ਧਾਰਨਾ ਯਕਦਮ ਬਦਲਣ ਲੱਗਦੀ ਹੈ। ਬੋਰੀ ਅੰਦਰ ਸੂਆ ਵਾੜ੍ਹ ਚੌਲ਼ਾਂ ਦੇ ਦਾਣੇ ਬਾਹਰ ਕੱਢਦਿਆਂ ਲੈਨਿਨ ਕਹਿੰਦੇ ਹਨ,''ਇਹ ਕਰੂੱਪੂ ਕਵੁਨੀ ਹੈ, ਜੋ ਸੀਰਗਾ ਸਾਂਬਾ ਹੈ।'' ਚੌਲ਼ਾਂ ਦੀਆਂ ਦੋਵੇਂ ਦੇਸੀ ਕਿਸਮਾਂ ਨੂੰ ਉਹ ਆਪਣੀ ਤਲ਼ੀ 'ਤੇ ਧਰਦੇ ਹਨ। ਪਹਿਲੇ ਵਾਲ਼ੇ ਚੌਲ਼ ਕਾਲ਼ੇ ਤੇ ਚਮਕਦਾਰ ਹਨ ਤੇ ਦੂਜੇ ਵਾਲ਼ੇ ਪਤਲੇ ਤੇ ਖ਼ੁਸ਼ਬੂਦਾਰ। ਇੱਕ ਖੂੰਜੇ ਵਿੱਚੋਂ ਉਹ ਮਾਪਕ: ਪਾੜੀ, ਮਰੱਕਾ ਕੱਢ ਲਿਆਉਂਦੇ ਹਨ, ਇਨ੍ਹਾਂ ਦੋਵਾਂ ਮਾਪਕਾਂ ਵਿੱਚ ਅਨਾਜ ਦੀ ਵੱਖ-ਵੱਖ ਮਾਤਰਾ ਆਉਂਦੀ ਹੈ।
ਇਸੇ ਸ਼ੈੱਡ ਤੋਂ ਲੈਨਿਨ ਬਗ਼ੈਰ ਕਿਸੇ ਰੌਲ਼ੇ-ਰੱਪੇ ਦੇ ਚੌਲ਼ ਤੋਲਦੇ ਤੇ ਪੈਕ ਕਰਦੇ ਹਨ ਤੇ ਪੈਦਾਵਾਰ ਨੂੰ ਬੰਗਲੁਰੂ, ਨਾਗਰਕੋਇਲ ਤੱਕ ਭੇਜਦੇ ਹਨ। ਸਭ ਦੇਖਿਆਂ ਇੰਝ ਜਾਪਦਾ ਹੈ ਜਿਵੇਂ ਉਹ ਦਹਾਕਿਆਂ ਤੋਂ ਚੌਲ਼ ਵੇਚਦੇ ਰਹੇ ਹੋਣ, ਪਰ ਇਸ ਕੰਮ ਨੂੰ ਕਰਦਿਆਂ ਉਨ੍ਹਾਂ ਨੂੰ ਮਹਿਜ ਛੇ ਸਾਲ ਹੀ ਹੋਏ ਹਨ।







































