ਇਸ ਸਮੇਂ ਕੁਨੋ ਚੀਤਿਆਂ ਨਾਲ਼ ਜੁੜੀ ਜਾਣਕਾਰੀ ਰਾਸ਼ਟਰੀ ਸੁਰੱਖਿਆ ਨਾਲ਼ ਜੁੜੀ ਹੋਈ ਹੈ। ਇਸ ਜਾਣਕਾਰੀ ਦੇ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਭਾਰਤ ਨਾਲ਼ ਵਿਦੇਸ਼ੀ ਸਬੰਧਾਂ 'ਤੇ ਮਾੜਾ ਅਸਰ ਪਾ ਸਕਦੀ ਹੈ।

ਜਾਂ ਕਹਿ ਲਵੋ ਕਿ ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਸਰਕਾਰ ਨੇ ਜੁਲਾਈ 2024 ਵਿੱਚ ਸੂਚਨਾ ਦੇ ਅਧਿਕਾਰ (ਆਰਟੀਆਈ) ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਚੀਤੇ ਦੇ ਪ੍ਰਬੰਧਨ ਬਾਰੇ ਵੇਰਵੇ ਮੰਗੇ ਗਏ ਸਨ। ਆਰਟੀਆਈ ਅਰਜ਼ੀ ਦਾਇਰ ਕਰਨ ਵਾਲ਼ੇ ਭੋਪਾਲ ਦੇ ਕਾਰਕੁਨ ਅਜੇ ਦੂਬੇ ਨੇ ਕਿਹਾ, "ਸ਼ੇਰਾਂ ਬਾਰੇ ਸਾਰੀ ਜਾਣਕਾਰੀ ਪਾਰਦਰਸ਼ੀ ਹੈ, ਫਿਰ ਚੀਤਿਆਂ ਬਾਰੇ ਇੰਝ ਕਿਉਂ ਨਹੀਂ? ਜੰਗਲੀ ਜੀਵ ਪ੍ਰਬੰਧਨ ਦੇ ਮਾਮਲੇ ਵਿੱਚ ਪਾਰਦਰਸ਼ਤਾ ਇਸ ਦਾ ਮੁੱਖ ਮਾਪਦੰਡ ਹੈ।

ਕੁਨੋ ਪਾਰਕ (ਅਭਿਆਨ) ਦੇ ਨਾਲ਼ ਲੱਗਦੇ ਪਿੰਡ ਅਗਾਰਾ ਦੇ ਰਹਿਣ ਵਾਲ਼ੇ ਰਾਮਗੋਪਾਲ ਨੂੰ ਅਜੇ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਨਾਲ਼ ਸਾਡੀ ਰਾਸ਼ਟਰੀ ਸੁਰੱਖਿਆ ਅਤੇ ਕੂਟਨੀਤਕ ਸਬੰਧਾਂ ਨੂੰ ਭਲ਼ਾ ਕੀ ਖਤਰਾ ਹੋ ਸਕਦਾ ਸੀ। ਇਹ ਅਜਿਹੀਆਂ ਗੱਲਾਂ ਹਨ ਜੋ ਉਨ੍ਹਾਂ ਨੂੰ ਚਿੰਤਤ ਕਰਦੀਆਂ ਰਹਿੰਦੀਆਂ ਹਨ।

ਹਾਲ ਹੀ ਵਿੱਚ ਉਨ੍ਹਾਂ ਟਰੈਕਟਰ ਰਾਹੀਂ ਖੇਤੀ ਕਰਨੀ ਸ਼ੁਰੂ ਕੀਤੀ ਹੈ। ਇਹ ਰਾਤੋ-ਰਾਤ ਨਹੀਂ ਹੋਇਆ ਕਿ ਅਚਾਨਕ ਉਨ੍ਹਾਂ ਕੋਲ਼ ਪੈਸਾ ਆਇਆ ਤੇ ਉਨ੍ਹਾਂ ਬਲ਼ਦ ਛੱਡ ਮਸ਼ੀਨਰੀ ਖਰੀਦ ਲਈ। ਉਹ ਤਾਂ ਅਜਿਹੀ ਅਮੀਰੀ ਤੋਂ ਕੋਹਾਂ ਦੂਰ ਹਨ।

''ਮੋਦੀ ਜੀ ਨੇ ਸਾਨੂੰ ਆਦੇਸ਼ ਦਿੱਤਾ ਹੈ ਕਿ ਅਸੀਂ ਆਪਣੇ ਬਲ਼ਦਾਂ ਨੂੰ ਖੁੱਲ੍ਹੇ ਨਾ ਛੱਡੀਏ। ਡੰਗਰਾਂ ਨੂੰ ਚਰਾਉਣ ਦੀ ਇੱਕੋ-ਇੱਕ ਥਾਂ ਵੀ ਕੁਨੋ ਹੀ ਹੈ ਪਰ ਜੇ ਅਸੀਂ ਉੱਥੇ ਬਲਦਾਂ ਨੂੰ ਚਰਾਉਣ ਗਏ ਤਾਂ ਜੰਗਲ ਰੇਂਜਰ ਸਾਨੂੰ ਫੜ੍ਹ ਲੈਣਗੇ ਜੇਲ੍ਹੀਂ ਡੱਕ ਦੇਣਗੇ। ਅਸੀਂ ਇਸ ਸਭ ਤੋਂ ਬਚਣ ਲਈ ਟਰੈਕਟਰ ਕਿਰਾਏ 'ਤੇ ਲੈਣਾ ਬਿਹਤਰ ਸਮਝਿਆ।

ਪਰ ਰਾਮਗੋਪਾਲ ਦਾ ਪਰਿਵਾਰ ਟਰੈਕਟਰ ਦਾ ਕਿਰਾਇਆ ਚੁੱਕਣ ਦੀ ਸਥਿਤੀ ਵਿੱਚ ਨਹੀਂ ਹੈ। ਉਨ੍ਹਾਂ ਦਾ ਪਰਿਵਾਰ ਗ਼ਰੀਬੀ ਰੇਖਾ ਤੋਂ ਹੇਠਾਂ ਹੈ। ਕੁਨੋ ਨੈਸ਼ਨਲ ਪਾਰਕ ਚੀਤਿਆਂ ਦਾ ਘਰ ਬਣ ਗਿਆ ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਖੁੱਸ ਗਈ ਅਤੇ ਗੰਭੀਰ ਘਾਟੇ ਝੱਲਣੇ ਪਏ।

