ਲਕਸ਼ਮੀਬਾਈ ਕਾਲੇ ਹਰ ਸਾਲ ਆਪਣੀ ਫ਼ਸਲ ਦਾ ਇੱਕ ਹਿੱਸਾ ਹੱਥੋਂ ਗੁਆ ਰਹੀ ਹਨ। ਇਹਦਾ ਕਾਰਨ ਵਿਤੋਂਵੱਧ ਵਰਖਾ, ਸੋਕਾ ਜਾਂ ਖ਼ਰਾਬ ਖੇਤੀ ਤਕਨੀਕਾਂ ਨਹੀਂ ਹਨ। "ਸਾਡੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ ਜਾਂਦੀਆਂ ਹਨ," 60 ਸਾਲਾ ਲਕਸ਼ਮੀਬਾਈ ਨੇ ਕਿਹਾ,"ਕਿਉਂਕਿ ਪੰਚਾਇਤ ਡੰਗਰਾਂ ਨੂੰ ਉਸੇ ਜ਼ਮੀਨ 'ਤੇ ਚਰਨ ਦੀ ਆਗਿਆ ਦਿੰਦੀ ਹੈ। ਅਸੀਂ ਜਿੰਨੇ ਨੁਕਸਾਨ ਝੱਲੇ ਹਨ, ਉਨ੍ਹਾਂ ਦੀ ਗਿਣਤੀ ਵੀ ਮੈਨੂੰ ਯਾਦ ਨਹੀਂ।"
ਲਕਸ਼ਮੀਬਾਈ ਅਤੇ ਉਨ੍ਹਾਂ ਦੇ ਪਤੀ ਵਾਮਨ, ਨਾਸਿਕ ਜਿਲ੍ਹੇ ਦੇ ਮੋਹਾਦੀ ਪਿੰਡ ਵਿੱਚ ਜਿਸ ਪੰਜ ਏਕੜ ਦੀ ਪੈਲੀ ਵਿੱਚ ਤਿੰਨ ਦਹਾਕਿਆਂ ਤੋਂ ਖੇਤੀ ਕਰਦੇ ਆ ਰਹੇ ਹਨ, ਉਹ ਗਾਇਰਾਨ ਦਾ ਇੱਕ ਹਿੱਸਾ ਹੈ ਜੋ ਸਰਕਾਰ ਦੁਆਰਾ ਨਿਯੰਤਰਿਤ ਪਿੰਡ ਦੀ ਸਾਂਝੀ ਜ਼ਮੀਨ ਹੈ ਜਿਹਦੀ ਵਰਤੋਂ ਚਰਾਗਾਹ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਉਹ ਉੱਥੇ ਅਰਹਰ, ਬਾਜਰਾ, ਜਵਾਰ ਅਤੇ ਝੋਨਾ ਪੈਦਾ ਕਰਦੇ ਹਨ। "ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਗ੍ਰਾਮੀਣਾਂ ਨੂੰ ਆਪਣੀ ਭੂਮੀ 'ਤੇ ਡੰਗਰਾਂ ਨੂੰ ਚਰਾਉਣ ਦੀ ਆਗਿਆ ਨਾ ਦਿੱਤੀ, ਤਾਂ ਉਹ ਸਾਡੇ ਖਿਲਾਫ਼ ਮਾਮਲਾ ਦਰਜ਼ ਕਰਨਗੇ," ਲਕਸ਼ਮੀਬਾਈ ਨੇ ਦੱਸਿਆ।
ਲਕਸ਼ਮੀਬਾਈ ਅਤੇ ਡਿੰਡੋਰੀ ਤਾਲੁਕਾ ਦੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨ 1992 ਤੋਂ ਹੀ ਆਪਣੀ ਜ਼ਮੀਨ ਦੇ ਅਧਿਕਾਰਾਂ ਲਈ ਲੜ ਰਹੇ ਹਨ। "ਮੈਂ ਇਸ ਜ਼ਮੀਨ 'ਤੇ ਵਾਹੀ ਕਰਨ ਵਾਲੀ (ਪਰਿਵਾਰਕ) ਤੀਜੀ ਪੀੜ੍ਹੀ 'ਚੋਂ ਹਾਂ, ਪਰ ਅਸੀਂ ਹਾਲੇ ਵੀ ਇਹਦੇ ਮਾਲਕ ਨਹੀਂ ਹਾਂ," ਉਨ੍ਹਾਂ ਨੇ ਕਿਹਾ। "2002 ਵਿੱਚ, ਅਸੀਂ ਆਪਣੇ ਭੂਮੀ ਅਧਿਕਾਰਾਂ ਲਈ ਸਤਿਆਗ੍ਰਹਿ ਕੀਤਾ ਅਤੇ ਜੇਲ੍ਹ ਭਰੋ ਅੰਦੋਲਨ ਵੀ ਚਲਾਇਆ।" ਉਸ ਸਮੇਂ, ਕਰੀਬ 1,500 ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੇਰੀਆਂ ਔਰਤਾਂ ਸਨ, ਨੇ 17 ਦਿਨ ਨਾਸਿਕ ਸੈਂਟਰਲ ਜੇਲ੍ਹ ਵਿੱਚ ਬਿਤਾਏ, ਉਹ ਯਾਦ ਕਰਦੀ ਹਨ।
ਜ਼ਮੀਨ 'ਤੇ ਮਾਲਿਕਾਨਾ ਹੱਕ ਨਾ ਹੋਣ ਦੇ ਕਾਰਨ, ਲਕਸ਼ਮੀਬਾਈ ਨੂੰ, ਜੋ ਲੋਹਾਰ ਜਾਤ ਨਾਲ਼ ਸਬੰਧ ਰੱਖਦੀ ਹਨ-ਮਹਾਂਰਾਸ਼ਟਰ ਵਿੱਚ ਹੋਰ ਪਿਛੜੇ ਵਰਗ ਦੇ ਰੂਪ ਵਿੱਚ ਸੂਚੀਬੱਧ-ਫ਼ਸਲ ਦੇ ਨੁਕਸਾਨ ਨਾਲ਼ ਨਜਿੱਠਣ ਵਿੱਚ ਕੋਈ ਮਦਦ ਨਹੀਂ ਮਿਲ਼ਦੀ। "ਕਿਉਂਕਿ ਜ਼ਮੀਨ ਸਾਡੇ ਨਾਂ ਹੇਠ ਨਹੀਂ ਹੈ, ਇਸ ਲਈ ਸਾਨੂੰ ਕਰਜਾ/ਬੀਮਾ (ਫ਼ਸਲ) ਨਹੀਂ ਮਿਲ਼ਦਾ," ਉਨ੍ਹਾਂ ਨੇ ਕਿਹਾ। ਇਹਦੀ ਬਜਾਇ ਉਹ ਬਤੌਰ ਖੇਤ ਮਜ਼ਦੂਰ ਕੰਮ ਕਰਕੇ ਨੁਕਸਾਨ ਦੀ ਪੂਰਤੀ ਕਰਦੀ ਹਨ, ਕਦੇ-ਕਦਾਈਂ ਜ਼ਿਆਦਾ ਕਮਾਉਣ ਲਈ ਇੱਕ ਦਿਨ ਵਿੱਚ ਅੱਠ-ਅੱਠ ਘੰਟੇ ਦੀਆਂ ਦੋ ਸ਼ਿਫ਼ਟਾਂ ਲਾਉਂਦੀ ਹਨ।
ਭੀਲ ਆਦਿਵਾਸੀ ਕਿਸਾਨ ਅਤੇ ਵਿਧਵਾ, 55 ਸਾਲਾ ਵਿਜਾਬਾਈ ਗੰਗੁਰਦੇ ਦੀ ਹਾਲਤ ਵੀ ਕੁਝ-ਕੁਝ ਅਜਿਹੀ ਹੀ ਹੈ। ਉਹ ਮੋਹਾਦੀ ਦੀ ਆਪਣੀ ਜ਼ਮੀਨ ਦੇ ਆਸਰੇ ਜਿਊਂਦੀ ਨਹੀਂ ਰਹਿ ਸਕਦੀ। "ਆਪਣੀ ਦੋ ਏਕੜ ਜ਼ਮੀਨ ਵਿੱਚ ਅੱਠ ਘੰਟੇ ਕਰਨ ਤੋਂ ਬਾਦ, ਮੈਂ (ਕਿਸੇ ਹੋਰ ਦੀ ਜ਼ਮੀਨ 'ਤੇ) ਬਤੌਰ ਖੇਤ ਮਜ਼ਦੂਰ ਅੱਠ ਘੰਟੇ ਕੰਮ ਕਰਦੀ ਹਾਂ," ਵਿਜਾਬਾਈ ਨੇ ਕਿਹਾ, ਜਿਨ੍ਹਾਂ ਦੇ ਦਿਨ ਦੋ ਸ਼ਿਫਟਾਂ ਵਿੱਚ ਵੰਡੇ ਹੋਏ ਹਨ, ਅਤੇ ਕੰਮ ਦੀ ਸ਼ੁਰੂਆਤ ਸਵੇਰੇ 7 ਵਜੇ ਤੋਂ ਹੁੰਦੀ ਹੈ।
"ਪਰ ਮੈਂ ਸਾਹੂਕਾਰ ਤੋਂ ਕਰਜਾ ਲੈਣ ਦੀ ਕਦੇ ਕੋਸ਼ਿਸ਼ ਨਹੀਂ ਕਰਦੀ," ਉਨ੍ਹਾਂ ਅੱਗੇ ਕਿਹਾ। "ਸਾਹੂਕਾਰ ਹਰੇਕ 100 ਰੁਪਏ ਕਰਜੇ ਦੇ ਬਦਲੇ 10 ਰੁਪਏ ਵਿਆਜ ਲੈਂਦੇ ਹਨ, ਜਿਸਨੂੰ ਮਹੀਨੇ ਦੇ ਅੰਤ ਵਿੱਚ ਚੁਕਾਉਣਾ ਹੁੰਦਾ ਹੈ।" ਲਕਸ਼ਮੀਬਾਈ ਵੀ ਨਿੱਜੀ ਸਾਹੂਕਾਰਾਂ ਤੋਂ ਦੂਰ ਰਹਿੰਦੀ ਹਨ। "ਸਾਹੂਕਾਰਾਂ ਨੇ ਆਸਪਾਸ ਦੇ ਪਿੰਡ ਵਿੱਚ ਵਿਧਵਾਵਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ," ਉਨ੍ਹਾਂ ਨੇ ਕਿਹਾ।








