ਪਾਰੀ ਦੇ ਅਧਿਕਾਰਤ ਲਾਂਚ ਨੂੰ ਦਸ ਸਾਲ ਹੋ ਗਏ ਹਨ। ਸਾਡੀ ਯਾਤਰਾ 20 ਦਸੰਬਰ, 2014 ਨੂੰ ਸ਼ੁਰੂ ਹੋਈ ਸੀ।

ਤਾਂ ਫਿਰ ਇਨ੍ਹਾਂ ਦਸ ਸਾਲਾਂ ਵਿੱਚ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ? ਅਸੀਂ ਬਤੌਰ ਸੁਤੰਤਰ ਮੀਡੀਆ ਅੱਜ ਤੱਕ ਸਾਬਤ-ਕਦਮ ਖੜ੍ਹੇ ਹਾਂ, ਨਿਤਰੇ ਹਾਂ ਤੇ ਅੱਜ ਦੇ ਇਸ ਦੌਰ ਵਿੱਚ ਫਿਲਹਾਲ ਇਸ ਤੋਂ ਵੱਡੀ ਪ੍ਰਾਪਤੀ ਕੋਈ ਹੋ ਨਹੀਂ ਸਕਦੀ। ਕਾਰਪੋਰੇਟ ਦੀ ਝੋਲ਼ੀਚੁੱਕ ਤੇ ਉਹਦੇ ਵੱਲੋਂ ਪਾਲ਼ੇ ਜਾ ਰਹੇ ਇਸ ਮੀਡੀਆ ਦੀ ਤਾਕਤ ਵਿਚਾਲੇ ਆਪਣੀ ਵੈੱਬਸਾਈਟ ਜ਼ਰੀਏ ਇੱਕ ਹੂਕ ਬਣ ਖੜ੍ਹੇ ਹਾਂ। ਪਾਰੀ ਹਰ ਰੋਜ਼ ਪੰਦਰਾਂ ਭਾਸ਼ਾਵਾਂ ਵਿੱਚ ਆਪਣੀਆਂ ਲਿਖਤਾਂ ਪ੍ਰਕਾਸ਼ਤ ਕਰਦੀ ਹੈ। ਟਰੱਸਟ, ਜੋ ਬਗੈਰ ਕਿਸੇ ਕਾਰਪੋਰੇਟ ਦੀ ਮਦਦ ਤੇ ਖੜ੍ਹੀ ਕੀਤੀ ਗਈ ਹੈ, ਨੇ ਆਪਣੀਆਂ ਗਤੀਵਿਧੀਆਂ ਲਈ ਨਾ ਤਾਂ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੰਗੀ ਹੈ ਤਾਂ ਨਾ ਹੀ ਮੰਗੇਗੀ। ਨਾ ਕੋਈ ਕਾਰਪੋਰੇਟ ਗ੍ਰਾਂਟ ਦੀ ਝਾਕ ਰੱਖੀ ਹੈ ਨਾ ਕੋਈ ਇਸ਼ਤਿਹਾਰ (ਆਪਣੀ ਮਰਜ਼ੀ ਨਾਲ਼) ਹੀ ਲਿਆ ਹੈ। ਇਸ ਤੋਂ ਇਲਾਵਾ, ਲੋਕ ਤੇ ਵਿਦਿਆਰਥੀ ਪਾਰੀ ਵੈੱਬਸਾਈਟ 'ਤੇ ਆਉਂਦੇ ਤੇ ਪੜ੍ਹਦੇ ਹਨ, ਇੱਥੋਂ ਤੱਕ ਕਿ ਅਸੀਂ ਸਬਸਕ੍ਰਿਪਸ਼ਨ ਫ਼ੀਸ ਤੱਕ ਨਹੀਂ ਰੱਖੀ। ਸਾਡੀ ਪਾਰੀ ਦੀ ਰੀੜ੍ਹ ਦੀ ਹੱਡੀ ਵਚਨਬੱਧ ਵਲੰਟੀਅਰਾਂ ਦਾ ਇੱਕ ਵੱਡਾ ਨੈੱਟਵਰਕ ਹੈ। ਇਸ ਵਿੱਚ ਪੱਤਰਕਾਰ, ਤਕਨੀਕੀ ਮਾਹਰ, ਕਲਾਕਾਰ, ਅਕਾਦਮਿਕ ਆਦਿ ਸ਼ਾਮਲ ਹਨ। ਉਹ ਸਾਰੇ ਤਜ਼ਰਬੇਕਾਰ ਹਨ ਪਰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਕੇ ਪਾਰੀ ਦੀਆਂ ਪ੍ਰੇਰਕ ਸ਼ਕਤੀਆਂ ਵਜੋਂ ਉਭਰੇ ਹਨ। ਇਸ ਤੋਂ ਇਲਾਵਾ ਪਾਰੀ ਫਾਊਂਡੇਸ਼ਨਾਂ ਤੋਂ ਉਦਾਰ ਦਾਨ ਪ੍ਰਾਪਤ ਕਰਕੇ ਅੱਗੇ ਵਧ ਰਹੀ ਹੈ ਜਿਨ੍ਹਾਂ ਨੇ ਕਦੇ ਵੀ ਸਾਡੀ ਸੰਘੀ ਘੁੱਟਣ ਦੀ ਕੋਸ਼ਿਸ਼ ਨਹੀਂ ਕੀਤੀ।

ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ, ਜੋ ਇਸ ਸਮੇਂ ਇਮਾਨਦਾਰ ਅਤੇ ਬਹੁਤ ਮਿਹਨਤੀ ਸਟਾਫ਼ ਦੁਆਰਾ ਚਲਾਇਆ ਜਾਂਦਾ ਹੈ, ਇੱਕੋ ਇੱਕ ਵੈੱਬਸਾਈਟ ਹੈ ਜੋ ਭਾਰਤ ਦੇ ਲਗਭਗ 95 ਕੁਦਰਤੀ-ਭੌਤਿਕ ਜਾਂ ਇਤਿਹਾਸਕ ਤੌਰ 'ਤੇ ਵਿਕਸਤ ਖੇਤਰਾਂ ਤੋਂ ਯੋਜਨਾਬੱਧ ਤਰੀਕੇ ਨਾਲ਼ ਰਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰੀ ਇੱਕ ਅਜਿਹਾ ਪਲੇਟਫਾਰਮ ਹੈ ਜੋ 90 ਕਰੋੜ ਲੋਕਾਂ ਦੇ ਜੀਵਨ, ਉਨ੍ਹਾਂ ਦੀ ਰੋਜ਼ੀ-ਰੋਟੀ, ਉਨ੍ਹਾਂ ਦੇ ਸੱਭਿਆਚਾਰ, 800 ਵੱਖ-ਵੱਖ ਭਾਸ਼ਾਵਾਂ ਦੀ ਨੁਮਾਇੰਦਗੀ ਕਰਦਾ ਹੈ। ਪਾਰੀ ਹਮੇਸ਼ਾ ਆਮ ਆਦਮੀ ਦੀਆਂ ਰੋਜ਼ਮੱਰਾ ਦੀਆਂ ਜੀਵਨ ਕਹਾਣੀਆਂ ਨੂੰ ਰਿਕਾਰਡ ਕਰਨ ਦੇ ਆਪਣੇ ਟੀਚੇ ਪ੍ਰਤੀ ਵਚਨਬੱਧ ਰਹੀ ਹੈ। ਕਿਉਂਕਿ ਅਸੀਂ ਸ਼ਹਿਰਾਂ ਵਿੱਚ ਰਹਿਣ ਵਾਲ਼ੇ ਪ੍ਰਵਾਸੀ ਕਾਮਿਆਂ ਬਾਰੇ ਵੀ ਰਿਪੋਰਟ ਕਰਦੇ ਹਾਂ, ਕੁੱਲ ਮਿਲ਼ਾ ਕੇ ਅਸੀਂ ਬਹੁਤ ਵੱਡੀ ਅਬਾਦੀ ਦੀ ਨੁਮਾਇੰਦਗੀ ਕਰਦੇ ਹਾਂ।

ਸੰਸਥਾਪਕਾਂ ਦਾ ਸ਼ੁਰੂ ਤੋਂ ਹੀ ਇੱਕ ਸਪੱਸ਼ਟ ਟੀਚਾ ਸੀ ਕਿ ਪਾਰੀ ਪੱਤਰਕਾਰੀ ਦੇ ਨਾਲ਼ ਨਾਲ਼ ਇੱਕ ਜੀਵਤ ਆਰਕਾਈਵ ਵੀ ਰਹੇਗੀ। ਇੰਨਾ ਹੀ ਨਹੀਂ ਅਸੀਂ ਅਜਿਹੀ ਸਾਈਟ ਚਾਹੁੰਦੇ ਸਾਂ ਜੋ ਕਾਰਪੋਰੇਟ ਪਰਿਭਾਸ਼ਾ ਦਾ 'ਪੇਸ਼ੇਵਰ' ਨਿਊਜ਼ ਚੈਨਲ ਨਾ ਬਣ ਜਾਵੇ। ਸਾਡਾ ਟੀਚਾ ਮਨੁੱਖੀ ਤਾਕਤ, ਵਿਗਿਆਨ ਅਤੇ ਮਹੱਤਵਪੂਰਨ ਰੂਪ ਨਾਲ਼ ਸਮਾਜਿਕ ਵਿਗਿਆਨ ਦੀ ਤਾਕਤ, ਗਿਆਨ ਤੇ ਤਾਕਤ ਦੇ ਸੇਕ ਨਾਲ਼ ਪਕੇਰਿਆਂ ਹੋਣਾ ਸੀ। ਪਹਿਲੇ ਦਿਨ ਤੋਂ ਹੀ ਅਸੀਂ ਤਜ਼ਰਬੇਕਾਰ ਪੱਤਰਕਾਰਾਂ ਹੀ ਨਹੀਂ ਸਗੋਂ ਹਰ ਖੇਤਰ ਦੇ ਮਾਹਰਾਂ ਨਾਲ਼ ਰਲ਼ ਕੇ ਕੰਮ ਕਰ ਰਹੇ ਹਾਂ।

ਇਸ ਨਾਲ਼ ਉਲਝਣ, ਟਕਰਾਅ, ਗ਼ਲਤਫਹਿਮੀ, ਬਹਿਸ (ਕਈ ਵਾਰ ਕੌੜੇ ਰੂਪ ਵਿੱਚ) ਪੈਦਾ ਹੋਈ ਅਤੇ ਨਤੀਜੇ ਵਜੋਂ ਇਸ ਸਭ ਦੇ ਮਿਸ਼ਰਣ ਦਾ ਨਤੀਜਾ ਵੀ ਅਸਾਧਾਰਣ ਨਿਕਲਿਆ। ਪਾਰੀ ਦਾ ਹਰ ਹਿੱਸਾ ਇਹ ਗੱਲ ਨੂੰ ਸਮਝ ਕੇ ਅਤੇ ਸਹਿਮਤੀ ਪ੍ਰਗਟਾ ਕੇ ਕੰਮ ਕਰਦਾ ਹੈ ਕਿ ਫੀਲਡ ਵਿੱਚ ਜਾ ਕੇ ਲੋਕਾਂ ਦੀ ਅਵਾਜ਼ ਨੂੰ ਕਲਮਬੱਧ ਕਰਨਾ ਹੈ ਨਾ ਕਿ ਆਪਣੀ ਅਵਾਜ਼ ਨੂੰ। ਇਸੇ ਪ੍ਰੋਟੋਕਾਲ ਤਹਿਤ ਇਹ ਯਕੀਨੀ ਬਣਿਆ ਕਿ  ਨਾ ਸਿਰਫ਼ ਲੋਕਾਂ ਦੀ ਅਵਾਜ਼ ਨੂੰ ਦਰਜ ਕਰਨਾ ਬਲਕਿ ਕਹਾਣੀ ਵਿੱਚ ਉਨ੍ਹਾਂ ਦੀ ਮੌਜੂਦਗੀ ਨੂੰ ਬਾਰ-ਬਾਰ ਦਰਜ ਕਰਾਉਣਾ ਲਾਜ਼ਮੀ ਬਣਾਇਆ। ਇਸੇ ਕਰਕੇ ਅਸੀਂ ਕਹਾਣੀਆਂ ਨੂੰ ਲੋਕਾਂ ਦੀ ਜ਼ੁਬਾਨੀ ਉਨ੍ਹਾਂ ਦੀਆਂ ਕਹਾਣੀਆਂ ਦੱਸਦੇ ਹਾਂ ਨਾ ਕਿ ਬੁਲੇਟਿਨ ਜਾਂ ਅਕਾਦਮਿਕ ਜਾਂ ਨੌਕਰਸ਼ਾਹੀ ਸ਼ੈਲੀ ਵਿੱਚ। ਇਸ ਸਬੰਧ ਵਿੱਚ, ਜਿੰਨਾ ਹੋ ਸਕੇ, ਅਸੀਂ ਕਿਸਾਨਾਂ, ਜੰਗਲ ਵਾਸੀਆਂ, ਮਜ਼ਦੂਰਾਂ, ਬੁਣਕਰਾਂ, ਮਛੇਰਿਆਂ ਅਤੇ ਅਣਗਿਣਤ ਕਿਰਤੀਆਂ ਦੀਆਂ ਕਹਾਣੀਆਂ ਲਿਖਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।

PHOTO • Jayamma Belliah
PHOTO • Jayamma Belliah

ਪਾਰੀ ਇਕਲੌਤੀ ਪੱਤਰਕਾਰੀ ਸਾਈਟ ਹੈ ਜੋ ਪੂਰੀ ਤਰ੍ਹਾਂ ਪੇਂਡੂ ਭਾਰਤ ਅਤੇ ਇਸ ਦੇ ਲੋਕਾਂ ਨੂੰ ਸਮਰਪਿਤ ਹੈ ਅਤੇ ਆਪਣੀ ਕਹਾਣੀ ਦੱਸਦੀ ਹੈ। ਬਾਂਦੀਪੁਰ ਨੈਸ਼ਨਲ ਪਾਰਕ ਦੇ ਕਿਨਾਰੇ ਸਥਿਤ ਅਨਾਨਜੀਹੁੰਡੀ ਪਿੰਡ ਦੀ ਰਹਿਣ ਵਾਲ਼ੀ ਜੇਨੂ ਕੁਰੂਬਾ ਆਦਿਵਾਸੀ, ਜਯੰਮਾ ਬੇਲਈਆ ਦੀ ਤਸਵੀਰ, ਜੋ ਆਪਣੀ ਦ੍ਰਿਸ਼ਟੀ ਤੋਂ ਆਪਣੇ ਦਿਨ ਦੀ ਇਹ ਤਸਵੀਰ ਖਿੱਚਦੇ ਹਨ, ਜਿਸ ਵਿੱਚ ਚੀਤੇ ਦੀ ਫ਼ੋਟੋ ਵੀ ਹੈ

PHOTO • P. Indra
PHOTO • Suganthi Manickavel

ਪਾਰੀ ਰੋਜ਼ੀ - ਰੋਟੀ ਦੇ ਬਹੁਤ ਸਾਰੇ ਵਸੀਲਿਆਂ ਨੂੰ ਵੀ ਕਵਰ ਕਰਦੀ ਹੈ ਜਿਵੇਂ ਕਿ ਸਫ਼ਾਈ ਕਰਮਚਾਰੀ ਅਤੇ ਪੇਂਡੂ ਭਾਰਤ ਦੇ ਵੱਖ - ਵੱਖ ਭਾਈਚਾਰਿਆਂ ਦੇ ਗੀਤ। ਖੱਬੇ : ਇੰਦਰਾ ਪੀ ਨੇ ਮਦੁਰਈ ਸ਼ਹਿਰ ਵਿੱਚ ਬਿਨਾਂ ਕਿਸੇ ਸੁਰੱਖਿਆ ਉਪਕਰਣਾਂ ਦੇ ਕੂੜਾ ਸਾਫ਼ ਕਰਨ ਦਾ ਕੰਮ ਕਰਦੇ ਹੋਏ ਆਪਣੇ ਪਿਤਾ ਦੀ ਫ਼ੋਟੋ ਖਿੱਚੀ। ਸੱਜੇ : ਸੁੰਗਤੀ ਮਨੀਕਾਵੇਲ ਨੇ ਤਾਮਿਲਨਾਡੂ ਦੇ ਨਾਗਾਪੱਟੀਨਮ ਤੱਟ ' ਤੇ ਆਪਣੇ ਹੀ ਭਾਈਚਾਰੇ ਦੀਆਂ ਮਛੇਰਨਾਂ- ਸਕਤੀਵੇਲ ਤੇ ਵਿਜੈ ਦੀ ਝੀਂਗਾ ਮੱਛੀ ਫੜ੍ਹਨ ਲਈ ਸੁੱਟੇ ਜਾਲ਼ ਨੂੰ ਖਿੱਚਿਆਂ ਦੀ ਇਹ ਤਸਵੀਰ ਲਈ

ਜੇਕਰ ਲੰਬੀਆਂ ਸਟੋਰੀਆਂ ਦੀ ਗੱਲ ਕਰੀਏ ਤਾਂ ਅੱਜ ਸਾਡੀ ਸਾਈਟ 'ਤੇ ਅਜਿਹੀਆਂ 2,000 ਤੋਂ ਵੱਧ ਕਹਾਣੀਆਂ ਮੌਜੂਦ ਹਨ। ਉਨ੍ਹਾਂ ਵਿੱਚੋਂ ਕੁਝ ਇਨਾਮ ਜੇਤੂ ਲੜੀ ਦਾ ਹਿੱਸਾ ਵੀ ਹਨ। ਇਸ ਦੇ ਨਾਲ਼, ਅਸੀਂ ਆਪਣੀ ਹਰ ਕਹਾਣੀ ਨੂੰ 15 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰ ਰਹੇ ਹਾਂ। ਇਹ ਮਹਿਜ ਸਟੋਰੀਆਂ ਨਹੀਂ ਇਹ ਤਾਂ ਅਵਾਜ਼ ਹਨ ਰੋਜ਼ੀਰੋਟੀ ਦੇ ਵਸੀਲਿਆਂ (ਕਈਆਂ ਦੇ ਤਬਾਹ ਹੋਣ ਦਾ ਖ਼ਤਰਾ ਮੰਡਰਾ ਰਿਹਾ) ਨਾਲ਼ ਜੁੜੇ ਕਿਰਤੀਆਂ, ਕਿਸਾਨ ਅੰਦੋਲਨਾਂ, ਜਲਵਾਯੂ ਤਬਦੀਲੀ ਦੀਆਂ, ਲਿੰਗ ਤੇ ਜਾਤ-ਸਬੰਧੀ ਭੇਦਭਾਵ ਤੇ ਅਸਮਾਨਤਾ ਤੇ ਹਿੰਸਾ ਦੀ, ਸੰਗੀਤ ਤੇ ਗੀਤਾਂ ਦੀ ਆਰਕਾਈਵ ਪਾਰੀ ਅੰਦਰ ਵਿਰੋਧ ਦੀ ਸੁਰ ਵਿੱਚ ਸੁਰ ਮਿਲ਼ਾਉਂਦੀ ਕਵਿਤਾ, ਵਿਰੋਧ ਪ੍ਰਦਰਸ਼ਨਾਂ ਨੂੰ ਪੇਸ਼ ਕਰਦੀਆਂ ਤਸਵੀਰਾਂ ਸਭ ਸ਼ਾਮਲ ਹਨ।

ਇਸ ਸਭ ਤੋਂ ਇਲਾਵਾ, ਸਾਡੇ ਕੋਲ਼ ਇੱਕ ਵਿਦਿਅਕ ਵਿਭਾਗ ਵੀ ਹੈ ਜਿਸਨੂੰ ਪਾਰੀ ਐਜੂਕੇਸ਼ਨ ਕਿਹਾ ਜਾਂਦਾ ਹੈ। ਇਸ ਵਿੱਚ ਵਿਦਿਆਰਥੀ ਪੱਤਰਕਾਰਾਂ ਦੀਆਂ ਲਗਭਗ 230 ਕਹਾਣੀਆਂ ਹਨ। ਪਾਰੀ ਐਜੁਕੇਸ਼ਨ ਵਿਭਾਗ ਸੈਂਕੜੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਦਿਲ ਜਿੱਤਣ ਵਿੱਚ ਸਫ਼ਲ ਰਿਹਾ ਹੈ ਅਤੇ ਉਨ੍ਹਾਂ ਵਿੱਚ ਇਸ ਦੀ ਮੰਗ ਵੱਧ ਗਈ ਹੈ। ਇਸ ਭਾਗ ਨੇ ਅਣਗਿਣਤ ਵਰਕਸ਼ਾਪਾਂ, ਸਿਖਲਾਈ ਸੈਸ਼ਨਾਂ ਅਤੇ ਭਾਸ਼ਣਾਂ ਦਾ ਆਯੋਜਨ ਕੀਤਾ ਹੈ ਜਿੰਨਾ ਮੈਂ ਗਿਣ ਸਕਦਾ ਹਾਂ।  ਇਸ ਤੋਂ ਇਲਾਵਾ, ਪਾਰੀ ਦੀਆਂ ਸੋਸ਼ਲ ਮੀਡੀਆ ਕੋਸ਼ਿਸ਼ਾਂ ਨਵੀਂ ਪੀੜ੍ਹੀ ਤੱਕ ਪਹੁੰਚ ਰਹੀਆਂ ਹਨ। ਸਾਡਾ ਇੰਸਟਾਗ੍ਰਾਮ ਪੇਜ 120,000 ਤੋਂ ਵੱਧ ਫਾਲੋਅਰਜ਼ ਨਾਲ਼ ਸ਼ਾਨਦਾਰ ਸਫ਼ਲਤਾ ਵੱਲ ਨੂੰ ਵੱਧ ਰਿਹਾ ਹੈ।

ਸਾਡੇ ਕੋਲ਼ ਇੱਕ ਸਿਰਜਣਾਤਮਕ ਲਿਖਤ ਅਤੇ ਕਲਾ ਵਿਭਾਗ ਹੈ ਜਿਸ ਨੇ ਆਪਣੀ ਕਾਬਲੀਅਤ ਨਾਲ਼ ਕਈ ਸਨਮਾਨ ਜਿੱਤੇ ਹਨ। ਰਚਨਾਤਮਕ ਭਾਗ ਕੁਝ ਬੇਮਿਸਾਲ ਪ੍ਰਤਿਭਾਵਾਂ ਲਈ ਇੱਕ ਪਲੇਟਫਾਰਮ ਹੈ। ਇਹ ਲੋਕ ਕਵੀਆਂ ਅਤੇ ਗਾਇਕਾਂ ਤੋਂ ਲੈ ਕੇ ਸ਼ਾਨਦਾਰ ਚਿੱਤਰਕਾਰਾਂ ਤੱਕ, ਆਦਿਵਾਸੀ ਬੱਚਿਆਂ ਦੀ ਕਲਾ ਦੇ ਵਿਲੱਖਣ (ਅਤੇ ਪਹਿਲੇ) ਆਰਕਾਈਵ ਤੱਕ ਹੈ।

ਪਾਰੀ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਲੋਕ ਗੀਤ ਵੀ ਇਕੱਤਰ ਕਰ ਰਹੀ ਹੈ - ਜਿਸ ਵਿੱਚ ਬੇਮਿਸਾਲ ਗ੍ਰਾਇੰਡਮਿਲ ਗੀਤ ਪ੍ਰੋਜੈਕਟ ਵੀ ਸ਼ਾਮਲ ਹੈ ਜਿਸ ਨੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। ਸਾਡੇ ਕੋਲ਼ ਸ਼ਾਇਦ ਲੋਕ ਸੰਗੀਤ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ ਜੋ ਕਿਸੇ ਵੀ ਭਾਰਤੀ ਮੰਜ਼ਿਲ ਵਿੱਚ ਨਹੀਂ ਮਿਲ਼ਦਾ।

ਇਨ੍ਹਾਂ 10 ਸਾਲਾਂ ਵਿੱਚ, ਪਾਰੀ ਨੇ ਕੋਵਿਡ -19 ਦੌਰਾਨ ਅਤੇ ਇਸ ਦੌਰਾਨ ਸਿਹਤ ਸੰਭਾਲ਼, ਪ੍ਰਵਾਸ, ਅਲੋਪ ਹੋ ਰਹੇ ਹੁਨਰ ਅਤੇ ਨੌਕਰੀਆਂ ਬਾਰੇ ਹੈਰਾਨ ਕਰ ਸੁੱਟਣ ਵਾਲ਼ੀਆਂ ਕਹਾਣੀਆਂ ਅਤੇ ਵੀਡੀਓ ਪ੍ਰਕਾਸ਼ਤ ਕੀਤੇ ਹਨ। ਇਹ ਸੂਚੀ ਹਾਲੇ ਵੀ ਖ਼ਤਮ ਨਹੀਂ ਹੋਈ ਹੈ।

ਇਨ੍ਹਾਂ 10 ਸਾਲਾਂ ਵਿੱਚ ਪਾਰੀ ਨੇ 80 ਇਨਾਮ, ਪੁਰਸਕਾਰ, ਸਨਮਾਨ ਜਿੱਤੇ ਹਨ। ਇਸ ਵਿੱਚ 22 ਅੰਤਰਰਾਸ਼ਟਰੀ ਪੁਰਸਕਾਰ ਸ਼ਾਮਲ ਹਨ। ਹਾਂ, ਇਨ੍ਹਾਂ 80 ਵਿੱਚੋਂ ਸਿਰਫ 77 ਦਾ ਜ਼ਿਕਰ ਇਸ ਸਮੇਂ ਸਾਡੀ ਵੈੱਬਸਾਈਟ 'ਤੇ ਕੀਤਾ ਗਿਆ ਹੈ - ਕਿਉਂਕਿ ਅਸੀਂ ਬਾਕੀ ਤਿੰਨ ਦਾ ਐਲਾਨ ਉਦੋਂ ਹੀ ਕਰ ਸਕਦੇ ਹਾਂ ਜਦੋਂ ਪੁਰਸਕਾਰਾਂ ਦੇ ਪ੍ਰਬੰਧਕ ਸਾਨੂੰ ਇਜਾਜ਼ਤ ਦਿੰਦੇ ਹਨ। ਯਾਨੀ ਇੱਕ ਦਹਾਕੇ 'ਚ ਸਾਨੂੰ ਹਰ 45 ਦਿਨਾਂ 'ਚ ਔਸਤਨ ਇੱਕ ਪੁਰਸਕਾਰ ਮਿਲ਼ਿਆ ਹੈ। ਕੋਈ ਵੀ ਪ੍ਰਮੁੱਖ 'ਮੁੱਖ ਧਾਰਾ' ਪ੍ਰਕਾਸ਼ਨ ਪ੍ਰਾਪਤੀ ਦੇ ਉਸ ਪੱਧਰ ਦੇ ਨੇੜੇ ਵੀ ਨਹੀਂ ਆਉਂਦਾ।

PHOTO • Shrirang Swarge
PHOTO • Rahul M.

ਵੈੱਬਸਾਈਟ ਨੇ ਕਿਸਾਨਾਂ ਦੇ ਸੰਘਰਸ਼ ਅਤੇ ਖੇਤੀਬਾੜੀ ਸੰਕਟ ਬਾਰੇ ਵਿਆਪਕ ਤੌਰ ' ਤੇ ਰਿਪੋਰਟ ਕੀਤੀ ਹੈ। ਖੱਬੇ : ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ 2018 ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵੱਲ ਮਾਰਚ ਕੀਤਾ ਸੀ , ਜਿਸ ਵਿੱਚ ਦੇਸ਼ ਦੇ ਖੇਤੀ ਸੰਕਟ ' ਤੇ ਧਿਆਨ ਕੇਂਦਰਿਤ ਕਰਨ ਲਈ ਘੱਟੋ ਘੱਟ ਸਮਰਥਨ ਮੁੱਲ ( ਐੱਮਐੱਸਪੀ ) ਦੀ ਕਨੂੰਨੀ ਗਰੰਟੀ ਅਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਗਈ ਸੀ। ਸੱਜੇ : 20 ਸਾਲ ਪਹਿਲਾਂ , ਪੁਜਾਰੀ ਲਿੰਗਨਾ ਨੇ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਖੇਤਰ ਵਿੱਚ ਫਿਲਮ ਦੀ ਸ਼ੂਟਿੰਗ ਲਈ ਝਾੜੀਆਂ ਉਖਾੜ ਦਿੱਤੀਆਂ ਸਨ। ਅੱਜ , ਸਮਾਂ ਅਤੇ ਮਨੁੱਖੀ ਕਾਰਵਾਈਆਂ ਇਸ ਖੇਤਰ ਨੂੰ ਮਾਰੂਥਲ ਵਿੱਚ ਬਦਲ ਰਹੀਆਂ ਹਨ

PHOTO • Labani Jangi

ਸਾਡੇ ਸਿਰਜਣਾਤਮਕ ਲਿਖਣ ਅਤੇ ਕਲਾ ਵਿਭਾਗ ਵਿੱਚ ਓਡੀਸ਼ਾ ਦੇ ਨੌਜਵਾਨ ਆਦਿਵਾਸੀ ਬੱਚਿਆਂ ਦੀਆਂ ਰਚਨਾਵਾਂ ' ਆਦਿਵਾਸੀ ਬੱਚਿਆਂ ਦੇ ਆਰਕਾਈਵ ' ਸ਼੍ਰੇਣੀ ਵਿੱਚ ਹਨ। ਖੱਬੇ : ਛੇਵੀਂ ਜਮਾਤ ਦੇ ਕਲਾਕਾਰ ਅੰਕੁਰ ਨਾਇਕ ਆਪਣੀ ਪੇਂਟਿੰਗ ਬਾਰੇ ਕਹਿੰਦੇ ਹਨ : ' ਹਾਥੀ ਅਤੇ ਬਾਂਦਰ ਕਦੇ ਸਾਡੇ ਪਿੰਡ ਲਿਆਏ ਜਾਂਦੇ ਸਨ। ਮੈਂ ਉਨ੍ਹਾਂ ਨੂੰ ਦੇਖਿਆ ਅਤੇ ਇਹ ਤਸਵੀਰ ਬਣਾ ਲਈ ' ਸੱਜੇ : ਬਹੁਤ ਸਾਰੇ ਚਿੱਤਰਕਾਰ ਸਾਡੇ ਪੰਨਿਆਂ ਵਿਚ ਆਪਣੇ ਹੁਨਰ ਦਾ ਯੋਗਦਾਨ ਪਾਉਂਦੇ ਹਨ ਲਾਬਾਨੀ ਜੰਗੀ ਦੀ ਤਸਵੀਰ : ਲੌਕਡਾਊਨ ਦੌਰਾਨ ਹਾਈਵੇਅ ' ਤੇ ਇੱਕ ਬਜ਼ੁਰਗ ਔਰਤ ਅਤੇ ਉਸਦੇ ਭਤੀਜੇ ਦੀ ਤਸਵੀਰ

ਸਾਨੂੰ 'ਪੀਪਲਜ਼ ਆਰਕਾਈਵ' ਦੀ ਲੋੜ ਕਿਉਂ ਹੈ?

