ਸੂਰਜ ਜੱਟੀ ਨੇ ਜਦੋਂ ਆਪਣੇ ਪਿਤਾ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਆਪਣੀ ਖੁਵਾਇਸ਼ ਬਾਰੇ ਦੱਸਿਆ ਸੀ ਤਾਂ ਉਦੋਂ ਉਹ ਗਭਰੇਟ ਵੀ ਨਹੀਂ ਸਨ ਹੋਏ। ਉਨ੍ਹਾਂ ਦੇ ਪਿਤਾ, ਜੋ ਖੁਦ ਫ਼ੌਜ ਤੋਂ ਰਿਟਾਇਰਡ ਸਨ, ਆਪਣੇ ਬੇਟੇ ਦੀ ਸੋਚ ਤੇ ਭਾਵਨਾ ਨੂੰ ਸੁਣ ਕੇ ਫਖ਼ਰ ਮਹਿਸੂਸ ਕਰਨ ਲੱਗੇ ਸਨ।
ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਪਲੂਸ ਨਗਰ ਵਿਖੇ ਅਕੈਡਮੀ ਵਿੱਚ ਸਿਖਲਾਈ ਸੈਸ਼ਨ ਦੌਰਾਨ 19 ਸਾਲਾ ਸੂਰਜ ਕਹਿੰਦੇ ਹਨ, "ਇਹ ਮੇਰੇ ਘਰ ਦਾ ਮਾਹੌਲ ਸੀ ਜਿਸ ਨੇ ਮੇਰੇ ਮਨ ਅੰਦਰ ਇਹ ਚੋਣ ਹੋਰ ਸਪੱਸ਼ਟ ਕੀਤੀ। ਕਿਉਂਕਿ ਮੈਨੂੰ ਯਾਦ ਹੈ, ਮੈਂ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਿਆ।'' ਸ਼ੰਕਰ ਵੀ ਆਪਣੇ ਬੇਟੇ ਦੇ ਫ਼ੈਸਲੇ ਤੋਂ ਖੁਸ਼ ਸਨ। ਇਹ ਇੱਕ ਅਜਿਹੀ ਮੰਗ ਸੀ ਜਿਸ ਤੋਂ ਕੋਈ ਵੀ ਪਿਤਾ ਸਹਿਮਤ ਹੋ ਸਕਦਾ ਸੀ।
ਮਨ ਵਿੱਚ ਧਾਰਿਆਂ ਅਜੇ ਇੱਕ ਦਹਾਕਾ ਵੀ ਨਹੀਂ ਬੀਤਿਆ ਸੀ ਕਿ ਸ਼ੰਕਰ ਆਪਣੇ ਬੇਟੇ ਦੀ ਚੋਣ ਨੂੰ ਲੈ ਕੇ ਡਾਂਵਾਂਡੋਲ ਰਹਿਣ ਲੱਗੇ। ਬੇਟੇ ਦੇ ਫ਼ੈਸਲੇ ਨੇ ਉਨ੍ਹਾਂ ਨੂੰ ਨਾ ਸਿਰਫ਼ ਭਾਵੁਕ ਕੀਤਾ ਬਲਕਿ ਆਪਣੇ ਬੇਟੇ 'ਤੇ ਮਾਣ ਵੀ ਮਹਿਸੂਸ ਕਰਾਇਆ, ਪਰ ਬੀਤਦੇ ਸਾਲਾਂ ਨਾਲ਼ ਉਨ੍ਹਾਂ ਦਾ ਮਨ ਤੌਖ਼ਲਿਆਂ ਨਾਲ਼ ਭਰਨ ਲੱਗਿਆ। ਦੱਸ ਦੇਈਏ ਕਿ 14 ਜੂਨ 2022 ਦੇ ਦਿਨ ਉਸ ਤੌਖ਼ਲੇ 'ਤੇ ਮੋਹਰ ਲੱਗ ਗਈ, ਜਦੋਂ ਅਗਨੀਵੀਰ ਯੋਜਨਾ ਲਾਂਚ ਕੀਤੀ ਗਈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ, "ਅਗਨੀਪਥ ਪ੍ਰੋਜੈਕਟ ਦੇ ਤਹਿਤ, ਹੁਣ ਤੋਂ ਭਾਰਤ ਦੇ ਨੌਜਵਾਨਾਂ ਨੂੰ ਅਗਨੀਵੀਰ ਦੇ ਰੂਪ ਵਿੱਚ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।''
ਇਸ ਯੋਜਨਾ ਦੀ ਸ਼ੁਰੂਆਤ ਤੋਂ ਪਹਿਲਾਂ, 2015-2020 ਦੇ ਵਿਚਕਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਦੀ ਪੰਜ ਸਾਲਾਂ ਦੀ ਔਸਤ 61,000 ਸੀ। 2020 ਵਿੱਚ ਮਹਾਂਮਾਰੀ ਦੀ ਪਈ ਮਾਰ ਤੋਂ ਬਾਅਦ ਭਰਤੀ ਬੰਦ ਕਰ ਦਿੱਤੀ ਗਈ।
