“ਪਾਣੀ ਲੈ ਲੋ! ਪਾਣੀ!”
ਇਹ ਸਨ ਕੇ ਇਕਡੁਮ ਆਪਣੇ ਭਾਂਡੇ ਲੈ ਕੇ ਬਾਹਰ ਵੱਲ ਨਾ ਦੌੜਿਓ। ਇਹ ਪਾਣੀ ਵਾਲਾ ਟੈਂਕਰ ਥੋੜਾ ਜਿਹਾ ਛੋਟਾ ਹੈ। ਪਲਾਸਟਿਕ ਦੀ ਬੋਤਲ, ਪੁਰਾਣੀ ਰਬੜ ਦੀ ਚੱਪਲ, ਇੱਕ ਛੋਟੀ ਜਿਹੀ ਪਲਾਸਟਿਕ ਦੀ ਪਾਈਪ ਅਤੇ ਲੱਕੜ ਦੇ ਛੋਟੇ ਜਿਹੇ ਡੱਕਿਆਂ ਨਾਲ ਬਣੇ ਇਸ ‘ਟੈਂਕਰ’ ਵਿੱਚ ਇੱਕ ਗਲਾਸ ਪਾਣੀ ਦਾ ਆ ਜਾਂਦਾ ਹੈ।
ਬਲਵੀਰ ਸਿੰਘ, ਭਵਾਨੀ ਸਿੰਘ, ਕੈਲਾਸ਼ ਕੰਵਰ ਅਤੇ ਮੋਤੀ ਸਿੰਘ- ਸਭ ਸਾਂਵਤਾ ਪਿੰਡ ਦੇ 5 ਤੋਂ 13 ਸਾਲ ਦੀ ਉਮਰ ਦੇ ਬੱਚੇ ਹਨ- ਜਿਨ੍ਹਾਂ ਨੇ ਇਹ ਖਿਡੌਣਾ ਰਾਜਸਥਾਨ ਦੇ ਪੂਰਬੀ ਹਿੱਸੇ ਵਿੱਚ ਵੱਸੇ ਉਹਨਾਂ ਦੇ ਪਿੰਡ ਆਉਣ ਵਾਲੇ ਉਸ ਪਾਣੀ ਦੇ ਟੈਂਕਰ ਨੂੰ ਦੇਖ ਕੇ ਬਣਾਇਆ ਜਿਸ ਨੂੰ ਦੇਖ ਕੇ ਉਹਨਾਂ ਦੇ ਮਾਪਿਆਂ ਦੇ ਅਤੇ ਪਿੰਡ ਦੇ ਹੋਰ ਲੋਕਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ।
ਇੱਥੇ ਮੀਲਾਂ ਤੱਕ ਸਿਰਫ਼ ਸੁੱਕੀ ਜ਼ਮੀਨ ਹੈ, ਕੋਈ ਪਾਣੀ ਨਹੀਂ ਸਿਰਫ਼ ਇੱਕਾ ਦੁੱਕਾ ਛੱਪੜ ਹਨ ਜੋ ਕਿ ਓਰਾਨਾਂ (ਪਵਿੱਤਰ ਬਾਗ) ਵਿੱਚ ਦੂਰ ਦੂਰ ਬਣੇ ਹੋਏ ਹਨ।
ਬੱਚੇ ਕਈ ਵਾਰ ਪਾਣੀ ਦੇ ਟੈਂਕ ਦੀ ਥਾਂ ਕੈਰੀਅਰ ਨਾਲ ਖੇਡਣ ਲੱਗ ਪੈਂਦੇ ਹਨ ਜੋ ਕਿ ਉਹਨਾਂ ਨੇ ਪਲਾਸਟਿਕ ਦੇ ਡੱਬੇ ਨੂੰ ਅੱਧਾ ਕੱਟ ਕੇ ਬਣਾਇਆ ਹੈ। ਜਦੋਂ ਪੱਤਰਕਾਰ ਨੇ ਇਸ ਪਰਿਕ੍ਰਿਆ ਬਾਰੇ ਪੁੱਛਿਆ ਤਾਂ ਬੱਚਿਆਂ ਨੇ ਦੱਸਿਆ ਕਿ ਅਲੱਗ ਅਲੱਗ ਹਿੱਸਿਆਂ ਲਈ ਸਮਾਨ ਇਕੱਠਾ ਕਰਨ ਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ ਕਿਉਂਕਿ ਇਹ ਚੀਜਾਂ ਕਬਾੜ ਵਿੱਚੋਂ ਲੱਭਣੀਆਂ ਪੈਂਦੀਆਂ ਹਨ।
ਇੱਕ ਵਾਰੀ ਮਜਬੂਤ ਢਾਂਚਾ ਤਿਆਰ ਹੋ ਜਾਵੇ ਤਾਂ ਉਹ ਇਸ ਖਿਡੌਣੇ ਨੂੰ ਉੱਚੇ ਨੀਵੇਂ ਪਹੀਆਂ ਤੇ ਇੱਕ ਲੋਹੇ ਦੀ ਤਾਰ ਨਾਲ ਮੋੜਦੇ ਹਨ। ਇਸ ਨਾਲ ਉਹ ਆਪਣੇ ਘਰਾਂ ਦੇ ਬਾਹਰ ਕੇਰ ( ਕੱਪਾਰਿਸ ਡੈਸੀਡੁਆ ) ਦਰੱਖਤ ਦੀ ਛਾਵੇਂ ਖੇਡਦੇ ਹਨ ਜਿੱਥੇ ਉਹ ਇੱਕ ਦੂਜੇ ਤੋਂ ਬੱਸ ਇੱਕ ਹਾਕ ਦੀ ਦੂਰੀ ਤੇ ਹੁੰਦੇ ਹਨ।
ਤਰਜਮਾ: ਨਵਨੀਤ ਸਿੰਘ ਧਾਲੀਵਾਲ