ਕੋਮਲ ਨੇ ਗੱਡੀ ਫੜ੍ਹਨੀ ਹੈ। ਉਹ ਅਸਾਮ ਜਾ ਰਹੀ ਹੈ ਆਪਣੇ ਘਰ ਰੰਗਿਆ ਜੰਕਸ਼ਨ।
ਘਰ ਜਿੱਥੇ ਉਹਨੇ ਕਦੇ ਨਾ ਮੁੜਨ ਦੀ ਸੋਹੁੰ ਖਾਧੀ, ਇੱਥੋਂ ਤੱਕ ਕਿ ਜ਼ਹਿਨੀ ਤੌਰ 'ਤੇ ਪਰੇਸ਼ਾਨ ਆਪਣੀ ਮਾਂ ਨੂੰ ਨਾ ਮਿਲ਼ਣ ਦੀ ਵੀ।
ਦਿੱਲੀ ਵਿਖੇ, ਜੀਬੀ ਰੋਡ ਪੈਂਦੇ ਕੋਠਿਆਂ ਵਿੱਚ ਰਹਿਣਾ ਤੇ ਕੰਮ ਕਰਨਾ ਉਸ ਘਰ ਮੁੜਨ ਨਾਲ਼ੋਂ ਕਿਤੇ ਬਿਹਤਰ ਸੀ ਜਿੱਥੇ ਉਸ ਨਾਲ਼ ਜਿਣਸੀ-ਸ਼ੋਸ਼ਣ ਹੋਇਆ। ਉਹ ਕਹਿੰਦੀ ਹੈ ਕਿ ਜਿਹੜੇ ਘਰ ਉਹਨੂੰ ਵਾਪਸ ਭੇਜਿਆ ਜਾ ਰਿਹਾ ਹੈ, ਉੱਥੇ ਉਹਦਾ 17 ਸਾਲਾ ਭਰਾ (ਰਿਸ਼ਤੇਦਾਰ) ਵੀ ਰਹਿੰਦਾ ਹੈ ਜੋ ਕਈ ਵਾਰ ਉਹਦੀ ਇੱਜ਼ਤ ਨਾਲ਼ ਖੇਡ ਚੁੱਕਿਆ ਹੈ। ''ਮੈਂ ਉਹਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੀ। ਮੈਨੂੰ ਉਸ ਨਾਲ਼ ਨਫ਼ਰਤ ਹੈ,'' ਕੋਮਲ ਕਹਿੰਦੀ ਹੈ। ਉਹ ਅਕਸਰ ਉਹਨੂੰ ਕੁੱਟਦਾ ਤੇ ਜੇ ਉਹ ਉਹਨੂੰ ਰੋਕਦੀ ਤਾਂ ਅੱਗਿਓਂ ਉਹਦੀ ਮਾਂ ਨੂੰ ਮਾਰਨ ਤੱਕ ਦੀ ਧਮਕੀ ਦੇ ਦਿੰਦਾ। ਇੱਕ ਵਾਰ ਤਾਂ ਉਹਨੇ ਕੋਈ ਤਿੱਖੀ ਚੀਜ਼ ਕੋਮਲ ਦੇ ਮੱਥੇ 'ਤੇ ਮਾਰੀ ਸੀ।
''ਹੇਕਾਰੋਨੇ ਮੁਰ ਘੌਰ ਜਾਬੋ ਮੌਨ ਨਾਈ। ਮੋਈ ਕਿਮਾਨ ਬਾਰ ਕੋਇਸੂ ਹਿਹੋਟੋਕ (ਬੱਸ ਇਸੇ ਕਾਰਨ ਮੈਂ ਘਰ ਨਹੀਂ ਜਾਣਾ ਚਾਹੁੰਦੀ ਤੇ ਇਹ ਗੱਲ ਮੈਂ ਕਈ ਵਾਰ ਦੱਸ ਵੀ ਚੁੱਕੀ ਹਾਂ),'' ਪੁਲਿਸ ਨਾਲ਼ ਹੋਈ ਆਪਣੀ ਗੱਲਬਾਤ ਦਾ ਜ਼ਿਕਰ ਕਰਦਿਆਂ ਕੋਮਲ ਕਹਿੰਦੀ ਹੈ। ਗੱਲ ਸੁਣਨ ਦੀ ਬਜਾਇ, ਪੁਲਿਸ ਨੇ ਕੋਮਲ ਨੂੰ 35 ਘੰਟਿਆਂ ਦੀ ਲੰਬੀ ਯਾਤਰਾ 'ਤੇ ਤੋਰ ਦਿੱਤਾ, ਬਗ਼ੈਰ ਕਿਸੇ ਬੰਦੋਬਸਤ ਦੇ... ਨਾ ਉਸ ਕੋਲ਼ ਕੋਈ ਸਿਮ ਕਾਰਡ ਸੀ ਤੇ ਨਾ ਹੀ ਉਹਦੀ ਸੁਰੱਖਿਆ ਦੇ ਲਿਹਾਜ਼ ਤੋਂ ਕੋਈ ਪੁਖ਼ਤਾ ਇੰਤਜ਼ਾਮ।ਪੁਲਿਸ ਨੇ ਇਹ ਵੀ ਨਾ ਸੋਚਿਆ ਕਿ ਘਰੇ ਜੇ ਉਹਦੇ ਨਾਲ਼ ਦੋਬਾਰਾ ਹਿੰਸਾ ਹੋਈ ਤਾਂ ਕੀ ਕਦਮ ਚੁੱਕਣਾ ਹੈ।
ਕੋਮਲ ਨੂੰ ਹਕੀਕਤ ਵਿੱਚ ਤਸਕਰੀ ਦੇ ਸ਼ਿਕਾਰ ਨਾਬਾਲਗਾਂ ਤੇ ਨੌਜਵਾਨਾਂ ਦੀਆਂ ਜ਼ਰੂਰਤਾਂ ਲਈ ਖਾਸ ਸੇਵਾਵਾਂ ਦੀ ਲੋੜ ਸੀ।