ਅਗਨੀਪਥ ਯੋਜਨਾ ਦੇ ਤਹਿਤ, ਲਗਭਗ 46,000 ਨੌਜਵਾਨਾਂ ਜਾਂ ਅਗਨੀਵੀਰਾਂ ਨੂੰ ਭਾਰਤੀ ਫ਼ੌਜ ਲਈ ਭਰਤੀ ਕੀਤਾ ਜਾਣਾ ਹੈ, "ਜਵਾਨ, ਮਜ਼ਬੂਤ ਅਤੇ ਬਹੁ-ਭਾਂਤੀ" ਨੌਜਵਾਨਾਂ ਦੀ ਇੱਕ ਪੂਰੀ ਫੋਰਸ। ਸਰਕਾਰੀ ਪ੍ਰੈੱਸ ਦੀ ਗੱਲ ਕਰੀਏ ਤਾਂ ਰਜਿਸਟ੍ਰੇਸ਼ਨ ਲਈ ਯੋਗ ਉਮਰ 17.5 ਤੋਂ 21 ਸਾਲ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ। ਇਸ ਨਾਲ਼ ਬਲਾਂ ਦੀ ਔਸਤ ਉਮਰ 4-5 ਸਾਲ ਘੱਟ ਜਾਣੀ ਹੈ।
ਉਮਰ-ਭਰ ਦੇ ਲੰਬੇ ਫ਼ੌਜੀ ਕੈਰੀਅਰ ਦੇ ਉਲਟ ਇਸ ਯੋਜਨਾ ਤਹਿਤ ਭਰਤੀ ਹਰੇਕ ਨੌਜਵਾਨ ਨੂੰ ਸਿਰਫ਼ 4-5 ਸਾਲ ਹੀ ਕੰਮ ਕਰਨ ਦਾ ਮੌਕਾ ਮਿਲ਼ੇਗਾ, ਜਿਹਦੇ ਅਖ਼ੀਰ ਵਿੱਚ ਹਰੇਕ ਬੈਚ ਦੇ 25 ਫੀਸਦੀ ਨੌਜਵਾਨਾਂ ਨੂੰ ਫ਼ੌਜ ਵਿੱਚ ਪੱਕੀ ਭਰਤੀ ਨਸੀਬ ਹੋਵੇਗੀ।
ਸਾਬਕਾ ਫ਼ੌਜੀ ਅਧਿਕਾਰੀ ਅਤੇ ਸਾਂਗਲੀ ਦੇ ਕੁੰਡਲ ਕਸਬੇ 'ਚ ਸੈਨਿਕ ਫੈਡਰੇਸ਼ਨ ਦੇ ਪ੍ਰਧਾਨ ਸ਼ਿਵਾਜੀ ਸੂਰਿਆਵੰਸ਼ੀ (65) ਦਾ ਮੰਨਣਾ ਹੈ ਕਿ ਇਹ ਪ੍ਰਾਜੈਕਟ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਹੈ। ਉਹ ਕਹਿੰਦੇ ਹਨ, "ਇੱਕ ਸੈਨਿਕ ਲਈ ਪੂਰੀ ਤਰ੍ਹਾਂ ਤਿਆਰ ਹੋਣ ਲਈ ਚਾਰ ਸਾਲ ਬਹੁਤ ਘੱਟ ਹੁੰਦੇ ਹਨ। ਜੇ ਇਨ੍ਹਾਂ ਫਾਇਰ ਫਾਈਟਰਾਂ ਨੂੰ ਕਸ਼ਮੀਰ ਜਾਂ ਕਿਸੇ ਹੋਰ ਸੰਘਰਸ਼ ਪ੍ਰਭਾਵਿਤ ਖੇਤਰ ਵਿੱਚ ਡਿਊਟੀ ਲਈ ਤਾਇਨਾਤ ਲਾਇਆ ਜਾਵੇ, ਤਾਂ ਤਜ਼ਰਬੇ ਦੀ ਇਹੀ ਘਾਟ ਹੋਰ ਸਿਖਲਾਈ ਪ੍ਰਾਪਤ ਸੈਨਿਕਾਂ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਕੁੱਲ ਮਿਲ਼ਾ ਕੇ ਇਹ ਪ੍ਰੋਜੈਕਟ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
ਸੂਰਿਆਵੰਸ਼ੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਦਾ ਅਪਮਾਨ ਹੈ ਜਿਨ੍ਹਾਂ ਨੌਕਰੀ ਵਿੱਚ ਸ਼ਾਮਲ ਹੋਣਾ ਹੁੰਦਾ ਹੈ। "ਜੇ ਅਗਨੀਵੀਰ ਡਿਊਟੀ ਦੌਰਾਨ ਮਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲ਼ਦਾ," ਉਹ ਕਹਿੰਦੇ ਹਨ,''ਇਹ ਸ਼ਰਮ ਦੀ ਗੱਲ ਹੈ। ਭਾਵੇਂ ਕੋਈ ਵਿਧਾਇਕ (ਵਿਧਾਨ ਸਭਾ ਮੈਂਬਰ) ਜਾਂ ਸੰਸਦ ਮੈਂਬਰ ਇੱਕ ਮਹੀਨੇ ਲਈ ਵੀ ਸੱਤਾ ਵਿੱਚ ਰਹਿੰਦਾ ਹੈ, ਤਾਂ ਵੀ ਉਹਨੂੰ ਉਹੀ ਲਾਭ ਮਿਲ਼ਦੇ ਹਨ ਜੋ ਆਪਣਾ ਕਾਰਜਕਾਲ ਪੂਰਾ ਕਰਨ ਵਾਲ਼ੇ ਵਿਧਾਇਕ ਨੂੰ ਮਿਲ਼ਦੇ ਹਨ ਤਾਂ ਫਿਰ ਸੈਨਿਕਾਂ ਨਾਲ਼ ਅਜਿਹਾ ਭੇਦਭਾਵ ਕਿਉਂ?
ਵਿਵਾਦਪੂਰਨ ਯੋਜਨਾ ਦੇ ਐਲਾਨ ਤੋਂ ਬਾਅਦ ਪੂਰੇ ਭਾਰਤ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ; ਇਸ ਯੋਜਨਾ ਦਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਨੇ ਇੱਕੋ ਜਿਹਾ ਵਿਰੋਧ ਕੀਤਾ ਸੀ।
ਭਾਜਪਾ ਦੀ ਅਗਵਾਈ ਵਾਲ਼ੀ ਕੇਂਦਰ ਸਰਕਾਰ ਇਸ ਵਾਰ ਯੋਜਨਾ ਪ੍ਰਤੀ ਸੋਧਾਂ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ 2024 ਦੀਆਂ ਆਮ ਚੋਣਾਂ ਦੇ ਨਤੀਜੇ ਭਾਜਪਾ ਦੇ ਪੱਖ ਵਿੱਚ ਨਹੀਂ ਗਏ ਸਨ। ਭਾਰਤੀ ਜਨਤਾ ਪਾਰਟੀ ਨੂੰ ਪਿਛਲੀਆਂ ਚੋਣਾਂ ਵਿੱਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਗੰਭੀਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿੱਥੇ ਹਥਿਆਰਬੰਦ ਬਲਾਂ ਵਿੱਚ ਸਭ ਤੋਂ ਵੱਧ ਭਰਤੀ ਹੁੰਦੀ ਹੈ। ਇਸ ਯੋਜਨਾ ਦੇ ਐਲਾਨ ਦੇ ਦੋ ਸਾਲ ਬਾਅਦ ਹੁਣ ਮਹਾਰਾਸ਼ਟਰ 'ਚ ਚੋਣਾਂ ਹੋ ਚੁੱਕੀਆਂ ਹਨ। ਇਸ ਯੋਜਨਾ ਨੂੰ ਲੈ ਕੇ ਨਿਰਾਸ਼ਾ ਪੱਛਮੀ ਮਹਾਰਾਸ਼ਟਰ 'ਚ ਪਹਿਲਾਂ ਨਾਲ਼ੋਂ ਜ਼ਿਆਦਾ ਸਪੱਸ਼ਟ ਹੈ, ਜੋ ਹਥਿਆਰਬੰਦ ਬਲਾਂ 'ਚ ਵੱਡੀ ਗਿਣਤੀ 'ਚ ਭਰਤੀ ਹੋਣ ਲਈ ਜਾਣਿਆ ਜਾਂਦਾ ਹੈ। ਇਸ ਖੇਤਰ ਦੇ ਕੁਝ ਪਿੰਡਾਂ ਵਿੱਚ, ਅਜਿਹੀਆਂ ਉਦਾਹਰਣਾਂ ਹਨ ਜਿੱਥੇ ਹਰੇਕ ਘਰ ਤੋਂ ਘੱਟੋ ਘੱਟ ਇੱਕ ਵਿਅਕਤੀ ਫ਼ੌਜ ਵਿੱਚ ਗਿਆ ਹੈ।
ਜੱਟੀ ਅਜਿਹੇ ਹੀ ਇੱਕ ਪਰਿਵਾਰ ਨਾਲ਼ ਸਬੰਧਤ ਹਨ। ਉਹ ਆਪਣੀ ਬੈਚਲਰ ਆਫ਼ ਆਰਟਸ ਦੀ ਡਿਗਰੀ ਦੇ ਆਖਰੀ ਸਾਲ ਵਿੱਚ ਹਨ। ਪਰ ਜਦੋਂ ਤੋਂ ਅਗਨੀਵੀਰ ਸਿਖਲਾਈ ਲੈਣ ਲਈ ਅਕੈਡਮੀ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦੀ ਪੜ੍ਹਾਈ ਰੁਕੀ ਹੋਈ ਹੈ।
"ਮੈਂ ਸਵੇਰੇ ਤਿੰਨ ਘੰਟੇ ਅਤੇ ਸ਼ਾਮ ਨੂੰ ਤਿੰਨ ਘੰਟੇ ਸਰੀਰਕ ਸਿਖਲਾਈ ਨੂੰ ਸਮਰਪਿਤ ਕਰਦਾ ਹਾਂ," ਉਹ ਕਹਿੰਦੇ ਹਨ। "ਜਦੋਂ ਤੱਕ ਕਸਰਤ ਖ਼ਤਮ ਹੁੰਦੀ ਹੈ, ਮੈਂ ਬਹੁਤ ਥੱਕਿਆ ਹੋਇਆ ਮਹਿਸੂਸ ਕਰਨ ਲੱਗਦਾ ਹਾਂ। ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਲਈ ਕੋਈ ਊਰਜਾ ਨਹੀਂ ਬੱਚਦੀ। ਜੇ ਮੇਰੀ ਚੋਣ ਹੁੰਦੀ ਹੈ ਤਾਂ ਮੈਨੂੰ ਇਮਤਿਹਾਨਾਂ ਤੋਂ ਪਹਿਲਾਂ ਜਾਣਾ ਪਵੇਗਾ।''
ਉਨ੍ਹਾਂ ਦੀ ਸਰੀਰਕ ਸਿਖਲਾਈ ਵਿੱਚ ਬਹੁਤ ਜ਼ਿਆਦਾ ਅਭਿਆਸ ਕਰਨਾ ਸ਼ਾਮਲ ਹੈ: ਦੌੜਨਾ, ਪੁਸ਼-ਅੱਪ ਲਾਉਣੇ, ਜ਼ਮੀਨ 'ਤੇ ਰੇਂਗਣਾ ਅਤੇ ਕਿਸੇ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਘੁੰਮਣਾ। ਹਰੇਕ ਸਿਖਲਾਈ ਦੇ ਅੰਤ 'ਤੇ ਉਨ੍ਹਾਂ ਦੇ ਕੱਪੜੇ ਪਸੀਨੇ ਨਾਲ਼ ਭਿੱਜ ਜਾਂਦੇ ਹਨ ਅਤੇ ਗੰਦੇ ਹੋ ਜਾਂਦੇ ਹਨ। ਇਸ ਤੋਂ ਕੁਝ ਘੰਟਿਆਂ ਬਾਅਦ ਉਹ ਦੁਬਾਰਾ ਕਸਰਤ ਕਰਨ ਜੁੱਟ ਜਾਂਦੇ ਹਨ।
ਜੇ ਜੱਟੀ ਨੂੰ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਅਗਨੀਵੀਰ ਵਜੋਂ ਚੁਣਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ 21,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਹ ਚੌਥੇ ਸਾਲ ਤੱਕ 28,000 ਰੁਪਏ ਤੱਕ ਪਹੁੰਚ ਜਾਣੀ ਹੈ। ਜੇ ਉਹ ਆਪਣੇ ਬੈਚ ਵਿੱਚੋਂ ਚੁਣੇ ਗਏ 25 ਪ੍ਰਤੀਸ਼ਤ ਯੋਗ ਉਮੀਦਵਾਰਾਂ ਦੇ ਸਮੂਹ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਹ ਅਗਨੀਪਥ ਪ੍ਰੋਜੈਕਟ 'ਤੇ ਕੰਮ ਕਰਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ 11.71 ਲੱਖ ਰੁਪਏ ਲੈ ਕੇ ਘਰ ਪਰਤਣਗੇ।
ਉਦੋਂ ਤੱਕ ਉਹ 23 ਸਾਲ ਦੇ ਹੋ ਚੁੱਕੇ ਹੋਣਗੇ। ਪਰ ਉਦੋਂ ਉਨ੍ਹਾਂ ਕੋਲ਼ ਕੋਈ ਹੋਰ ਨੌਕਰੀ ਹਾਸਲ ਕਰਨ ਲਈ ਲੋੜੀਂਦੀ ਕੋਈ ਡਿਗਰੀ ਨਹੀਂ ਹੋਵੇਗੀ।
"ਇਹੀ ਕਾਰਨ ਹੈ ਕਿ ਮੇਰੇ ਪਿਤਾ ਜੀ ਚਿੰਤਤ ਹਨ। ਉਹ ਹੁਣ ਮੈਨੂੰ ਪੁਲਿਸ ਫੋਰਸ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹਨ," ਜੱਟੀ ਕਹਿੰਦੇ ਹਨ।
ਭਾਰਤ ਸਰਕਾਰ ਨੇ ਕਿਹਾ ਹੈ ਕਿ 2022 ਦੇ ਉਦਘਾਟਨੀ ਸਾਲ ਵਿੱਚ 46,000 ਫਾਇਰ ਫਾਈਟਰਾਂ ਦੀ ਭਰਤੀ ਕੀਤੀ ਜਾਵੇਗੀ - ਉਨ੍ਹਾਂ ਵਿੱਚੋਂ 75 ਪ੍ਰਤੀਸ਼ਤ ਜਾਂ 24, 25 ਸਾਲ ਦੀ ਉਮਰ ਦੇ 34,500 ਨੌਜਵਾਨ, ਬਿਨਾਂ ਕਿਸੇ ਭਵਿੱਖ ਦੇ 2026 ਵਿੱਚ ਘਰ ਵਾਪਸ ਆ ਜਾਣਗੇ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਲਈ ਦੁਬਾਰਾ ਨਵੀਂ ਠ੍ਹਾਰ ਲੱਭਣੀ ਸ਼ੁਰੂ ਕਰਨੀ ਪਵੇਗੀ।
2026 ਤੱਕ ਭਰਤੀ ਦੀ ਵੱਧ ਤੋਂ ਵੱਧ ਸੀਮਾ 175,000 ਹੈ। ਇਸ ਦਾ ਉਦੇਸ਼ ਪੰਜਵੇਂ ਸਾਲ ਵਿੱਚ ਭਰਤੀ ਨੂੰ ਵਧਾ ਕੇ 90,000 ਅਤੇ ਅਗਲੇ ਸਾਲ 125,000 ਕਰਨਾ ਹੈ।
ਫ਼ੌਜ/ਪੁਲਿਸ ਦੇ ਬਹੁਤ ਸਾਰੇ ਵਿਅਕਤੀ ਖੇਤੀਬਾੜੀ ਪਿਛੋਕੜ ਤੋਂ ਆਉਂਦੇ ਹਨ ਅਤੇ ਖੇਤੀਬਾੜੀ ਸੰਕਟ ਦੁਆਰਾ ਪੈਦਾ ਕੀਤੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਕਰਜ਼ੇ ਦੇ ਵਧਦੇ ਭਾਰ, ਫ਼ਸਲਾਂ ਦੀਆਂ ਡਿੱਗਦੀਆਂ ਕੀਮਤਾਂ, ਕਰਜ਼ੇ ਦੀ ਸਹੂਲਤ ਦੀ ਘਾਟ ਅਤੇ ਜਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵਾਂ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀ ਜ਼ਿੰਦਗੀ ਦਾ ਦੁਖਦਾਈ ਅੰਤ ਕੀਤਾ ਹੈ। ਨਤੀਜੇ ਵਜੋਂ, ਟਿਕਾਊ ਰੁਜ਼ਗਾਰ ਲੱਭਣਾ ਬਹੁਤ ਮਹੱਤਵਪੂਰਨ ਹੈ ਜੋ ਖੇਤੀਬਾੜੀ ਪਰਿਵਾਰਾਂ ਦੇ ਬੱਚਿਆਂ ਨੂੰ ਜੀਵਨ ਸੁਰੱਖਿਆ ਪ੍ਰਦਾਨ ਕਰ ਸਕਦਾ ਹੋਵੇ।
ਪਲੂਸ 'ਚ ਯਸ਼ ਅਕੈਡਮੀ ਚਲਾਉਣ ਵਾਲ਼ੇ ਪ੍ਰਕਾਸ਼ ਭੋਰ ਦਾ ਮੰਨਣਾ ਹੈ ਕਿ ਅਗਨੀਪਥ ਪ੍ਰੋਜੈਕਟ ਪੇਂਡੂ ਭਾਰਤ 'ਚ ਰੁਜ਼ਗਾਰ ਸੰਕਟ ਨੂੰ ਹੋਰ ਵਧਾਏਗਾ ਕਿਉਂਕਿ ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਨੌਜਵਾਨਾਂ ਨੂੰ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਪਹਿਲਾਂ ਡਿਊਟੀ 'ਤੇ ਜਾਣਾ ਪਵੇ। "ਨੌਕਰੀਆਂ ਦਾ ਬਜ਼ਾਰ ਪਹਿਲਾਂ ਹੀ ਉਮੀਦ ਭਰਿਆ ਨਹੀਂ ਹੈ," ਉਹ ਕਹਿੰਦੇ ਹਨ,"ਡਿਗਰੀ ਨਾ ਹੋਣ ਨਾਲ਼ ਬੱਚਿਆਂ ਦੀ ਹਾਲਤ ਹੋਰ ਵਿਗੜ ਜਾਣੀ ਹੈ। ਚਾਰ ਸਾਲ ਦਾ ਇਕਰਾਰਨਾਮਾ ਪੂਰਾ ਹੋਣ 'ਤੇ ਘਰ ਪਰਤਣ ਤੋਂ ਬਾਅਦ, ਉਨ੍ਹਾਂ ਨੂੰ ਸੁਸਾਇਟੀ ਦੇ ਬਾਹਰ ਜਾਂ ਏਟੀਐੱਮ 'ਤੇ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਪੈਣਾ ਹੈ।''
ਉਨ੍ਹਾਂ ਨੇ ਕਿਹਾ ਕਿ ਇੰਝ ਉਨ੍ਹਾਂ ਦਾ ਵਿਆਹ ਵੀ ਨਹੀਂ ਹੋ ਸਕਦਾ। ਲਾੜੀ ਦਾ ਪਰਿਵਾਰ ਸਪੱਸ਼ਟ ਤੌਰ 'ਤੇ ਪੁੱਛਦਾ ਹੈ ਕਿ ਕੀ ਹੋਣ ਵਾਲ਼ੇ ਪਤੀ ਕੋਲ਼ ਸਥਾਈ ਨੌਕਰੀ ਹੈ ਜਾਂ ਫਿਰ ਉਹ 'ਚਾਰ ਸਾਲ ਦਾ ਫ਼ੌਜੀ' ਹੈ। ਨਿਰਾਸ਼ ਨੌਜਵਾਨਾਂ ਦੇ ਉਸ ਸਮੂਹ ਦੀ ਕਲਪਨਾ ਕਰਕੇ ਦੇਖੋ ਜਿਨ੍ਹਾਂ ਨੂੰ ਬੰਦੂਕਾਂ ਦੀ ਵਰਤੋਂ ਕਰਨ ਲਈ ਸਿਖਲਾਈ ਪ੍ਰਾਪਤ ਹੈ ਪਰ ਉਨ੍ਹਾਂ ਸਾਹਵੇਂ ਕਰਨ ਨੂੰ ਕੁਝ ਵੀ ਨਹੀਂ ਹੈ। ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਇਹ ਇੱਕ ਤਸਵੀਰ ਦਾ ਡਰਾਉਣਾ ਪਾਸਾ ਹੈ।''
ਮੇਜਰ ਹਿੰਮਤ ਓਵਹਲ, ਜਿਨ੍ਹਾਂ ਨੇ ਫ਼ੌਜੀ ਸੇਵਾ ਲਈ 17 ਸਾਲ ਸਮਰਪਿਤ ਕੀਤੇ ਹਨ ਅਤੇ 2009 ਤੋਂ ਸਾਂਗਲੀ ਵਿਖੇ ਇੱਕ ਸਿਖਲਾਈ ਅਕੈਡਮੀ ਚਲਾ ਰਹੇ ਹਨ, ਦਾ ਕਹਿਣਾ ਹੈ ਕਿ ਇਹ ਯੋਜਨਾ ਨੌਜਵਾਨਾਂ ਨੂੰ ਫ਼ੌਜ ਵਿੱਚ ਕੈਰੀਅਰ ਬਣਾਉਣ ਤੋਂ ਰੋਕੇਗੀ। ਉਹ ਕਹਿੰਦੇ ਹਨ, "ਪਹਿਲਾਂ, 2009 ਤੋਂ, ਸਾਡੀ ਅਕੈਡਮੀ ਸਾਲਾਨਾ 1,500 ਤੋਂ 2,000 ਵਿਦਿਆਰਥੀਆਂ ਨੂੰ ਦਾਖਲਾ ਦਿੰਦੀ ਸੀ। ਪਰ ਅਗਨੀਵੀਰ ਦੇ ਆਉਣ ਤੋਂ ਬਾਅਦ ਇਹ ਗਿਣਤੀ ਘੱਟ ਕੇ ਸਿਰਫ਼ 100 ਰਹਿ ਗਈ ਹੈ।'' ਇਹ ਗ੍ਰਾਫ਼ ਮਹੱਤਵਪੂਰਣ ਗਿਰਾਵਟ ਨੂੰ ਦਰਸਾਉਂਦਾ ਹੈ।
ਅਜਿਹੀ ਸਥਿਤੀ ਵਿੱਚ ਵੀ, ਜੋ ਲੋਕ ਸਿਖਲਾਈ ਜਾਰੀ ਰੱਖਦੇ ਹਨ, ਉਹ ਜੱਟੀ ਵਾਂਗ ਆਪਣੇ ਬੈਚ ਦੇ ਚੋਟੀ ਦੇ 25 ਪ੍ਰਤੀਸ਼ਤ ਦਾ ਹਿੱਸਾ ਬਣਨ ਦੀ ਇੱਛਾ ਰੱਖਦੇ ਹਨ। ਵਿਕਲਪਕ ਤੌਰ 'ਤੇ, ਰਿਆ ਬੇਲਦਾਰ ਵਰਗੇ ਲੋਕ ਭਾਵਨਾਤਮਕ ਕਾਰਕਾਂ ਤੋਂ ਵੀ ਪ੍ਰੇਰਿਤ ਹੋ ਸਕਦੇ ਹੁੰਦੇ ਹਨ।
ਬੇਲਦਾਰ, ਸਾਂਗਲੀ ਦੇ ਇੱਕ ਛੋਟੇ ਜਿਹੇ ਕਸਬੇ ਮਿਰਾਜ ਦੇ ਇੱਕ ਛੋਟੇ ਕਿਸਾਨ ਦੀ ਧੀ ਹਨ। ਉਹ ਬਚਪਨ ਤੋਂ ਹੀ ਆਪਣੇ ਚਾਚੇ ਦੇ ਬੇਹੱਦ ਕਰੀਬ ਰਹੇ ਹਨ ਤੇ ਅਜਿਹਾ ਕੁਝ ਕਰਨਾ ਚਾਹੁੰਦੇ ਹਨ ਜਿਸ 'ਤੇ ਉਹ (ਚਾਚਾ) ਮਾਣ ਕਰ ਸਕਣ। "ਉਹ ਭਾਰਤੀ ਫ਼ੌਜ ਵਿੱਚ ਸੇਵਾ ਕਰਨਾ ਚਾਹੁੰਦੇ ਸਨ," ਉਹ ਕਹਿੰਦੇ ਹਨ। ''ਇੱਕ ਅਜਿਹਾ ਸੁਪਨਾ ਜੋ ਕਦੇ ਸਾਕਾਰ ਨਾ ਹੋ ਸਕਿਆ। ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਜ਼ਰੀਏ ਆਪਣਾ ਸੁਪਨਾ ਪੂਰਾ ਹੁੰਦਿਆਂ ਦੇਖਣ।''
ਓਵਹਲ ਤੋਂ ਸਿਖਲਾਈ ਲੈਂਦਿਆਂ ਉਨ੍ਹਾਂ ਨੇ ਹਰ ਆਲੋਚਨਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿਉਂਕਿ ਉਹ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਉਨ੍ਹਾਂ ਨੂੰ ਚਿੜਾਇਆ ਗਿਆ ਤੇ ਮਜ਼ਾਕ ਉਡਾਇਆ ਗਿਆ। "ਪਰ ਮੈਂ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਮੇਰੇ ਮਾਪੇ ਮੇਰੇ ਨਾਲ ਖੜ੍ਹੇ ਸਨ," ਬੇਲਦਾਰ ਕਹਿੰਦੇ ਹਨ।
19 ਸਾਲਾ ਬੇਲਦਾਰ ਮੰਨਦੇ ਹਨ ਕਿ ਅਗਨੀਪਥ ਪ੍ਰੋਜੈਕਟ ਉਨ੍ਹਾਂ ਲਈ ਢੁਕਵਾਂ ਨਹੀਂ ਹੈ। "ਤੁਹਾਨੂੰ ਪੂਰਾ-ਪੂਰਾ ਦਿਨ ਸਿਖਲਾਈ ਲੈਣੀ ਪੈਂਦੀ ਹੈ, ਆਲੋਚਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਿੱਖਿਆ ਨੂੰ ਖ਼ਤਰੇ ਵਿੱਚ ਪਾਉਣਾ ਪੈਂਦਾ ਹੈ। ਜੋ ਵਰਦੀ ਤੁਸੀਂ ਪਹਿਨਦੇ, ਚਾਰ ਸਾਲ ਬਾਅਦ ਤੁਹਾਡੇ ਕੋਲ਼ੋਂ ਖੋਹ ਲਈ ਜਾਣੀ ਹੁੰਦੀ ਹੈ, ਅੱਗੇ ਸਭ ਧੁੰਦਲਾ ਹੀ ਧੁੰਦਲਾ ਹੈ। ਇਹ ਬਹੁਤ ਹੀ ਮਾੜੀ ਗੱਲ ਹੈ।''
ਫਿਰ ਵੀ, ਬੇਲਦਾਰ ਨੇ ਆਪਣੇ ਚਾਰ ਸਾਲਾਂ ਦੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਆਪਣੀਆਂ ਯੋਜਨਾਵਾਂ ਬਣਾਈਆਂ ਹਨ। "ਜਦੋਂ ਮੈਂ ਵਾਪਸ ਆਵਾਂਗੀ, ਇੱਕ ਤਾਂ ਕੁੜੀਆਂ ਲਈ ਅਕੈਡਮੀ ਸ਼ੁਰੂ ਕਰਾਂਗੀ ਤੇ ਦੂਜਾ ਆਪਣੇ ਖੇਤ ਵਿੱਚ ਗੰਨਾ ਉਗਾਉਂਗੀ," ਉਹ ਕਹਿੰਦੇ ਹਨ,"ਜੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਮੈਨੂੰ ਸਥਾਈ ਨਿਯੁਕਤੀ ਨਹੀਂ ਮਿਲ਼ਦੀ, ਤਾਂ ਵੀ ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਮੈਂ ਇੱਕ ਵਾਰ ਹੀ ਸਹੀ ਫ਼ੌਜ ਵਿੱਚ ਸੇਵਾ ਕੀਤੀ ਅਤੇ ਆਪਣੇ ਚਾਚੇ ਦਾ ਸੁਪਨਾ ਪੂਰਾ ਕੀਤਾ।''
ਕੋਲ੍ਹਾਪੁਰ ਸ਼ਹਿਰ ਦੇ 19 ਸਾਲਾ ਓਮ ਵਿਭੂਤੇ, ਜੋ ਬੇਲਦਾਰ ਦੀ ਹੀ ਅਕੈਡਮੀ ਵਿੱਚ ਸਿਖਲਾਈ ਲੈ ਰਹੇ ਹਨ, ਨੇ ਵਧੇਰੇ ਵਿਹਾਰਕ ਪਹੁੰਚ ਚੁਣੀ ਹੈ। ਉਹ ਦੇਸ਼ ਦੀ ਸੇਵਾ ਕਰਨ ਦੇ ਵਾਅਦੇ ਨਾਲ਼ ਅਗਨੀਪਥ ਪ੍ਰੋਜੈਕਟ ਦਾ ਐਲਾਨ ਹੋਣ ਤੋਂ ਪਹਿਲਾਂ ਓਵਹਲ ਦੀ ਅਕੈਡਮੀ ਵਿੱਚ ਸ਼ਾਮਲ ਹੋਏ। ਪਰ ਦੋ ਸਾਲ ਪਹਿਲਾਂ, ਉਨ੍ਹਾਂ ਨੇ ਇੱਕ ਕੋਰਸ ਸੁਧਾਰ ਕੀਤਾ। "ਮੈਂ ਹੁਣ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦਾ ਹਾਂ," ਉਹ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਤੁਹਾਨੂੰ 58 ਸਾਲ ਦੀ ਉਮਰ ਤੱਕ ਨੌਕਰੀ ਦੀ ਸੁਰੱਖਿਆ ਦੇਵੇਗਾ ਅਤੇ ਪੁਲਿਸ ਫੋਰਸ ਵਿੱਚ ਸੇਵਾ ਕਰਨਾ ਵੀ ਰਾਸ਼ਟਰੀ ਹਿੱਤ ਵਿੱਚ ਹੈ। ਮੈਂ ਆਰਮੀ ਅਫ਼ਸਰ ਬਣਨਾ ਚਾਹੁੰਦਾ ਸੀ, ਪਰ ਅਗਨੀਪਥ ਪ੍ਰੋਜੈਕਟ ਨੇ ਮੇਰਾ ਮਨ ਬਦਲ ਦਿੱਤਾ।''
ਵਿਭੂਤੇ ਦਾ ਕਹਿਣਾ ਹੈ ਕਿ ਚਾਰ ਸਾਲਾਂ ਬਾਅਦ ਘਰ ਪਰਤਣ ਦੇ ਵਿਚਾਰ ਨੇ ਉਨ੍ਹਾਂ ਨੂੰ ਅੰਦਰ ਤੀਕ ਹਿਲਾ ਛੱਡਿਆ। "ਘਰ ਵਾਪਸੀ ਤੋਂ ਬਾਅਦ ਮੈਂ ਕੀ ਕਰਾਂਗਾ?" ਉਨ੍ਹਾਂ ਤੋਂ ਪੁੱਛਿਆ ਗਿਆ। "ਮੈਨੂੰ ਯੋਗ ਨੌਕਰੀ ਕੌਣ ਦੇਵੇਗਾ? ਸਾਨੂੰ ਆਪਣੇ ਭਵਿੱਖ ਬਾਰੇ ਯਥਾਰਥਵਾਦੀ ਹੋਣਾ ਪਵੇਗਾ।''
ਸਾਬਕਾ ਸੈਨਿਕ ਸੂਰਿਆਵੰਸ਼ੀ ਦਾ ਕਹਿਣਾ ਹੈ ਕਿ ਅਗਨੀਪਥ ਪ੍ਰੋਜੈਕਟ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਹੈ ਕਿ ਇਸ ਨੇ ਚਾਹਵਾਨ ਸੈਨਿਕਾਂ ਵਿੱਚ ਰਾਸ਼ਟਰਵਾਦ ਨੂੰ ਕਮਜ਼ੋਰ ਕਰ ਦਿੱਤਾ ਹੈ। "ਮੈਂ ਕੁਝ ਪਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਸੁਣ ਰਿਹਾ ਹਾਂ," ਉਹ ਕਹਿੰਦੇ ਹਨ। "ਜਦੋਂ ਉਹ ਜਾਣ ਗਏ ਕਿ ਉਨ੍ਹਾਂ ਨੂੰ 25 ਪ੍ਰਤੀਸ਼ਤ ਵਿੱਚ ਜਗ੍ਹਾ ਨਹੀਂ ਮਿਲ਼ਣੀ, ਤਾਂ ਉਹ ਆਪਣੀਆਂ ਕੋਸ਼ਿਸ਼ਾਂ ਬੰਦ ਕਰ ਸਕਦੇ ਹਨ ਅਤੇ ਆਪਣੇ ਸੀਨੀਅਰਾਂ ਦੀ ਕਮਾਂਡ ਦੀ ਉਲੰਘਣਾ ਤੱਕ ਕਰ ਸਕਦੇ ਹਨ ਅਤੇ ਮੈਂ ਉਨ੍ਹਾਂ ਨੂੰ ਦੋਸ਼ ਨਹੀਂ ਦਿੰਦਾ। ਤੁਸੀਂ ਆਪਣੀ ਜਾਨ ਜੋਖ਼ਮ ਵਿੱਚ ਕਿਉਂ ਪਾਓਗੇ, ਕਿਉਂ ਖ਼ੂਨ-ਪਸੀਨਾ ਵਹਾਓਗੇ, ਖ਼ਾਸ ਕਰਕੇ ਉਸ ਕੰਮ ਲਈ ਜੋ ਚਾਰ ਸਾਲ ਬਾਅਦ ਤੁਹਾਡੇ ਕੋਲ਼ੋਂ ਖੋਹ ਲਿਆ ਜਾਵੇਗਾ? ਇਸ ਯੋਜਨਾ ਨੇ ਸੈਨਿਕਾਂ ਨੂੰ ਠੇਕੇ ਦੇ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ।''
ਤਰਜਮਾ: ਕਮਲਜੀਤ ਕੌਰ