PHOTO • Priti David
PHOTO • Priti David

ਕੁਨੋ ਨਦੀ ਇਸ ਖੇਤਰ ਦੇ ਲੋਕਾਂ ਲਈ ਪਾਣੀ ਦਾ ਮੁੱਖ ਸਰੋਤ ਸੀ। ਪਰ ਹੁਣ ਇਹ ਵੀ ਲੋਕਾਂ ਕੋਲ਼ੋਂ ਓਨੀ ਹੀ ਦੂਰ ਹੈ ਜਿੰਨਾ ਕਿ ਜੰਗਲ। ਸਹਾਰੀਆ ਆਦਿਵਾਸੀ ਲੋਕ ਜੰਗਲਾਤ ਉਪਜ ਇਕੱਤਰ ਕਰਨ ਲਈ ਬਫ਼ਰ ਜੰਗਲ ਜ਼ੋਨ ਵਿੱਚ ਦਾਖਲ ਹੋ ਰਹੇ ਹਨ

PHOTO • Priti David
PHOTO • Priti David

ਖੱਬੇ: ਸੰਥੂ ਅਤੇ ਰਾਮ ਗੋਪਾਲ, ਵਿਜੈਪੁਰਾ ਤਾਲੁਕ ਦੇ ਅਗਾਰਾ ਦੇ ਵਸਨੀਕ ਹਨ। ਪਹਿਲਾਂ , ਉਹ ਚਿਰਗੋਂਡ ਜੰਗਲ ਖੇਤਰ ਵਿੱਚ ਇਕੱਠੇ ਕੀਤੇ ਜੰਗਲੀ ਉਤਪਾਦਾਂ ਨਾਲ਼ ਗੁਜ਼ਾਰਾ ਕਰਦੇ ਸਨ , ਜੋ ਹੁਣ ਇੱਕ ਪਾਬੰਦੀਸ਼ੁਦਾ ਖੇਤਰ ਹੈ। ਸੱਜੇ: ਉਨ੍ਹਾਂ ਦੇ ਬੇਟੇ ਹੰਸਰਾਜ ਨੂੰ ਸਕੂਲ ਛੱਡ ਨੌਕਰੀ ਦੀ ਭਾਲ਼ ਕਰਨੀ ਪੈ ਰਹੀ ਹੈ

ਇਹ ਸੁਰੱਖਿਅਤ ਖੇਤਰ 2022 ਵਿੱਚ ਉਦੋਂ ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕਰ ਗਿਆ ਜਦੋਂ ਦੱਖਣੀ ਅਫਰੀਕਾ ਤੋਂ ਅਸੀਨੋਨਿਕਸ ਜੁਬਾਟਸ- ਅਫਰੀਕੀ ਚੀਤਿਆਂ ਨੂੰ ਲਿਆਂਦਾ ਗਿਆ ਸੀ ਤਾਂ ਜੋ ਨਰਿੰਦਰ ਮੋਦੀ ਦੇ ਅਕਸ਼ 'ਤੇ ਦੇਸ਼ ਦੇ ਅਲੋਕਾਰੀ ਪ੍ਰਧਾਨ ਮੰਤਰੀ ਦੀ ਮੋਹਰ ਲਗਾਈ ਜਾ ਸਕੇ ਤੇ ਭਾਰਤ ਨੂੰ ਸਾਰੀਆਂ ਵੱਡੀਆਂ ਬਿੱਲੀਆਂ ਦਾ ਘਰ ਕਿਹਾ ਜਾ ਸਕੇ। ਧਿਆਨ ਰਹੇ ਇਹ ਚੀਤੇ ਪ੍ਰਧਾਨ ਮੰਤਰੀ ਦੇ ਜਨਮਦਿਨ ਦੇ ਤੋਹਫੇ ਵਜੋਂ ਲਿਆਂਦੇ ਗਏ ਸਨ।

ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰੀ ਜੰਗਲੀ ਜੀਵ ਕਾਰਜ ਯੋਜਨਾ 2017-2031 ਵਿੱਚ ਗ੍ਰੇਟ ਇੰਡੀਅਨ ਬਸਟਰਡ, ਗੰਗਾ ਡੌਲਫਿਨ, ਤਿੱਬਤੀ ਹਿਰਨ ਅਤੇ ਹੋਰ ਸਥਾਨਕ ਤੇ ਅਤਿ-ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ ਦੀ ਸੰਭਾਲ਼ ਲਈ ਉਪਾਵਾਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਪਰ ਚੀਤਿਆਂ ਦੀ ਸੰਭਾਲ਼ ਦੇ ਟੀਚੇ ਦਾ ਕੋਈ ਜ਼ਿਕਰ ਤੱਕ ਨਹੀਂ ਹੈ। ਸਾਲ 2013 'ਚ ਸੁਪਰੀਮ ਕੋਰਟ ਨੇ ਵੀ ਚੀਤੇ ਲਿਆਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਇਸ ਨੇ ਇਸ ਮੁੱਦੇ 'ਤੇ ਇੱਕ 'ਵਿਸਥਾਰਤ ਵਿਗਿਆਨਕ ਅਧਿਐਨ' ਕਰਨ ਲਈ ਵੀ ਕਿਹਾ।

ਇਸ ਸਭ ਦੇ ਬਾਵਜੂਦ ਚੀਤਿਆਂ ਦੀ ਯਾਤਰਾ, ਮੁੜ ਵਸੇਬੇ ਅਤੇ ਪ੍ਰਚਾਰ 'ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਗਏ ਹਨ।

ਕੁਨੋ ਜੰਗਲ ਨੂੰ ਚੀਤਾ ਸਫਾਰੀ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਨਾਲ਼ ਬਹੁਤ ਸਾਰੇ ਆਦਿਵਾਸੀ ਭਾਈਚਾਰਿਆਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਗਈ ਹੈ। ਰਾਮ ਗੋਪਾਲ ਸਹਾਰੀਆ ਵਰਗੇ ਆਦਿਵਾਸੀ ਭਾਈਚਾਰਿਆਂ ਦੇ ਲੋਕ ਗ਼ੈਰ-ਲੱਕੜੀ ਜੰਗਲ ਉਤਪਾਦਾਂ (ਐੱਨਟੀਐੱਫ਼ਪੀ/ਅਜਿਹੇ ਉਤਪਾਦ ਜਿਨ੍ਹਾਂ ਲਈ ਰੁੱਖ ਦੀ ਕਟਾਈ ਜ਼ਰੂਰੀ ਨਹੀਂ) ਜਿਵੇਂ ਕਿ ਫਲ, ਜੜ੍ਹਾਂ, ਜੜ੍ਹੀ-ਬੂਟੀਆਂ, ਰਾਲ਼ ਅਤੇ ਬਾਲਣ ਦੀ ਲੱਕੜ ਲਈ ਇਸ ਜੰਗਲ 'ਤੇ ਨਿਰਭਰ ਕਰਦੇ ਸਨ। ਕੁਨੋ ਜੰਗਲ ਖੇਤਰ ਕਾਫ਼ੀ ਇਲਾਕੇ ਨੂੰ ਕਵਰ ਕਰਦਾ ਹੈ ਜੋ ਵਿਸ਼ਾਲ ਕੁਨੋ ਜੰਗਲੀ ਜੀਵ ਵਿਭਾਗ ਨਾਲ਼ ਸਬੰਧਤ ਹੈ। ਇਸ ਦਾ ਕੁੱਲ ਖੇਤਰਫਲ 1,235 ਵਰਗ ਕਿਲੋਮੀਟਰ ਹੈ।

