"ਪੰਖੇ ਵਾਲੇ [ਵਿੰਡਮਿੱਲਾਂ], ਬਲੇਡ ਵਾਲੇ [ਸੋਲਰ ਪਾਵਰ ਫਾਰਮ] ਸਾਡੇ ਓਰੋਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ,'' ਸੌਂਟਾ ਪਿੰਡ ਦੇ ਰਹਿਣ ਵਾਲ਼ੇ ਸੁਮੇਰ ਸਿੰਘ ਭਾਟੀ ਕਹਿੰਦੇ ਹਨ। ਉਹ ਇੱਕ ਕਿਸਾਨ ਅਤੇ ਚਰਵਾਹਾ ਹੈ ਅਤੇ ਉਸਦਾ ਘਰ ਜੈਸਲਮੇਰ ਜ਼ਿਲ੍ਹੇ ਦੇ ਦੇਗਰਾਈ ਓਰਾਨ ਦੇ ਨੇੜੇ ਹੈ।
ਓਰਾਨ ਇੱਕ ਕੁਦਰਤੀ ਬਾਗ਼ (ਛੋਟਾ ਜੰਗਲ) ਹੈ, ਜਿਸਨੂੰ ਇੱਕ ਸਾਂਝੀ ਜਾਇਦਾਦ ਅਤੇ ਸਰੋਤ ਮੰਨਿਆ ਜਾਂਦਾ ਹੈ। ਇੱਥੇ ਕੋਈ ਵੀ ਆ-ਜਾ ਸਕਦਾ ਹੈ। ਹਰੇਕ ਓਰਾਨ ਦਾ ਇੱਕ ਦੇਵਤਾ ਹੁੰਦਾ ਹੈ, ਜਿਸਨੂੰ ਆਲ਼ੇ-ਦੁਆਲ਼ੇ ਦੇ ਪਿੰਡ ਵਾਸੀਆਂ ਦੁਆਰਾ ਪੂਜਿਆ ਜਾਂਦਾ ਹੈ ਅਤੇ ਆਲ਼ੇ-ਦੁਆਲ਼ੇ ਦੀ ਜ਼ਮੀਨ ਨੂੰ ਉੱਥੇ ਰਹਿਣ ਵਾਲ਼ੇ ਭਾਈਚਾਰਿਆਂ ਦੁਆਰਾ ਕਬਜ਼ੇ-ਮੁਕਤ ਰੱਖਿਆ ਜਾਂਦਾ ਹੈ। ਓਰਾਨ ਦੇ ਦਰੱਖਤਾਂ ਨੂੰ ਕੱਟਿਆ ਨਹੀਂ ਜਾ ਸਕਦਾ, ਸਿਰਫ਼ ਸੁੱਕੀ ਤੇ ਹੇਠਾਂ ਡਿੱਗੀ ਲੱਕੜ ਨੂੰ ਹੀ ਬਾਲ਼ਣ ਵਜੋਂ ਵਰਤਣ ਲਈ ਚੁੱਕਿਆ ਜਾ ਸਕਦਾ ਹੈ ਅਤੇ ਉਸ ਜ਼ਮੀਨ 'ਤੇ ਕੋਈ ਉਸਾਰੀ ਦਾ ਕੰਮ ਨਹੀਂ ਕੀਤਾ ਜਾਂਦਾ। ਓਰਾਨ ਦੇ ਜਲ-ਭੰਡਾਰਾਂ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ।
ਹਾਲਾਂਕਿ, ਸੁਮੇਰ ਸਿੰਘ ਕਹਿੰਦੇ ਹਨ, "ਉਨ੍ਹਾਂ (ਨਵਿਆਉਣਯੋਗ ਊਰਜਾ ਕੰਪਨੀਆਂ) ਨੇ ਸਦੀਆਂ ਪੁਰਾਣੇ ਦਰੱਖਤਾਂ ਨੂੰ ਕੱਟ ਦਿੱਤਾ ਹੈ ਅਤੇ ਘਾਹ ਤੇ ਝਾੜੀਆਂ ਨੂੰ ਉਖਾੜ ਦਿੱਤਾ ਹੈ। ਇਓਂ ਜਾਪਦਾ ਹੈ ਜਿਓਂ ਉਨ੍ਹਾਂ ਨੂੰ ਕੋਈ ਰੋਕਣ ਵਾਲ਼ਾ ਈ ਨਹੀਂ।"
ਸੁਮੇਰ ਸਿੰਘ ਦੇ ਇਸ ਗੁੱਸੇ ਵਿੱਚ ਦਰਅਸਲ ਜੈਸਲਮੇਰ ਦੇ ਸੈਂਕੜੇ ਪਿੰਡਾਂ ਵਿੱਚ ਰਹਿਣ ਵਾਲ਼ੇ ਵਸਨੀਕਾਂ ਦਾ ਗੁੱਸਾ ਵੀ ਸ਼ਾਮਲ ਹੈ, ਜੋ ਮਹਿਸੂਸ ਕਰਦੇ ਹਨ ਕਿ ਨਵਿਆਉਣਯੋਗ ਊਰਜਾ (ਆਰ.ਈ.) ਕੰਪਨੀਆਂ ਨੇ ਜ਼ਬਰਦਸਤੀ ਓਰੇਨ 'ਤੇ ਕਬਜ਼ਾ ਕਰ ਲਿਆ ਹੈ। ਉਹ ਕਹਿੰਦੇ ਹਨ ਕਿ ਪਿਛਲੇ ਪੰਦਰਾਂ ਸਾਲਾਂ ਵਿੱਚ ਜ਼ਿਲ੍ਹੇ ਵਿੱਚ ਹਜ਼ਾਰਾਂ ਹੈਕਟੇਅਰ ਜ਼ਮੀਨ ਨੂੰ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਅਤੇ ਮਾਈਕਰੋ-ਗਰਿੱਡਾਂ ਵਾਲ਼ੇ ਸੋਲਰ ਪਾਵਰ ਪਲਾਂਟਾਂ ਦੇ ਹਵਾਲ਼ੇ ਕਰ ਦਿੱਤਾ ਗਿਆ ਹੈ। ਇਸ ਸਭ ਨੇ ਸਥਾਨਕ ਵਾਤਾਵਰਣ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ ਅਤੇ ਉਨ੍ਹਾਂ ਲੋਕਾਂ ਦੀ ਰੋਜ਼ੀਰੋਟੀ ਨੂੰ ਪ੍ਰਭਾਵਤ ਕੀਤਾ ਹੈ ਜੋ ਇਨ੍ਹਾਂ ਜੰਗਲਾਂ 'ਤੇ ਨਿਰਭਰ ਕਰਦੇ ਹਨ।
"ਜਾਨਵਰਾਂ ਲਈ ਘਾਹ ਚਰਾਉਣ ਲਈ ਕੋਈ ਥਾਂ ਨਹੀਂ ਬਚੀ ਹੈ। ਮਾਰਚ ਵਿੱਚ ਹੀ ਘਾਹ ਸੁੱਕ ਗਿਆ ਹੈ ਅਤੇ ਹੁਣ ਸਾਡੇ ਪਸ਼ੂਆਂ ਲਈ ਚਾਰੇ ਦੇ ਨਾਮ 'ਤੇ ਕੇਰ ਅਤੇ ਕੇਜਰੀ ਦਰੱਖਤਾਂ ਦੇ ਪੱਤੇ ਹੀ ਬਚੇ ਹਨ। ਜਾਨਵਰਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ ਅਤੇ ਇਸ ਲਈ ਉਹ ਘੱਟ ਦੁੱਧ ਦਿੰਦੇ ਹਨ। ਜਿਹੜੇ ਜਾਨਵਰ ਇੱਕ ਦਿਨ ਵਿੱਚ ਪੰਜ ਲਿਟਰ ਦੁੱਧ ਦਿੰਦੇ ਸਨ, ਉਹ ਹੁਣ ਮੁਸ਼ਕਿਲ ਨਾਲ਼ ਦੋ ਲੀਟਰ ਦੁੱਧ ਦਿੰਦੇ ਹਨ," ਆਜੜੀ ਜੋਰਾ ਰਾਮ ਕਹਿੰਦੇ ਹਨ।
ਅਰਧ-ਖੁਸ਼ਕ ਘਾਹ ਦੇ ਮੈਦਾਨਾਂ ਵਾਲ਼ੇ ਓਰਾਨ ਸਥਾਨਕ ਭਾਈਚਾਰਿਆਂ ਦੇ ਲਾਭ ਪੱਖੋਂ ਬਹੁਤ ਉਪਯੋਗੀ ਹਨ। ਉਹ ਆਪਣੇ ਆਲ਼ੇ-ਦੁਆਲ਼ੇ ਰਹਿਣ ਵਾਲ਼ੇ ਹਜ਼ਾਰਾਂ ਲੋਕਾਂ ਨੂੰ ਹਰਾ ਘਾਹ, ਚਾਰਾ, ਜਾਨਵਰਾਂ ਲਈ ਪਾਣੀ ਅਤੇ ਲੱਕੜਾਂ ਪ੍ਰਦਾਨ ਕਰਦੇ ਹਨ।





