ਇਤਿਹਾਸਕ ਤੌਰ 'ਤੇ, ਪੜ੍ਹੇ-ਲਿਖੇ ਕੁਲੀਨ ਵਰਗ ਦੁਆਰਾ ਰੱਖੇ ਗਏ ਆਦਰਸ਼ਕ ਵਿਚਾਰਾਂ ਦੇ ਉਲਟ, ਪੁਰਾਲੇਖ ਅਤੇ ਪ੍ਰਾਚੀਨ ਲਾਈਬ੍ਰੇਰੀਆਂ ਨਾ ਤਾਂ ਗਿਆਨ ਦੇ ਸਰੋਤਾਂ ਵਜੋਂ ਕੰਮ ਕਰਦੀਆਂ ਸਨ ਤੇ ਨਾ ਹੀ ਉਹ ਆਮ ਲੋਕਾਂ ਦੀ ਪਹੁੰਚ ਵਿੱਚ ਸਨ। ਇਸ ਦੀ ਬਜਾਏ, ਇਹ ਏਲੀਟਿਜ਼ਮ ਅਤੇ ਅਲੱਗ-ਥਲੱਗਵਾਦ ਦਾ ਨਮੂਨਾ ਰਹੀਆਂ (ਅਤੇ ਵੱਡੇ ਪੱਧਰ 'ਤੇ ਉਹੀ ਕਹਾਣੀ ਜਾਰੀ ਹੈ)। ਦਿਲਚਸਪ ਗੱਲ ਇਹ ਹੈ ਕਿ ਇਸ ਪਹਿਲੂ ਨੂੰ ਸੀਰੀਜ਼ ਦਿ ਗੇਮ ਆਫ਼ ਥ੍ਰੋਨਜ਼ ਵਿੱਚ ਬਿਲਕੁਲ ਢੁੱਕਵਾਂ ਦਰਸਾਇਆ ਗਿਆ ਹੈ, ਜਿੱਥੇ ਸੈਮੂਅਲ ਟਾਰਲੀ ਨੂੰ ਪਹੁੰਚ ਤੋਂ ਬਾਹਰ ਇੱਕ ਕਮਰੇ ਵਿੱਚ ਲੁਕੇ ਸੀਮਤ ਪਾਠਾਂ ਨੂੰ ਪੜ੍ਹਨ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਕਿਤਾਬਾਂ ਆਖ਼ਰਕਾਰ ਮੁਰਦਿਆਂ ਦੀ ਫੌਜ ਵਿਰੁੱਧ ਲੜਾਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।

ਪ੍ਰਾਚੀਨ ਲਾਈਬ੍ਰੇਰੀਆਂ, ਜਿਨ੍ਹਾਂ ਵਿੱਚ ਅਲੈਗਜ਼ੈਂਡਰੀਆ, ਨਾਲੰਦਾ ਅਤੇ ਗਿਆਨ ਦੇ ਹੋਰ ਮਹਾਨ ਖਜ਼ਾਨੇ ਸਨ, ਆਮ ਲੋਕਾਂ ਲਈ ਕਦੇ ਵੀ ਖੁੱਲ੍ਹੀਆਂ ਨਹੀਂ।

ਦੂਜੇ ਸ਼ਬਦਾਂ ਵਿੱਚ, ਆਰਕਾਈਵ ਆਮ ਤੌਰ 'ਤੇ ਸਰਕਾਰ ਲਈ ਮਹੱਤਵਪੂਰਣ ਜਾਣਕਾਰੀ ਨੂੰ ਨਿਯੰਤਰਿਤ ਕਰਨ ਅਤੇ ਸੈਂਸਰ ਕਰਨ ਲਈ ਸਾਧਨ ਵਜੋਂ ਕੰਮ ਕਰਦੇ ਹਨ, ਜਿਸ ਨੂੰ ਆਮ ਜਨਤਾ ਤੋਂ ਦੂਰ ਰੱਖਿਆ ਜਾਂਦਾ ਹੈ। ਭਾਰਤ ਅਤੇ ਚੀਨ ਵਿਚਾਲੇ 62 ਸਾਲ ਪਹਿਲਾਂ 1962 ਵਿੱਚ ਸਰਹੱਦੀ ਯੁੱਧ ਹੋਇਆ ਸੀ। ਅੱਜ ਤੱਕ ਅਸੀਂ ਉਸ ਟਕਰਾਅ ਬਾਰੇ ਮਹੱਤਵਪੂਰਨ ਦਸਤਾਵੇਜ਼ ਨਹੀਂ ਦੇਖ ਸਕਦੇ। ਅਮਰੀਕੀ ਫੌਜ ਤੋਂ ਨਾਗਾਸਾਕੀ ਬੰਬ ਧਮਾਕੇ ਦੀ ਵੀਡੀਓ ਫੁਟੇਜ ਲੈਣ ਲਈ ਪੱਤਰਕਾਰਾਂ ਨੂੰ ਕਈ ਸਾਲਾਂ ਤੱਕ ਸੰਘਰਸ਼ ਕਰਨਾ ਪਿਆ। ਪੈਂਟਾਗਨ ਨੇ ਇਹ ਵੀਡੀਓ ਫੁਟੇਜ ਅਮਰੀਕੀ ਸੈਨਿਕਾਂ ਨੂੰ ਭਵਿੱਖ ਦੇ ਪ੍ਰਮਾਣੂ ਯੁੱਧਾਂ ਲਈ ਸਿਖਲਾਈ ਦੇਣ ਲਈ ਰੱਖੀ ਸੀ।

ਬਹੁਤ ਸਾਰੇ ਪੁਰਾਲੇਖ ਅਤੇ ਨਿੱਜੀ ਮਲਕੀਅਤ ਵਾਲ਼ੀਆਂ ਆਨਲਾਈਨ ਲਾਈਬ੍ਰੇਰੀਆਂ, ਜਿਨ੍ਹਾਂ ਨੂੰ 'ਨਿੱਜੀ ਸੰਗ੍ਰਹਿ' ਵਜੋਂ ਜਾਣਿਆ ਜਾਂਦਾ ਹੈ, ਜਨਤਕ ਪਹੁੰਚ ਤੋਂ ਇਨਕਾਰੀ ਹੀ ਸਾਬਤ ਹੁੰਦੀਆਂ ਰਹੀਆਂ ਹਨ, ਹਾਲਾਂਕਿ ਉਨ੍ਹਾਂ ਵਿਚਲੀ ਸਮੱਗਰੀ ਬਹੁਤ ਮਹੱਤਵਪੂਰਨ ਹੈ ਅਤੇ ਲੋਕਾਂ ਲਈ ਢੁਕਵੀਂ ਵੀ।

ਇਹ ਪੀਪਲਜ਼ ਆਰਕਾਈਵ ਦੀ ਲੋੜ ਨੂੰ ਦਰਸਾਉਂਦਾ ਹੈ। ਇਹ ਆਰਕਾਈਵ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਵੱਲੋਂ ਨਾ ਤਾਂ ਕੰਟੋਰਲ ਕੀਤੀ ਜਾਂਦੀ ਹੈ ਤੇ ਨਾ ਹੀ ਜਵਾਬਦੇਹ ਹੀ ਹੈ। ਇੱਕ ਪੱਤਰਕਾਰੀ ਜੋ ਨਿੱਜੀ ਮੁਨਾਫ਼ੇ ਲਈ ਨਹੀਂ ਚਲਾਈ ਜਾਂਦੀ। ਸਾਡਾ ਉਦੇਸ਼ ਇਹ ਹੈ ਕਿ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ ਜਿਨ੍ਹਾਂ ਨਾਲ਼ ਅਸੀਂ ਜੁੜੇ ਹਾਂ। ਸਾਡੀ ਜਵਾਬਦੇਹੀ ਉਸ ਲੋਕਾਈ ਪ੍ਰਤੀ ਹੈ ਜਿਹਨੂੰ ਸਮਾਜ ਤੇ ਮੀਡੀਆ ਦੋਵਾਂ ਨੇ ਹਾਸ਼ੀਏ 'ਤੇ ਧੱਕ ਦਿੱਤਾ ਹੈ।

ਦੇਖੋ : ' ਮੇਰਾ ਪਤੀ ਕੰਮ ਦੀ ਭਾਲ਼ ਵਿੱਚ ਦੂਰ ਥਾਵੇਂ ਚਲਾ ਗਿਆ ਹੈ ... '

ਅੱਜ ਦੇ ਮੀਡੀਆ ਜਗਤ ਵਿੱਚ ਟਿਕੇ ਰਹਿਣਾ ਓਨਾ ਸੌਖਾ ਨਹੀਂ ਜਿੰਨਾ ਕਿ ਦਿਖਾਈ ਦਿੰਦਾ ਹੈ। ਸਾਡਾ ਪਾਰੀ ਭਾਈਚਾਰਾ ਲਗਾਤਾਰ ਨਵੇਂ ਅਤੇ ਵਿਲੱਖਣ ਵਿਚਾਰ ਪੈਦਾ ਕਰ ਰਿਹਾ ਹੈ ਅਤੇ ਅਸੀਂ ਹਮੇਸ਼ਾ ਉਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ। ਅਸੀਂ ਕਈ ਵਾਰ ਬਹੁਤੀ ਯੋਜਨਾਬੰਦੀ ਨਹੀਂ ਕਰਦੇ ਤੇ ਸਾਹਸਿਕ ਕਾਰਨਾਮੇ ਕਰਨ ਲੱਗਦੇ ਹਾਂ, ਉਦਾਹਰਨ ਲਈ, ਆਪਣੇ ਪ੍ਰਕਾਸ਼ਨ ਵਿੱਚ ਕਿਸੇ ਨਵੀਂ ਭਾਸ਼ਾ ਨੂੰ ਲਿਆਉਣਾ। ਦੇਸ਼ ਦੇ ਲਗਭਗ 800 ਜ਼ਿਲ੍ਹਿਆਂ ਤੋਂ ਆਮ ਲੋਕਾਂ ਦੀਆਂ ਫ਼ੋਟੋਆਂ ਇਕੱਤਰ ਕਰਕੇ ਭਾਰਤ ਦੇ ਚਿਹਰਿਆਂ ਦੀ ਵਿਭਿੰਨਤਾ ਦਾ ਦਸਤਾਵੇਜ਼ ਤਿਆਰ ਕਰਨਾ। ਇਹ ਹਰੇਕ ਜ਼ਿਲ੍ਹੇ ਦੇ ਹਰ ਤਾਲੁਕਾ ਨੂੰ ਵੀ ਕਵਰ ਕਰੇਗਾ।

ਅੱਜ ਸਾਡੇ ਕੋਲ਼ ਸੈਂਕੜੇ ਤਾਲੁਕਾ ਅਤੇ ਜ਼ਿਲ੍ਹਿਆਂ ਦੇ 3,235 ਲੋਕਾਂ ਦੇ ਚਿਹਰਿਆਂ ਦਾ ਸੰਗ੍ਰਹਿ ਹੈ ਅਤੇ ਅਸੀਂ ਨਿਯਮਿਤ ਤੌਰ 'ਤੇ ਇਸ ਵਿੱਚ ਨਵੇਂ ਚਿਹਰੇ ਜੋੜ ਰਹੇ ਹਾਂ। ਪਾਰੀ ਦੀ ਵੈੱਬਸਾਈਟ 'ਤੇ ਲਗਭਗ 526 ਵੀਡੀਓ ਦਾ ਸੰਗ੍ਰਹਿ ਹੈ।

ਉਨ੍ਹਾਂ ਖੂਬਸੂਰਤ ਚਿਹਰਿਆਂ ਤੋਂ ਇਲਾਵਾ, ਪਾਰੀ ਨੇ 20,000 ਤੋਂ ਵੱਧ ਸ਼ਾਨਦਾਰ ਫ਼ੋਟੋਆਂ ਪ੍ਰਕਾਸ਼ਤ ਕੀਤੀਆਂ ਹਨ (ਅਸੀਂ ਅਜੇ ਤੱਕ ਸਹੀ ਗਿਣਤੀ ਨੂੰ ਅਪਡੇਟ ਨਹੀਂ ਕੀਤਾ ਹੈ)। ਸਾਨੂੰ ਮਾਣ ਹੈ ਕਿ ਸਾਡੀ ਇੱਕ ਦਿੱਖ-ਕੇਂਦਰਿਤ ਵੈੱਬਸਾਈਟ ਹੈ ਅਤੇ ਅਸੀਂ ਮਾਣ ਨਾਲ਼ ਇਹ ਵੀ ਦਾਅਵਾ ਕਰਦੇ ਹਾਂ ਕਿ ਇਹ ਪਲੇਟਫਾਰਮ ਭਾਰਤ ਦੇ ਕੁਝ ਸਭ ਤੋਂ ਵਧੀਆ ਫ਼ੋਟੋਗ੍ਰਾਫਰਾਂ ਅਤੇ ਚਿੱਤਰਕਾਰਾਂ ਲਈ ਹੈ।

ਸਾਡੀ ਲਾਈਬ੍ਰੇਰੀ ਦਾ ਵੀ ਵਿਸਥਾਰ ਕਰਨ ਦੀ ਲੋੜ ਹੈ। ਇਹ ਲਾਈਬ੍ਰੇਰੀ ਨਾ ਸਿਰਫ਼ ਤੁਹਾਨੂੰ ਕਿਤਾਬਾਂ ਉਧਾਰ ਲੈਣ ਦੀ ਆਗਿਆ ਦਿੰਦੀ ਹੈ, ਬਲਕਿ ਤੁਹਾਨੂੰ ਉਨ੍ਹਾਂ ਨੂੰ ਆਪਣੀਆਂ ਬਣਾਉਣ ਦੀ ਆਗਿਆ ਵੀ ਦਿੰਦੀ ਹੈ। ਤੁਸੀਂ ਸਾਡੀ ਲਾਈਬ੍ਰੇਰੀ ਵਿੱਚ ਕੋਈ ਵੀ ਕਿਤਾਬਾਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ ਜਾਂ ਉਨ੍ਹਾਂ ਦਾ ਪ੍ਰਿੰਟ ਆਊਟ ਲੈ ਸਕਦੇ ਹੋ।

ਆਓ ਅਸੀਂ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਦੇ ਬੁਣਕਰਾਂ ਨੂੰ ਦਰਸਾਉਂਦੇ ਅਸਾਧਾਰਣ ਬਿਰਤਾਂਤਾਂ ਦਾ ਸੰਗ੍ਰਹਿ ਇਕੱਤਰ ਕਰਨ ਦੀ ਕੋਸ਼ਿਸ਼ ਕਰੀਏ। ਸਾਨੂੰ ਜਲਵਾਯੂ ਪਰਿਵਰਤਨ ਬਾਰੇ ਬਿਰਤਾਂਤਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਹ ਕਹਾਣੀਆਂ ਸਿੱਧੇ ਤੌਰ 'ਤੇ ਉਨ੍ਹਾਂ ਲੋਕਾਂ ਦੁਆਰਾ ਦੱਸੀਆਂ ਜਾਣੀਆਂ ਚਾਹੀਦੀਆਂ ਹਨ ਜੋ ਇਸਦੇ ਨਤੀਜਿਆਂ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਵਿਗਿਆਨਕ ਅਤੇ ਤਕਨੀਕੀ ਰਿਪੋਰਟਾਂ ਨੂੰ ਇਕੱਠੇ ਕਰਨ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ ਜੋ ਪਾਠਕਾਂ ਨੂੰ ਲੋਕਾਂ ਦੀ ਸਮਝ ਤੋਂ ਪਰ੍ਹੇ ਰੱਖਦੀਆਂ ਹਨ। ਲਾਈਬ੍ਰੇਰੀ ਵਿੱਚ ਲਗਭਗ 900 ਰਿਪੋਰਟਾਂ ਹਨ, ਜਿਨ੍ਹਾਂ ਵਿੱਚੋਂ ਹਰੇਕ ਇਨ੍ਹਾਂ ਲਾਭਦਾਇਕ ਸੰਖੇਪ ਅਤੇ ਮਹੱਤਵਪੂਰਣ ਸੂਝ ਨਾਲ਼ ਜੁੜੀ ਹੋਈ ਹੈ। ਇਸ ਨੂੰ ਸੰਭਵ ਬਣਾਉਣ ਲਈ ਬਹੁਤ ਜ਼ਿਆਦਾ ਵਚਨਬੱਧਤਾ ਦੀ ਲੋੜ ਹੁੰਦੀ ਹੈ।

ਖੱਬੇ : ਪਾਰੀ ਲਾਈਬ੍ਰੇਰੀ ਆਪਣੇ ਪਾਠਕਾਂ ਨੂੰ ਇਸ ਦੀ ਸਾਰੀ ਸਮੱਗਰੀ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰਦੀ ਹੈ ਫੇਸ ਪ੍ਰੋਜੈਕਟ ਅਧੀਨ ਭਾਰਤ ੀ ਚਿਹਰਿ ਆਂ ਦੀ ਵਿਭਿੰਨਤਾ ਨੂੰ ਮੈਪ ਕੀਤਾ ਜਾਂਦਾ ਹੈ

ਸ਼ਾਇਦ ਜੇ ਇਹ ਇੱਕ ਪ੍ਰਾਪਤੀ ਹੈ ਜੋ ਅਸੀਂ ਇਨ੍ਹਾਂ ਦਸ ਸਾਲਾਂ ਲਈ ਜਿਉਂਦੇ ਰਹਿਣ ਦੇ ਯੋਗ ਹੋਏ ਹਾਂ, ਤਾਂ ਇਸ ਤੋਂ ਵੀ ਵੱਡੀ ਪ੍ਰਾਪਤੀ ਸਾਡੀ ਬਹੁਭਾਸ਼ਾਵਾਦ ਹੈ। ਮੈਂ ਕਿਸੇ ਹੋਰ ਮੀਡੀਆ ਵੈੱਬਸਾਈਟ ਬਾਰੇ ਨਹੀਂ ਸੁਣਿਆ ਹੈ ਜੋ 15 ਭਾਸ਼ਾਵਾਂ ਵਿੱਚ ਪੂਰੀ-ਟੈਕਸਟ ਸਮੱਗਰੀ ਪੇਸ਼ ਕਰਦੀ ਹੋਵੇ। ਬੀਬੀਸੀ ਵਰਗੀਆਂ ਸੰਸਥਾਵਾਂ 40 ਭਾਸ਼ਾਵਾਂ ਵਿੱਚ ਆਪਣਾ ਪ੍ਰਕਾਸ਼ਨ ਲਿਆਂਦਾ ਹੈ ਪਰ ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਹਰ ਸਮੱਗਰੀ ਮੌਜੂਦ ਨਹੀਂ। ਇਸਦਾ ਤਾਮਿਲ ਭਾਗ ਅੰਗਰੇਜ਼ੀ ਪ੍ਰਕਾਸ਼ਨ ਦਾ ਸਿਰਫ਼ ਇੱਕ ਹਿੱਸਾ ਪ੍ਰਕਾਸ਼ਤ ਕਰਦਾ ਹੈ। ਪਰ ਪਾਰੀ ਵਿੱਚ ਜੇ ਕੋਈ ਲੇਖ ਇੱਕ ਭਾਸ਼ਾ ਵਿੱਚ ਰਿਪੋਰਟ ਕੀਤਾ ਜਾਂਦਾ ਹੈ, ਤਾਂ ਇਹ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੁੰਦਾ ਹੈ। ਅਸੀਂ ਉਨ੍ਹਾਂ ਪੱਤਰਕਾਰਾਂ ਨੂੰ ਤੇਜ਼ੀ ਨਾਲ਼ ਸ਼ਾਮਲ ਕਰ ਰਹੇ ਹਾਂ ਜੋ ਆਪਣੀ ਮਾਂ ਬੋਲੀ ਵਿੱਚ ਰਿਪੋਰਟ ਕਰ ਸਕਦੇ ਹਨ। ਸਾਡੀਆਂ ਸਬੰਧਤ ਭਾਸ਼ਾਵਾਂ ਦੇ ਸੰਪਾਦਕ ਇਸ ਨੂੰ ਸੰਪਾਦਿਤ ਕਰਨਗੇ ਅਤੇ ਪ੍ਰਕਾਸ਼ਨ ਪ੍ਰਕਿਰਿਆ ਨੂੰ ਪੂਰਾ ਕਰਨਗੇ।

ਅਨੁਵਾਦਕਾਂ ਦੀ ਸਾਡੀ ਸਭ ਤੋਂ ਵੱਡੀ ਟੀਮ, ਭਾਰਤੀ ਭਾਸ਼ਾ ਟੀਮ ਦੇ ਸਹਿਯੋਗੀ, ਪਾਰੀਭਾਸ਼ਾ ਟੀਮ ਅਸਲ ਵਿੱਚ ਇੱਕ ਅਜਿਹਾ ਸਮੂਹ ਹੈ ਜਿਸ 'ਤੇ ਅਸੀਂ ਮਾਣ ਕਰ ਸਕਦੇ ਹਾਂ। ਉਹ ਜੋ ਕੰਮ ਕਰਦੇ ਹਨ ਉਹ ਦਿਲਚਸਪ ਵੀ ਹੈ ਤੇ ਗੁੰਝਲਦਾਰ ਵੀ। ਇਸ ਟੀਮ ਨੇ ਪਿਛਲੇ ਦਸ ਸਾਲਾਂ ਵਿੱਚ ਸਾਨੂੰ ਲਗਭਗ 16,000 ਅਨੁਵਾਦ ਦਿੱਤੇ ਹਨ।

ਇਸ ਸਭ ਤੋਂ ਇਲਾਵਾ ਅਸੀਂ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦੇ ਦਸਤਾਵੇਜ਼ਾਂ 'ਤੇ ਵੀ ਕੰਮ ਕਰ ਰਹੇ ਹਾਂ। ਇਹ ਅਭਿਲਾਸ਼ੀ ਪ੍ਰੋਜੈਕਟ ਬਹੁਤ ਚੁਣੌਤੀਪੂਰਨ ਹੈ। ਪਿਛਲੇ 50 ਸਾਲਾਂ ਵਿੱਚ 225 ਭਾਰਤੀ ਭਾਸ਼ਾਵਾਂ ਖ਼ਤਮ ਹੋਣ ਕਿਨਾਰੇ ਪਹੁੰਚ ਚੁੱਕੀਆਂ ਹਨ, ਸਾਡਾ ਇੱਕ ਮੁੱਖ ਟੀਚਾ ਹਾਸ਼ੀਏ 'ਤੇ ਪਈਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਾ ਹੈ।

ਪਿਛਲੇ ਦਸ ਸਾਲਾਂ ਵਿੱਚ ਸਾਡੇ ਕੰਮ ਨੇ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 381 ਜ਼ਿਲ੍ਹਿਆਂ ਨੂੰ ਕਵਰ ਕੀਤਾ ਹੈ। ਪੱਤਰਕਾਰਾਂ, ਲੇਖਕਾਂ, ਕਵੀਆਂ, ਫ਼ੋਟੋਗ੍ਰਾਫਰਾਂ, ਫਿਲਮ ਨਿਰਮਾਤਾਵਾਂ, ਅਨੁਵਾਦਕਾਂ, ਚਿੱਤਰਕਾਰਾਂ, ਮੀਡੀਆ ਸੰਪਾਦਕਾਂ ਅਤੇ ਪਾਰੀ ਦੇ ਸੈਂਕੜੇ ਇੰਟਰਨਸ ਸਮੇਤ 1,400 ਤੋਂ ਵੱਧ ਯੋਗਦਾਨ ਪਾਉਣ ਵਾਲ਼ਿਆਂ ਨੇ ਇਸ ਕੰਮ ਵਿੱਚ ਹੱਥ ਵਟਾਇਆ ਹੈ।

PHOTO • Labani Jangi

ਖੱਬੇ: ਪਾਰੀ ਆਪਣੇ ਲੇਖਾਂ ਨੂੰ 15 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦੀ ਹੈ ਤਾਂ ਜੋ ਵਿਆਪਕ ਪਾਠਕਾਂ ਤੱਕ ਪਹੁੰਚ ਕੀਤੀ ਜਾ ਸਕੇ ਅਤੇ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕੀਤਾ ਜਾ ਸਕੇ। ਸੱਜੇ: ਅਸੀਂ ਇੱਕ ਦ੍ਰਿਸ਼ਟੀਕੇਂਦਰਿਤ ਮਾਧਿਅਮ ਹਾਂ ਅਤੇ ਅਸੀਂ ਪਾਰੀ ਵਿੱਚ 20,000 ਤੋਂ ਵੱਧ ਫ਼ੋਟੋਆਂ ਪ੍ਰਕਾਸ਼ਤ ਕੀਤੀਆਂ ਹਨ

ਵੈਸੇ, ਸਾਡੇ ਕੋਲ਼ ਮਾਲ਼ੀ ਮਦਦ ਦੇ ਜਿੰਨੇ ਵਸੀਲੇ ਸਨ, ਉਸ ਨਾਲ਼ ਇੰਨਾ ਕੁਝ ਕਰ ਸਕਣਾ ਸੰਭਵ ਨਹੀਂ ਸੀ,ਫਿਰ ਵੀ ਅਸੀਂ ਕਿਸੇ ਤਰ੍ਹਾਂ ਅੱਗੇ ਵਧਣ ਦੀ ਹਿੰਮਤ ਕਰਦੇ ਰਹੇ ਹਾਂ। ਆਪਣੇ ਕੰਮ ਵਿੱਚ ਭਰੋਸਾ ਰੱਖਦਿਆਂ ਅਤੇ ਇਹ ਯਕੀਨ ਬਣਾਉਂਦਿਆਂ ਅਸੀਂ ਅੱਗੇ ਵੱਧ ਰਹੇ ਹਾਂ ਕਿ ਹੋ ਸਕਦਾ ਹੈ ਸਾਡੇ ਕੰਮ ਦੀਆਂ ਲੋੜਾਂ ਅਖੀਰਲੇ ਮਿੰਟ ਹੀ ਪੂਰੀਆਂ ਹੋਣ ਜਾਂ ਨਾ ਵੀ ਹੋਣ। ਪਾਰੀ ਦਾ ਪਹਿਲੇ ਸਾਲ ਦਾ ਖਰਚ ਲਗਭਗ 12 ਲੱਖ ਰੁਪਏ ਸੀ। ਹੁਣ ਇਹ 3 ਕਰੋੜ ਦੇ ਨੇੜੇ ਆ ਗਿਆ ਹੈ। ਪਰ ਅਸੀਂ ਜੋ ਕਰ ਦਿਖਾਇਆ ਹੈ ਉਹ ਇਸ ਰਕਮ ਦਾ ਕਈ ਗੁਣਾ ਹੈ। ਦੇਸ਼ ਦੇ ਪੁਰਾਲੇਖ ਖੇਤਰ ਵਿੱਚ ਸਾਡੀਆਂ ਪ੍ਰਾਪਤੀਆਂ ਵਿਲੱਖਣ ਹਨ।

ਇਹ ਇੱਕ ਵੱਡੀ ਪ੍ਰਾਪਤੀ ਹੈ ਕਿ ਅਸੀਂ ਇਨ੍ਹਾਂ ਦਸ ਸਾਲਾਂ ਤੋਂ ਇਸ ਖੇਤਰ ਵਿੱਚ ਬਣੇ ਹੋਏ ਹਾਂ। ਪਰ ਇਸ ਦੇ ਨਾਲ਼ ਹੀ ਤੁਹਾਡਾ ਸਮਰਥਨ ਉਸ ਚੀਜ਼ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਜੋ ਅਸੀਂ ਇੱਕ ਦਹਾਕੇ ਵਿੱਚ ਉਸੇ ਰ਼ਫਤਾਰ ਨਾਲ਼ ਪ੍ਰਾਪਤ ਕੀਤੀ ਹੈ। ਇਸ ਸਬੰਧ ਵਿੱਚ, ਕੋਈ ਵੀ ਜੋ ਸਾਡੇ ਮਿਸ਼ਨ ਅਤੇ ਟੀਚਿਆਂ ਦੀ ਪਾਲਣਾ ਕਰਦਾ ਹੈ, ਸਾਡੇ ਨਾਲ਼ ਹੱਥ ਮਿਲਾ ਸਕਦਾ ਹੈ ਅਤੇ ਲਿਖਣ, ਫ਼ੋਟੋਗ੍ਰਾਫੀ ਜਾਂ ਪਾਰੀ ਲਈ ਸੰਗੀਤ ਰਿਕਾਰਡ ਕਰ ਸਕਦਾ ਹੈ।

ਸ਼ਾਇਦ ਅੱਜ ਤੋਂ 25 ਸਾਲ ਬਾਅਦ, ਜਾਂ ਅਗਲੇ 50 ਸਾਲਾਂ ਵਿੱਚ, ਜੇ ਤੁਸੀਂ ਜਾਣਨਾ ਚਾਹੋ ਕਿ ਆਮ ਭਾਰਤੀ ਕਿਵੇਂ ਰਹਿੰਦੇ ਸਨ, ਕਿਹੜੇ ਕੰਮ ਕਰਦੇ ਸਨ, ਕੀ ਕੁਝ ਸਿਰਜਦੇ ਸਨ, ਕੀ ਕੁਝ ਪੈਦਾ ਕਰਦੇ ਸਨ, ਕੀ ਖਾਂਦੇ ਸਨ, ਗਾਉਂਦੇ ਸਨ, ਨੱਚਦੇ ਸਨ ਅਤੇ ਹੋਰ ਜੋ ਕੁਝ ਵੀ ਕਰਦੇ ਸਨ, ਨਿਸ਼ਚਤ ਤੌਰ 'ਤੇ ਪਾਰੀ ਹੀ ਇੱਕੋ ਇੱਕ ਜਗ੍ਹਾ ਹੋਵੇਗੀ ਜੋ ਤੁਹਾਡੀ ਉਸ ਵੇਲ਼ੇ ਵੀ ਮਦਦ ਕਰੇਗੀ। 2021 ਵਿੱਚ, ਯੂਐੱਸ ਲਾਈਬ੍ਰੇਰੀ ਆਫ਼ ਕਾਂਗਰਸ ਨੇ ਪਾਰੀ ਨੂੰ ਇੱਕ ਮਹੱਤਵਪੂਰਣ ਸਰੋਤ ਵਜੋਂ ਪਛਾਣਿਆ ਅਤੇ ਸਾਡੀ ਵੈੱਬਸਾਈਟ ਨੂੰ ਆਰਕਾਈਵ ਕਰਨ ਦੀ ਆਗਿਆ ਮੰਗੀ। ਅਸੀਂ ਖੁਸ਼ੀ ਨਾਲ਼ ਸਹਿਮਤ ਹੋ ਗਏ।

ਪਾਰੀ ਇੱਕ ਮਲਟੀਮੀਡੀਆ ਡਿਜੀਟਲ ਪਲੇਟਫਾਰਮ ਹੈ ਜੋ ਬਿਨਾਂ ਕਿਸੇ ਫੀਸ ਦੇ ਜਨਤਾ ਲਈ ਖੁੱਲ੍ਹਾ ਹੈ। ਇਹ ਇੱਕ ਰਾਸ਼ਟਰੀ ਸਰੋਤ ਹੈ ਜੋ ਸਾਡੇ ਸਮੇਂ ਦੀ ਹਰ ਕਿਰਿਆ/ਪ੍ਰਕਿਰਿਆ ਨੂੰ ਕੈਪਚਰ ਅਤੇ ਰਿਕਾਰਡ ਕਰਦਾ ਹੈ। ਇਸ ਨੂੰ ਇੱਕ ਰਾਸ਼ਟਰੀ ਖਜ਼ਾਨਾ ਬਣਾਉਣ ਵਿੱਚ ਸਾਡੀ ਮਦਦ ਕਰੋ।

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur