ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।

' ਸਿੱਕਮ ਵਿੱਚ 300 ਹਿਮਾਲੀਅਨ ਯਾਕਾਂ ਦੀ ਭੁੱਖ ਨਾਲ਼ ਮੌਤ '
' ਉੱਤਰੀ ਸਿੱਕਮ ਵਿੱਚ ਬਰਫ਼ ਵਿੱਚ ਫਸੇ ਕਰੀਬ 300 ਯਾਕਾਂ ਦੀ ਭੁੱਖ ਨਾਲ਼ ਮੌਤ '
' ਪਿਘਲਦੀ ਬਰਫ਼ ਨੇ ਸਿੱਕਮ ਯਾਕ ਤ੍ਰਾਸਦੀ ਨੂੰ ਨੰਗਿਆਂ ਕੀਤਾ'

ਇਸ ਸਾਲ 12 ਮਈ ਦੀ ਇਨ੍ਹਾਂ ਸੁਰਖੀਆਂ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਇੱਕ ਫ਼ੋਟੋ ਜਰਨਲਿਸਟ ਦੇ ਰੂਪ ਵਿੱਚ ਹਿਮਾਲਿਆ ਦੀਆਂ ਆਪਣੀਆਂ ਯਾਤਰਾਵਾਂ ਤੋਂ ਮੈਨੂੰ ਪਤਾ ਚੱਲਿਆ ਕਿ ਇਨ੍ਹਾਂ ਜਾਨਵਰਾਂ ਨੂੰ ਪਾਲਣ ਵਾਲ਼ੇ ਖਾਨਾਬਦੋਸ਼ ਇਨ੍ਹਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ. ਉਨ੍ਹਾਂ ਵਿਸ਼ਾਲ ਪਹਾੜਾਂ ਦੇ ਮਹੱਤਵਪੂਰਨ ਹਿੱਸਿਆਂ ਦੇ ਉਸ ਪਾਰ, ਕਾਫੀ ਉੱਚਾਈ 'ਤੇ ਰਹਿਣ ਵਾਲ਼ੇ ਆਜੜੀਆਂ ਲਈ ਇਹ ਯਾਕ ਹੀ ਜੀਵਨ ਰੇਖਾ ਹਨ- ਖਾਨਾਬਦੋਸ਼ ਆਜੜੀ ਇਨ੍ਹਾਂ ਡੰਗਰਾਂ ਨੂੰ ਗਰਮੀ ਅਤੇ ਸਰਦੀ ਦੇ ਮੌਸਮ ਅਨੁਸਾਰ ਪੱਕੀਆਂ ਚਰਾਦਾਂ ਵਿੱਚ ਲੈ ਜਾਂਦੇ ਹਨ। ਯਾਕ ਉਨ੍ਹਾਂ ਦੀ ਕਮਾਈ ਦਾ ਮੁੱਢਲਾ ਵਸੀਲਾ ਅਤੇ ਸਰਦੀਆਂ ਦੇ ਸਮੇਂ ਭੋਜਨ/ਅਨਾਜ ਦਾ ਵਸੀਲਾ ਹਨ।

ਇਨ੍ਹਾਂ ਸੁਰਖੀਆਂ ਵਾਲ਼ੇ ਕੁਝ ਲੇਖਾਂ ਨੇ ਯਾਕ ਦੀਆਂ ਮੌਤਾਂ ਨੂੰ ਗਲੋਬਲ ਵਾਰਮਿੰਗ ਨਾਲ਼ ਜੋੜ ਦਿੱਤਾ। ਇਹ ਸਪੱਸ਼ਟ ਸੀ ਕਿ ਜੇਕਰ ਇਨ੍ਹਾਂ ਕਠੋਰ ਡੰਗਰਾਂ 'ਤੇ ਇੰਨੀ ਮਾਰ ਪੈ ਰਹੀ ਹੈ, ਤਾਂ ਉਨ੍ਹਾਂ ਦੇ ਮਾਲਕ ਵੀ ਮੁਸੀਬਤ ਵਿੱਚ ਹੀ ਹੋਣਗੇ। ਮੈਂ ਲੱਦਾਖ ਦੀ ਹਾਨਲੇ ਘਾਟੀ ਦੇ ਚਾਂਗਪਾ ਪਰਿਵਾਰਾਂ ਕੋਲ਼ ਦੋਬਾਰਾ ਜਾਣ ਅਤੇ ਇਹ ਦੇਖਣ ਦਾ ਇਰਾਦਾ ਕੀਤਾ ਕਿ ਉਹ ਦੋਵੇਂ ਕਿਵੇਂ ਆਪਣਾ ਜੀਵਨ ਬਸਰ ਕਰ ਰਹੇ ਹਨ।

ਭਾਰਤ ਵਿੱਚ ਚਾਂਗਥਾਂਗ ਖੇਤਰ- ਤਿੱਬਤੀ ਪਠਾਰ ਦੇ ਇੱਕ ਪੱਛਮੀ ਵਿਸਤਾਰ- ਦੇ ਚਾਂਗਪਾ ਕਸ਼ਮੀਰੀ ਉੱਨ ਦੇ ਸਭ ਤੋਂ ਵੱਡੇ ਉਦਪਾਦਕਾਂ ਵਿੱਚੋਂ ਇੱਕ ਹਨ ਅਤੇ ਉਹ ਯਾਕ ਵੀ ਪਾਲਦੇ ਹਨ। ਲੇਹ ਜਿਲ੍ਹੇ ਦੇ ਨਿਓਮਾ ਬਲਾਕ ਦੀ ਹਾਨਲੇ ਘਾਟੀ ਚਾਂਗਪਾ ਦੀਆਂ ਵੱਖੋ-ਵੱਖ ਆਜੜੀ ਇਕਾਈਆਂ-ਡੀਕ, ਖਰਲੂਗ, ਮਾਕ, ਰਾਕ ਅਤੇ ਯੁਲਪਾ, ਦਾ ਘਰ ਹੈ। ਡੀਕ ਅਤੇ ਰਾਕ ਉੱਥੋਂ ਦੇ ਬੇਹਤਰੀਨ ਯਾਕ ਆਜੜੀ ਹਨ।

"ਅਸੀਂ ਬਹੁਤ ਸਾਰੇ ਯਾਕਾਂ ਨੂੰ ਗੁਆ ਰਹੇ ਹਾਂ," ਹਾਨਲੇ ਦੇ 35 ਸਾਲਾ ਝਾਮਪਾਲ ਸਰਿੰਗ ਕਹਿੰਦੇ ਹਨ ਜੋ ਕਿ ਇੱਕ ਮਾਹਰ ਆਜੜੀ ਹਨ। "ਹੁਣ, ਇੱਥੇ (ਉੱਚੇ ਪਹਾੜਾਂ) ਦਾ ਮੌਸਮ ਅਣਕਿਆਸਿਆ ਹੈ।" ਮੈਂ ਘਾਟੀ ਦੇ ਖਲਡੋ ਪਿੰਡ ਦੇ ਸੋਨਮ ਦੋਰਜੀ ਦੀ ਬਦੌਲਤ ਸੇਰਿੰਗ ਨਾਲ਼ ਮਿਲਿਆ, ਜੋ ਭਾਰਤੀ ਖਗੋਲ ਪ੍ਰੇਖਣਸ਼ਾਲਾ ਵਿੱਚ ਕੰਮ ਕਰਦੇ ਹਨ। ਸੇਰਿੰਗ ਨੇ ਕਰੀਬ 14,000 ਫੁੱਟ ਦੀ ਉੱਚਾਈ 'ਤੇ ਸਥਿਤ ਤਕਨਾਕਪੋ ਚਰਾਂਦ ਵਿੱਚ, ਆਪਣੇ ਵੱਡੇ ਸਾਰੇ ਖੁਰ (ਲੱਦਾਖੀ ਭਾਸ਼ਾ ਵਿੱਚ ਸੈਨਾ ਦੇ ਤੰਬੂ) ਵਿੱਚ ਸਾਡੇ ਨਾਲ਼ ਗੱਲ ਕੀਤੀ।

ਸਿੱਕਮ ਵਿੱਚ ਮਈ 2019 ਵਿੱਚ ਤਬਾਹੀ ਤੋਂ ਤਿੰਨ ਸਾਲ ਪਹਿਲਾਂ, ਨੇਪਾਲ ਸਥਿਤ ਇੰਟਰਨੈਸ਼ਨਲ ਸੈਂਟਰ ਆਫ ਇੰਟੀਗ੍ਰੇਟੇਡ ਮਾਊਂਟੇਨ ਡੇਵਲਪਮੈਂਟ ਨੇ ਇੱਕ ਪੇਪਰ ਪ੍ਰਕਾਸ਼ਤ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ "ਭੂਟਾਨ, ਭਾਰਤ ਅਤੇ ਨੇਪਾਲ ਵਿੱਚ ਯਾਕ ਦੀ ਅਬਾਦੀ ਵਿੱਚ ਹਾਲ ਦੇ ਸਾਲਾਂ ਵਿੱਚ ਨਿਘਾਰ ਦੇਖਿਆ ਗਿਆ ਹੈ।" ਖੋਜਕਰਤਾਵਾਂ ਨੇ ਦੇਖਿਆ ਕਿ ਭਾਰਤ ਵਿੱਚ ਯਾਕ ਦੀ ਅਬਾਦੀ ਵਿੱਚ ਨਿਘਾਰ ਆਇਆ ਹੈ ਅਤੇ ਇਹ "1977 ਦੇ 132,000 ਤੋਂ 1997 ਵਿੱਚ 51,000 'ਤੇ ਆ ਗਿਆ ਹੈ।" ਸਿਰਫ਼ ਤਿੰਨ ਦਹਾਕਿਆਂ ਵਿੱਚ 60 ਫੀਸਦੀ ਤੋਂ ਵੱਧ ਦੀ ਗਿਰਾਵਟ।

ਸਥਾਨਕ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲੇਹ ਜਿਲ੍ਹੇ ਵਿੱਚ ਯਾਕ ਦੀ ਅਬਾਦੀ 1991 ਦੇ 30,000 ਤੋਂ ਘਟ ਕੇ 2010 ਵਿੱਚ 13,000 ਹੋ ਗਈ। ਇਹ ਦੋ ਦਹਾਕਿਆਂ ਵਿੱਚ 57 ਫੀਸਦੀ ਦੀ ਗਿਰਾਵਟ ਹੈ। ਸਥਾਨਕ ਅੰਕੜਿਆਂ ਅਤੇ 'ਅਧਿਕਾਰਤ' ਅੰਕੜਿਆਂ ਵਿੱਚ ਫ਼ਰਕ ਦਿੱਸਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 2012 ਵਿੱਚ ਇਸ ਜਿਲ੍ਹੇ ਵਿੱਚ ਯਾਕ ਦੀ ਸੰਖਿਆ 18,877 ਸੀ (ਇਹ ਵੀ 21 ਸਾਲਾਂ ਵਿੱਚ 37 ਫੀਸਦੀ ਦੀ ਗਿਰਾਵਟ ਹੈ)।

PHOTO • Ritayan Mukherjee

ਲੱਦਾਖ ਦੀ ਹਾਨਲੇ ਘਾਟੀ ਦੀ ਉੱਚੀ ਚਰਾਂਦ ਵਿੱਚ ਇੱਕ ਪੂਰਾ ਵਿਕਸਤ ਹਿਮਾਲਿਅਨ ਯਾਕ- ਇਹ ਜਾਨਵਰ ਸਦੀਆਂ ਤੋਂ ਖਾਨਾਬਦੋਸ਼ ਆਜੜੀਆਂ ਲਈ ਜੀਵਨ ਰੇਖਾ ਰਿਹਾ ਹੈ।

ਡੀਕ ਬਸਤੀ ਤੀਕਰ ਅੱਪੜਨਾ ਕੋਈ ਸੁਖਾਲਾ ਕੰਮ ਨਹੀਂ ਸੀ। ਉਨ੍ਹਾਂ ਦੀਆਂ ਚਰਾਦਾਂ ਹੋਰਨਾਂ ਆਜੜੀ ਇਕਾਈਆਂ ਦੇ ਮੁਕਾਬਲੇ ਵੱਧ ਉਚਾਈ 'ਤੇ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਖੇਤਰਾਂ ਵਿੱਚ ਉਹ ਤੰਬੂ ਗੱਡਦੇ ਹਨ, ਉਹ ਭਾਰਤ-ਚੀਨ ਸੀਮਾ ਦੇ ਨੇੜੇ ਹਨ, ਜਿੱਥੇ ਨਾਗਰਿਕਾਂ ਨੂੰ ਜਾਣ ਦੀ ਆਗਿਆ ਨਹੀਂ ਹੈ। ਕਿਉਂਕਿ ਇਹ ਬਸੰਤ ਰੁੱਤ ਦਾ ਸਮਾਂ ਸੀ, ਇਸਲਈ ਸੋਨਮ ਦੋਰਜੀ ਦੀ ਮਦਦ ਨਾਲ਼ ਮੈਂ ਉੱਥੋਂ ਤੀਕਰ ਅੱਪੜ ਹੀ ਗਿਆ।

"ਯਾਕ ਸ਼ਾਨਦਾਰ ਜੀਵਨ ਹਨ," ਝਾਮਪਾਲ ਸੇਰਿੰਗ ਕਹਿੰਦੇ ਹਨ। "ਯਾਕ ਠੰਡੇ ਤਾਪਮਾਨ ਦੇ ਆਦੀ ਹਨ ਅਤੇ ਜ਼ੀਰੋ ਤੋਂ 35 ਜਾਂ 40 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਵਿੱਚ ਵੀ ਜਿਊਂਦੇ ਰਹਿ ਸਕਦੇ ਹਨ। ਹਾਲਾਂਕਿ, ਜਦੋਂ ਪਾਰਾ 12 ਤੋਂ 13 ਡਿਗਰੀ ਤੱਕ ਵੱਧ ਜਾਂਦਾ ਹੈ ਤਦ ਇਹ ਉਨ੍ਹਾਂ ਲਈ ਤਕਲੀਫੇਹ ਜਾਪਦਾ ਹੈ। ਸਖ਼ਤ ਠੰਡ ਦੌਰਾਨ, ਆਪਣੀ ਮੱਠੀ ਪਾਚਨ-ਕਿਰਿਆ ਦੇ ਕਾਰਨ, ਉਹ ਸਰੀਰ ਦੇ ਨਿੱਘ ਨੂੰ ਬਚਾ ਪਾਉਂਦੇ ਹਨ ਅਤੇ ਜੀਊਂਦੇ ਰਹਿ ਪਾਉਂਦੇ ਹਨ। ਪਰ ਮੌਸਮ ਵਿਚਲਾ ਉਤਰਾਅ-ਚੜਾਅ ਯਾਕ ਨੂੰ ਮੁਸ਼ਕਲ ਵਿੱਚ ਪਾ ਦਿੰਦਾ ਹੈ।"

ਡੀਕ ਬਸਤੀ ਤੋਂ ਕਰੀਬ 40 ਕਿਲੋਮੀਟਰ ਦੂਰ ਕਾਲ਼ਾ ਪਰੀ (ਕਾਲ਼ਾ ਪਹਾੜ) ਵਿੱਚ, ਮੈਂ ਸਿਰਿੰਗ ਚੋਂਚਮ ਨੂੰ ਮਿਲ਼ਿਆ, ਜੋ ਹਾਨਲੇ ਘਾਟੀ ਵਿੱਚ ਯਾਕ ਦੀਆਂ ਕੁਝ ਔਰਤ ਮਾਲਕਾਂ ਵਿੱਚੋਂ ਇੱਕ ਸਨ। "ਕਿਉਂਕਿ ਪਹਿਲਾਂ ਦੇ ਮੁਕਾਬਲੇ ਅੱਜਕੱਲ੍ਹ ਦਾ ਮੌਸਮ ਗਰਮ ਹੈ, ਇਸਲਈ ਭੇੜ, ਪਸ਼ਮੀਨਾ ਬੱਕਰੀਆਂ ਅਤੇ ਯਾਕ ਦੇ ਸਰੀਰ 'ਤੇ ਬਹੁਤੇ ਸੰਘਣੇ ਵਾਲ਼ ਨਹੀਂ ਉੱਗਦੇ ਹਨ ਜਿਵੇਂ ਕਿ ਅਤੀਤ ਵਿੱਚ ਹੋਇਆ ਕਰਦਾ ਸੀ। ਹੁਣ ਇਹ ਵਾਲ਼਼ ਬਹੁਤ ਘੱਟ ਅਤੇ ਮੱਠੀ ਚਾਲੇ ਉੱਗਦੇ ਹਨ," ਉਹ ਕਹਿੰਦੀ ਹਨ। ''ਉਹ ਕਮਜ਼ੋਰ ਹੋ ਗਏ ਜਾਪਦੇ ਹਨ। ਕਮਜ਼ੋਰ ਯਾਕ ਦਾ ਮਤਲਬ ਸਾਡੇ ਲਈ ਘੱਟ ਉਤਪਾਦਕਤਾ ਦਾ ਹੋਣਾ। ਘੱਟ ਦੁੱਧ, ਘੱਟ ਆਮਦਨੀ। ਪਿਛਲੇ ਪੰਜ ਸਾਲਾਂ ਵਿੱਚ ਯਾਕ ਤੋਂ ਹੋਣ ਵਾਲ਼ੀ ਸਾਡੀ ਆਮਦਨੀ ਵਿੱਚ ਭਾਰੀ ਗਿਰਾਵਟ ਆਈ ਹੈ।" ਚੋਂਚਮ ਰਾਕ ਆਜੜੀ ਇਕਾਈ ਦੀ ਮੌਸਮੀ ਪ੍ਰਵਾਸੀ ਆਜੜੀ ਹਨ। ਸੁਤੰਤਰ ਖੋਜਕਰਤਾਵਾਂ ਦੁਆਰਾ ਕੀਤੇ ਗਏ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ 2012 ਵਿੱਚ ਸਾਰੇ ਵਸੀਲਿਆਂ ਨੂੰ ਮਿਲ਼ਾ ਕੇ ਵੀ ਇੱਥੋਂ ਦੇ ਆਜੜੀ ਪਰਿਵਾਰ ਦੀ ਔਸਤ ਮਹੀਨੇਵਾਰ ਆਮਦਨੀ ਕਰੀਬ 8,500 ਰੁਪਏ ਹੀ ਸੀ।

ਯਾਕ ਦਾ ਦੁੱਧ ਪਸ਼ੂਪਾਲਕਾਂ ਦੀ ਆਮਦਨੀ ਦਾ ਅਹਿਮ ਹਿੱਸਾ ਹੈ ਅਤੇ ਕੁੱਲ ਆਮਦਨੀ ਦਾ 60 ਫੀਸਦੀ ਹਿੱਸਾ ਯਾਕ ਪਾਲਣ ਨਾਲ਼ ਹੋ ਸਕਦਾ ਹੈ। ਚਾਂਗਪਾ ਦੀ ਬਾਕੀ ਆਮਦਨੀ ਖੁਲੂ (ਯਾਕ ਦੇ ਵਾਲ਼) ਅਤੇ ਉੱਨ ਤੋਂ ਹੁੰਦੀ ਹੈ। ਇਸਲਈ ਯਾਕ ਦੀ ਘੱਟਦੀ ਗਿਣਤੀ ਅਤੇ ਦੁੱਧ ਉਤਪਾਦਨ ਵਿੱਚ ਆਈ ਗਿਰਾਵਟ ਕਰਕੇ, ਉਨ੍ਹਾਂ ਦੀ ਕਮਾਈ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ। ਇਹ ਸਾਰੇ ਬਦਲਾਅ ਯਾਕ ਨਾਲ਼ ਜੁੜੀ ਅਰਥਵਿਵਸਥਾ ਨੂੰ ਵੱਡੀ ਚਿੰਤਾ ਵਿੱਚ ਪਾ ਰਹੇ ਹਨ।

"ਹੁਣ ਨਾ ਤਾਂ ਸਮੇਂ ਸਿਰ ਮੀਂਹ ਪੈਂਦਾ ਹੈ ਅਤੇ ਨਾ ਹੀ ਬਰਫ਼ਬਾਰੀ ਹੁੰਦੀ ਹੈ," ਸਿਰਿੰਗ ਚੋਂਚਮ ਕਹਿੰਦੀ ਹਨ। "ਇਸਲਈ ਪਹਾੜਾਂ 'ਤੇ ਕਾਫੀ (ਲੋੜੀਂਦਾ) ਘਾਹ ਨਹੀਂ ਉੱਗਦਾ। ਇਸੇ ਕਾਰਨ ਕਰਕੇ, ਇੱਥੇ ਆਉਣ ਵਾਲ਼ੇ ਖਾਨਾਬਦੋਸ਼ (ਆਜੜੀਆਂ) ਦੀ ਗਿਣਤੀ ਘੱਟ ਹੋ ਗਈ ਹੈ। ਮੈਂ ਕਹਾਂਗੀ ਕਿ ਇਨ੍ਹਾਂ ਤਬਦੀਲੀਆਂ ਦੀ ਸਬੱਬੀਂ, ਘਾਹ ਦੀ ਕਮੀ ਅਤੇ ਉਸ ਤੋਂ ਪੈਦਾ ਹੋਣ ਵਾਲ਼ੀਆਂ ਸਮੱਸਿਆਵਾਂ ਦੇ ਕਾਰਨ ਉਨ੍ਹਾਂ ਦੀ ਗਿਣਤੀ (ਉੱਥੇ ਆਜੜੀਆਂ ਦੇ ਅੰਦਾਜਤਨ 290 ਪਰਿਵਾਰ) 40 ਫੀਸਦੀ ਘਟੀ ਹੈ।"

"ਮੇਰਾ ਬੇਟਾ ਸਥਾਨਕ ਪ੍ਰੇਖਣਸ਼ਾਲਾ ਵਿੱਚ ਕੰਮ ਕਰਦਾ ਹੈ- ਜੋ ਮੈਨੂੰ ਕੁਝ ਰਾਹਤ ਦਿੰਦਾ ਹੈ। ਚਾਂਗਪਾ ਪਰਿਵਾਰਾਂ ਦੇ ਕਈ ਨੌਜਵਾਨਾਂ ਨੇ ਸੀਮਾ ਸੜਕ ਸੰਗਠਨ ਜਾਂ ਜਨਰਲ ਰਿਜਰਵ ਇੰਜੀਨੀਅਰ ਫੋਰਸ ਦੀਆਂ ਸੜਕ ਨਿਰਮਾਣ ਯੋਜਨਾਵਾਂ ਵਿੱਚ ਬਤੌਰ ਦਿਹਾੜੀ ਮਜ਼ਦੂਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।" ਕਾਫੀ ਸਾਰੇ ਲੋਕ ਨੌਕਰੀਆਂ ਦੀ ਭਾਲ਼ ਵਿੱਚ ਕਿਤੇ ਹੋਰ ਚਲੇ ਗਏ ਹਨ।

ਸਥਾਨਕ ਪ੍ਰੇਖਣਸ਼ਾਲਾ ਵਿੱਚ ਕੰਮ ਕਰਨ ਵਾਲ਼ਾ ਉਨ੍ਹਾਂ ਦਾ ਬੇਟਾ ਸੋਨਮ ਦੋਰਜੀ ਹੈ, ਜਿਹਨੇ ਇਸ ਯਾਤਰਾ ਨੂੰ ਕਰਨ ਵਿੱਚ ਮੇਰੀ ਮਦਦ ਕੀਤੀ ਹੈ। ਸੋਨਮ ਖੁਦ ਪਹਾੜਾਂ ਵਿੱਚ ਹੋਣ ਵਾਲ਼ੀਆਂ ਇਨ੍ਹਾਂ ਤਬਦੀਲੀਆਂ ਦਾ ਸਾਵਧਾਨੀਪੂਰਵਕ ਨਿਰੀਖਣ ਕਰ ਰਹੇ ਹਨ।

PHOTO • Ritayan Mukherjee

'ਮੌਸਮ ਵਿੱਚ ਕਈ ਤਬਦੀਲੀਆਂ ਹੋਈਆਂ ਹਨ। ਜਦੋਂ ਮੈਂ 15 ਸਾਲ ਦਾ ਸੀ ਤਦ ਇੱਥੇ ਬਹੁਤ ਠੰਡ ਹੋਇਆ ਕਰਦੀ ਸੀ... ਜਿਨ੍ਹਾਂ ਲੋਕਾਂ ਪਤਾ ਹੈ ਉਹ ਦੱਸਦੇ ਹਨ ਕਿ ਇਹ ਘਟ ਕੇ ਸਿਫ਼ਰ ਤੋਂ 35 ਡਿਗਰੀ ਸੈਲਸੀਅਸ ਤੱਕ ਅੱਪੜ ਜਾਇਆ ਕਰਦਾ ਸੀ।'

"ਮੌਸਮ ਵਿੱਚ ਕਈ ਤਬਦੀਲੀਆਂ ਹੋਈਆਂ ਹਨ," ਉਹ ਕਹਿੰਦੇ ਹਨ। "ਜਦੋਂ ਮੈਂ 15 ਸਾਲ ਦਾ ਸਾਂ (ਹੁਣ ਮੈਂ 43 ਸਾਲਾਂ ਦਾ ਹਾਂ, ਤਾਂ ਇਹ ਕਰੀਬ 30 ਸਾਲ ਪਹਿਲਾਂ ਦੀ ਗੱਲ ਹੈ) ਉਦੋਂ ਇੱਥੇ ਬੜੀ ਠੰਡ ਪਿਆ ਕਰਦੀ ਸੀ। ਉਦੋਂ ਕਦੇ ਮੈਂ ਤਾਪਮਾਨ ਨੂੰ ਮਾਪਿਆ ਨਹੀਂ ਸੀ, ਪਰ ਜਿਨ੍ਹਾਂ ਲੋਕ ਨੂੰ ਪਤਾ ਹੈ ਉਹ ਦੱਸਦੇ ਹਨ ਕਿ ਇਹ ਸਿਫ਼ਰ ਤੋਂ 35 ਡਿਗਰੀ ਹੇਠਾਂ ਤੱਕ ਹੋਇਆ ਕਰਦਾ ਸੀ। ਇਸਲਈ ਲੋਕਾਂ ਦੇ ਕੱਪੜੇ ਵੀ ਸਖ਼ਤ ਠੰਡ ਨੂੰ ਸਹਿਣ ਦੇ ਅਨੁਕੂਲ ਹੀ ਹੁੰਦੇ ਸਨ। ਉਹ ਅੱਜਕੱਲ੍ਹ ਵਾਂਗ ਸਿੰਥੈਕਟਿਕ ਮੈਟੀਰੀਅਲ ਵਾਲ਼ੀ ਜੈਕਟ ਨਹੀਂ ਸਨ ਪਾਉਂਦੇ। ਉਹ ਜੋ ਕੁਝ ਵੀ ਪਹਿਨਦੇ ਉਹ ਪਸ਼ਮੀਨਾ ਬੱਕਰੀਆਂ ਦੀ ਉੱਨ ਨਾਲ਼ ਉਣਿਆ ਹੁੰਦਾ ਸੀ- ਟੋਪੀ, ਕੱਪੜੇ ਅਤੇ ਹੋਰ ਵੀ ਸਾਰਾ ਕੁਝ। ਜੁੱਤੇ ਦੇ ਤਲੇ ਅੰਦਰਲੇ ਪਾਸੇ ਵੱਲ ਯਾਕ ਦੇ ਚਮੜੇ ਨਾਲ਼ ਬਣੇ ਇੱਕ ਚਪਟੇ ਹਿੱਸੇ ਦੇ ਰੂਪ ਵਿੱਚ ਹੁੰਦੇ ਸਨ ਅਤੇ ਜੁੱਤੇ ਨੂੰ ਸਥਾਨਕ ਕੱਪੜੇ ਨਾਲ਼ ਬਣਾਇਆ ਜਾਂਦਾ ਸੀ ਅਤੇ ਉਹਨੂੰ ਬੰਨ੍ਹਣ ਲਈ ਗੋਡਿਆਂ ਤੀਕਰ ਡੋਰੀਆਂ ਲਾਈਆਂ ਜਾਂਦੀਆਂ ਸਨ। ਹੁਣ ਤੁਹਾਨੂੰ ਉਸ ਕਿਸਮ ਦੇ ਜੁੱਤੇ ਕਿਤੇ ਵੀ ਨਹੀਂ ਲੱਭਣੇ।"

ਗਰਮੀ ਵੱਧਦੀ ਜਾ ਰਹੀ ਹੈ, 2016 ਦੇ ਪੱਛਮੀ ਹਿਮਾਲਿਆ ਖਿੱਤੇ ਦੇ ਲੱਦਾਖ ਅਤੇ ਲਾਹੌਲ ਅਤੇ ਸਪੀਤੀ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਸਿਰਲੇਖ ਹੇਠ ਆਪਣੇ ਖੋਜ-ਪੱਤਰ ਵਿੱਚ ਖੋਜਕਰਤਾ ਟੁੰਡੁਪ ਆਂਗਮੋ ਅਤੇ ਐੱਸਐੱਨ ਮਿਸ਼ਰਾ ਕਹਿੰਦੇ ਹਨ। "ਮੌਸਮ ਵਿਭਾਗ (ਵਾਯੂ ਸੈਨਾ ਸਟੇਸ਼ਨ, ਲੇਹ) ਤੋਂ ਪ੍ਰਾਪਤ ਡੇਟਾ ਸਪੱਸ਼ਟ ਰੂਪ ਨਾਲ਼ ਇਸ਼ਾਰਾ ਕਰਦਾ ਹੈ ਕਿ ਪਿਛਲੇ 35 ਸਾਲਾਂ ਤੋਂ ਸਰਦੀ ਰੁੱਤੇ (ਸਿਆਲ ਦੇ ਸਾਰੇ ਮਹੀਨੇ) ਲੇਹ ਦਾ ਘੱਟੋਘੱਟ ਤਾਪਮਾਨ ਕਰੀਬ 1º C ਅਤੇ ਗਰਮੀ ਰੁੱਤੇ ਕਰੀਬ  0.5ºC ਬਣਿਆ ਰਹਿੰਦਾ ਹੈ। ਨਵੰਬਰ ਤੋਂ ਮਾਰਚ ਤੱਕ ਨਮੀਂ ਦੀ ਸਪੱਸ਼ਟ ਪ੍ਰਵਿਰਤੀ ਬਣੀ ਰਹਿੰਦੀ ਹੈ, ਅਰਥਾਤ ਬਰਫ਼ਬਾਰੀ ਘੱਟ ਹੁੰਦੀ ਹੈ।"

ਉਹ ਇਹ ਵੀ ਕਹਿੰਦੇ ਹਨ: "ਪਿਛਲੇ ਕੁਝ ਸਾਲਾਂ ਵਿੱਚ, ਲੱਦਾਖ ਅਤੇ ਲਾਹੌਲ ਅਤੇ ਸਪੀਤੀ ਵਿੱਚ ਸੰਸਾਰ-ਵਿਆਪੀ ਜਲਵਾਯੂ ਤਬਦੀਲੀ ਦੇ ਅਸਰ ਤੇਜੀ ਨਾਲ਼ ਨਮੂਦਾਰ ਹੋ ਰਹੇ ਹਨ। ਮੀਂਹ ਅਤੇ ਬਰਫ਼ਬਾਰੀ ਦੇ ਪੈਟਰਨ ਬਦਲਦੇ ਰਹੇ ਹਨ; ਛੋਟੇ ਗਲੇਸ਼ੀਅਰ ਅਤੇ ਸਥਾਈ ਹਿਮ ਇਲਾਕੇ ਪਿਘਲ ਰਹੇ ਹਨ, ਜਿਸ ਕਰਕੇ ਨਦੀਆਂ/ਨਾਲ਼ਿਆਂ ਵਿੱਚ ਪਾਣੀ ਦੀ ਵਹਿਣਾ ਪ੍ਰਭਾਵਤ ਹੋ ਰਿਹਾ ਹੈ ਅਤੇ ਤਾਪਮਾਨ ਅਤੇ ਨਮੀਂ ਵਿੱਚ ਵਾਧਾ ਕੀੜੇ-ਮਕੌੜਿਆਂ ਦੇ ਹਮਲੇ ਲਈ ਅਨੁਕੂਲ ਹਾਲਤਾਂ ਨੂੰ ਪ੍ਰੇਰਿਤ ਕਰ ਰਹੀ ਹੈ।"

ਝਾਮਪਾਲ ਸੇਰਿੰਗ ਦੇ ਤੰਬੂ ਵਿੱਚ ਵਾਪਸ ਆਉਂਦੇ ਹਾਂ, ਜਿੱਥੇ ਉਨ੍ਹਾਂ ਦੇ ਮਿੱਤਰ ਸੰਗਦਾ ਦੋਰਜੀ ਨੇ ਸਾਡੇ ਤੋਂ ਪੁੱਛਿਆ ਸੀ: "ਤੁਸਾਂ ਇਸ ਵਾਰ ਕਿੰਨੇ ਰੇਬੋ ਦੇਖੇ ਹਨ?"

ਚਾਂਗਪਾ ਤੰਬੂ ਵਿੱਚ ਰਹਿੰਦੇ ਹਨ, ਜੋ ਰੋਬੋ ਦੇ ਨਾਮ ਨਾਲ਼ ਜਾਣੇ ਜਾਂਦੇ ਹਨ। ਰੇਬੋ ਬਣਾਉਣ ਲਈ, ਪਰਿਵਾਰਾਂ ਦੁਆਰਾ ਯਾਕ ਦੀ ਉੱਨ ਤੋਂ ਧਾਗੇ ਕੱਤੇ ਜਾਂਦੇ ਹਨ, ਫਿਰ ਉਨ੍ਹਾਂ ਨੂੰ ਬੁਣਿਆ ਅਤੇ ਸੀਵਿਆ ਜਾਂਦਾ ਹੈ। ਇਹ ਸਮੱਗਰੀ ਬਹੁਤ ਜ਼ਿਆਦਾ ਠੰਢ ਅਤੇ ਬਰਫੀਲੀਆਂ ਹਵਾਵਾਂ ਤੋਂ ਖਾਨਾਬਦੋਸ਼ਾਂ ਦੀ ਹਿਫਾਜਤ ਕਰਦੀ ਹੈ।

"ਬਹੁਤੇਰੇ ਪਰਿਵਾਰਾਂ ਦੇ ਕੋਲ਼ (ਹੁਣ) ਰੇਬੋ ਨਹੀਂ ਹਨ," ਸੰਗਦਾ ਕਹਿੰਦੇ ਹਨ। "ਨਵੇਂ ਰੇਬੋ ਦੀ ਸਿਲਾਈ ਲਈ ਉੱਨ ਹੀ ਕਿੱਥੇ ਹੈ? ਪਿਛਲੇ ਕੁਝ ਸਾਲਾਂ ਵਿੱਚ ਯਾਕ ਦੀ ਉੱਨ ਦੀ ਮਾਤਰਾ ਵਿੱਚ ਭਾਰੀ ਗਿਰਾਵਟ ਆਈ ਹੈ। ਰੇਬੋ ਤੋਂ ਬਗੈਰ, ਸਾਡੀ ਖਾਨਾਬਦੋਸ਼ ਜੀਵਨ ਸ਼ੈਲੀ ਦਾ ਇੱਕ ਅਹਿਮ ਹਿੱਸਾ ਖ਼ਤਮ ਹੋ ਗਿਆ ਹੈ, ਜਿਹਦੇ ਲਈ ਮੈਂ ਗਰਮ ਸਰਦੀਆਂ ਨੂੰ ਦੋਸ਼ੀ ਮੰਨਦਾ ਹਾਂ।"

ਮੈਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਸਿੱਕਮ ਵਿੱਚ ਮਈ ਦੀ ਘਟਨਾ ਪੂਰੀ ਤਰ੍ਹਾਂ ਅਚਨਚੇਤ ਹੋਈ ਘਟਨਾ ਨਹੀਂ ਸੀ। ਅੱਗੇ ਇਸ ਤੋਂ ਵੀ ਬਦਤਰ ਕੁਝ ਵਾਪਸ ਸਕਦਾ ਹੈ। ਆਜੜੀ ਜਲਵਾਯੂ ਤਬਦੀਲੀ ਸ਼ਬਦ ਦੀ ਵਰਤੋਂ ਨਹੀਂ ਕਰਦੇ ਪਰ ਇਹਦੇ ਪ੍ਰਭਾਵਾਂ ਦਾ ਚੰਗੀ ਤਰ੍ਹਾਂ ਵਰਣਨ ਕਰਦੇ ਹਨ ਅਤੇ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਬਹੁਤ ਵੱਡੀ ਤਬਦੀਲੀ ਆਈ ਹੈ, ਜਿਵੇਂ ਕਿ ਸੋਨਮ ਦੋਰਜੀ ਅਤੇ ਸੇਰਿੰਗ ਚੋਂਚਮ ਦੇ ਸ਼ਬਦ ਸਾਨੂੰ ਝਾਤ ਪਵਾਉਂਦੇ ਹਨ। ਉਹ ਇਹ ਵੀ ਸਮਝਦੇ ਹਨ ਕਿ ਕੁਝ ਪ੍ਰਮੁਖ ਭਿੰਨਤਾਵਾਂ, ਇੱਥੋਂ ਤੱਕ ਕਿ ਬਦਲਾਵ ਵੀ, ਮਨੁੱਖੀ ਏਜੰਸੀਆਂ ਦੁਆਰਾ ਮਹੱਤਵਪੂਰਨ ਢੰਗ ਨਾਲ਼ ਚੱਲਦੇ ਹਨ। ਸ਼ਾਇਦ ਇਸਲਈ, ਅਨੁਭਵੀ ਆਜੜੀ ਗੁੰਬੂ ਤਾਸ਼ੀ, ਜੋ ਆਪਣੇ 60ਵੇਂ ਸਾਲ ਵਿੱਚ ਹਨ, ਨੇ ਮੈਨੂੰ ਦੱਸਿਆ: "ਹਾਂ, ਮੈਂ ਜਾਣਦਾ ਹਾਂ ਕਿ ਪਹਾੜਾਂ ਵਿੱਚ ਜਲਵਾਯੂ ਫਰੇਬੀ ਹੁੰਦੀ ਹੈ। ਅਣਹੋਣੀ ਹੋਈ ਹੈ। ਸ਼ਾਇਦ ਅਸਾਂ ਪਹਾੜੀ ਦੇਵਤਾ ਨੂੰ ਨਰਾਜ਼ ਕਰ ਦਿੱਤਾ ਹੈ।"

PHOTO • Ritayan Mukherjee

ਉਨ੍ਹਾਂ ਵਿਸ਼ਾਲ ਪਹਾੜਾਂ ਦੇ ਮਹੱਤਵਪੂਰਨ ਹਿੱਸਿਆਂ ਦੇ ਉਸ ਪਾਸੇ, ਕਾਫੀ ਉੱਚਾਈ ' ਤੇ ਰਹਿਣ ਵਾਲ਼ੇ ਆਜੜੀਆਂ ਲਈ ਇਹ ਯਾਕ ਜੀਵਨ ਰੇਖਾ ਹਨ, ਉਨ੍ਹਾਂ ਦੀ ਕਮਾਈ ਦਾ ਮੁੱਢਲਾ ਵਸੀਲਾ ਅਤੇ ਸਰਦੀਆਂ ਦੌਰਾਨ ਅਨਾਜ ਦਾ ਵਸੀਲਾ

PHOTO • Ritayan Mukherjee

ਮੌਸਮ ਦਾ ਬਦਲਾਓ ਚਾਂਗਪਾ ਖਾਨਾਬਦੋਸ਼ ਭਾਈਚਾਰਿਆਂ ਦੇ ਪਸ਼ੂਆਂ- ਯਾਕ, ਪਸ਼ਮੀਨਾ ਬੱਕਰੀਆਂ, ਭੇਡ- ਨੂੰ ਪ੍ਰਭਾਵਤ ਕਰ ਰਿਹਾ ਹੈ, ਜੋ ਚਾਰੇ ਲਈ ਉੱਚੀਆਂ ਚਰਾਦਾਂ ' ਤੇ ਨਿਰਭਰ ਹਨ

PHOTO • Ritayan Mukherjee

ਜੀਵਨ ਦੇ ਤੌਰ-ਤਰੀਕਿਆਂ ਵਿੱਚ ਬਦਲਾਵਾਂ ਦੇ ਕਾਰਨ, ਬਹੁਤੇਰੇ ਚਾਂਗਪਾ ਪਰਿਵਾਰ ਹੁਣ ਪਰੰਪਰਿਕ ਰੇਬੂ ਦਾ ਉਪਯੋਗ ਨਹੀਂ ਕਰਦੇ ਹਨ, ਜੋ ਯਾਕ ਦੇ ਵਾਲ਼ਾਂ ਦੇ ਧਾਗੇ ਤੋਂ ਬਣੇ ਤੰਬੂ ਹਨ ; ਇਹਦੀ ਬਜਾਇ, ਉਹ ਲੇਹ ਸ਼ਹਿਰ ਤੋਂ ਖਰੀਦੇ ਗਏ ਸੈਨਾ ਦੇ ਟੈਂਟਾਂ ਦੀ ਵਰਤੋਂ ਕਰਦੇ ਹਨ

PHOTO • Ritayan Mukherjee

ਫਿਰ ਵੀ, ਕਈ ਭਾਈਚਾਰਿਆਂ ਨੇ ਯਾਕ ਤੋਂ ਪ੍ਰਾਪਤ ਵੱਖੋ-ਵੱਖ ਹੋਰ ਉਤਪਾਦਾਂ ਨੂੰ ਬਣਾਉਣਾ ਜਾਰੀ ਰੱਖਿਆ ਹੋਇਆ ਹੈ। ਇੱਥੇ, ਛੋਟਾ ਡੋਨਚੇਕ ਯਾਕ ਦੀ ਉੱਨ ਤੋਂ ਬਣੇ ਕੰਬਲ ਵਿੱਚ ਅਰਾਮ ਨਾਲ਼ ਸੌਂ ਰਿਹਾ ਹੈ, ਜਦੋਂਕਿ ਉਹਦੀ ਮਾਂ ਪਰਿਵਾਰ ਦੇ ਜਾਨਵਰਾਂ ਨੂੰ ਚਰਾਉਣ ਬਾਹਰ ਗਈ ਹੋਈ ਹਨ

PHOTO • Ritayan Mukherjee

ਚਾਂਗਥਾਂਗ ਪਠਾਰ ਦੇ ਖਾਨਾਬਦੋਸ਼ ਆਜੜੀ ਸਮੁਦਾਵਾਂ ਲਈ ਯਾਕ ਭੋਜਨ- ਦੁੱਧ ਅਤੇ ਮਾਸ- ਦਾ ਵੀ ਸ੍ਰੋਤ ਹਨ। ਮਾਸ ਦੇ ਲਈ ਜਾਨਵਰਾਂ ਨੂੰ ਮਾਰਨਾ ਭਾਈਚਾਰਕ ਪਰੰਪਰਾ ਦੇ ਖਿਲਾਫ਼ ਹੈ, ਪਰ ਜੇਕਰ ਯਾਕ ਦੀ ਸੁਭਾਵਕ ਰੂਪ ਨਾਲ਼ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰਕ ਇਹਦੇ ਕੁਝ ਮਾਸ ਦਾ ਉਪਯੋਗ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਲੰਬੀ ਅਤੇ ਚਰਮ ਸਰਦੀਆਂ ਵਿੱਚ ਜੀਵਤ ਰਹਿਣ ਵਿੱਚ ਮਦਦ ਮਿਲ਼ ਸਕੇ

PHOTO • Ritayan Mukherjee

ਗੁੰਬੂ ਤਾਸ਼ੀ, ਜੋ ਚਾਂਗਪਾ ਭਾਈਚਾਰੇ ਦੀ ਰਾਕ ਇਕਾਈ ਨਾਲ਼ ਸਬੰਧਤ ਹਨ, ਦੇ ਕੋਲ਼ ਲਗਭਗ 80 ਯਾਕ ਹਨ। ਉਹ ਅਤੇ ਇੱਥੇ ਮੌਜੂਦ ਹੋਰ ਲੋਕ ਖਾਨਾਬਦੋਸ਼ ਚਰਾਂਦ ਦੇ ਆਪਣੇ ਪਰੰਪਰਿਕ ਜੀਵਨ ਦੀਆਂ ਚੁਣੌਤੀਆਂ ਬਾਰੇ ਗੱਲ ਕਰ ਰਹੇ ਹਨ

PHOTO • Ritayan Mukherjee

ਗੋਨਪੋ ਡੋਂਡਰੂਪ ਦੀ ਨੇੜਲੀ ਚਰਾਂਦ ਵੱਲ ਇਸ਼ਾਰਾ ਕਰਦੇ ਹਨ ਜਿੱਥੇ ਹੁਣ ਘਾਹ ਨਹੀਂ ਉੱਗਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਯਾਕ ਲਈ ਭੋਜਨ ਦੀ ਖੋਜ ਵਿੱਚ ਹੋਰ ਵੀ ਉਚਾਈ ' ਤੇ ਚੜ੍ਹਾਈ ਕਰਨੀ ਪੈਂਦੀ ਹੈ

PHOTO • Ritayan Mukherjee

ਸਰਿੰਗ ਚੋਂਚਮ ਯਾਕ ਦੇ ਇੱਕ ਯਤੀਮ ਯਾਕ (ਬੱਚਾ)। ਉਹ ਹਾਨਲੇ ਘਾਟੀ ਦੀਆਂ ਕੁਝ ਔਰਤਾਂ ਯਾਕ ਮਾਲਕਾਂ ਵਿੱਚੋਂ ਇੱਕ ਹਨ

PHOTO • Ritayan Mukherjee

ਆਪਣੇ ਜਾਨਵਰਾਂ ਲਈ ਘਾਹ ਦੇ ਮੈਦਾਨਾਂ ਦੀ ਵੱਧਦੀ ਘਾਟ ਕਾਰਨ, ਖਾਨਾਬਦੋਸ਼ ਆਜੜੀ ਆਪਣੀ ਥਾਂ, ਬੀਤੇ ਦੇ ਮੁਕਾਬਲੇ ਜਿਆਦਾ ਤੇਜੀ ਨਾਲ਼ ਬਦਲ ਰਹੇ ਹਨ

PHOTO • Ritayan Mukherjee

ਇੱਥੋਂ ਦੀਆਂ ਸਖ਼ਤ ਸਰਦੀਆਂ ਵਿੱਚ ਜੀਵਨ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਲਈ ਔਖਾ ਹੈ। ਇੱਥੇ, ਇੱਕ ਚਾਂਗਪਾ ਆਜੜੀ ਆਪਣੇ ਪਰਿਵਾਰ ਲਈ ਦਵਾਈਆਂ ਲਿਆਉਣ ਲੇਹ ਸ਼ਹਿਰ ਜਾ ਰਿਹਾ ਹੈ

PHOTO • Ritayan Mukherjee

ਹਾਨਲੇ ਘਾਟੀ ਦੇ ਇੱਕ ਉੱਚੇ ਮੈਦਾਨ ਵਿੱਚ, ਕਰਮਾ ਰਿਨਚੇਨ (ਨੋਰਲਾ ਡੋਂਡਰੂਪ ਦੇ ਨਾਲ਼ ਕਵਰ ਫੋਟੋ ਵਿੱਚ ਵੀ) ਬੰਜਰ ਭੂਮੀ ਵਿੱਚ ਚੱਲ ਰਹੇ ਹਨ ਜਿੱਥੇ ਚਰਾਦਾਂ ਤੇਜੀ ਨਾਲ਼ ਖ਼ਤਮ ਹੋ ਰਹੀਆਂ ਹਨ

ਜਲਵਾਯੂ ਪਰਿਵਰਤਨ 'ਤੇ ਪਾਰੀ (PARI) ਦੀ ਰਾਸ਼ਟਰ-ਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਤਜ਼ਰਬਿਆਂ ਦੇ ਮਾਧਿਅਮ ਨਾਲ਼ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP-ਸਮਰਥਤ ਪਹਿਲ ਦਾ ਇੱਕ ਹਿੱਸਾ ਹੈ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Reporter : Ritayan Mukherjee

କୋଲକାତାରେ ରହୁଥିବା ରୀତାୟନ ମୁଖାର୍ଜୀଙ୍କର ଫଟୋଗ୍ରାଫି ପ୍ରତି ଆଗ୍ରହ ରହିଛି ଏବଂ ସେ ୨୦୧୬ର ପରୀ ବ୍ୟକ୍ତିତ୍ୱ । ସେ ତିବ୍ଦତୀୟ ମାଳଭୂମି ଅଞ୍ଚଳରେ ଯାଯାବର ପଶୁପାଳକ ସଂପ୍ରଦାୟର ଜୀବନ ଉପରେ ତଥ୍ୟ ସଂଗ୍ରହ କରୁଥିବା ଏକ ଦୀର୍ଘକାଳୀନ ପ୍ରକଳ୍ପରେ କାମ କରୁଛନ୍ତି ।

ଏହାଙ୍କ ଲିଖିତ ଅନ୍ୟ ବିଷୟଗୁଡିକ Ritayan Mukherjee
Editor : P. Sainath
psainath@gmail.com

ପି. ସାଇନାଥ, ପିପୁଲ୍ସ ଆର୍କାଇଭ୍ ଅଫ୍ ରୁରାଲ ଇଣ୍ଡିଆର ପ୍ରତିଷ୍ଠାତା ସମ୍ପାଦକ । ସେ ବହୁ ଦଶନ୍ଧି ଧରି ଗ୍ରାମୀଣ ରିପୋର୍ଟର ଭାବେ କାର୍ଯ୍ୟ କରିଛନ୍ତି ଏବଂ ସେ ‘ଏଭ୍ରିବଡି ଲଭସ୍ ଏ ଗୁଡ୍ ଡ୍ରଟ୍’ ଏବଂ ‘ଦ ଲାଷ୍ଟ ହିରୋଜ୍: ଫୁଟ୍ ସୋଲଜର୍ସ ଅଫ୍ ଇଣ୍ଡିଆନ୍ ଫ୍ରିଡମ୍’ ପୁସ୍ତକର ଲେଖକ।

ଏହାଙ୍କ ଲିଖିତ ଅନ୍ୟ ବିଷୟଗୁଡିକ ପି.ସାଇନାଥ
Series Editors : P. Sainath
psainath@gmail.com

ପି. ସାଇନାଥ, ପିପୁଲ୍ସ ଆର୍କାଇଭ୍ ଅଫ୍ ରୁରାଲ ଇଣ୍ଡିଆର ପ୍ରତିଷ୍ଠାତା ସମ୍ପାଦକ । ସେ ବହୁ ଦଶନ୍ଧି ଧରି ଗ୍ରାମୀଣ ରିପୋର୍ଟର ଭାବେ କାର୍ଯ୍ୟ କରିଛନ୍ତି ଏବଂ ସେ ‘ଏଭ୍ରିବଡି ଲଭସ୍ ଏ ଗୁଡ୍ ଡ୍ରଟ୍’ ଏବଂ ‘ଦ ଲାଷ୍ଟ ହିରୋଜ୍: ଫୁଟ୍ ସୋଲଜର୍ସ ଅଫ୍ ଇଣ୍ଡିଆନ୍ ଫ୍ରିଡମ୍’ ପୁସ୍ତକର ଲେଖକ।

ଏହାଙ୍କ ଲିଖିତ ଅନ୍ୟ ବିଷୟଗୁଡିକ ପି.ସାଇନାଥ
Series Editors : Sharmila Joshi

ଶର୍ମିଳା ଯୋଶୀ ପିପୁଲ୍ସ ଆର୍କାଇଭ୍‌ ଅଫ୍‌ ରୁରାଲ ଇଣ୍ଡିଆର ପୂର୍ବତନ କାର୍ଯ୍ୟନିର୍ବାହୀ ସମ୍ପାଦିକା ଏବଂ ଜଣେ ଲେଖିକା ଓ ସାମୟିକ ଶିକ୍ଷୟିତ୍ରୀ

ଏହାଙ୍କ ଲିଖିତ ଅନ୍ୟ ବିଷୟଗୁଡିକ ଶର୍ମିଲା ଯୋଶୀ
Translator : Kamaljit Kaur
jitkamaljit83@gmail.com

କମଲଜୀତ କୌର, ପଞ୍ଜାବରେ ରହୁଥିବା ଜଣେ ମୁକ୍ତବୃତ୍ତିର ଅନୁବାଦିକା। ସେ ପଞ୍ଜାବୀ ସାହିତ୍ୟରେ ସ୍ନାତକୋତ୍ତର ଶିକ୍ଷାଲାଭ କରିଛନ୍ତି। କମଲଜିତ ସମତା ଓ ସମାନତାପୂର୍ଣ୍ଣ ସମାଜରେ ବିଶ୍ୱାସ କରନ୍ତି, ଏବଂ ଏହାକୁ ସମ୍ଭବ କରିବା ଦିଗରେ ସେ ପ୍ରୟାସରତ ଅଛନ୍ତି।

ଏହାଙ୍କ ଲିଖିତ ଅନ୍ୟ ବିଷୟଗୁଡିକ Kamaljit Kaur