"ਥੋੜ੍ਹਾ ਜਿਹਾ ਗੁੱਸਾ ਦਿਖਾਉਣਾ ਹੋਵੇ ਤਾਂ ਅੱਖਾਂ ਨੂੰ ਰਤਾ ਕੁ ਤਾਣਨਾ ਪੈਂਦਾ ਹੈ... ਭਿਅੰਕਰ ਗੁੱਸੇ ਲਈ ਚਪਟ ਖੁੱਲ੍ਹੀਆਂ ਵੱਡੀਆਂ ਅੱਖਾਂ ਤੇ ਭਰਵੱਟੇ ਚੜ੍ਹੇ ਹੋਣੇ ਚਾਹੀਦੇ ਹਨ। ਖੁਸ਼ੀ ਦਿਖਾਉਣੀ ਹੋਵੇ ਤਾਂ ਗੱਲ੍ਹਾਂ 'ਤੇ ਮੁਸਕਰਾਹਟ ਖਿੰਡਾਉਣੀ ਪੈਂਦੀ ਹੈ।''

ਦਿਲੀਪ ਪਟਨਾਇਕ ਨੂੰ ਝਾਰਖੰਡ ਰਾਜ ਵਿਖੇ ਸਰਾਏਕੇਲਾ ਛਊ ਨਾਚ ਵਿੱਚ ਵਰਤੇ ਜਾਣ ਵਾਲ਼ੇ ਮਖੌਟਾ ਬਣਾਉਣ ਲਈ ਜਾਣਿਆ ਜਾਂਦਾ ਹੈ। "ਮਖੌਟੇ 'ਚੋਂ ਪੂਰਾ ਕਿਰਦਾਰ ਝਲਕਣਾ ਚਾਹੀਦਾ ਹੈ," ਉਹ ਕਹਿੰਦੇ ਹਨ। ਸਰਾਏਕੇਲਾ ਛਊ ਕਲਾ ਦੇ ਮਖੌਟੇ ਵਿਲੱਖਣ ਹਨ। ਉਹ ਨਵਾਰਾਸ ਦੇ ਨੌ ਭਾਵਾਂ ਨੂੰ ਦਰਸਾਉਂਦੇ ਨੇ, ਹਾਵ-ਭਾਵਾਂ ਦੀ ਇੰਨੀ ਵੰਨ-ਸੁਵੰਨਤਾ ਤੁਸੀਂ ਕਿਸੇ ਹੋਰ ਛਊ ਸ਼ੈਲੀ ਵਿੱਚ ਨਹੀਂ ਲੱਭ ਸਕਦੇ।''

ਬਣਨ ਪ੍ਰਕਿਰਿਆ ਦੇ ਵੱਖੋ-ਵੱਖ ਪੜਾਵਾਂ 'ਤੇ ਪਏ ਕੁਝ ਇੱਧਰ-ਓਧਰ ਫੈਲੇ ਮਖੌਟੇ, ਦੇਖਣ ਵਿੱਚ ਕਾਫੀ ਵਿਲੱਖਣ ਜਾਪਦੇ ਹਨ। ਇਨ੍ਹਾਂ ਮਖੌਟਿਆਂ ਦੀਆਂ ਚਪਟ ਖੁੱਲ੍ਹੀਆਂ ਅੱਖਾਂ, ਪਤਲੇ ਭਰਵੱਟੇ, ਸਾਂਵਲੀ, ਕਣਕਵੰਨੀ ਚਮੜੀ ਇਹ ਸਭ ਮਿਲ਼ ਕੇ ਕਈ ਤਰ੍ਹਾਂ ਦੇ ਭਾਵਾਂ ਨੂੰ ਕੈਪਚਰ ਕਰਦੇ ਹਨ।

ਇਹ ਕਲਾ ਨਾਚ ਅਤੇ ਮਾਰਸ਼ਲ ਆਰਟਸ ਦਾ ਸੰਗਮ ਹੈ। ਜਿਸ ਵਿੱਚ ਕਲਾਕਾਰ ਇਹ ਮਖੌਟੇ ਪਹਿਨ ਕੇ ਰਾਮਾਇਣ, ਮਹਾਭਾਰਤ ਅਤੇ ਸਥਾਨਕ ਲੋਕਕਥਾਵਾਂ ਦੀਆਂ ਕਹਾਣੀਆਂ ਪੇਸ਼ ਕਰਦੇ ਹਨ। ਦਿਲੀਪ ਇਨ੍ਹਾਂ ਸਾਰੇ ਸ਼ੋਆਂ ਲਈ ਲੋੜੀਂਦੇ ਮਖੌਟੇ ਬਣਾ ਸਕਦੇ ਹਨ। ਪਰ ਉਨ੍ਹਾਂ ਵਿੱਚੋਂ ਉਨ੍ਹਾਂ ਦਾ ਮਨਪਸੰਦ ਮਖੌਟਾ ਕ੍ਰਿਸ਼ਨ ਦਾ ਹੈ। "ਗੁੱਸੇ ਦਾ ਭਾਵ ਦਿਖਾਉਣਾ ਸੌਖਾ ਹੈ, ਚਪਟ ਖੁੱਲ੍ਹੀਆਂ ਅੱਖਾਂ ਅਤੇ ਉਤਾਂਹ ਚੁੱਕੇ ਭਰਵੱਟੇ ਬਣਾ ਦਿਓ ਕੰਮ ਖਤਮ, ਪਰ ਸ਼ਰਾਰਤੀ ਭਾਵ ਲਿਆਉਣਾ ਕੋਈ ਸੌਖਾ ਕੰਮ ਨਹੀਂ ਹੈ।''

ਕਿਉਂਕਿ ਦਿਲੀਪ ਖੁਦ ਇੱਕ ਪ੍ਰਦਰਸ਼ਨਕਾਰੀ ਕਲਾਕਾਰ ਹਨ, ਬਚਪਨ ਤੋਂ ਹੀ ਛਊ ਨਾਚ ਮੰਡਲੀ ਦਾ ਹਿੱਸਾ ਰਹਿਣ ਕਾਰਨ ਉਹ ਬਰੀਕ ਤੋਂ ਬਰੀਕ ਵੇਰਵੇ ਨੂੰ ਸਮਝਣ ਯੋਗ ਹੋਏ। ਉਹ ਛਊ ਤਿਉਹਾਰ ਦੌਰਾਨ ਸ਼ਿਵ ਮੰਦਰ ਵਿੱਚ ਹੁੰਦੇ ਨਾਚ ਨੂੰ ਵੇਖ ਕੇ ਸਭ ਸਿੱਖਦੇ ਚਲੇ ਗਏ। ਕ੍ਰਿਸ਼ਨ ਦਾ ਨਾਚ ਉਨ੍ਹਾਂ ਦਾ ਮਨਪਸੰਦ ਨਾਚ ਹੈ। ਉਹ ਅੱਜ ਢੋਲ਼ ਵਜਾਉਂਦੇ ਹਨ ਅਤੇ ਸਰਾਏਕੇਲਾ ਛਊ ਟੀਮ ਦਾ ਅਨਿਖੜਵਾਂ ਹਿੱਸਾ ਹਨ।

PHOTO • Ashwini Kumar Shukla
PHOTO • Ashwini Kumar Shukla

ਦਿਲੀਪ ਪਟਨਾਇਕ ਸਰਾਏਕੇਲਾ ਜ਼ਿਲ੍ਹੇ ਦੇ ਤੇਂਟੋਪੋਸੀ ਪਿੰਡ ਵਿਖੇ ਆਪਣੇ ਘਰ ( ਖੱਬੇ ) ਵਿੱਚ। ਉਹ ਤੇਂਟੋਪੋਸੀ ਵਿੱਚ ਸ਼ਿਵ ਮੰਦਰ ਦੇ ਨੇੜੇ ਇੱਕ ਸਥਾਨਕ ਛਊ ਪ੍ਰਦਰਸ਼ਨ ਦੌਰਾਨ ਢੋਲ਼ ( ਸੱਜੇ ) ਵਜਾਉਂਦੇ ਹਨ

ਦਿਲੀਪ ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਦੇ ਤੇਂਟੋਪੋਸੀ ਪਿੰਡ ਦੇ ਰਹਿਣ ਵਾਲ਼ੇ ਹਨ। ਉਹ 1,000 ਤੋਂ ਵੱਧ ਲੋਕਾਂ ਦੀ ਆਬਾਦੀ ਵਾਲ਼ੇ ਇਸ ਪਿੰਡ ਵਿੱਚ ਆਪਣੀ ਪਤਨੀ, ਚਾਰ ਧੀਆਂ ਅਤੇ ਇੱਕ ਬੇਟੇ ਨਾਲ਼ ਰਹਿੰਦੇ ਹਨ। ਦੋ ਕਮਰਿਆਂ ਵਾਲ਼ਾ  ਉਨ੍ਹਾਂ ਦਾ ਇੱਟਾਂ ਦਾ ਘਰ ਅਤੇ ਵਿਹੜਾ, ਖੇਤਾਂ ਦੇ ਐਨ ਵਿਚਾਲੇ ਬਣਿਆ ਹੈ, ਹੀ ਉਨ੍ਹਾਂ ਦੇ ਕੰਮ ਵਾਲ਼ੀ ਥਾਂ ਹੈ। ਸਾਹਮਣੇ ਵਾਲ਼ੇ ਦਰਵਾਜ਼ੇ ਦੇ ਨੇੜੇ ਮਿੱਟੀ ਦਾ ਢੇਰ ਹੈ ਅਤੇ ਘਰ ਦੇ ਸਾਹਮਣੇ ਨਿੰਮ ਦਾ ਰੁੱਖ ਫੈਲਿਆ ਹੋਇਆ ਹੈ, ਜਦੋਂ ਮੀਂਹ ਵਗੈਰਾ ਨਾ ਪੈਂਦਾ ਹੋਵੇ ਤਾਂ ਉਹ ਰੁੱਖ ਹੇਠਾਂ ਬੈਠ ਕੇ ਕੰਮ ਕਰਦੇ ਹਨ।

"ਜਦੋਂ ਮੈਂ ਛੋਟਾ ਸਾਂ, ਮੈਂ ਆਪਣੇ ਪਿਤਾ (ਕੇਸ਼ਵ ਅਚਾਰੀਆ) ਨੂੰ ਮਖੌਟਾ ਬਣਾਉਂਦੇ ਵੇਖਿਆ ਕਰਦਾ,'' ਤੀਜੀ ਪੀੜ੍ਹੀ ਦੇ ਕਲਾਕਾਰ ਦਿਲੀਪ ਕਹਿੰਦੇ ਹਨ। "ਉਹ ਮਿੱਟੀ ਦੇ ਸਾਂਚੇ ਨਾਲ਼ ਕਿਸੇ ਵੀ ਕਿਰਦਾਰ ਨੂੰ ਘੜ੍ਹਨ ਦੀ ਤਾਕਤ ਰੱਖਦੇ ਸਨ।'' ਇਸ ਕਲਾ ਦੇ ਸਿਰ 'ਤੇ ਸਰਾਏਕੇਲਾ ਦੇ ਸਾਬਕਾ ਸ਼ਾਹੀ ਪਰਿਵਾਰ ਨੇ ਹੱਥ ਰੱਖਿਆ। ਉਹ ਕਹਿੰਦੇ ਹਨ, ਪਹਿਲਾਂ ਮਖੌਟਾ ਬਣਾਉਣ ਦੀ ਸਿਖਲਾਈ ਦੇਣ ਲਈ ਹਰ ਪਿੰਡ ਵਿੱਚ ਸਿਖਲਾਈ ਕੇਂਦਰ ਹਨ। ਉਨ੍ਹਾਂ ਦੇ ਪਿਤਾ ਇੱਥੇ ਅਧਿਆਪਕ ਹੁੰਦੇ ਸਨ।

"ਮੈਂ ਇਹ ਮਖੌਟਾ 40 ਸਾਲਾਂ ਤੋਂ ਬਣਾ ਰਿਹਾ ਹਾਂ," 65 ਸਾਲਾ ਦਿਲੀਪ ਕਹਿੰਦੇ ਹਨ, ਜੋ ਇਸ ਪੁਰਾਣੀ ਪਰੰਪਰਾ ਨੂੰ ਅੱਗੇ ਵਧਾਉਣ ਵਾਲ਼ੇ ਆਖਰੀ ਕਾਰੀਗਰਾਂ ਵਿੱਚੋਂ ਇੱਕ ਹਨ। "ਲੋਕ ਸਿੱਖਣ ਲਈ ਬਹੁਤ ਦੂਰ-ਦੁਰਾਡੇ ਤੋਂ ਆਉਂਦੇ ਹਨ। ਉਹ ਅਮਰੀਕਾ, ਜਰਮਨੀ, ਫਰਾਂਸ ਤੋਂ ਆਉਂਦੇ ਹਨ,'' ਉਹ ਕਹਿੰਦੇ ਹਨ।

ਓਡੀਸ਼ਾ ਰਾਜ ਦੀ ਸਰਹੱਦ ਨਾਲ਼ ਲੱਗਦਾ ਸਰਾਏਕੇਲਾ ਜ਼ਿਲ੍ਹਾ ਸੰਗੀਤ ਅਤੇ ਨਾਚ ਦੇ ਸ਼ੌਕੀਨਾਂ ਦਾ ਕੇਂਦਰ ਹੈ। "ਸਰਾਏਕੇਲਾ ਸਾਰੇ ਛਊ ਨਾਚਾਂ ਦੀ ਮਾਂ ਵਰਗਾ ਹੈ। ਇਹ ਇੱਥੋਂ ਮਯੂਰਭੰਜ (ਓਡੀਸ਼ਾ) ਅਤੇ ਮਾਨਭੂਮ [ਪੁਰੂਲੀਆ] ਇਲਾਕਿਆਂ ਵਿੱਚ ਫੈਲਦਾ ਚਲਾ ਗਿਆ," ਸਰਾਏਕੇਲਾ ਛਊ ਕੇਂਦਰ ਦੇ ਸਾਬਕਾ ਡਾਇਰੈਕਟਰ, 62 ਸਾਲਾ ਗੁਰੂ ਤਪਨ ਪਟਨਾਇਕ ਕਹਿੰਦੇ ਹਨ। 1938 ਵਿੱਚ, ਸਰਾਏਕੇਲਾ ਰੌਇਲ ਛਊ ਟੀਮ ਯੂਰਪੀਅਨ ਦੇਸ਼ਾਂ ਵਿੱਚ ਪ੍ਰਦਰਸ਼ਨ ਕਰਨ ਵਾਲ਼ੀ ਪਹਿਲੀ ਟੀਮ ਬਣ ਗਈ। ਉਹ ਦੱਸਦੇ ਹਨ ਕਿ ਉਦੋਂ ਤੋਂ ਇਹ ਸ਼ੈਲੀ ਦੁਨੀਆ ਦੇ ਕਈ ਕੋਨਿਆਂ ਦੀ ਯਾਤਰਾ ਕਰ ਚੁੱਕੀ ਹੈ।

ਛਊ ਕਲਾ ਲਈ ਵਿਸ਼ਵ ਵਿਆਪੀ ਪ੍ਰਸ਼ੰਸਾ ਦੇ ਬਾਵਜੂਦ, ਇਨ੍ਹਾਂ ਆਈਕੋਨਿਕ ਮਖੌਟਿਆਂ ਨੂੰ ਬਣਾਉਣ ਵਾਲ਼ੇ ਕਾਰੀਗਰਾਂ ਦੀ ਗਿਣਤੀ ਘੱਟ ਹੈ। "ਸਥਾਨਕ ਲੋਕ ਸਿੱਖਣਾ ਨਹੀਂ ਚਾਹੁੰਦੇ," ਦਿਲੀਪ ਕਹਿੰਦੇ ਹਨ, ਉਨ੍ਹਾਂ ਦੀ ਆਵਾਜ਼ ਮਰ ਰਹੀ ਇਸ ਕਲਾ ਦੇ ਆਖਰੀ ਪੜਾਅ ਦਾ ਦਰਦ ਬਿਆਨ ਕਰ ਰਹੀ ਜਾਪਦੀ ਹੈ।

*****

ਆਪਣੇ ਘਰ ਦੇ ਵਿਹੜੇ ਵਿੱਚ ਬੈਠੇ, ਦਿਲੀਪ ਪਹਿਲਾਂ ਤਾਂ ਆਪਣੇ ਔਜ਼ਾਰਾਂ ਨੂੰ ਥਾਓਂ-ਥਾਈਂ ਟਿਕਾਉਂਦੇ ਤੇ ਫਿਰ ਲੱਕੜ ਦੇ ਫਰੇਮ 'ਤੇ ਮੁਲਾਇਮ ਮਿੱਟੀ ਥੱਪਣ ਲੱਗਦੇ ਹਨ। "ਅਸੀਂ ਆਪਣੀਆਂ ਉਂਗਲਾਂ ਨਾਲ਼ ਮਖੌਟੇ ਦਾ ਮਾਪ ਲੈਂਦੇ ਤੇ ਪੂਰੇ ਚਿਹਰੇ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ- ਇੱਕ ਹਿੱਸਾ ਅੱਖਾਂ ਲਈ, ਇੱਕ ਹਿੱਸਾ ਨੱਕ ਲਈ ਅਤੇ ਬਾਕੀ ਹਿੱਸਾ ਮੂੰਹ ਲਈ," ਉਹ ਦੱਸਦੇ ਹਨ।

