7 ਦਸੰਬਰ, 2023 ਨੂੰ, ਸਾਡੇ ਸਾਥੀ ਅਨੁਵਾਦਕ, ਕਵੀ, ਲੇਖਕ, ਅਕਾਦਮਿਕ, ਕਾਲਮਨਵੀਸ ਅਤੇ ਫ਼ਲਸਤੀਨੀ ਕਾਰਕੁਨ ਗਾਜ਼ਾ ਵਿੱਚ ਚੱਲ ਰਹੇ ਨਸਲਕੁਸ਼ੀ ਬੰਬ ਧਮਾਕੇ ਵਿੱਚ ਮਾਰੇ ਗਏ। ਪਰ ਜਿਸ ਦਿਨ ਉਹ ਆਵਾਜ਼ ਖਾਮੋਸ਼ ਹੋਈ ਉਸੇ ਦਿਨ ਉਨ੍ਹਾਂ ਦੀ ਲਿਖੀ ਇੱਕ ਕਵਿਤਾ ਦੁਨੀਆ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਗੂੰਜ ਉੱਠੀ।
ਇਹ ਲੇਖ ਇਸ ਗੱਲ 'ਤੇ ਝਾਤ ਮਾਰਨ ਦੀ ਕੋਸ਼ਿਸ਼ ਵੀ ਹੈ ਕਿ ਅਸੀਂ ਅਜਿਹੀ ਦੁਨੀਆਂ ਵਿੱਚ, ਇਸ ਮੁਸ਼ਕਲ ਸਮੇਂ ਵਿੱਚ ਪਾਰੀ ਦੇ ਇਸ ਪਲੇਟਫਾਰਮ 'ਤੇ ਭਾਸ਼ਾਵਾਂ ਦੀ ਦੁਨੀਆ ਵਿੱਚ ਕੀ ਕਰ ਰਹੇ ਹਾਂ! ਸਭ ਤੋਂ ਪਹਿਲਾਂ, ਅਸੀਂ ਆਪਣੀ ਭਾਸ਼ਾ ਦੀ ਦੁਨੀਆ ਵੱਲ ਮੁੜਦੇ ਹਾਂ, ਯਾਦ ਕਰਦੇ ਹਾਂ ਕਿ ਰਿਫਾਟ ਨੇ ਕੀ ਕਿਹਾ ਸੀ:
ਭਾਸ਼ਾ ਸਾਡੇ ਸੰਘਰਸ਼ ਨੂੰ ਬਾਹਰੀ ਸੰਸਾਰ ਤੱਕ ਲਿਜਾਣ ਲਈ ਇੱਕੋ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਸ਼ਬਦ ਸਾਡਾ ਸਭ ਤੋਂ ਕੀਮਤੀ ਖਜ਼ਾਨਾ ਹਨ ਅਤੇ ਸਾਨੂੰ ਇਸ ਦੀ ਵਰਤੋਂ ਆਪਣੇ ਆਪ ਨੂੰ ਜਾਗਰੂਕ ਕਰਨ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਲਈ ਕਰਨ ਦੀ ਲੋੜ ਹੈ ਅਤੇ ਇਹ ਸ਼ਬਦ ਵੱਧ ਤੋਂ ਵੱਧ ਭਾਸ਼ਾਵਾਂ ਰਾਹੀਂ ਸਫ਼ਰ ‘ਤੇ ਭੇਜੇ ਜਾਣੇ ਚਾਹੀਦੇ ਹਨ। ਮੈਂ ਅਜਿਹੀ ਭਾਸ਼ਾ ਵਿੱਚ ਵਿਸ਼ਵਾਸ ਕਰਦਾ ਹਾਂ ਜੋ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਜਿੰਨਾ ਹੋ ਸਕੇ ਛੂੰਹਦੀ ਰਹੇ... ਅਨੁਵਾਦ ਮਨੁੱਖੀ ਸੰਸਾਰ ਦੁਆਰਾ ਖੋਜੀ ਗਈ ਇੱਕ ਸੰਭਾਵਨਾ ਹੈ। ਅਨੁਵਾਦ ਲੋਕਾਂ ਵਿਚਕਾਰ ਰੁਕਾਵਟਾਂ ਨੂੰ ਤੋੜਦਾ ਹੈ ਅਤੇ ਉਨ੍ਹਾਂ ਵਿਚਕਾਰ ਇੱਕ ਪੁਲ ਬਣਾਉਂਦਾ ਹੈ ਅਤੇ ਸਮਝ ਪੈਦਾ ਕਰਦਾ ਹੈ। ਪਰ ਨਾਲ਼ ਹੀ "ਮਾੜੇ" ਅਨੁਵਾਦ ਗ਼ਲਤਫ਼ਹਿਮੀਆਂ ਵੀ ਪੈਦਾ ਕਰ ਸਕਦੇ ਹਨ।
ਪਾਰੀਭਾਸ਼ਾ ਦੇ ਕੰਮ ਦਾ ਧੁਰਾ ਹੈ ਲੋਕਾਂ ਨੂੰ ਇਕੱਠੇ ਇੱਕ ਮੰਚ ‘ਤੇ ਲਿਆਉਣਾ ਅਤੇ ਨਵੀਂ ਜਾਗਰੂਕਤਾ ਪੈਦਾ ਕਰਨਾ, ਇਸ ਕੰਮ ਲਈ ਅਨੁਵਾਦ ਇੱਕ ਤਸੱਲੀਬਖ਼ਸ਼ ਕੰਮ ਕਰ ਰਿਹਾ ਹੈ।
ਅਤੇ ਇਹ ਸਾਲ ਯਾਨੀ 2023 ਸਾਡੇ ਲਈ ਬਹੁਤ ਮਹੱਤਵਪੂਰਨ ਸਾਲ ਸੀ।
ਅਸੀਂ ਛੱਤੀਸਗੜ੍ਹੀ ਅਤੇ ਭੋਜਪੁਰੀ ਭਾਸ਼ਾਵਾਂ ਨੂੰ ਆਪਣੇ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕੀਤਾ। ਇਹ ਦੋਵੇਂ ਭਾਸ਼ਾਵਾਂ ਹੁਣ ਉਨ੍ਹਾਂ 14 ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਲ ਹਨ ਜੋ ਪਾਰੀ ਪ੍ਰਕਾਸ਼ਤ ਕਰ ਰਹੀ ਹੈ।
ਇਸ ਦੇ ਨਾਲ਼ ਹੀ ਇਹ ਸਾਲ ਇੱਕ ਹੋਰ ਕਾਰਨ ਕਰਕੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਜਿਹਾ ਇਸ ਲਈ ਕਿਉਂਕਿ ਇਸੇ ਸਾਲ ਪਾਰੀਭਾਸ਼ਾ ਨਾਮ ਵੀ ਸਾਹਮਣੇ ਆਇਆ। ਇਸ ਨਾਮ ਹੇਠ ਅੰਗਰੇਜ਼ੀ ਲਿਖਤਾਂ ਦਾ ਅਨੁਵਾਦ ਕਰਨ ਤੋਂ ਇਲਾਵਾ, ਅਸੀਂ ਜੋ ਕੰਮ ਕਰਦੇ ਹਾਂ, ਉਸ ਨੇ ਪਾਰੀ ਨੂੰ ਇੱਕ ਬਹੁਭਾਸ਼ਾਈ ਪਲੇਟਫਾਰਮ ਬਣਾਇਆ ਹੈ। ਇਹ ਸਾਡੀ ਪੇਂਡੂ ਪੱਤਰਕਾਰੀ ਦੇ ਰਾਹ ਵਿੱਚ ਇੱਕ ਵੱਡਾ ਮੀਲ ਪੱਥਰ ਹੈ।
ਅਸੀਂ ਜਨਤਾ ਦੇ ਜੀਵਨ ਵਿੱਚ ਬੋਲੀ ਅਤੇ ਭਾਸ਼ਾ ਦੇ ਸਥਾਨ ਦੀ ਪੜਚੋਲ ਕਰਨਾ ਜਾਰੀ ਰੱਖਦੇ ਹਾਂ। ਅਨੁਵਾਦ ਤੇ ਭਾਸ਼ਾਵਾਂ ਦੇ ਇਰਦ-ਗਿਰਦ ਸਟੋਰੀਆਂ ਤੇ ਸੰਵਾਦ ਰਾਹੀਂ, ਅਸੀਂ ਪਾਰੀ ਦੇ ਕੰਮ ਨੂੰ ਇਸ ਥਾਂ ਬਣਾਈ ਰੱਖਦੇ ਹਾਂ।