"ਮੈਂ ਹਰ ਸਵੇਰ ਤੋਂ ਸ਼ਾਮ ਤੱਕ ਆਪਣੇ ਹਿੱਸੇ ਆਉਂਦੇ ਘੱਟੋ ਘੱਟ 50 ਰੁੱਖਾਂ ਹੇਠ 12-12 ਘੰਟੇ ਕੰਮ ਕਰਿਆ ਕਰਦਾ, ਚਾਰ ਦਿਨਾਂ ਬਾਅਦ ਮੁੜ੍ਹਦਾ ਅਤੇ ਰਾਲ਼ ਇਕੱਠੀ ਕਰਦਾ। ਮੈਂ ਆਪਣੇ ਇਕੱਲੇ ਚੀੜ ਦੇ ਰੁੱਖਾਂ ਤੋਂ ਮਹੀਨੇ ਵਿੱਚ 10,000 ਰੁਪਏ ਕਮਾ ਲੈਂਦਾ ਸੀ," ਰਾਮ ਗੋਪਾਲ ਕਹਿੰਦੇ ਹਨ। ਹੁਣ ਉਹ 1,200 ਚੀੜ ਗੂੰਦ ਦੇ ਰੁੱਖ ਸਥਾਨਕ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਇਸ ਥਾਂ ਨੂੰ ਚੀਤਾ ਪਾਰਕ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਹ ਸਾਰੇ ਰੁੱਖ ਬਫਰ ਜ਼ੋਨ ਦੇ ਅੰਦਰ ਰਹਿ ਗਏ ਹਨ।

ਰਾਮ ਗੋਪਾਲ ਅਤੇ ਸੰਤੂ, ਦੋਵੇਂ ਆਪਣੀ ਉਮਰ ਦੇ ਤੀਹਵੇਂ ਵਿੱਚ ਹਨ, ਕੁਨੋ ਨੈਸ਼ਨਲ ਪਾਰਕ ਦੇ ਕਿਨਾਰੇ ਕੁਝ ਬੀਘੇ ਬਾਰਸ਼ ਆਧਾਰਿਤ ਜ਼ਮੀਨ ਦੇ ਮਾਲਕ ਹਨ। "ਉੱਥੇ ਅਸੀਂ ਆਪਣੀ ਘਰੇਲੂ ਵਰਤੋਂ ਲਈ ਬਾਜਰਾ (ਅਨਾਜ) ਅਤੇ ਵਿਕਰੀ ਲਈ ਕੁਝ ਤਿਲ (ਤਿਲ) ਉਗਾਉਂਦੇ ਹਾਂ," ਰਾਮ ਗੋਪਾਲ ਕਹਿੰਦੇ ਹਨ। ਹੁਣ ਹਾਲ ਇਹ ਹੈ ਕਿ ਉਨ੍ਹਾਂ ਨੂੰ ਬਿਜਾਈ ਦੇ ਸਮੇਂ ਟਰੈਕਟਰ ਕਿਰਾਏ 'ਤੇ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

PHOTO • Priti David
PHOTO • Priti David

ਖੱਬੇ: ਰਾਮ ਗੋਪਾਲ ਦਿਖਾਉਂਦੇ ਹਨ ਕਿ ਰਾਲ਼ ਨੂੰ ਹਟਾਉਣ ਲਈ ਚੀੜ ਦੇ ਰੁੱਖ ਨੂੰ ਕਿਵੇਂ ਕੱਟਣਾ ਹੈ। ਸੱਜੇ: ਕੁਨੋ ਜੰਗਲ ਦੇ ਨਾਲ਼ ਲੱਗਦੀ ਝੀਲ ਦੇ ਕੰਢੇ ਖੜ੍ਹਾ ਇੱਕ ਜੋੜਾ। ਉਨ੍ਹਾਂ ਦੇ ਰੁੱਖ ਜੋ ਉੱਥੇ ਸਨ ਉਹ ਹੁਣ ਉਨ੍ਹਾਂ ਤੋਂ ਬਹੁਤ ਦੂਰ ਹੋ ਗਏ ਹਨ

PHOTO • Priti David
PHOTO • Priti David

ਰਾਮ ਗੋਪਾਲ ਅਤੇ ਸੰਤੂ ਕੋਲ਼ ਕੁਨੋ ਨੈਸ਼ਨਲ ਪਾਰਕ ਦੇ ਕਿਨਾਰੇ ਕੁਝ ਬੀਘਾ ਬਾਰਸ਼-ਆਧਾਰਤ ਜ਼ਮੀਨ ਹੈ , ਜਿੱਥੇ ਉਹ ਜ਼ਿਆਦਾਤਰ ਘਰੇਲੂ ਅਨਾਜ ਉਗਾਉਂਦੇ ਹਨ। ਸੱਜਾ: ਜੰਗਲਾਤ ਉਤਪਾਦਾਂ ਦੀ ਘਾਟ ਕਾਰਨ ਆਗਾਰਾ ਵਪਾਰੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ

"ਇਸ ਜੰਗਲ ਤੋਂ ਇਲਾਵਾ, ਸਾਡੇ ਕੋਲ਼ ਆਪਣਾ ਕੁਝ ਵੀ ਨਹੀਂ ਹੈ। ਖੇਤੀ ਕਰਨ ਲਈ ਲੋੜੀਂਦਾ ਪਾਣੀ ਨਹੀਂ ਹੈ। ਹੁਣ ਜਦੋਂ ਜੰਗਲ ਵਿੱਚ ਦਾਖਲ ਹੋਣ 'ਤੇ ਪਾਬੰਦੀ ਹੈ, ਤਾਂ ਸਾਡੇ ਲਈ ਬਾਹਰ ਨਿਕਲਣ ਦਾ ਇੱਕੋ ਇੱਕ ਰਸਤਾ ਹੈ [ਕੰਮ ਦੀ ਭਾਲ਼ ਵਿੱਚ] ਪਰਵਾਸ ਕਰਨਾ," ਉਹ ਕਹਿੰਦੇ ਹਨ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਨੇ ਤੇਂਦੂ ਪੱਤਿਆਂ ਦੀ ਆਮ ਖਰੀਦ ਵੀ ਘਟਾ ਦਿੱਤੀ ਹੈ, ਜੋ ਇਨ੍ਹਾਂ ਲੋਕਾਂ ਲਈ ਇਕ ਹੋਰ ਵੱਡਾ ਝਟਕਾ ਹੈ। ਇਸ ਪੱਤੇ ਦੀ ਖਰੀਦ ਅੱਜ ਪੂਰੇ ਰਾਜ ਦੇ ਆਦਿਵਾਸੀ ਭਾਈਚਾਰਿਆਂ ਲਈ ਆਮਦਨ ਦਾ ਇੱਕ ਪੱਕਾ ਸਰੋਤ ਸੀ। ਹੁਣ ਖਰੀਦਦਾਰੀ 'ਚ ਗਿਰਾਵਟ ਦੇ ਨਾਲ਼ ਰਾਮ ਗੋਪਾਲ ਦੀ ਆਮਦਨ 'ਚ ਵੀ ਕਮੀ ਆਈ ਹੈ।

ਮੱਧ ਪ੍ਰਦੇਸ਼ ਰਾਜ ਦੇ ਐੱਨਟੀਐੱਫਪੀ ਉਤਪਾਦ ਹੀ ਜੰਗਲਾਂ ਵਿੱਚ ਅਤੇ ਆਲ਼ੇ-ਦੁਆਲ਼ੇ ਰਹਿਣ ਵਾਲ਼ੇ ਲੋਕਾਂ ਦੀ ਜੀਵਨ ਰੇਖਾ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਚੀੜ ਗੂੰਦ ਦਾ ਰੁੱਖ ਹੈ। ਚੈਤ, ਵਿਸਾਖ, ਜੈਤ ਅਤੇ ਅਸਦ ਭਾਵ ਗਰਮੀਆਂ ਦੇ ਮਹੀਨਿਆਂ ਦੌਰਾਨ ਰੁੱਖ ਤੋਂ ਰਾਲ਼ ਲਾਹ ਲਈ ਜਾਂਦੀ ਹੈ। ਕੇਐਨੱਪੀ ਅਤੇ ਇਸ ਦੇ ਆਲ਼ੇ-ਦੁਆਲ਼ੇ ਰਹਿਣ ਵਾਲ਼ੇ ਜ਼ਿਆਦਾਤਰ ਲੋਕ ਸਹਾਰੀਆ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹਨ। ਉਨ੍ਹਾਂ ਦੀ ਪਛਾਣ ਰਾਜ ਵਿੱਚ ਇੱਕ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਕੀਤੀ ਗਈ ਹੈ। 2022 ਦੀ ਰਿਪੋਰਟ ਕਹਿੰਦੀ ਹੈ ਕਿ ਭਾਈਚਾਰੇ ਦੀ 98 ਪ੍ਰਤੀਸ਼ਤ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਜੰਗਲ 'ਤੇ ਨਿਰਭਰ ਕਰਦੀ ਹੈ।

ਅਗਾਰਾ ਪਿੰਡ ਜੰਗਲ ਉਤਪਾਦਾਂ ਦੇ ਕਾਰੋਬਾਰ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਇੱਥੇ, ਰਾਜੂ ਤਿਵਾੜੀ ਵਰਗੇ ਵਪਾਰੀ ਸਥਾਨਕ ਲੋਕਾਂ ਦੁਆਰਾ ਲਿਆਂਦੀ ਜੰਗਲੀ ਉਪਜ ਖਰੀਦਦੇ ਹਨ। ਤਿਵਾੜੀ ਦਾ ਕਹਿਣਾ ਹੈ ਕਿ ਜੰਗਲ ਵਿੱਚ ਦਾਖਲ ਹੋਣ 'ਤੇ ਪਾਬੰਦੀ ਲੱਗਣ ਤੋਂ ਪਹਿਲਾਂ ਸੈਂਕੜੇ ਕਿਲੋਗ੍ਰਾਮ ਰਾਲ਼, ਜੜ੍ਹਾਂ ਅਤੇ ਜੜ੍ਹੀ-ਬੂਟੀਆਂ ਬਾਜ਼ਾਰ ਵਿੱਚ ਆਉਂਦੀਆਂ ਸਨ।

"ਆਦਿਵਾਸੀ ਜੰਗਲ ਨਾਲ਼ ਜੁੜੇ ਹੋਏ ਸਨ ਅਤੇ ਅਸੀਂ ਆਦਿਵਾਸੀਆਂ ਨਾਲ਼ ਜੁੜੇ ਰਹੇ," ਉਹ ਕਹਿੰਦੇ ਹਨ। "ਜੰਗਲ ਨਾਲ਼ ਉਨ੍ਹਾਂ ਦੇ ਸੰਪਰਕ ਟੁੱਟਣ ਦਾ ਨਤੀਜਾ ਅਸੀਂ ਸਾਰੇ ਹੀ ਭੋਗ ਰਹੇ ਹਾਂ।''

ਵੀਡਿਓ ਦੇਖੋ: ਪਹਿਲਾਂ ਕੁਨੋ ਤੋਂ ਕੱਢੇ ਗਏ ਹੁਣ ਜੰਗਲ ਵੀ ਖੋਹ ਲਿਆ

ਮੱਧ ਪ੍ਰਦੇਸ਼ ਰਾਜ ਦੇ ਐੱਨਟੀਐੱਫਪੀ ਉਤਪਾਦ ਹੀ ਜੰਗਲਾਂ ਵਿੱਚ ਅਤੇ ਆਲ਼ੇ-ਦੁਆਲ਼ੇ ਰਹਿਣ ਵਾਲ਼ੇ ਲੋਕਾਂ ਦੀ ਜੀਵਨ ਰੇਖਾ ਹਨ

*****

ਜਨਵਰੀ ਦੀ ਠੰਡੀ ਸਵੇਰ ਨੂੰ ਰਾਮ ਗੋਪਾਲ ਹੱਥ ਵਿੱਚ ਰੱਸੀ ਅਤੇ ਦਾਤਰ ਲੈ ਕੇ ਘਰੋਂ ਨਿਕਲ਼ੇ। ਅਗਾਰਾ ਵਿਖੇ ਉਨ੍ਹਾਂ ਦੇ ਘਰ ਤੋਂ ਕੁਨੋ ਨੈਸ਼ਨਲ ਪਾਰਕ ਦੀਆਂ ਪਥਰੀਲੀਆਂ ਕੰਧਾਂ ਦੀਆਂ ਹੱਦਾਂ ਤਿੰਨ ਕਿਲੋਮੀਟਰ ਹੀ ਦੂਰ ਹਨ। ਉਹ ਇੱਥੇ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਅੱਜ ਪਤੀ-ਪਤਨੀ ਲੱਕੜਾਂ ਲੈਣ ਜਾ ਰਹੇ ਹਨ ਤੇ ਰੱਸੀ ਨਾਲ਼ ਲੱਕੜਾਂ ਬੰਨ੍ਹੀਆਂ ਜਾਣੀਆਂ ਹਨ।

ਉਨ੍ਹਾਂ ਦੀ ਪਤਨੀ ਸੰਤੂ ਚਿੰਤਤ ਸਨ। ਚਿੰਤਾ ਇਸ ਗੱਲ ਦੀ ਕੀ ਉਹ ਲੱਕੜ ਇਕੱਠੀ ਕਰ ਸਕਣਗੇ ਜਾਂ ਨਹੀਂ। "ਉਹ (ਜੰਗਲਾਤ ਅਧਿਕਾਰੀ) ਕਈ ਵਾਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੰਦੇ। ਸਾਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ। ਜੋੜੇ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਗੈਸ ਕੁਨੈਕਸ਼ਨ ਨਹੀਂ ਲੈ ਸਕੇ।

"ਪਹਿਲੇ ਪਿੰਡ ਵਿੱਚ [ਪਾਰਕ ਦੇ ਅੰਦਰ] ਇੱਕ ਕੁਨੋ ਨਦੀ ਸੀ, ਜਿਸ ਕਰਕੇ ਸਾਨੂੰ ਸਾਲ ਦੇ 12 ਮਹੀਨੇ ਪਾਣੀ ਮਿਲ਼ਦਾ ਸੀ। ਸਾਨੂੰ ਉੱਥੇ ਤੇਂਦੂ, ਬਾਏਰ, ਮਹੂਆ, ਜੜ੍ਹੀ-ਬੂਟੀ ਮਿਲ਼ਦੀਆਂ ਸਨ..." ਤੁਰਦੇ-ਤੁਰਦੇ ਸੰਤੂ ਸਾਡੇ ਨਾਲ਼ ਗੱਲ ਕਰਦੀ ਹਨ।

ਕੁਨੋ ਅਭਿਆਨ ਵਿੱਚ ਪੈਦਾ ਹੋਈ ਤੇ ਪਲ਼ੀ ਸੰਤੂ ਨੇ 1999 ਵਿੱਚ ਆਪਣੇ ਮਾਪਿਆਂ ਨਾਲ਼ ਉਦੋਂ ਜੰਗਲ ਛੱਡਿਆ ਜਦੋਂ ਇਸ ਜੰਗਲ ਨੂੰ ਸ਼ੇਰ ਦਾ ਘਰ ਬਣਾਉਣ ਦਾ ਫੈਸਲਾ ਹੋਇਆ ਤੇ 16,500 ਲੋਕਾਂ ਨੂੰ ਜੰਗਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਪਰ ਇਸ ਸਮੇਂ ਸ਼ੇਰ ਗੁਜਰਾਤ ਦੇ ਗੀਰ ਜੰਗਲ ਵਿੱਚ ਰਹਿੰਦੇ ਹਨ। ਪੜ੍ਹੋ: ਕੁਨੋ ਪਾਰਕ - ਸ਼ੇਰ ਤਾਂ ਕਿਸੇ ਦੇ ਪੇਟੇ ਨਾ ਪਿਆ

''ਅੱਗੇ ਵੱਧਣ ਨਾਲ਼ ਪਰਿਵਰਤਨ ਹੀ ਆਉਣਾ ਹੈ। ਜੰਗਲ ਮੇ ਜਾਨਾ ਹੀ ਨਹੀਂ, '' ਰਾਮ ਗੋਪਾਲ ਕਹਿੰਦੇ ਹਨ।

PHOTO • Priti David
PHOTO • Priti David

'ਪਹਿਲੇ ਪਿੰਡ ਵਿੱਚ [ਪਾਰਕ ਦੇ ਅੰਦਰ] ਇੱਕ ਕੁਨੋ ਨਦੀ ਸੀ, ਜਿਸ ਕਰਕੇ ਸਾਨੂੰ ਸਾਲ ਦੇ 12 ਮਹੀਨੇ ਪਾਣੀ ਮਿਲ਼ਦਾ ਸੀ। ਸਾਨੂੰ ਉੱਥੇ ਤੇਂਦੂ, ਬਾਏਰ, ਮਹੂਆ, ਜੜ੍ਹੀ-ਬੂਟੀਆਂ ਮਿਲ਼ਦੀਆਂ ਸਨ... ਸੰਤੂ ਕਹਿੰਦੀ ਹਨ। ਪਤੀ-ਪਤਨੀ ਬਾਲਣ ਲੈਣ ਲਈ ਜੰਗਲ ਵੱਲ ਜਾ ਰਹੇ ਹਨ

PHOTO • Priti David
PHOTO • Priti David

ਰਾਮ ਗੋਪਾਲ ਅਤੇ ਉਨ੍ਹਾਂ ਦੀ ਪਤਨੀ ਜੰਗਲ ਵਿੱਚ ਘਰੇਲੂ ਵਰਤੋਂ ਲਈ ਲੱਕੜ ਇਕੱਠੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗੈਸ ਸਿਲੰਡਰ ਨਹੀਂ ਖਰੀਦ ਸਕਦੇ

ਹਾਲਾਂਕਿ ਜੰਗਲਾਤ ਅਧਿਕਾਰ ਐਕਟ 2006 ਸਰਕਾਰ ਨੂੰ ਸਥਾਨਕ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ 'ਤੇ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੰਦਾ, ਪਰ ਚੀਤਿਆਂ ਦੇ ਆਉਣ ਨਾਲ਼ ਜੰਗਲੀ ਜੀਵ (ਸੁਰੱਖਿਆ) ਐਕਟ 1972 ਲਾਗੂ ਹੋ ਗਿਆ ਹੈ। “... ਸੜਕਾਂ, ਪੁਲ, ਇਮਾਰਤਾਂ, ਵਾੜ ਜਾਂ ਬੈਰੀਅਰ ਬਣਾਏ ਜਾ ਸਕਦੇ ਹਨ... (b) ਅਜਿਹੇ ਕਦਮ ਚੁੱਕੇ ਜਾਣ ਜੋ ਸੈਂਚੁਰੀ ਅੰਦਰ ਜੰਗਲੀ ਜਾਨਵਰਾਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਸਾਂਭ-ਸੰਭਾਲ਼ ਯਕੀਨੀ ਬਣਾਈ ਜਾ ਸਕੇ।''

ਜਦੋਂ ਰਾਮ ਗੋਪਾਲ ਨੂੰ ਪਹਿਲੀ ਵਾਰ [ਸਰਹੱਦੀ] ਕੰਧ ਬਾਰੇ ਪਤਾ ਲੱਗਾ, ''ਮੈਨੂੰ ਦੱਸਿਆ ਗਿਆ ਕਿ ਇਹ ਜੰਗਲ ਖਾਤਰ ਕੀਤਾ ਜਾ ਰਿਹਾ ਹੈ, ਅਸੀਂ ਸੋਚਿਆ ਕਿ ਚਲੋ ਹੋਣ ਦਿਓ," ਉਹ ਯਾਦ ਕਰਦੇ ਹਨ। "ਪਰ ਤਿੰਨ ਸਾਲ ਬਾਅਦ ਉਹ ਕਹਿੰਦੇ ਹਨ,'ਤੁਸੀਂ ਹੁਣ ਅੰਦਰ ਨਹੀਂ ਆ ਸਕਦੇ। ਇਸ ਸਰਹੱਦ ਦੇ ਅੰਦਰ ਨਾ ਆਓ। ਜੇ ਤੁਹਾਡੇ ਪਸ਼ੂ ਜੰਗਲ ਦੇ ਅੰਦਰ ਆਉਂਦੇ ਹਨ ਤਾਂ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ ਜਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ'।'' ਇੰਨਾ ਹੀ ਨਹੀਂ, ''ਸਾਨੂੰ ਦੱਸਿਆ ਗਿਆ ਕਿ ਉਲੰਘਣਾ ਕਰਨ ਵਾਲ਼ੇ ਨੂੰ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਸਾਡੇ ਕੋਲ਼ ਜ਼ਮਾਨਤ ਦੇਣ/ਲੈਣ ਜੋਗੇ ਪੈਸੇ ਨਹੀਂ," ਉਹ ਹੱਸਦੇ ਹੋਏ ਕਹਿੰਦੇ ਹਨ।

ਇੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਸ਼ੂਆਂ ਨੂੰ ਚਰਾਉਣ ਦਾ ਅਧਿਕਾਰ ਖਤਮ ਹੋਣ ਤੋਂ ਬਾਅਦ ਖੇਤਰ ਵਿੱਚ ਪਸ਼ੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਅਤੇ ਪਸ਼ੂ ਮੇਲੇ ਹੁਣ ਇਤਿਹਾਸ ਬਣ ਗਏ ਹਨ। 1999 ਦੀ ਬੇਦਖ਼ਲੀ ਸਮੇਂ, ਬਹੁਤ ਸਾਰੇ ਲੋਕਾਂ ਨੇ ਆਪਣੇ ਪਸ਼ੂਆਂ ਨੂੰ ਜੰਗਲ ਵਿੱਚ ਛੱਡ ਦਿੱਤਾ ਬਗੈਰ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਉਨ੍ਹਾਂ ਦੀ ਦੇਖਭਾਲ਼ ਕਿਸੇ ਨਵੀਂ ਜਗ੍ਹਾ 'ਤੇ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਨੂੰ ਚਰਾਉਣਾ ਕਿੱਥੇ ਹੈ। ਹੁਣ ਵੀ, ਪਸ਼ੂ ਅਤੇ ਬਲਦ ਇਲਾਕੇ ਦੇ ਆਲ਼ੇ-ਦੁਆਲ਼ੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਆਜ਼ਾਦ ਛੱਡ ਦਿੱਤਾ ਹੈ ਕਿਉਂਕਿ ਚਰਾਉਣ ਲਈ ਕੋਈ ਜਗ੍ਹਾ ਨਹੀਂ ਬਚੀ। ਜੰਗਲੀ ਕੁੱਤਿਆਂ ਵੱਲੋਂ ਪਸ਼ੂਆਂ 'ਤੇ ਹਮਲਾ ਕਰਨ ਦੀ ਵੀ ਸੰਭਾਵਨਾ ਬਣੀ ਰਹਿੰਦੀਹੈ। "ਉਹ ਤੁਹਾਨੂੰ ਲੱਭ ਲੈਣਗੇ ਅਤੇ ਤੁਹਾਨੂੰ ਮਾਰ ਦੇਣਗੇ (ਜੇ ਤੁਸੀਂ ਜਾਂ ਪਸ਼ੂ ਜੰਗਲ ਦੇ ਅੰਦਰ ਜਾਂਦੇ ਹੋ)।''

ਪਰ ਬਾਲਣ ਇੰਨਾ ਜ਼ਰੂਰੀ ਹੈ ਕਿ ਹੁਣ ਵੀ, ਕੁਝ ਲੋਕ "ਚੋਰੀ ਚੁਪਕੇ" ਜੰਗਲ ਵਿੱਚ ਜਾਂਦੇ ਹਨ। ਅਗਾਰਾ ਦੀ ਰਹਿਣ ਵਾਲ਼ੀ 60 ਸਾਲਾ ਔਰਤ ਸਾਗੂ ਆਪਣੇ ਸਿਰ 'ਤੇ ਪੱਤਿਆਂ ਤੇ ਟਹਿਣੀਆਂ ਦੀ ਛੋਟੀ ਜਿਹੀ ਪੰਡ ਲੱਦੀ ਘਰ ਵੱਲ ਜਾ ਰਹੀ ਹਨ। ਉਹ ਕਹਿੰਦੀ ਹਨ ਕਿ ਇਸ ਉਮਰੇ ਉਹ ਬੱਸ ਇੰਨਾ ਕੁ ਭਾਰ ਹੀ ਚੁੱਕ ਸਕਦੀ ਹਨ।

" ਜੰਗਲ ਮੇਂ ਨਾ ਜਾਨੇ ਦੇ ਰਹੇ, " ਉਹ ਕਹਿੰਦੀ ਹਨ। ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਸਹੀ ਉਨ੍ਹਾਂ ਨੂੰ ਬੈਠਣ ਦਾ ਕੁਝ ਸਮਾਂ ਤਾਂ ਮਿਲ਼ਿਆ। ਉਹ ਕਹਿੰਦੀ ਹਨ,"ਹੁਣ ਮੈਨੂੰ ਬਾਕੀ ਬਚੀਆਂ ਮੱਝਾਂ ਵੀ ਵੇਚਣੀਆਂ ਪੈਣਗੀਆਂ।''

PHOTO • Priti David
PHOTO • Priti David

ਰਾਮ ਗੋਪਾਲ ਜੰਗਲ ਦੀ ਚਾਰਦੀਵਾਰੀ ਦੇ ਨੇੜੇ। ਕੁਨੋ ਕਦੇ 350 ਵਰਗ ਕਿਲੋਮੀਟਰ ਦੇ ਖੇਤਰ ਵਾਲ਼ੀ ਇੱਕ ਛੋਟੀ ਜਿਹੀ ਸੈਂਚੁਰੀ ਹੁੰਦੀ ਸੀ , ਅਫ਼ਰੀਕੀ ਚੀਤਿਆਂ ਦਾ ਸਵਾਗਤ ਕਰਨ ਲਈ ਕੁਨੋ ਦਾ ਆਕਾਰ ਦੁੱਗਣਾ ਕਰ ਦਿੱਤਾ ਗਿਆ

PHOTO • Priti David
PHOTO • Priti David

ਖੱਬੇ: ਅਗਾਰਾ ਦੀ ਰਹਿਣ ਵਾਲ਼ੀ 60 ਸਾਲਾ ਸਾਗੂ ਇਸ ਉਮਰੇ ਘਰ ਚਲਾਉਣ ਲਈ ਲੱਕੜ ਚੁਗਣ ਜਾਂਦੀ ਹਨ ਸੱਜੇ: ਕਾਸ਼ੀਰਾਮ ਵੀ ਪਹਿਲਾਂ ਐੱਨਟੀਐੱਫਪੀ ਇਕੱਠਾ ਕਰਨ ਲਈ ਜੰਗਲ ਜਾਂਦੇ ਸਨ ਪਰ ਹੁਣ ਜੰਗਲ ਵਿੱਚ ਦਾਖਲ ਹੋਣ ' ਤੇ ਪਾਬੰਦੀ ਹੈ , ਉਹ ਕਹਿੰਦੇ ਹਨ

ਪਹਿਲਾਂ, ਅਸੀਂ ਲੱਕੜ ਦੇ ਗੱਡੇ ਭਰ ਭਰ ਲਿਆਉਂਦੇ ਸੀ ਅਤੇ ਬਰਸਾਤ ਦੇ ਮੌਸਮ ਲਈ ਇਸ ਨੂੰ ਸਟੋਰ ਕਰਦੇ, ਸਾਗੂ ਕਹਿੰਦੀ ਹਨ। ਉਹ ਯਾਦ ਕਰਦੀ ਹਨ ਕਿ ਇੱਕ ਸਮਾਂ ਸੀ ਜਦੋਂ ਉਹ ਉਸੇ ਜੰਗਲ ਦੇ ਰੁੱਖਾਂ ਅਤੇ ਪੱਤਿਆਂ ਦੀ ਵਰਤੋਂ ਕਰਕੇ ਆਪਣੇ ਘਰ ਬਣਾਉਂਦੇ ਸਨ। "ਆਪਣੇ ਪਸ਼ੂਆਂ ਨੂੰ ਚਰਦਾ ਛੱਡ ਆਪ ਘਰ ਵਾਸਤੇ ਬਾਲਣ ਇਕੱਠਾ ਕਰਦੇ, ਘਾਹ ਕੱਟਦੇ ਅਤੇ ਵੇਚਣ ਲਈ ਤੇਂਦੂ ਦੇ ਪੱਤੇ ਤੋੜਦੇ।''

ਹੁਣ ਸੈਂਕੜੇ ਵਰਗ ਕਿਲੋਮੀਟਰ ਦੀ ਇਹ ਜਗ੍ਹਾ ਚੀਤਿਆਂ ਅਤੇ ਉਨ੍ਹਾਂ ਨੂੰ ਦੇਖਣ ਆਉਣ ਵਾਲ਼ਿਆਂ ਲਈ ਰਾਖਵੀਂ ਹੈ।

ਅਗਾਰਾ ਪਿੰਡ ਵਿਖੇ ਨੁਕਸਾਨ ਝੱਲਦੇ ਆਪਣੇ ਵਰਗੇ ਹੋਰ ਲੋਕਾਂ ਬਾਰੇ ਗੱਲ ਕਰਦਿਆਂ, ਕਾਸ਼ੀਰਾਮ ਨੇ ਕਿਹਾ, "[ਸਾਡੇ ਨਾਲ਼] ਕੁਝ ਵੀ ਚੰਗਾ ਨਹੀਂ ਹੋਇਆ ਕਿਉਂਕਿ ਚੀਤਾ ਆ ਗਿਆ। ਜੋ ਕੁਝ ਵੀ ਹੋਇਆ ਉਹ ਹੈ ਸਿਰਫ਼ ਘਾਟਾ।''

*****

ਚੇਂਟੀਖੇੜਾ, ਪਾਦਰੀ, ਪਾਈਰਾ-ਬੀ, ਖਜੂਰੀ ਖੁਰਦ ਅਤੇ ਚੱਕਪਾਰੋਂ ਪਿੰਡਾਂ ਵਿੱਚ ਵੱਡੀਆਂ ਸਮੱਸਿਆਵਾਂ ਹਨ। ਉਹ ਕਹਿੰਦੇ ਹਨ ਕਿ ਇੱਥੇ ਇੱਕ ਸਰਵੇਖਣ ਕੀਤਾ ਗਿਆ ਹੈ ਅਤੇ ਕੁਵਾਰੀ ਨਦੀ 'ਤੇ ਡੈਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਡੈਮ ਕਾਰਨ ਪਿੰਡਾਂ ਦੇ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਹੜ੍ਹ ਆ ਜਾਵੇਗਾ।

"ਅਸੀਂ ਪਿਛਲੇ 20 ਸਾਲਾਂ ਤੋਂ ਡੈਮ ਬਾਰੇ ਸੁਣ ਰਹੇ ਹਾਂ। ਅਧਿਕਾਰੀ ਕਹਿੰਦੇ, 'ਤੁਹਾਨੂੰ ਨਰੇਗਾ ਤਹਿਤ ਕੰਮ ਨਹੀਂ ਮਿਲੇਗਾ ਕਿਉਂਕਿ ਡੈਮ ਕਾਰਨ ਤੁਹਾਡੇ ਪਿੰਡ ਉਜਾੜੇ ਜਾ ਰਹੇ ਹਨ," ਜਸਰਾਮ ਆਦਿਵਾਸੀ ਕਹਿੰਦੇ ਹਨ। ਚੇਂਟੀਖੇੜਾ ਦੇ ਸਾਬਕਾ ਸਰਪੰਚ ਨੇ ਸਾਨੂੰ ਦੱਸਿਆ ਕਿ ਇੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਨਰੇਗਾ ਦਾ ਲਾਭ ਨਹੀਂ ਮਿਲਿਆ ਹੈ।

ਆਪਣੇ ਘਰ ਦੀ ਛੱਤ 'ਤੇ ਖੜ੍ਹੇ ਹੋ ਥੋੜ੍ਹੀ ਦੂਰ ਵਗਦੀ ਕੁਵਾਰੀ ਨਦੀ ਵੱਲ ਇਸ਼ਾਰਾ ਕਰਦੇ ਹੋਏ, ਉਨ੍ਹਾਂ  ਕਿਹਾ,"ਡੈਮ ਇਸ ਖੇਤਰ ਨੂੰ ਕਵਰ ਕਰਨ ਜਾ ਰਿਹਾ ਹੈ। ਸਾਡਾ ਪਿੰਡ ਅਤੇ 7-8 ਹੋਰ ਪਿੰਡ ਡੁੱਬ ਜਾਣਗੇ ਪਰ ਸਾਨੂੰ ਅਜੇ ਤੱਕ ਇਸ ਸਬੰਧ ਵਿੱਚ ਕੋਈ ਨੋਟਿਸ ਨਹੀਂ ਮਿਲਿਆ ਹੈ। 'ਤੁਹਾਨੂੰ ਨਰੇਗਾ ਨਹੀਂ ਮਿਲੇਗਾ ਕਿਉਂਕਿ ਡੈਮ ਕਾਰਨ ਤੁਹਾਡੇ ਪਿੰਡ ਉਜਾੜੇ ਜਾ ਰਹੇ ਹਨ," ਜਸਰਾਮ ਆਦਿਵਾਸੀ ਕਹਿੰਦੇ ਹਨ।''

PHOTO • Priti David
PHOTO • Priti David

ਚੇਂਟੀਖੇੜਾ ਪਿੰਡ ਦੇ ਸਾਬਕਾ ਸਰਪੰਚ ਜਸਰਾਮ ਆਦਿਵਾਸੀ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਕੁਵਾਰੀ ਨਦੀ ' ਤੇ ਬਣਾਏ ਜਾ ਰਹੇ ਡੈਮ ਕਾਰਨ ਡੁੱਬ ਜਾਵੇਗਾ। ਉਨ੍ਹਾਂ ਨੂੰ ਆਪਣੀ ਪਤਨੀ, ਮਸਲਾ ਆਦਿਵਾਸੀ ਨਾਲ਼ ਦੇਖੋ

PHOTO • Priti David

ਕੁਵਾਰੀ ਨਦੀ ' ਤੇ ਡੈਮ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਇਹ ਪ੍ਰੋਜੈਕਟ ਚਾਰ ਪਿੰਡਾਂ ਅਤੇ ਉਨ੍ਹਾਂ ਦੇ ਸੈਂਕੜੇ ਪਰਿਵਾਰਾਂ ਨੂੰ ਉਜਾੜ ਸੁੱਟੇਗਾ

ਇਹ ਉਚਿਤ ਮੁਆਵਜ਼ੇ ਦੇ ਅਧਿਕਾਰ ਅਤੇ ਭੂਮੀ ਪ੍ਰਾਪਤੀ, ਮੁੜ ਵਸੇਬਾ ਅਤੇ ਮੁੜ ਵਸੇਬਾ ਐਕਟ , 2013 (ਐੱਲ.ਏ.ਆਰ.ਆਰ.ਏ.) ਦੀਆਂ ਧਾਰਾਵਾਂ ਦੇ ਵਿਰੁੱਧ ਹੈ, ਜੋ ਸਪੱਸ਼ਟ ਤੌਰ 'ਤੇ ਸੁਝਾਅ ਦਿੰਦਾ ਹੈ ਕਿ ਪਿੰਡ ਦੇ ਲੋਕਾਂ ਨੂੰ ਬੇਘਰ ਕਰਨ ਤੋਂ ਪਹਿਲਾਂ ਸਮਾਜਿਕ ਪ੍ਰਭਾਵ 'ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਇਹ ਕਾਨੂੰਨ ਕਹਿੰਦਾ ਹੈ ਕਿ ਅਧਿਐਨ ਦੀਆਂ ਤਾਰੀਖਾਂ ਦਾ ਐਲਾਨ ਸਥਾਨਕ ਭਾਸ਼ਾ ਵਿੱਚ ਕੀਤਾ ਜਾਣਾ ਚਾਹੀਦਾ ਹੈ (ਅਧਿਆਇ 2A4(1)), ਹਰ ਕਿਸੇ ਨੂੰ ਹਾਜ਼ਰ ਹੋਣ ਲਈ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ, ਆਦਿ।

"ਸਾਨੂੰ 23 ਸਾਲ ਪਹਿਲਾਂ ਬੇਦਖ਼ਲ ਕਰ ਦਿੱਤਾ ਗਿਆ ਸੀ। ਅਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਖੜ੍ਹੀ ਕਰਨ ਲਈ ਬਹੁਤ ਮਿਹਨਤ ਕੀਤੀ ਹੈ," ਚੱਕਪਾੜਾ ਪਿੰਡ ਦੇ ਸਤਨਾਮ ਆਦਿਵਾਸੀ ਕਹਿੰਦੇ ਹਨ। ਉਹ ਅਕਸਰ ਉਸਾਰੀ ਵਾਲ਼ੀਆਂ ਥਾਵਾਂ 'ਤੇ ਦਿਹਾੜੀ ਦੇ ਕੰਮ ਦੀ ਭਾਲ ਵਿੱਚ ਜੈਪੁਰ, ਗੁਜਰਾਤ ਅਤੇ ਹੋਰ ਥਾਵਾਂ 'ਤੇ ਜਾਂਦੇ ਹਨ।

ਸਤਨਾਮ ਨੂੰ ਡੈਮ ਬਾਰੇ ਪਿੰਡ ਦੇ ਵਟਸਐਪ ਗਰੁੱਪ 'ਤੇ ਫੈਲੀ ਖ਼ਬਰ ਤੋਂ ਪਤਾ ਲੱਗਿਆ। "ਕਿਸੇ ਨੇ ਵੀ ਸਾਡੇ ਨਾਲ਼ ਗੱਲ ਨਹੀਂ ਕੀਤੀ, ਸਾਨੂੰ ਨਹੀਂ ਪਤਾ ਕਿ ਕੌਣ ਅਤੇ ਕਿੰਨੇ ਲੋਕ ਜਾਣਗੇ," ਉਹ ਕਹਿੰਦੇ ਹਨ। ਮਾਲ ਵਿਭਾਗ ਦੇ ਅਧਿਕਾਰੀਆਂ ਨੇ ਦੇਖਿਆ ਹੈ ਕਿ ਕਿਹੜੇ ਮਕਾਨ ਪੱਕੇ ਹਨ ਤੇ ਕਿਹੜੇ ਕੱਚੇ ਤੇ ਕਿਹਦਾ ਕਿੰਨੀ ਜ਼ਮੀਨ 'ਤੇ ਕਬਜ਼ਾ ਹੈ ਆਦਿ।

ਉਨ੍ਹਾਂ ਦੇ ਪਿਤਾ ਸੁਜਾਨ ਸਿੰਘ, ਜੋ ਅਜੇ ਵੀ ਪਿਛਲੀ ਵਾਰ ਦੇ ਉਜਾੜੇ ਦੀ ਯਾਦ ਤੋਂ ਬਾਹਰ ਨਹੀਂ ਆਏ ਹਨ, ਨੂੰ ਇੱਕ ਹੋਰ ਉਜਾੜਾ ਸਹਿਣ ਲਈ ਤਿਆਰੀ ਕਰਨੀ ਪਵੇਗੀ। "ਹਮਾਰੇ ਉਪਰ ਡਬਲ ਕਸ਼ਟ ਹੋ ਰਹਾ ਹੈ। ''

ਤਰਜਮਾ: ਕਮਲਜੀਤ ਕੌਰ

Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Video Editor : Sinchita Maji

Sinchita Maji is a Senior Video Editor at the People’s Archive of Rural India, and a freelance photographer and documentary filmmaker.

Other stories by Sinchita Maji
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur