ਇਸ ਸਮੇਂ ਕੁਨੋ ਚੀਤਿਆਂ ਨਾਲ਼ ਜੁੜੀ ਜਾਣਕਾਰੀ ਰਾਸ਼ਟਰੀ ਸੁਰੱਖਿਆ ਨਾਲ਼ ਜੁੜੀ ਹੋਈ ਹੈ। ਇਸ ਜਾਣਕਾਰੀ ਦੇ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਭਾਰਤ ਨਾਲ਼ ਵਿਦੇਸ਼ੀ ਸਬੰਧਾਂ 'ਤੇ ਮਾੜਾ ਅਸਰ ਪਾ ਸਕਦੀ ਹੈ।
ਜਾਂ ਕਹਿ ਲਵੋ ਕਿ ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਸਰਕਾਰ ਨੇ ਜੁਲਾਈ 2024 ਵਿੱਚ ਸੂਚਨਾ ਦੇ ਅਧਿਕਾਰ (ਆਰਟੀਆਈ) ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਚੀਤੇ ਦੇ ਪ੍ਰਬੰਧਨ ਬਾਰੇ ਵੇਰਵੇ ਮੰਗੇ ਗਏ ਸਨ। ਆਰਟੀਆਈ ਅਰਜ਼ੀ ਦਾਇਰ ਕਰਨ ਵਾਲ਼ੇ ਭੋਪਾਲ ਦੇ ਕਾਰਕੁਨ ਅਜੇ ਦੂਬੇ ਨੇ ਕਿਹਾ, "ਸ਼ੇਰਾਂ ਬਾਰੇ ਸਾਰੀ ਜਾਣਕਾਰੀ ਪਾਰਦਰਸ਼ੀ ਹੈ, ਫਿਰ ਚੀਤਿਆਂ ਬਾਰੇ ਇੰਝ ਕਿਉਂ ਨਹੀਂ? ਜੰਗਲੀ ਜੀਵ ਪ੍ਰਬੰਧਨ ਦੇ ਮਾਮਲੇ ਵਿੱਚ ਪਾਰਦਰਸ਼ਤਾ ਇਸ ਦਾ ਮੁੱਖ ਮਾਪਦੰਡ ਹੈ।
ਕੁਨੋ ਪਾਰਕ (ਅਭਿਆਨ) ਦੇ ਨਾਲ਼ ਲੱਗਦੇ ਪਿੰਡ ਅਗਾਰਾ ਦੇ ਰਹਿਣ ਵਾਲ਼ੇ ਰਾਮਗੋਪਾਲ ਨੂੰ ਅਜੇ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਨਾਲ਼ ਸਾਡੀ ਰਾਸ਼ਟਰੀ ਸੁਰੱਖਿਆ ਅਤੇ ਕੂਟਨੀਤਕ ਸਬੰਧਾਂ ਨੂੰ ਭਲ਼ਾ ਕੀ ਖਤਰਾ ਹੋ ਸਕਦਾ ਸੀ। ਇਹ ਅਜਿਹੀਆਂ ਗੱਲਾਂ ਹਨ ਜੋ ਉਨ੍ਹਾਂ ਨੂੰ ਚਿੰਤਤ ਕਰਦੀਆਂ ਰਹਿੰਦੀਆਂ ਹਨ।
ਹਾਲ ਹੀ ਵਿੱਚ ਉਨ੍ਹਾਂ ਟਰੈਕਟਰ ਰਾਹੀਂ ਖੇਤੀ ਕਰਨੀ ਸ਼ੁਰੂ ਕੀਤੀ ਹੈ। ਇਹ ਰਾਤੋ-ਰਾਤ ਨਹੀਂ ਹੋਇਆ ਕਿ ਅਚਾਨਕ ਉਨ੍ਹਾਂ ਕੋਲ਼ ਪੈਸਾ ਆਇਆ ਤੇ ਉਨ੍ਹਾਂ ਬਲ਼ਦ ਛੱਡ ਮਸ਼ੀਨਰੀ ਖਰੀਦ ਲਈ। ਉਹ ਤਾਂ ਅਜਿਹੀ ਅਮੀਰੀ ਤੋਂ ਕੋਹਾਂ ਦੂਰ ਹਨ।
''ਮੋਦੀ ਜੀ ਨੇ ਸਾਨੂੰ ਆਦੇਸ਼ ਦਿੱਤਾ ਹੈ ਕਿ ਅਸੀਂ ਆਪਣੇ ਬਲ਼ਦਾਂ ਨੂੰ ਖੁੱਲ੍ਹੇ ਨਾ ਛੱਡੀਏ। ਡੰਗਰਾਂ ਨੂੰ ਚਰਾਉਣ ਦੀ ਇੱਕੋ-ਇੱਕ ਥਾਂ ਵੀ ਕੁਨੋ ਹੀ ਹੈ ਪਰ ਜੇ ਅਸੀਂ ਉੱਥੇ ਬਲਦਾਂ ਨੂੰ ਚਰਾਉਣ ਗਏ ਤਾਂ ਜੰਗਲ ਰੇਂਜਰ ਸਾਨੂੰ ਫੜ੍ਹ ਲੈਣਗੇ ਜੇਲ੍ਹੀਂ ਡੱਕ ਦੇਣਗੇ। ਅਸੀਂ ਇਸ ਸਭ ਤੋਂ ਬਚਣ ਲਈ ਟਰੈਕਟਰ ਕਿਰਾਏ 'ਤੇ ਲੈਣਾ ਬਿਹਤਰ ਸਮਝਿਆ।
ਪਰ ਰਾਮਗੋਪਾਲ ਦਾ ਪਰਿਵਾਰ ਟਰੈਕਟਰ ਦਾ ਕਿਰਾਇਆ ਚੁੱਕਣ ਦੀ ਸਥਿਤੀ ਵਿੱਚ ਨਹੀਂ ਹੈ। ਉਨ੍ਹਾਂ ਦਾ ਪਰਿਵਾਰ ਗ਼ਰੀਬੀ ਰੇਖਾ ਤੋਂ ਹੇਠਾਂ ਹੈ। ਕੁਨੋ ਨੈਸ਼ਨਲ ਪਾਰਕ ਚੀਤਿਆਂ ਦਾ ਘਰ ਬਣ ਗਿਆ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਖੁੱਸ ਗਈ ਅਤੇ ਗੰਭੀਰ ਘਾਟੇ ਝੱਲਣੇ ਪਏ।






















