ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੱਸ ਸਟੈਂਡ 'ਤੇ ਬਹੁਤ ਹਲਚਲ ਹੈ। ਬੱਸਾਂ ਦੇ ਉੱਚੇ ਹਾਰਨ ਅਤੇ ਉਨ੍ਹਾਂ ਦੀ ਆਵਾਜਾਈ ਬਾਰੇ ਵੱਜਦੇ ਸਪੀਕਰਾਂ ਦੇ ਨਾਲ਼-ਨਾਲ਼ ਭੋਜਨ ਅਤੇ ਬੋਤਲਬੰਦ ਪਾਣੀ ਵੇਚਣ ਵਾਲ਼ੇ ਵਿਕਰੇਤਾਵਾਂ ਦੇ ਸ਼ੋਰ ਦੇ ਵਿਚਕਾਰ, ਅਨਿਲ ਠੋਂਬਰੇ ਕਹਿੰਦੇ ਹਨ, "ਮੈਨੂੰ ਇਨ੍ਹਾਂ ਓਟੀਪੀ ਨੰਬਰਾਂ ਤੋਂ ਬਹੁਤ ਡਰ ਲੱਗਦਾ ਹੈ। ਸਹਾ ਅਕੜੇ ਆਣੀ ਪਇਸਾ ਗਾਇਬ (6 ਅੰਕਾਂ ਦਾ ਮੈਸੇਜ ਤੇ ਪੈਸੇ ਗਾਇਬ)। ਕਿਸੇ ਨੇ ਉਨ੍ਹਾਂ ਤੋਂ ਓਟੀਪੀ (ਵਨ ਟਾਈਮ ਪਾਸਵਰਡ) ਨੰਬਰ ਮੰਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਤੋਂ ਮਦਦ ਮੰਗੀ।
ਉਨ੍ਹਾਂ ਨੇ ਇਸ ਸਾਲ ਦੇ ਕੇਂਦਰੀ ਬਜਟ (ਜਿਸ ਨੂੰ ਉਨ੍ਹਾਂ ਨੇ 'ਅਰਥ ਸੰਕਲਪ' ਕਿਹਾ ਸੀ) ਬਾਰੇ ਸੁਣਿਆ ਹੈ। 31 ਜਨਵਰੀ ਨੂੰ ਰੇਡੀਓ 'ਤੇ ਇਸ ਬਾਰੇ ਕੁਝ ਖ਼ਬਰਾਂ ਆਈਆਂ ਸਨ। ਸਰਕਾਰ ਨੇ ਇਸ ਵਿੱਚ ਸਾਰੇ ਵਿਭਾਗਾਂ ਲਈ ਕੁਝ ਪ੍ਰਬੰਧਾਂ ਦਾ ਐਲਾਨ ਕੀਤਾ ਹੈ। ਮੈਂ ਇਸ ਬਾਰੇ ਜਾਣਦਾ ਹਾਂ। ਜੇ ਹਰ ਪੱਖ ਨਹੀਂ, ਤਾਂ ਘੱਟੋ ਘੱਟ ਰੁਪਾਯਤ ਦਹਾ ਪਇਸੇ [ਇੱਕ ਰੁਪਏ ਮਗਰ ਦਸ ਪੈਸੇ]!"
ਆਪਣੀ ਲਾਲ ਅਤੇ ਚਿੱਟੇ ਰੰਗ ਦੀ ਸੋਟੀ ਫੜ੍ਹੀ, ਉਨ੍ਹਾਂ ਨੇ ਮੈਨੂੰ ਕੰਟੀਨ ਦਾ ਰਸਤਾ ਦਿਖਾਇਆ ਤਾਂ ਜੋ ਅਸੀਂ ਕਿਸੇ ਸ਼ਾਂਤ ਜਗ੍ਹਾ 'ਤੇ ਬੈਠ ਕੇ ਗੱਲਾਂ ਕਰ ਸਕੀਏ। ਠੋਂਬਰੇ ਦ੍ਰਿਸ਼ਟੀ ਅਪੰਗਤਾ (ਦੇਖ ਨਹੀਂ ਸਕਦੇ) ਤੋਂ ਪੀੜਤ ਹੈ। ਪਲੇਟਫਾਰਮ ਤੋਂ ਲੈ ਕੇ ਲੋਕਾਂ ਦੀ ਭੀੜ, ਕੰਟੀਨ ਕਾਊਂਟਰ ਅਤੇ ਪੌੜੀਆਂ ਤੱਕ, ਉਨ੍ਹਾਂ ਨੂੰ ਇਸ ਸਭ ਦਾ ਸਹੀ ਅੰਦਾਜ਼ਾ ਹੈ। "ਮੈਂ ਸਿਰਫ਼ ਇੱਕ ਮਹੀਨੇ ਦਾ ਰਿਹਾ ਹੋਊਂਗਾ ਜਦੋਂ ਮੈਨੂੰ ਚੇਚਕ ਹੋ ਗਈ ਅਤੇ ਮੇਰੀ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ। ਮੈਨੂੰ ਇਹੀ ਦੱਸਿਆ ਗਿਆ ਸੀ।''
![](/media/images/02-1738822924160-MK-Mai-baap_sarkar_forget.max-1400x1120.jpg)
ਬਰੂਲ ਪਿੰਡ ਦੇ ਵਸਨੀਕ ਅਨਿਲ ਠੋਂਬਰੇ ਇੱਕ ਸੰਗੀਤਕਾਰ ਹਨ ਜੋ ਮੰਨਦੇ ਹਨ ਕਿ ਅਪੰਗਤਾ ਨਾਲ਼ ਜੂਝ ਰਹੇ ਲੋਕਾਂ ਵੱਲ ਬਜਟ ਵਿੱਚ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਸੀ
ਅਨਿਲ ਠੋਂਬਰੇ, ਬਾਰੂਲ ਪਿੰਡ ਦੇ ਨਿਵਾਸੀ ਹਨ, ਜੋ ਤੁਲਜਾਪੁਰ ਸ਼ਹਿਰ ਤੋਂ ਕੋਈ 20 ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਹੈ ਜਿਹਦੀ ਆਬਾਦੀ ਲਗਭਗ 2,500 ਹੈ। ਉਹ ਭਜਨੀ ਮੰਡਲੀ ਲਈ ਤਬਲਾ, ਪਖਵਾਜ ਵਜਾਉਂਦਾ ਹੈ ਜੋ ਭਗਤੀ ਦੇ ਗੀਤ ਗਾਉਂਦੇ ਹਨ। ਪ੍ਰਬੰਧਕਾਂ ਤੋਂ ਮਿਲ਼ਣ ਵਾਲ਼ੀ ਤਨਖਾਹ ਤੋਂ ਇਲਾਵਾ, ਉਨ੍ਹਾਂ ਨੂੰ ਅਪੰਗਤਾ ਪੈਨਸ਼ਨ ਦੇ ਰੂਪ ਵਿੱਚ 1,000 ਰੁਪਏ ਪ੍ਰਤੀ ਮਹੀਨਾ ਮਿਲ਼ਦੇ ਹਨ, ਜਿਨ੍ਹਾਂ ਬਾਰੇ ਉਹ ਕਹਿੰਦੇ ਹਨ,"ਕਦੇ ਵੀ ਸਮੇਂ ਸਿਰ ਨਹੀਂ ਆਉਂਦੇ।'' ਹਾਲ ਹੀ 'ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਅਲਾਟ ਕੀਤਾ ਗਿਆ ਹੈ ਅਤੇ ਇਸ 'ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। "ਹਾਲਾਂਕਿ, ਇਸ ਦੇ ਲਈ ਵੀ, ਮੈਨੂੰ ਆਪਣੇ ਬੈਂਕ ਖਾਤੇ ਰਾਹੀਂ ਪਹਿਲੀ ਕਿਸ਼ਤ ਮਿਲ਼ਣ ਦਾ ਇੰਤਜ਼ਾਰ ਕਰਨਾ ਪਵੇਗਾ ਅਤੇ ਇਸ ਲਈ ਮੈਨੂੰ ਕੇਵਾਈਸੀ ਕਰਵਾਉਣਾ ਪਵੇਗਾ," 55 ਸਾਲਾ ਅਨਿਲ ਕਹਿੰਦੇ ਹਨ।
ਅੱਜ, ਉਹ ਤੁਲਜਾਪੁਰ ਵਿਖੇ ਇੱਕ ਲਾਂਡਰੀ ਤੋਂ ਆਪਣੇ ਧੁਪੇ ਹੋਏ ਕੱਪੜੇ ਲੈਣ ਆਏ ਹਨ। ਇਹ ਦੁਕਾਨ ਉਨ੍ਹਾਂ ਦੇ ਇੱਕ ਦੋਸਤ ਦੀ ਹੈ ਜੋ ਬਰੂਲ ਵਿਖੇ ਰਹਿੰਦੇ ਹਨ। ਉਹ ਖੁੱਲ੍ਹ ਕੇ ਹੱਸਦੇ ਹੋਏ ਕਹਿੰਦੇ ਹਨ, "ਮੈਂ ਵਿਆਹਿਆ ਨਹੀਂ ਹਾਂ ਅਤੇ ਆਪਣਾ ਸਾਰਾ ਕੰਮ ਖੁਦ ਕਰਦਾ ਹਾਂ। ਮੈਂ ਖਾਣਾ ਪਕਾਉਂਦਾ ਹਾਂ ਅਤੇ ਟੂਟੀ ਤੋਂ ਪਾਣੀ ਭਰਦਾ ਹਾਂ। ਬੱਸ ਸਮਝੋ ਕਿ ਮੈਂ ਕੱਪੜੇ ਧੋਣ ਤੋਂ ਤੰਗ ਆ ਗਿਆ ਹਾਂ!"
ਠੋਂਬਰੇ ਦੇ ਸ਼ਬਦਾਂ ਵਿੱਚ, "ਸਰਕਾਰ ਨੂੰ ਸਾਰਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਰ ਜੇ ਤੁਸੀਂ ਮੈਨੂੰ ਪੁੱਛੋਗੇ, ਤਾਂ ਮੈਂ ਕਹਾਂਗਾ ਕਿ ਬਜਟ ਵਿੱਚ ਮੇਰੇ ਵਰਗੇ ਲੋਕਾਂ ਵੱਲ ਥੋੜ੍ਹਾ ਹੋਰ ਧਿਆਨ ਦੇਣਾ ਚਾਹੀਦਾ ਹੈ ਜੋ ਅਪੰਗਤਾਵਾਂ ਨਾਲ਼ ਜੂਝ ਰਹੇ ਹਨ।''
ਠੋਂਬਰੇ ਨੂੰ ਨਹੀਂ ਪਤਾ ਕਿ 2025 ਦੇ ਬਜਟ ਭਾਸ਼ਣ ਵਿੱਚ ਅਪੰਗਤਾ, ਅਪਾਹਜ ਵਿਅਕਤੀਆਂ ਜਾਂ ਅਪੰਗਤਾਵਾਂ ਨਾਲ਼ ਜੂਝ ਰਹੇ ਲੋਕਾਂ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ।
ਤਰਜਮਾ: ਕਮਲਜੀਤ ਕੌਰ