ਦੇਖੋ : ਸਰਾਏਕੇਲਾ ਛਊ ਮਖੌਟਾ ਬਣਾਉਣ ਦੀ ਕਲਾ

'ਸਰਾਏਕੇਲਾ ਸਾਰੇ ਛਊ ਨਾਚਾਂ ਦੀ ਮਾਂ ਵਰਗਾ ਹੈ। [...] ਇਹ ਮੇਰੀ ਵਿਰਾਸਤ ਹੈ। ਮੈਂ ਆਪਣੀ ਜਿਊਂਦੀ-ਜਾਨੇ ਇਹ ਕੰਮ ਕਰਦਾ ਰਹਾਂਗਾ'

ਆਪਣੇ ਹੱਥਾਂ ਨੂੰ ਗਿੱਲਾ ਕਰਦੇ ਹੋਏ, ਉਹ ਮਖੌਟਿਆਂ ਨੂੰ ਨਵਰਾਸ (ਨੌਂ ਭਾਵ) ਦੇਣੇ ਸ਼ੁਰੂ ਕਰਦੇ ਹਨ – ਸ਼੍ਰਿੰਗਾਰ (ਪ੍ਰੇਮ/ਸੁਹੱਪਣ), ਹਾਸਯ (ਹਾਸਾ-ਮਜ਼ਾਕ), ਕਰੁਣਾ (ਤਕਲੀਫ਼), ਰੌਦਰਾ (ਗੁੱਸਾ), ਵੀਰਾ (ਨਾਇਕ/ਨਿਡਰਤਾ), ਭਿਆਨਕ (ਦਹਿਸ਼ਤ/ਭੈਅ), ਬਿਭਾਤਸਾ (ਘਿਣਾਉਣਾ), ਅਡਬੁਤਾ (ਹੈਰਾਨੀ) ਤੇ ਸ਼ਾਂਤਾ (ਸ਼ਾਂਤੀ) ਦੇ ਭਾਵ।

ਛਊ ਨਾਚਾਂ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਹਨ। ਹਾਲਾਂਕਿ, ਮਖੌਟੇ ਦੀ ਵਰਤੋਂ ਸਿਰਫ਼ ਸਰਾਏਕੇਲਾ ਅਤੇ ਪੁਰੂਲੀਆ ਛਊ ਵਿੱਚ ਕੀਤੀ ਜਾਂਦੀ ਹੈ। "ਇਹ ਮਖੌਟਾ ਸਰਾਏਕੇਲਾ ਨਾਚ ਦੀ ਆਤਮਾ ਹਨ। ਉਨ੍ਹਾਂ ਤੋਂ ਬਿਨਾਂ, ਅਜਿਹੀ ਕਲਾ ਛਊ ਰਹਿ ਨਹੀਂ ਸਕਦੀ," ਦਿਲੀਪ ਕਹਿੰਦੇ ਹਨ, ਗੱਲ ਕਰਦਿਆਂ ਵੀ ਉਨ੍ਹਾਂ ਦੇ ਛੋਹਲੇ ਹੱਥ ਮਿੱਟੀ ਨੂੰ ਅਕਾਰ ਦੇ ਰਹੇ ਹਨ।

ਮਿੱਟੀ ਦੇ ਮਖੌਟੇ ਨੂੰ ਆਕਾਰ ਦੇਣ ਤੋਂ ਬਾਅਦ, ਦਿਲੀਪ ਇਸ 'ਤੇ ਰਾਖ (ਗਾਂ ਦੇ ਗੋਬਰ ਦੀ ਸੁਆਹ) ਛਿੜਕਦੇ ਹਨ ਤਾਂ ਜੋ ਮੋਲਡ ਨਾਲ਼ੋਂ ਮਖੌਟੇ ਨੂੰ ਅਸਾਨੀ ਨਾਲ਼ ਵੱਖ ਕੀਤਾ ਜਾ ਸਕੇ। ਫਿਰ ਉਹ ਲਾਈ (ਲੇਵੀ) ਨਾਲ਼ ਕਾਗਜ਼ ਦੀਆਂ ਛੇ ਪਰਤਾਂ ਚਿਪਕਾਉਂਦੇ ਹਨ। ਫਿਰ ਮਖੌਟੇ ਨੂੰ ਦੋ-ਤਿੰਨ ਦਿਨਾਂ ਲਈ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਅਤੇ ਫਿਰ ਬੜੇ ਧਿਆਨ ਨਾਲ਼ ਬਲੇਡ ਨਾਲ਼ ਇਨ੍ਹਾਂ ਨੂੰ ਲਾਹਿਆ ਜਾਂਦਾ ਹੈ ਅਤੇ ਸਹੀ ਢੰਗ ਨਾਲ਼ ਰੰਗਿਆ ਜਾਂਦਾ ਹੈ। "ਸਰਾਏਕੇਲਾ ਦੇ ਮਖੌਟਾ ਦੇਖਣ ਵਿੱਚ ਬਹੁਤ ਸੁੰਦਰ ਲੱਗਦੇ ਹਨ," ਦਿਲੀਪ ਮਾਣ ਨਾਲ਼ ਕਹਿੰਦੇ ਹਨ। ਉਹ ਖੇਤਰ ਦੇ ਲਗਭਗ 50 ਪਿੰਡਾਂ ਨੂੰ ਮਖੌਟੇ ਸਪਲਾਈ ਕਰਦੇ ਹਨ।

ਪੁਰਾਣੇ ਵੇਲ਼ਿਆਂ ਵਿੱਚ, ਮਖੌਟੇ ਨੂੰ ਰੰਗਣ ਲਈ ਫੁੱਲਾਂ, ਪੱਤਿਆਂ ਅਤੇ ਨਦੀ ਕੰਢੇ ਦੇ ਪੱਥਰਾਂ ਤੋਂ ਬਣੇ ਕੁਦਰਤੀ ਰੰਗ ਵਰਤੋਂ ਵਿੱਚ ਲਿਆਂਦੇ ਜਾਂਦੇ ਪਰ ਹੁਣ ਨਕਲੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ।

PHOTO • Ashwini Kumar Shukla
PHOTO • Ashwini Kumar Shukla

ਦਿਲੀਪ ਆਪਣੀਆਂ ਉਂਗਲਾਂ ਨਾਲ਼ ਮਖੌਟੇ ਦਾ ਮਾਪ ਲੈਂਦੇ ਤੇ ਪੂਰੇ ਚਿਹਰੇ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲੈਂਦੇ ਹਾਂ- 'ਇੱਕ ਹਿੱਸਾ ਅੱਖਾਂ ਲਈ, ਇੱਕ ਹਿੱਸਾ ਨੱਕ ਲਈ ਅਤੇ ਬਾਕੀ ਹਿੱਸਾ ਮੂੰਹ ਲਈ'। ਲੱਕੜ ਦੇ ਇੱਕ ਸੰਦ (ਸੱਜੇ) ਨਾਲ਼ ਉਹ ਅੱਖਾਂ ਬਣਾਉਂਦੇ ਹਨ ਪਰ ਬੜੇ ਧਿਆਨ ਨਾਲ਼ ਸਾਰੇ ਹਾਵ-ਭਾਵਾਂ ਨੂੰ ਮਾਪਦੇ ਤੇ ਉਕੇਰਦੇ ਹੋਏ

PHOTO • Ashwini Kumar Shukla
PHOTO • Ashwini Kumar Shukla

ਖੱਬੇ: ਮਿੱਟੀ ਦੇ ਮਖੌਟੇ ਨੂੰ ਆਕਾਰ ਦੇਣ ਤੋਂ ਬਾਅਦ, ਦਿਲੀਪ ਇਸ 'ਤੇ ਰਾਖ (ਗਾਂ ਦੇ ਗੋਬਰ ਦੀ ਸੁਆਹ) ਛਿੜਕਦੇ ਹਨ ਤਾਂ ਜੋ ਮੋਲਡ ਨਾਲ਼ੋਂ ਮਖੌਟੇ ਨੂੰ ਅਸਾਨੀ ਨਾਲ਼ ਵੱਖ ਕੀਤਾ ਜਾ ਸਕੇ। ਫਿਰ ਉਹ ਲਾਈ (ਲੇਵੀ) ਨਾਲ਼ ਕਾਗਜ਼ ਦੀਆਂ ਛੇ ਪਰਤਾਂ ਚਿਪਕਾਉਂਦੇ ਹਨ। ਫਿਰ ਮਖੌਟੇ ਨੂੰ ਦੋ-ਤਿੰਨ ਦਿਨਾਂ ਲਈ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਅਤੇ ਫਿਰ ਬੜੇ ਧਿਆਨ ਨਾਲ਼ ਬਲੇਡ ਨਾਲ਼ ਇਨ੍ਹਾਂ ਨੂੰ ਲਾਹਿਆ ਜਾਂਦਾ ਹੈ ਅਤੇ ਸਹੀ ਢੰਗ ਨਾਲ਼ ਰੰਗਿਆ ਜਾਂਦਾ ਹੈ।  ਸੱਜੇ: ਸਰਾਏਕੇਲਾ ਮਖੌਟਾ ਬਣਾਉਣ ਵਾਲ਼ੇ ਆਖਰੀ ਕੁਝ ਕਲਾਕਾਰਾਂ ਵਿੱਚੋਂ ਇੱਕ, ਦਿਲੀਪ ਮਖੌਟੇ ਦੀ ਸਹੀ ਰੂਪਰੇਖਾ ਤਿਆਰ ਕਰਦੇ ਹਨ, ਮਖੌਟੇ ਦੀਆਂ ਅੱਖਾਂ, ਬੁੱਲ੍ਹਾਂ ਅਤੇ ਗੱਲ੍ਹਾਂ 'ਤੇ ਕਿਰਦਾਰ ਲਈ ਲੋੜੀਂਦੇ ਪੂਰੇ ਹਾਵ-ਭਾਵ ਲਿਆਂਦੇ ਜਾਂਦੇ ਹਨ

*****

"ਜਿਓਂ ਹੀ ਕੋਈ ਕਲਾਕਾਰ ਮਖੌਟਾ ਪਹਿਨ ਲੈਂਦਾ ਹੈ, ਉਹ ਇੱਕ ਕਿਰਦਾਰ ਵਿੱਚ ਬਦਲ ਜਾਂਦਾ ਹੈ," ਤਪਨ ਕਹਿੰਦੇ ਹਨ, ਜੋ 50 ਸਾਲਾਂ ਤੋਂ ਛਊ ਪੇਸ਼ ਕਰਦੇ ਆਏ ਹਨ। ''ਜੇ ਤੁਸੀਂ ਰਾਧਾ ਦਾ ਕਿਰਦਾਰ ਨਿਭਾ ਰਹੇ ਹੋ, ਤਾਂ ਤੁਹਾਨੂੰ ਰਾਧਾ ਦੀ ਉਮਰ ਅਤੇ ਦਿੱਖ ਧਿਆਨ ਵਿੱਚ ਰੱਖਣੀ ਪਵੇਗੀ। ਸ਼ਾਸਤਰਾਂ ਅਨੁਸਾਰ, ਉਹ ਬਹੁਤ ਸੁੰਦਰ ਸੀ। ਇਸ ਲਈ, ਅਸੀਂ ਰਾਧਾ ਦੇ ਬੁੱਲ੍ਹਾਂ ਅਤੇ ਗੱਲ੍ਹਾਂ ਦੇ ਉਭਾਰ ਦਾ ਅੱਡ ਤੋਂ ਖਿਆਲ ਰੱਖ ਕੇ ਢਾਂਚਾ ਬਣਾਉਂਦੇ ਹਾਂ, ਜਿਸ ਨਾਲ਼ ਇਹ ਉਸ ਵਰਗੀ ਦਿਖਾਈ ਦਿੰਦੀ ਹੈ।''

ਗੱਲ ਜਾਰੀ ਰੱਖਦਿਆਂ ਉਹ ਅੱਗੇ ਕਹਿੰਦੇ ਹਨ,"ਇੱਕ ਵਾਰ ਜਦੋਂ ਤੁਸੀਂ ਮਖੌਟਾ ਪਹਿਨ ਲੈਂਦੇ ਹੋ, ਤਾਂ ਤੁਹਾਨੂੰ ਆਪਣੇ ਸਰੀਰ ਅਤੇ ਧੌਣ ਦੀਆਂ ਹਰਕਤਾਂ ਰਾਹੀਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਪੈਂਦਾ ਹੈ।" ਨਾਚੇ ਦਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ: 'ਆਂਗਾ' (ਧੜ) ਅਤੇ 'ਉਪੰਗ' (ਸਿਰ)। 'ਉਪੰਗ' ਵਿੱਚ ਅੱਖਾਂ, ਨੱਕ, ਕੰਨ ਅਤੇ ਮੂੰਹ ਸ਼ਾਮਲ ਹਨ, ਜੋ ਸਾਰੇ ਮਖੌਟਾ ਨਾਲ਼ ਢੱਕੇ ਹੋਏ ਰਹਿੰਦੇ ਹਨ। ਕਲਾਕਾਰ ਸਰੀਰ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ ਦੇ ਹਾਵ-ਭਾਵ ਰਾਹੀਂ ਭਾਵਨਾਵਾਂ ਪ੍ਰਗਟ ਕਰਦਾ ਹੈ।

ਜਦੋਂ ਵੀ ਕਲਾਕਾਰ ਰੋਂਦਾ ਹੈ ਤਾਂ ਮਖੌਟਾ ਪਾਏ ਹੋਣ ਕਾਰਨ ਚਿਹਰੇ ਦੇ ਹਾਵ-ਭਾਵ ਦਿੱਸ ਨਹੀਂ ਪਾਉਂਦੇ। ਪਾਰੀ ਨੂੰ ਆਪਣੀ ਗੱਲ ਸਮਝਾਉਣ ਲਈ, ਤਪਨ ਆਪਣੀ ਧੌਣ ਖੱਬੇ ਪਾਸੇ ਝੁਕਾਉਂਦੇ ਹਨ, ਫਿਰ ਦੋਵੇਂ ਮੁਠੀਆਂ ਆਪਣੇ ਚਿਹਰੇ ਦੇ ਨੇੜੇ ਲਿਆਉਂਦੇ ਹੋਏ ਆਪਣੇ ਸਿਰ ਅਤੇ ਧੜ ਨੂੰ ਖੱਬੇ ਪਾਸੇ ਵੱਲ ਹੋਰ ਝੁਕਾ ਲੈਂਦੇ ਹਨ, ਜਿਵੇਂ ਕਿਸੇ ਨੂੰ ਸੱਟ ਲੱਗੀ ਹੋਵੇ ਤੇ ਇਹ ਉਦਾਸੀ ਭਰੀ ਨਜ਼ਰ ਸੁੱਟ ਰਿਹਾ ਹੋਵੇ।

ਲੋਕਕਥਾਵਾਂ ਦੇ ਅਨੁਸਾਰ, ਅਸਲ ਕਲਾਕਾਰ ਲੋਕਾਂ ਦੇ ਸਾਹਮਣੇ ਨੱਚਣ ਤੋਂ ਝਿਜਕਦੇ ਸਨ ਅਤੇ ਆਪਣੇ ਚਿਹਰੇ ਨੂੰ ਢੱਕਣ ਲਈ ਇਹ ਮਖੌਟਾ ਪਹਿਨਦੇ ਸਨ। "ਇਸ ਤਰ੍ਹਾਂ ਇਹ ਮਖੌਟਾ ਪਰੀਕੰਡਾ [ਮਾਰਸ਼ਲ ਆਰਟ] ਵਿੱਚ ਸ਼ਾਮਲ ਹੋਇਆ," ਤਪਨ ਦੱਸਦੇ ਹਨ। ਪਹਿਲਾਂ-ਪਹਿਲ ਬਾਂਸ ਦੀਆਂ ਟੋਕਰੀਆਂ ਤੋਂ ਹੀ ਮਖੌਟਿਆਂ ਦਾ ਕੰਮ ਲਿਆ ਜਾਂਦਾ ਜਿਨ੍ਹਾਂ ਵਿੱਚ ਅੱਖਾਂ ਵਾਸਤੇ ਦੋ ਮੋਰੀਆਂ ਰੱਖੀਆਂ ਹੁੰਦੀਆਂ। ਪਰੰਪਰਾ ਵੀ ਵਿਕਸਤ ਹੁੰਦੀ ਚਲੀ ਗਈ, ਆਪਣੇ ਬਚਪਨ ਨੂੰ ਚੇਤੇ ਕਰਦਿਆਂ ਦਿਲੀਪ ਅੱਗੇ ਕਹਿੰਦੇ ਹਨ ਕਿ ਸਾਡੇ ਵੇਲ਼ੇ ਕੱਦੂ ਦੇ ਮਖੌਟੇ ਬਣਾਏ ਜਾਣ ਲੱਗੇ।

ਇਸ ਕਲਾ ਦਾ ਮਾਰਸ਼ਲ ਆਰਟ ਜਿਹਾ ਖਾਸਾ ਹੋਣ ਕਾਰਨ ਇੱਕ ਹੋਰ ਕਹਾਣੀ ਹੈ ਜੋ ਇਸ ਛਊ ਨੂੰ ਛਾਵਣੀ/ਛਉਣੀ (ਫੌਜੀ ਕੈਂਪਾਂ) ਵਿੱਚ ਪਣਪੇ ਹੋਣ ਦਾ ਅੰਦਾਜਾ ਲਾਉਂਦੀ ਹੈ। ਪਰ ਤਪਨ ਇਸ ਗੱਲ ਨਾਲ਼ ਸਹਿਮਤ ਨਹੀਂ ਹਨ: "ਛਊ ਦਾ ਜਨਮ ਛਾਇਆ [ਪਰਛਾਵਾਂ] ਤੋਂ ਹੋਇਆ ਹੈ," ਕਲਾਕਾਰ ਉਨ੍ਹਾਂ ਕਿਰਦਾਰਾਂ ਦੇ ਪਰਛਾਵੇਂ ਵਾਂਗ ਹੁੰਦੇ ਹਨ ਜਿਨ੍ਹਾਂ ਨੂੰ ਉਹ ਨਿਭਾ ਰਹੇ ਹੁੰਦੇ ਹਨ, ਤਪਨ ਦੱਸਦੇ ਹਨ।

ਇਹ ਨਾਚ ਰਵਾਇਤੀ ਤੌਰ 'ਤੇ ਮਰਦਾਂ ਦੁਆਰਾ ਕੀਤਾ ਜਾਂਦਾ ਹੈ। ਅਤੇ ਹਾਲ ਹੀ ਦੇ ਸਾਲਾਂ ਵਿੱਚ, ਭਾਵੇਂ ਕੁਝ ਔਰਤਾਂ ਛਊ ਟੀਮਾਂ ਵਿੱਚ ਸ਼ਾਮਲ ਹੋਈਆਂ ਹਨ, ਸਰਾਏਕੇਲਾ ਦੇ ਦਿਲ ਤੇ ਦਿਮਾਗ਼ ਵਿੱਚ, ਇਹ ਪੇਸ਼ਕਾਰੀ ਅਜੇ ਵੀ ਮਰਦ-ਪ੍ਰਧਾਨ ਹੀ ਹੈ।

PHOTO • Ashwini Kumar Shukla
PHOTO • Ashwini Kumar Shukla

ਖੱਬੇ: ਦਿਲੀਪ ਦੇ ਘਰ ਦੇ ਬਰਾਂਡੇ ਦੇ ਇੱਕ ਪਾਸੇ ਪ੍ਰਦਰਸ਼ਿਤ ਸਰਾਏਕੇਲਾ ਮਖੌਟੇ ਨਵਾਰਸਾ ਭਾਵ ਨੂੰ ਦਰਸਾਉਂਦੇ ਜਾਪਦੇ ਹਨ- ਸ਼੍ਰਿੰਗਾਰ (ਪ੍ਰੇਮ/ਸੁਹੱਪਣ), ਹਾਸਯ (ਹਾਸਾ-ਮਜ਼ਾਕ),  ਕਰੁਣਾ (ਤਕਲੀਫ਼), ਰੌਦਰਾ (ਗੁੱਸਾ), ਵੀਰਾ (ਨਾਇਕ/ਨਿਡਰਤਾ), ਭਿਆਨਕ (ਦਹਿਸ਼ਤ/ਭੈਅ), ਬਿਭਾਤਸਾ (ਘਿਣਾਉਣਾ), ਅਡਬੁਤਾ (ਹੈਰਾਨੀ) ਤੇ ਸ਼ਾਂਤਾ (ਸ਼ਾਂਤੀ) ਦੇ ਭਾਵ। ਸੱਜੇ: ਦਿਲੀਪ ਆਪਣੇ ਕੁਝ ਮਸ਼ਹੂਰ ਮਖੌਟਿਆਂ ਅਤੇ ਵਰਕਸ਼ਾਪਾਂ ਦੀਆਂ ਪੁਰਾਣੀਆਂ ਫੋਟੋਆਂ ਦਿਖਾਉਂਦੇ ਹਨ

ਇਹੀ ਗੱਲ ਮਖੌਟਾ ਬਣਾਉਣ 'ਤੇ ਵੀ ਲਾਗੂ ਹੁੰਦੀ ਹੈ। ਛਊ ਮੇਂ ਮਹਿਲਾ ਨਹੀਂ ... ਯਹੀ ਪਰੰਪਰਾ ਚਲਾ ਹਾ ਹੈ , ਮਾਸਕ ਮੇਕਿੰਗ ਕਾ ਸਾਰਾ ਕਾਮ ਹਮ ਖੁਦ ਕਰਤੇ ਹੈਂ ," ਦਿਲੀਪ ਕਹਿੰਦੇ ਹਨ ਅਤੇ ਅੱਗੇ ਦੱਸਦੇ ਹਨ,"ਮੇਰਾ ਬੇਟਾ ਇੱਥੇ ਹੋਵੇ ਤਾਂ ਮੇਰੀ ਮਦਦ ਕਰਦਾ ਹੈ।''

ਉਨ੍ਹਾਂ ਦੇ ਬੇਟੇ ਦੀਪਕ ਨੇ ਆਪਣੇ ਪਿਤਾ ਤੋਂ ਮਖੌਟਾ ਬਣਾਉਣਾ ਸਿੱਖਿਆ ਹੈ। ਪਰ 25 ਸਾਲਾ ਨੌਜਵਾਨ ਧਨਬਾਦ ਸ਼ਹਿਰ ਚਲਾ ਗਿਆ ਹੈ, ਜਿੱਥੇ ਉਹ ਇੱਕ ਆਈਟੀ ਫਰਮ ਵਿੱਚ ਕੰਮ ਕਰਦਾ ਹੈ ਅਤੇ ਮਖੌਟਾ ਬਣਾਉਣ ਨਾਲੋਂ ਜ਼ਿਆਦਾ ਪੈਸਾ ਕਮਾਉਂਦਾ ਹੈ।

ਹਾਲਾਂਕਿ, ਜਦੋਂ ਮੂਰਤੀਆਂ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਪੂਰਾ ਪਰਿਵਾਰ ਅੱਗੇ ਆਉਂਦਾ ਤੇ ਰਲ਼ ਕੇ ਕੰਮ ਕਰਦਾ ਹੈ। ਦਿਲੀਪ ਦੀ ਪਤਨੀ ਸੰਯੁਕਤਾ ਦਾ ਕਹਿਣਾ ਹੈ ਕਿ ਮੂਰਤੀਆਂ ਬਣਨ ਦੇ ਪੂਰੇ ਵੇਲੇ ਉਹ ਇਕੱਲਿਆਂ ਹੀ ਸਾਰਾ ਕੰਮ ਕਰਦੀ ਹੈ। " ਸਾਂਚਾ ਬਨਾਤੇ ਹੈਂ , ਮਿੱਟੀ ਤੈਯਾਰ ਕਰਤੇ ਹੈਂ , ਪੇਂਟਿੰਗ ਭੀ ਕਰਤੇ ਹੈਂ ਲੇਕਿਨ ਮੁਖੌਟਾ ਮੇਂ ਲੇਡੀਜ਼ ਕੁਝ ਨਹੀਂ ਕਰਤੀ ਹੈਂ। ''

2023 ਵਿੱਚ, ਦਿਲੀਪ ਨੇ 500-700 ਮਖੌਟਾ ਬਣਾਏ, ਜਿਸ ਨਾਲ਼ ਉਨ੍ਹਾਂ ਨੂੰ ਲਗਭਗ 1 ਲੱਖ ਰੁਪਏ ਦੀ ਕਮਾਈ ਹੋਈ ਅਤੇ ਉਨ੍ਹਾਂ ਨੇ ਸਾਲ ਭਰ ਪੇਂਟ, ਬਰਸ਼ ਅਤੇ ਕੱਪੜਿਆਂ 'ਤੇ ਲਗਭਗ 3,000 ਤੋਂ 4,000 ਰੁਪਏ ਖਰਚ ਕੀਤੇ। ਉਹ ਇਸ ਨੂੰ ਆਪਣਾ "ਪਾਰਟ-ਟਾਈਮ ਕੰਮ" ਕਹਿੰਦੇ ਹਨ ਅਤੇ ਹੁਣ ਉਨ੍ਹਾਂ ਦਾ ਮੁੱਖ ਕਿੱਤਾ ਮੂਰਤੀਆਂ ਬਣਾਉਣਾ ਹੈ, ਜਿਸ ਤੋਂ ਉਹ ਸਾਲਾਨਾ ਤਿੰਨ ਤੋਂ ਚਾਰ ਲੱਖ ਰੁਪਏ ਕਮਾਉਂਦੇ ਹਨ।

ਉਹ ਵੱਖ-ਵੱਖ ਛਊ ਨਾਚ ਕੇਂਦਰਾਂ ਲਈ ਕਮਿਸ਼ਨ 'ਤੇ ਮਖੌਟੇ ਬਣਾਉਂਦੇ ਹਨ ਅਤੇ ਚੈਤਰਾ ਮੇਲੇ ਦੌਰਾਨ ਵੀ ਮਖੌਟੇ ਵੇਚਦੇ ਹਨ ਜੋ ਹਰ ਸਾਲ ਅਪ੍ਰੈਲ ਜਾਂ ਚੈਤਰਾ ਪਰਵ ਜਾਂ ਕਹਿ ਲਓ ਬਸੰਤ ਤਿਉਹਾਰ ਦੇ ਹਿੱਸੇ ਵਜੋਂ ਆਯੋਜਿਤ ਹੁੰਦਾ ਹੈ – ਇਹ ਸਰਾਏਕੇਲਾ ਛਊ ਸੀਜ਼ਨ ਦਾ ਇੱਕ ਪ੍ਰਮੁੱਖ ਸ਼ੋਅ ਹੈ, ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਵੱਡੇ ਮਖੌਟੇ ਦੀ ਕੀਮਤ 250-300 ਰੁਪਏ ਦੇ ਵਿਚਕਾਰ ਹੈ, ਜਦੋਂ ਕਿ ਛੋਟੇ ਮਖੌਟੇ 100 ਰੁਪਏ ਵਿਚ ਵੇਚੇ ਜਾਂਦੇ ਹਨ।

ਦਿਲੀਪ ਬਹੁਤ ਸਪੱਸ਼ਟ ਗੱਲ ਕਹਿੰਦੇ ਹਨ ਕਿ ਪੈਸਾ ਹੀ ਹੈ ਜੋ ਇਸ ਕੰਮ ਨੂੰ ਜਾਰੀ ਰੱਖਣ ਮਗਰਲਾ ਇੱਕ ਕਾਰਕ ਹੈ। "ਇਹ ਮੇਰੀ ਵਿਰਾਸਤ ਹੈ। ਆਪਣੀ ਜਿਊਂਦੀ-ਜਾਨੇ ਮੈਂ ਇਸ ਕੰਮ ਨੂੰ ਜਾਰੀ ਰੱਖਾਂਗਾ ਹੀ।''

ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ( ਐਮਐਮਐਫ ) ਫੈਲੋਸ਼ਿਪ ਦੁਆਰਾ ਸਮਰਥਨ ਦਿੱਤਾ ਗਿਆ ਸੀ।

ਤਰਜਮਾ: ਕਮਲਜੀਤ ਕੌਰ

Ashwini Kumar Shukla

Ashwini Kumar Shukla is a freelance journalist based in Jharkhand and a graduate of the Indian Institute of Mass Communication (2018-2019), New Delhi. He is a PARI-MMF fellow for 2023.

Other stories by Ashwini Kumar Shukla
Editor : PARI Desk

PARI Desk is the nerve centre of our editorial work. The team works with reporters, researchers, photographers, filmmakers and translators located across the country. The Desk supports and manages the production and publication of text, video, audio and research reports published by PARI.

Other stories by PARI Desk
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur