"ਪੀੜ੍ਹੀਆਂ ਤੋਂ ਅਸੀਂ ਸਿਰਫ਼ ਦੋ ਹੀ ਕੰਮ ਕਰਦੇ ਆਏ ਹਾਂ- ਕਿਸ਼ਤੀ ਚਲਾਉਣਾ ਅਤੇ ਮੱਛੀ ਫੜ੍ਹਨਾ। ਬੇਰੁਜ਼ਗਾਰੀ ਦੀ ਮੌਜੂਦਾ ਹਾਲਤ ਦੇਖਦਿਆਂ ਮੈਨੂੰ ਤਾਂ ਇਓਂ ਜਾਪਣ ਲੱਗ ਪਿਆ ਏ ਕਿ ਮੇਰੇ ਬੱਚਿਆਂ ਨੂੰ ਵੀ  ਇਹੀ  ਕੰਮ ਕਰਨਾ ਪੈਣਾ," ਵਿਕਰਮਾਦਿੱਤਿਆ ਨਿਸ਼ਾਦ ਕਹਿੰਦੇ ਹਨ। ਉਹ ਪਿਛਲੇ 20 ਸਾਲਾਂ ਤੋਂ ਵਾਰਾਣਸੀ ਦੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਗੰਗਾ ਦੇ ਇੱਕ ਘਾਟ ਤੋਂ ਦੂਜੇ ਘਾਟ ਘੁਮਾਉਂਦੇ ਰਹੇ ਹਨ।

ਭਾਰਤ ਰੁਜ਼ਗਾਰ ਰਿਪੋਰਟ 2024 ਦੇ ਅਨੁਸਾਰ, ਉੱਤਰ ਪ੍ਰਦੇਸ਼ ਵਿੱਚ, ਜਿੱਥੇ ਗੰਗਾ 1,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਦੇ ਹੋਏ ਲੰਘਦੀ ਹੈ, ਬੇਰੁਜ਼ਗਾਰੀ ਦਰ ਪਿਛਲੇ ਪੰਜ ਸਾਲਾਂ ਤੋਂ ਲਗਭਗ 50 ਪ੍ਰਤੀਸ਼ਤ 'ਤੇ ਬਣੀ ਹੋਈ ਹੈ।

''ਮੋਦੀ ਜੀ 'ਵੋਕਲ ਫ਼ਾਰ ਲੋਕਲ' ਅਤੇ 'ਵਿਰਾਸਤ ਹੀ ਵਿਕਾਸ' ਦੀ ਗੱਲ ਕਰਦੇ ਰਹੇ ਹਨ। ਕਿਰਪਾ ਕਰਕੇ ਮੈਨੂੰ ਦੱਸੋ ਕਿ ਉਹ ਵਿਰਾਸਤ ਅਖ਼ੀਰ ਹੈ ਕਿਸ ਲਈ? ਕੀ ਇਹ ਸਾਡੇ ਲਈ, ਕਾਸ਼ੀ (ਵਾਰਾਣਸੀ) ਦੇ ਲੋਕਾਂ ਲਈ ਹੈ ਜਾਂ ਬਾਹਰੀ ਲੋਕਾਂ ਲਈ?" ਉਹ ਆਪਣੀ ਗੱਲ ਜੋੜਦੇ ਹਨ। ਮਲਾਹ ਵਿਕਰਮਾਦਿੱਤਿਆ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਤੀਜੀ ਵਾਰ ਸਾਂਸਦ ਚੁਣੇ ਗਏ ਹਨ ਅਤੇ ਉਨ੍ਹਾਂ ਦੀ ਚੋਣ-ਪ੍ਰਚਾਰ ਮੁਹਿੰਮ ਨੇ ਮਨ ਖੱਟਾ ਕਰ ਦਿੱਤਾ ਹੈ। ''ਸਾਨੂੰ ਵਿਕਾਸ ਦਿੱਸਣਾ ਵੀ ਤਾਂ ਚਾਹੀਦਾ ਏ।''

ਦੇਖੋ: ਵਾਰਾਣਸੀ ਦੇ ਮਲਾਹ

'ਕਿਰਪਾ ਕਰਕੇ ਮੈਨੂੰ ਦੱਸੋ ਕਿ ਉਹ ਵਿਰਾਸਤ ਅਖ਼ੀਰ ਹੈ ਕਿਸ ਲਈ? ਕੀ ਇਹ ਸਾਡੇ ਲਈ, ਕਾਸ਼ੀ (ਵਾਰਾਣਸੀ) ਦੇ ਲੋਕਾਂ ਲਈ ਹੈ ਜਾਂ ਬਾਹਰੀ ਲੋਕਾਂ ਲਈ?' ਮਲਾਹ ਵਿਕਰਮਾਦਿੱਤਿਆ ਨਿਸ਼ਾਦ ਕਹਿੰਦੇ ਹਨ

ਨਿਸ਼ਾਦ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਜਨਵਰੀ 2023 'ਚ ਸ਼ੁਰੂ ਕੀਤੇ ਗਏ ਰਿਵਰ ਕਰੂਜ਼ ਜਹਾਜ਼ਾਂ ਨੇ ਉਨ੍ਹਾਂ ਵਰਗੇ ਨਾਵਕਾਂ (ਮਲਾਹਾਂ) ਦੇ ਢਿੱਡ 'ਤੇ ਲੱਤ ਮਾਰੀ ਹੈ। ਉਹ ਕਹਿੰਦੇ ਹਨ,"ਵਿਕਾਸ ਦੇ ਨਾਮ 'ਤੇ, ਉਹ (ਮੋਦੀ) ਸਥਾਨਕ ਲੋਕਾਂ ਦੇ ਵਿਕਾਸ ਅਤੇ ਵਿਰਾਸਤ ਨੂੰ ਖੋਹ ਲੈਂਦੇ ਹਨ ਅਤੇ ਬਾਹਰੀ ਲੋਕਾਂ ਨੂੰ ਦੇ ਦਿੰਦੇ ਹਨ," ਉਹ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤਹਿਤ ਕੰਮ ਕਰਨ ਆਏ ਗੈਰ-ਸਥਾਨਕ ਲੋਕਾਂ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ। ਇਸ ਰਾਜ ਵਿੱਚ ਇੱਕ ਕਾਮਾ ਮਹੀਨੇ ਦਾ ਔਸਤਨ 10,000 ਰੁਪਏ ਤੋਂ ਥੋੜ੍ਹਾ ਹੀ ਵੱਧ ਕਮਾਉਂਦਾ ਹੈ, ਜੋ ਇਸ ਮਾਮਲੇ ਵਿੱਚ ਦੇਸ਼ ਦੇ ਜ਼ਿਆਦਾਤਰ ਰਾਜਾਂ ਨਾਲ਼ੋਂ ਕਾਫ਼ੀ ਘੱਟ ਹੈ।

ਇੱਕ ਹੋਰ ਸਮੱਸਿਆ ਇਹ ਹੈ ਕਿ ਨਦੀ ਦਾ ਪਾਣੀ, ਜਿਸ ਨੂੰ ਹਿੰਦੂਆਂ ਦੁਆਰਾ ਪਵਿੱਤਰ ਮੰਨਿਆ ਜਾਂਦਾ ਹੈ, ਪ੍ਰਦੂਸ਼ਿਤ ਹੈ, 40 ਸਾਲਾ ਮਲਾਹ ਦੁਖੀ ਮਨ ਨਾਲ਼ ਕਹਿੰਦੇ ਹਨ। "ਉਹ ਕਹਿੰਦੇ ਹਨ ਕਿ ਗੰਗਾ ਦਾ ਪਾਣੀ ਹੁਣ ਸਾਫ਼ ਹੋ ਗਿਆ ਹੈ। ਪਹਿਲਾਂ ਜੇ ਕੋਈ ਸਿੱਕਾ ਨਦੀ ਵਿੱਚ ਡਿੱਗ ਜਾਂਦਾ, ਤਾਂ ਅਸੀਂ ਉਹਨੂੰ ਬਾਹਰ ਕੱਢ ਲੈਂਦੇ, ਕਿਉਂਕਿ ਨਦੀ ਦਾ ਪਾਣੀ ਪਾਰਦਰਸ਼ੀ ਹੁੰਦਾ ਸੀ। ਹੁਣ ਜੇ ਕੋਈ ਇਨਸਾਨ ਵੀ ਡੁੱਬ ਜਾਵੇ ਤਾਂ ਉਹਨੂੰ ਲੱਭਣ ਵਿੱਚ ਕਈ-ਕਈ ਦਿਨ ਲੱਗ ਜਾਂਦੇ ਨੇ।"

PHOTO • Jigyasa Mishra
PHOTO • Jigyasa Mishra

ਖੱਬੇ: ਅਲਕਨੰਦਾ ਕਰੂਜ਼ ਜਹਾਜ਼, ਜਿਹਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ, ਕਿਨਾਰੇ 'ਤੇ ਖੜ੍ਹਾ ਹੈ। ਸੱਜੇ: ਹਿੰਦੂ ਸ਼ਰਧਾਲੂ ਨਦੀ ਦੀ ਪੂਜਾ ਕਰਦੇ ਹੋਏ

PHOTO • Jigyasa Mishra
PHOTO • Jigyasa Mishra

ਹਿੰਦੂ ਗੰਗਾ ਨੂੰ ਪਵਿੱਤਰਤਾ ਦਾ ਪ੍ਰਤੀਕ ਮੰਨਦੇ ਹਨ, ਪਰ ਬੀਤੇ ਕੁਝ ਸਾਲਾਂ ਵਿੱਚ ਗੰਗਾ ਦੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਅੱਸੀ ਘਾਟ ਨੇੜੇ ਗੰਗਾ (ਸੱਜੇ) ਵਿੱਚ ਡਿੱਗਦਾ ਸੀਵਰੇਜ

ਕੇਂਦਰ ਸਰਕਾਰ ਨੇ ਪ੍ਰਦੂਸ਼ਣ ਘਟਾਉਣ, ਗੰਗਾ ਨਦੀ ਦੀ ਸੰਭਾਲ਼ ਵਧਾਉਣ ਅਤੇ ਮੁੜ ਸੁਰਜੀਤ ਕਰਨ ਲਈ 20,000 ਕਰੋੜ ਰੁਪਏ ਦੇ ਬਜਟ ਖਰਚ ਨਾਲ਼ ਜੂਨ 2014 ਵਿੱਚ ਨਮਾਮੀ ਗੰਗੇ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਲਾਂਕਿ, 2017 ਦਾ ਇੱਕ ਖ਼ੋਜ ਪੱਤਰ ਕਹਿੰਦਾ ਹੈ ਕਿ ਰਿਸ਼ੀਕੇਸ਼ ਤੋਂ ਲੈ ਕੇ ਵਾਰਾਣਸੀ ਤੱਕ ਦੇ ਸੈਂਕੜੇ ਕਿਲੋਮੀਟਰ ਤੱਕ ਗੰਗਾ ਦੇ ਪਾਣੀ ਦਾ ਗੁਣਵੱਤਾ ਸੂਚਕ ਅੰਕ (ਡਬਲਯੂਕਿਯੂਆਈ) ਬਹੁਤ ਮਾੜਾ ਹੈ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਪ੍ਰਕਾਸ਼ਤ ਡਬਲਯੂਕਿਯੂਆਈ ਦੇ ਅੰਕੜੇ ਇਹਦੇ ਪੱਧਰ ਨੂੰ 'ਚਿੰਤਾਜਨਕ' ਕਹਿੰਦੇ ਹਨ।

ਆਪਣੀ ਬੇੜੀ ਲਈ ਸੈਲਾਨੀਆਂ ਦੀ ਉਡੀਕ ਕਰਦੇ ਨਿਸ਼ਾਦ, ਪਾਰੀ ਨੂੰ ਕਹਿੰਦੇ ਹਨ,''ਇਹ ਕਰੂਜ਼ ਜਹਾਜ਼ ਭਲਾ ਵਾਰਾਣਸੀ ਦੀ ਵਿਰਾਸਤ ਕਿਵੇਂ ਹੋ ਸਕਦਾ ਹੈ? ਸਾਡੀਆਂ ਬੇੜੀਆਂ ਹੀ ਵਿਰਾਸਤ ਦਾ ਅਸਲੀ ਚਿਹਰਾ ਹਨ, ਵਾਰਾਣਸੀ ਦੀ ਪਛਾਣ ਹਨ।" ਬੇਚੈਨ ਨਿਸ਼ਾਦ ਗੱਲ ਅੱਗੇ ਤੋਰਦਿਆਂ ਕਹਿੰਦੇ ਹਨ,''ਉਨ੍ਹਾਂ ਨੇ ਕਈ ਪ੍ਰਾਚੀਨ ਮੰਦਰਾਂ ਨੂੰ ਤੁੜਵਾ ਕੇ ਵਿਸ਼ਵਨਾਥ ਮੰਦਰ ਲਾਂਘਾ ਬਣਾਇਆ। ਇਸ ਤੋਂ ਪਹਿਲਾਂ ਜਦੋਂ ਤੀਰਥ ਯਾਤਰੀ ਵਾਰਾਣਸੀ ਆਉਂਦੇ ਸਨ ਤਾਂ ਉਹ ਕਹਿੰਦੇ ਸਨ ਕਿ 'ਬਾਬਾ ਵਿਸ਼ਵਨਾਥ' ਕੋਲ਼ ਜਾਣਾ ਹੈ। ਹੁਣ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ 'ਕੌਰੀਡੋਰ' ਜਾਣਾ ਹੈ।" ਵਾਰਾਣਸੀ ਦੇ ਨਿਵਾਸੀਆਂ ਸਿਰ ਥੋਪੀਆਂ ਗਈਆਂ ਸੱਭਿਆਚਾਰਕ ਤਬਦੀਲੀਆਂ ਤੋਂ ਉਹ ਸਪੱਸ਼ਟ ਤੌਰ 'ਤੇ ਨਾਖ਼ੁਸ਼ ਹਨ।

ਤਰਜਮਾ: ਕਮਲਜੀਤ ਕੌਰ

Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Editor : PARI Desk

PARI Desk is the nerve centre of our editorial work. The team works with reporters, researchers, photographers, filmmakers and translators located across the country. The Desk supports and manages the production and publication of text, video, audio and research reports published by PARI.

Other stories by PARI Desk
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur