''ਸਿਰਫ਼ ਇਸਲਈ ਕਿ ਅਸੀਂ ਜਿਸਮ ਵੇਚਦੀਆਂ ਹਾਂ, ਉਹ ਸਾਡੇ ਜਿਸਮਾਂ ਨੂੰ ਮੁਦਰਾ ਹੀ ਸਮਝ ਲੈਂਦੇ ਨੇ,'' 30 ਸਾਲਾ ਮੀਰਾ ਕਹਿੰਦੀ ਹਨ ਜੋ 2012 ਵਿੱਚ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਤੋਂ ਦਿੱਲੀ ਆਈ ਸਨ। ਦਿਲ ਦੇ ਦੌਰੇ ਨਾਲ਼ ਅਚਾਨਕ ਹੋਈ ਪਤੀ ਦੀ ਮੌਤ ਤੋਂ ਬਾਅਦ ਤਿੰਨ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਦਾਰੀ ਉਨ੍ਹਾਂ ਸਿਰ ਆਣ ਪਈ। ਪਰ ਹੁਣ ਉਹ ਇਸ ਜਿਲ੍ਹਣ ਭਰੀ ਜ਼ਿੰਦਗੀ ਤੋਂ ਗੁੱਸੇ ਹਨ ਅਤੇ ਖ਼ਫ਼ਾ ਵੀ।
''ਬੱਸ ਇਹੀ ਕੁਝ ਤਾਂ ਉਹ ਭਾਲ਼ਦੇ ਹਨ ਦਵਾਈ ਦਵਾਉਣਾ ਤਾਂ ਬੱਸ ਬਹਾਨਾ ਹੈ।'' 39 ਸਾਲਾ ਅਮਿਤਾ ਚੇਤੇ ਕਰਦਿਆਂ ਮੱਥੇ ‘ਤੇ ਤਿਊੜੀ ਚਾੜ੍ਹ ਲੈਂਦੀ ਹਨ ਅਤੇ ਹਸਪਤਾਲ ਦੇ ਵਾਰਡ ਸਹਾਇਕਾਂ ਦੀ ਨਕਲ਼ ਕਰਦਿਆਂ ਆਪਣੇ ਅੰਗਾਂ ਨੂੰ ਹੱਥ ਲਾ ਲਾ ਕੇ ਦੱਸਦੀ ਹਨ ਜਿਸ ਤਰੀਕੇ ਨਾਲ਼ ਉਹ ਛੂੰਹਦੇ ਹਨ। ਉਹ ਇੱਕ ਵਾਰ ਫਿਰ ਅਪਮਾਨ ਝੱਲਣ ਲਈ ਜ਼ੇਰਾ ਕੱਢਦੀ ਹਨ ਅਤੇ ਜਾਂਚ ਕਰਾਉਣ ਲਈ ਸਰਕਾਰੀ ਹਸਪਤਾਲ ਦਾ ਰਾਹ ਫੜ੍ਹਦੀ ਹਨ।
''ਜਦੋਂ ਕਦੇ ਅਸੀਂ ਐੱਚਆਈਵੀ ਜਾਂਚ ਲਈ ਜਾਂਦੀਆਂ ਹਾਂ, ਜੇ ਕਿਤੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਸੈਕਸ ਵਰਕਰਾਂ ਹਾਂ ਤਾਂ ਮਦਦ ਕਰਨ ਦੀ ਪੇਸ਼ਕਸ਼ ਕਰਦੇ ਹਨ। 'ਪੀਛੇ ਸੇ ਆ ਜਾਨਾ, ਦਵਾਈ ਦਿਲਵਾ ਦੂੰਗਾ,' ਉਹ ਦਾਅਵਾ ਕਰਦੇ ਹਨ। ਫਿਰ ਸਾਡੇ ਇੱਧਰ ਓਧਰ ਹੱਥ ਲਾਉਣ ਦੇ ਮੌਕੇ ਦੀ ਭਾਲ਼ਦੇ ਰਹਿੰਦੇ ਹਨ।'' ਜਿਵੇਂ ਕਿ 45 ਸਾਲਾ ਕੁਸਮ ਕਹਿੰਦੀ ਹਨ ਅਤੇ ਨਾਲ਼ ਹੀ ਆਲ ਇੰਡੀਆ ਨੈਟਵਰਕ ਆਫ਼ ਸੈਕਸ ਵਰਕਰਸ (AINSW) ਨਾਲ਼ ਹੋਏ ਸਮਝੌਤੇ ਵਿਚਲੀਆਂ ਕਈ ਸਹਿਮਤੀਆਂ ਬਾਰੇ ਗੱਲ ਕਰਦੀ ਹਨ ਜੋ ਸਮਝੌਤਾ AINSW ਦੇ ਸਾਬਕਾ ਪ੍ਰਧਾਨ ਨਾਲ਼ ਹੋਇਆ ਸੀ, ਇਹ 16 ਰਾਜਾਂ ਦੇ ਭਾਈਚਾਰਕ ਸੰਗਠਨਾਂ ਦਾ ਫੈਡਰੇਸ਼ਨ ਹੈ ਅਤੇ ਇਹ ਦੇਸ਼ ਦੀਆਂ 4.5 ਲੱਖ ਸੈਕਸ ਵਰਕਰਾਂ ਦੀ ਨੁਮਾਇੰਦਗੀ ਕਰਦਾ ਹੈ।
ਦਿੱਲੀ ਦੇ ਉੱਤਰ ਪੱਛਮੀ ਇਲਾਕੇ ਰੋਹਿਨੀ ਵਿਖੇ ਪੈਂਦੀ ਇੱਕ ਸਮੁਦਾਇਕ ਬਸੇਰੇ ਵਿਖੇ ਪਾਰੀ ਇਨ੍ਹਾਂ ਸੈਕਸ ਵਰਕਰਾਂ ਦੇ ਇੱਕ ਸਮੂਹ ਨਾਲ਼ ਮੁਲਾਕਾਤ ਕਰਦੀ ਹੈ, ਮਹਾਂਮਾਰੀ ਕਾਰਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਕੋਲ਼ ਕੰਮ ਨਹੀਂ ਰਿਹਾ। ਸਿਆਲ ਦੀ ਇੱਕ ਦੁਪਹਿਰ ਨੂੰ ਧੁੱਪੇ ਬੈਠੀਆਂ ਇਹ ਔਰਤਾਂ ਆਪਸ ਵਿੱਚ ਘਰ ਦੀ ਬਣੀ ਰੋਟੀ, ਸਬਜ਼ੀ ਅਤੇ ਦਾਲ ਵਗੈਰਾ ਸਾਂਝੀ ਕਰ ਰਹੀਆਂ ਹਨ।













