19 ਅਪ੍ਰੈਲ, 2024 ਨੂੰ, ਮਨੋਹਰ ਇਲਾਵਰਤੀ, ਬੈਂਗਲੁਰੂ ਦੀ ਸਭ ਤੋਂ ਵੱਡੀ ਝੁੱਗੀ-ਬਸਤੀ ਦੇਵਾਰਾ ਜੀਵਨਹਾਲੀ ਵਿੱਚ ਤੀਜੇ ਲਿੰਗ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਤਿਆਰੀ ਕਰ ਰਹੇ ਸਨ। ਇਲਾਵਰਤੀ ਸੰਗਮਾ (Sangama) ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜੋ ਘੱਟ ਗਿਣਤੀ ਤੀਜੇ ਲਿੰਗ ਭਾਈਚਾਰਿਆਂ ਦੇ ਅਧਿਕਾਰਾਂ ਦਾ ਇੱਕ ਸੰਗਠਨ ਹੈ। ਉਨ੍ਹਾਂ ਨੇ ਐੱਲਜੀਬੀਟੀਕਿਊਆਈਏ (LGBTQIA) + (ਲੈਸਬੀਅਨ, ਗੇ, ਬਾਈਸੈਕਸੁਅਲ, ਟਰਾਂਸਜੈਂਡਰ, ਕੁਇਅਰ, ਇੰਟਰਸੈਕਸ ਅਸੈਕਸੂਅਲ "+" ਦੇ ਮੁੱਦਿਆਂ ਦਾ ਹਵਾਲਾ ਦਿੱਤਾ ਜੋ ਇਸ ਸੰਖੇਪ ਸਥਿਤੀ ਵਿੱਚ ਨਹੀਂ ਆਉਂਦੇ) ਦੇ ਮੁੱਦਿਆਂ ਦੇ ਨਾਲ਼-ਨਾਲ਼ ਰੋਜ਼ੀ-ਰੋਟੀ ਕਮਾਉਣ, ਬੇਰੁਜ਼ਗਾਰੀ ਅਤੇ ਵਸਨੀਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਰਗੇ ਸਮਾਜਿਕ ਮੁੱਦਿਆਂ ਦੀ ਇੱਕ ਵਿਸ਼ਾਲ ਲੜੀ ਦਾ ਹਵਾਲਾ ਦਿੱਤਾ। ਉਹਨਾਂ ਨੇ ਵਿਚਾਰ-ਵਟਾਂਦਰੇ ਦੀ ਅਗਵਾਈ ਕਰਨ ਲਈ ਲਿੰਗ ਅਤੇ ਜਿਣਸੀ ਘੱਟ ਗਿਣਤੀਆਂ ਲਈ ਧਰਮ ਨਿਰਪੱਖ ਅਤੇ ਸੰਵਿਧਾਨਕ ਲੋਕਤੰਤਰ (ਜੀਐਸਐਮ) ਦੇ ਮੈਂਬਰਾਂ ਨਾਲ਼ ਮਿਲ ਕੇ ਕੰਮ ਕੀਤਾ।

ਇਤਫਾਕ ਨਾਲ਼, ਉਸੇ ਦਿਨ, ਭਾਰਤ ਦੇ ਕੁਝ ਖੇਤਰਾਂ ਵਿੱਚ 2024 ਦੀਆਂ ਆਮ ਚੋਣਾਂ ਲਈ ਵੋਟਿੰਗ ਹੋ ਰਹੀ ਸੀ ਅਤੇ ਬੈਂਗਲੁਰੂ, ਕਰਨਾਟਕ ਵਿੱਚ ਚੋਣਾਂ ਸਿਰਫ਼ ਇੱਕ ਹਫ਼ਤਾ ਦੂਰ ਸਨ।

ਜਿਓਂ ਹੀ ਇਲਾਵਰਤੀ ਨੇ ਚਰਚਾ ਸ਼ੁਰੂ ਕੀਤੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 10 ਵਿਅਕਤੀਆਂ, ਭਾਜਪਾ ਚੋਣ ਨਿਸ਼ਾਨ ਵਾਲ਼ੇ ਭਗਵਾ ਪਰਨੇ ਪਾਈ, ਨੇ ਉਨ੍ਹਾਂ ਨੂੰ ਤੇ ਮੈਨੂੰ (ਇਸ ਪੱਤਰਕਾਰ) ਦੇਵਾਰਾ ਜੀਵਨਹਾਲੀ ਦੀਆਂ ਭੀੜੀਆਂ ਗਲ਼ੀਆਂ ਵਿੱਚ ਆਣ ਘੇਰਿਆ, ਜਿਸ ਨੂੰ ਆਮ ਤੌਰ 'ਤੇ ਡੀਜੇ ਹਾਲੀ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਜ਼ਿਆਦਾਤਰ ਵੋਟਰ ਪੇਂਡੂ ਪ੍ਰਵਾਸੀ ਮਜ਼ਦੂਰ ਹਨ ਤੇ ਕਈ ਮੁਸਲਿਮ ਭਾਈਚਾਰੇ ਨਾਲ਼ ਵੀ ਸਬੰਧਤ ਹਨ।

ਭਾਜਪਾ ਦੇ ਇੱਕ ਮੈਂਬਰ ਨੇ ਚੀਕ ਕੇ ਕਿਹਾ, ''ਤੁਸੀਂ ਸਾਰੇ ਕਾਂਗਰਸ ਦੇ ਏਜੰਟ ਹੋ!'' ਬਾਅਦ ਵਿੱਚ, ਜੋ ਲੋਕ ਜੀਐੱਸਐੱਮ ਮੁਹਿੰਮ ਦਾ ਵਿਰੋਧ ਕਰਨ ਲਈ ਉੱਥੇ ਇਕੱਠੇ ਹੋਏ ਸਨ, ਉਹ ਵੀ ਇਸ ਤੋਂ ਭੜਕ ਗਏ ਸਨ। ਫਿਰ ਭਾਜਪਾ ਨੇ ਜੀਐੱਸਐੱਮ ਪਰਚੇ ਦਿਖਾਉਂਦਿਆਂ ਐਲਾਨ ਕੀਤਾ ਕਿ "ਇਹ ਗੈਰਕਾਨੂੰਨੀ ਹਨ"।

PHOTO • Sweta Daga
PHOTO • Sweta Daga

ਖੱਬੇ: ਸਥਾਨਕ ਭਾਜਪਾ ਪਾਰਟੀ ਦਫ਼ਤਰ ਦੇ ਉਪ ਪ੍ਰਧਾਨ ਮਨੀਮਾਰਨ ਰਾਜੂ (ਖੱਬੇ) ਅਤੇ ਲਿੰਗ ਤੇ ਜਿਣਸੀ ਘੱਟ ਗਿਣਤੀ ਅਧਿਕਾਰ ਸਮੂ,) ਸੰਗਮਾ ਦੇ ਸੰਸਥਾਪਕ ਮਨੋਹਰ ਇਲਾਵਰਤੀ (ਸੱਜੇ)। ਸੱਜੇ: ਮਨੀਮਾਰਨ ਰਾਜੂ (ਲਾਲ ਅਤੇ ਚਿੱਟੀ ਚੈੱਕ ਸ਼ਰਟ ਪਹਿਨੇ ਹੋਏ) ਦੀ ਅਗਵਾਈ ਵਿੱਚ ਭਾਜਪਾ ਪਾਰਟੀ ਦੇ ਵਰਕਰ। ਮਨੀਮਾਰਨ ਜੋ ਮਨੋਹਰ (ਨੀਲੀ ਕਮੀਜ਼ ਤੇ ਦਾੜ੍ਹੀ ਵਾਲ਼ੇ ਵਿਅਕਤੀ) ਨੂੰ ਘੂਰਨ ਲੱਗਦੇ ਹਨ ਜਦੋਂ ਉਹ ਹੋਰ ਜੀਐੱਸਐੱਮ ਵਾਲੰਟੀਅਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹਨ

ਕੋਈ ਵੀ ਸਿਵਲ ਸੁਸਾਇਟੀ ਸੰਗਠਨ ਕਾਨੂੰਨੀ ਤੌਰ 'ਤੇ ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਨ ਵਾਲ਼ੇ ਪਰਚੇ ਵੰਡ ਸਕਦਾ ਹੈ। ਪਰ ਚੋਣ ਕਮਿਸ਼ਨ ਦੇ ਨਿਯਮ ਕਹਿੰਦੇ ਹਨ ਕਿ ਇੱਕ ਰਾਜਨੀਤਕ ਪਾਰਟੀ ਨੂੰ ਦੂਜੀ ਪਾਰਟੀ ਬਾਰੇ ਮਹੱਤਵਪੂਰਨ ਸਮੱਗਰੀ ਪ੍ਰਸਾਰਿਤ ਕਰਨ ਤੋਂ ਮਨਾਹੀ ਹੈ।

ਮਨੋਹਰ ਨੇ ਗੁੱਸੇ ਵਿੱਚ ਆਏ ਪਾਰਟੀ ਮੈਂਬਰਾਂ ਕੋਲ਼ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਚਾਨਕ ਉਨ੍ਹਾਂ ਦਾ ਧਿਆਨ ਮੇਰੇ ਵੱਲ ਗਿਆ। ਫਿਰ ਉਨ੍ਹਾਂ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮੈਂ ਉੱਥੇ ਮੌਜੂਦ ਕਿਉਂ ਹਾਂ ਅਤੇ ਜ਼ੋਰ ਦੇ ਕੇ ਕਿਹਾ ਕਿ ਮੈਂ ਕੈਮਰਾ ਬੰਦ ਕਰ ਦੇਵਾਂ।

ਜਿਓਂ ਹੀ ਉਨ੍ਹਾਂ ਨੂੰ ਮੇਰੇ ਪੱਤਰਕਾਰ ਹੋਣ ਬਾਰੇ ਪਤਾ ਲੱਗਿਆ, ਉਹ ਮੇਰੇ ਪ੍ਰਤੀ ਥੋੜ੍ਹਾ ਨਰਮ ਹੋ ਗਏ ਅਤੇ ਸਮੂਹ ਨੇ ਮੈਨੂੰ ਉੱਥੇ ਮੌਜੂਦ ਹੋਰ ਵਲੰਟੀਅਰਾਂ ਨੂੰ ਮਿਲ਼ਣ ਲਈ ਅੱਗੇ ਵਧਣ ਦੀ ਆਗਿਆ ਦਿੱਤੀ। ਸਥਾਨਕ ਭਾਜਪਾ ਪਾਰਟੀ ਦਫ਼ਤਰ ਦੇ ਉਪ ਪ੍ਰਧਾਨ ਮਨੀਮਾਰਨ ਰਾਜੂ, ਸਮੂਹ ਦੇ ਇੱਕ ਆਦਮੀ ਨੇ ਸਾਨੂੰ ਆਪਣਾ ਕੰਮ ਜਾਰੀ ਰੱਖਣ ਦੇਣ ਦਾ ਫੈਸਲਾ ਕੀਤਾ।

ਪਰ ਕੁਝ ਪਲਾਂ ਬਾਅਦ, ਚੀਜ਼ਾਂ ਦੁਬਾਰਾ ਬਦਲ ਗਈਆਂ. ਇੱਕ ਪਲ ਵਿੱਚ ਹੀ ਸਾਨੂੰ ਪਾਰਟੀ ਦੇ ਦੋ ਤਿਹਾਈ ਵਰਕਰਾਂ ਨੇ ਘੇਰ ਲਿਆ। ਮੌਕੇ 'ਤੇ ਇੱਕ ਚੋਣ ਅਧਿਕਾਰੀ ਅਤੇ ਪੁਲਿਸ ਨਾਲ਼ ਇੱਕ ਸਰਕਾਰੀ ਕਾਰ ਵੀ ਵੇਖੀ ਗਈ।

ਕੁਝ ਹੀ ਪਲਾਂ ਵਿੱਚ- ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ – ਮਨੋਹਰ, ਜੀਐੱਸਐੱਮ ਵਲੰਟੀਅਰਾਂ ਅਤੇ ਮੈਨੂੰ ਦੇਵਾਰਾ ਜੀਵਨਹਾਲੀ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ।

PHOTO • Sweta Daga

ਖੱਬੇ: ਭਾਜਪਾ ਪਾਰਟੀ ਦੇ ਵਰਕਰ, ਮਨੋਹਰ ਅਤੇ ਮੇਰੇ ਆਲ਼ੇ-ਦੁਆਲ਼ੇ ਇਕੱਠੇ ਹੋ ਗਏ ਹਨ। ਸੱਜੇ: ਮਨੋਹਰ ਚੋਣ ਕਮਿਸ਼ਨ ਦੇ ਅਧਿਕਾਰੀ ਐੱਮ ਐੱਸ ਉਮੇਸ਼ (ਪੀਲੀ ਸ਼ਰਟ) ਨਾਲ਼ , ਜੋ ਫਲਾਇੰਗ ਸਕੁਐਡ ਟੀਮ ਦੇ ਮੈਂਬਰ ਹਨ। ਭਾਜਪਾ ਪਾਰਟੀ ਦੇ ਵਰਕਰ , ਚੋਣ ਕਮਿਸ਼ਨ ਦੇ ਹੋਰ ਮੈਂਬਰ ਅਤੇ ਪੁਲਿਸ ਅਧਿਕਾਰੀ , ਜਿਨ੍ਹਾਂ ਨੇ ਦੋਸ਼ ਲਾਇਆ ਕਿ ਜੀਐੱਸਐੱਮ ਵਲੰਟੀਅਰਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ , ਵੀ ਮੌਕੇ ' ਤੇ ਮੌਜੂਦ ਸਨ

*****

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲ਼ੀ ਭਾਜਪਾ 2014 ਤੋਂ ਕੇਂਦਰ ਵਿੱਚ ਸੱਤਾ ਵਿੱਚ ਹੈ ਅਤੇ ਹੁਣ 2024 ਵਿੱਚ ਤੀਜੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੰਗਲੌਰ ਉੱਤਰੀ ਲੋਕ ਸਭਾ ਸੀਟ ਲਈ ਭਾਜਪਾ ਦੀ ਸ਼ੋਭਾ ਕਰਾਂਦਲਾਜੇ ਅਤੇ ਕਾਂਗਰਸ ਦੇ ਪ੍ਰੋਫੈਸਰ ਐੱਮ.ਵੀ. ਰਾਜੀਵ ਗੌੜਾ ਮੈਦਾਨ ਵਿੱਚ ਹਨ।

ਜੀਐੱਸਐੱਮ ਪਰਚੇ ਵਿੱਚ ਪਿਛਲੇ 10 ਸਾਲਾਂ ਵਿੱਚ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਦੇਸ਼ ਵਿੱਚ ਵੱਧ ਰਹੀ ਧਾਰਮਿਕ ਅਸਹਿਣਸ਼ੀਲਤਾ ਦੀ ਆਲੋਚਨਾ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਨੁਮਾਇੰਦੇ ਲਗਾਤਾਰ ਅਜਿਹੇ ਭਾਸ਼ਣ ਦੇ ਰਹੇ ਹਨ ਜੋ ਸਾਨੂੰ ਧਰਮ, ਜਾਤ ਅਤੇ ਭਾਸ਼ਾ ਦੇ ਨਾਂ 'ਤੇ ਵੰਡਦੇ ਹਨ। ਕੀ ਸਾਡੇ ਲਈ ਇਹ ਸਹੀ ਹੈ ਕਿ ਅਸੀਂ ਉਨ੍ਹਾਂ ਨੂੰ ਸਾਡੇ ਕਰਨਾਟਕ ਵਿੱਚ ਨਫ਼ਰਤ ਫੈਲਾਉਣ ਦੀ ਆਗਿਆ ਦੇਈਏ, ਜੋ ਸ਼ਾਂਤੀ ਅਤੇ ਸਦਭਾਵਨਾ ਦੀ ਧਰਤੀ ਹੈ?

"ਜਦੋਂ ਲੋਕਤੰਤਰ ਖ਼ਤਰੇ ਵਿੱਚ ਹੁੰਦਾ ਹੈ, ਤਾਂ ਸਾਨੂੰ ਇੱਕ ਭਾਈਚਾਰੇ ਦੀ ਰੱਖਿਆ ਕਰਨਾ ਜ਼ਰੂਰੀ ਨਹੀਂ ਲੱਗਦਾ, ਬਲਕਿ ਸਾਨੂੰ ਸਿਰਫ਼ ਲੋਕਤੰਤਰ ਦੇ ਵੱਡ-ਪੱਧਰੀ ਸਿਧਾਂਤ ਦੀ ਰੱਖਿਆ ਕਰਨ ਦੀ ਲੋੜ ਹੁੰਦੀ ਹੈ," ਮਨੋਹਰ ਕਹਿੰਦੇ ਹਨ। ''ਸਾਨੂੰ ਇਹ ਵੀ ਨਹੀਂ ਲੱਗਦਾ ਕਿ ਕਾਂਗਰਸ ਜੀਐੱਸਐੱਮ ਲਈ ਸਭ ਤੋਂ ਵਧੀਆ ਪਾਰਟੀ ਹੈ ਪਰ ਮੌਜੂਦਾ ਸ਼ਾਸਨ ਸਾਡੇ ਸੰਵਿਧਾਨ, ਧਰਮਨਿਰਪੱਖਤਾ ਤੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਜ਼ਰੂਰ ਹੈ। ਜੇ ਲੋਕਤੰਤਰ ਖ਼ਤਮ ਹੋ ਗਿਆ ਤਾਂ ਹਾਸ਼ੀਏ 'ਤੇ ਰਹਿੰਦੇ ਭਾਈਚਾਰੇ ਗਾਇਬ ਹੋ ਜਾਣਗੇ,'' ਝੁੱਗੀਆਂ ਦੀਆਂ ਭੀੜੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਕਹਿੰਦੇ ਹਨ।

ਸਿਧਾਰਥ ਗਣੇਸ਼ ਨੇ ਕਿਹਾ,''ਕਰਨਾਟਕ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਚੋਣਾਂ ਦੌਰਾਨ ਐੱਲਜੀਬੀਟੀਕਿਊਆਈਏ+ ਲੋਕਾਂ ਦਾ ਇੰਨਾ ਵੱਡਾ ਇਕੱਠ ਹੋਇਆ ਹੋਵੇ। ਜੀਐੱਸਐੱਮ ਕੋਲ਼ ਕੋਲਾਰ, ਬੈਂਗਲੁਰੂ ਅਰਬਨ, ਬੈਂਗਲੁਰੂ ਦਿਹਾਤੀ, ਚਿੱਕਬੱਲਾਪੁਰਾ, ਰਾਮਨਗਰ, ਤੁਮਕੁਰੂ, ਚਿੱਤਰਦੁਰਗਾ, ਵਿਜੈਨਗਰ, ਬੇਲਾਰੀ, ਕੋਪਲ, ਰਾਏਚੁਰ, ਯਾਦਗੀਰ, ਕਲਬੁਰਗੀ, ਬਿਦਰ, ਬੀਜਾਪੁਰ, ਬੇਲਗਾਵੀ, ਧਾਰਵਾੜ, ਗਦਗ, ਸ਼ਿਵਮੋਗਾ, ਚਿਕਮਗਲੁਰੂ, ਹਸਨ ਅਤੇ ਚਮਰਾਜਨਗਰ ਜ਼ਿਲ੍ਹਿਆਂ ਦੇ ਕੁਇਅਰ ਭਾਈਚਾਰੇ ਦੇ ਮੈਂਬਰ ਅਤੇ ਦੋਸਤ ਹਨ।''

ਕੋਲਿਜਨ ਫਾਰ ਸੈਕੂਅਲ ਮਾਈਨੌਰਟੀ ਐਂਡ ਸੈਕਸ ਵਰਕਸਰ ਰਾਈਟਸ (ਸੀਐੱਸਐੱਮਆਰ) ਦੇ ਸਿਧਾਰਥ ਦਾ ਕਹਿਣਾ ਹੈ,"ਇਸ ਮੁਹਿੰਮ ਦੇ ਯਤਨਾਂ ਨੂੰ ਏਕੀਕ੍ਰਿਤ ਅਧਾਰ 'ਤੇ ਅੱਗੇ ਵਧਾਉਣ ਲਈ ਜੀਐੱਸਐੱਮ ਦੀ ਛਤਰ ਛਾਇਆ ਹੇਠ ਕੁਇਅਰ ਭਾਈਚਾਰੇ ਦਾ ਇੰਝ ਇਕੱਠਾ ਹੋਣਾ ਸਾਰੀਆਂ ਘੱਟ ਗਿਣਤੀਆਂ ਲਈ ਵਧੇਰੇ ਨਿਆਂਪੂਰਨ ਅਤੇ ਸਮਾਜ ਵਿੱਚ ਬਰਾਬਰੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਠੋਸ ਕਦਮ ਹੈ।''  CSMR, ਵੱਡ-ਪੱਧਰੀ GSM ਦਾ ਹੀ ਹਿੱਸਾ ਹਨ।

*****

PHOTO • Sweta Daga
PHOTO • Sweta Daga

ਖੱਬੇ: ਮਨੋਹਰ (ਨੀਲੀ ਸ਼ਰਟ ਅਤੇ ਕਾਲਾ ਬੈਗ), ਚੋਣ ਕਮਿਸ਼ਨ ਦੇ ਪੁਲਿਸ ਅਧਿਕਾਰੀ ਸਈਦ ਮੁਨੀਯਾਜ਼ (ਖਾਕੀ ਵਰਦੀ ਵਿੱਚ) ਅਤੇ ਐੱਮਐੱਸ ਉਮੇਸ਼ ਭਾਜਪਾ ਪਾਰਟੀ ਵਰਕਰਾਂ ਨਾਲ਼ ਘਿਰੇ ਹੋਏ ਸਨ। ਸੱਜੇ: ਸਈਦ ਮੁਨੀਯਾਜ਼ ਵਲੰਟੀਅਰਾਂ ਨੂੰ ਥਾਣੇ ਲੈ ਜਾ ਰਹੇ ਹਨ

ਹਮਲਾਵਰ ਪਾਰਟੀ ਵਰਕਰਾਂ ਨਾਲ਼ ਘਿਰੇ ਸਾਡੇ ਕਾਰਕੁੰਨਾਂ ਦੇ ਸਮੂਹ ਨੂੰ ਸੰਬੋਧਨ ਕਰਦੇ ਹੋਏ, ਚੋਣ ਕਮਿਸ਼ਨ ਦੇ ਅਧਿਕਾਰੀ, ਸਈਦ ਮੁਨੀਅਜ਼ ਨੇ ਸਾਨੂੰ ਭਾਜਪਾ ਵੱਲੋਂ ਦਾਇਰ ਕੀਤੀ ਸ਼ਿਕਾਇਤ ਬਾਰੇ ਦੱਸਿਆ ਕਿ "ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ"। ਚੋਣ ਕਮਿਸ਼ਨ ਦੇ ਫਲਾਇੰਗ ਸਕੁਐਡ ਦਾ ਹਿੱਸਾ ਮੁਨੀਯਾਜ਼ ਨੂੰ ਸ਼ਿਕਾਇਤ ਦੀ ਕਾਪੀ ਦਿਖਾਉਣ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਨੇ ਸਿਰਫ਼ ਜ਼ੁਬਾਨੀ ਸ਼ਿਕਾਇਤ ਸੌਂਪੀ ਹੈ।

"ਵਲੰਟੀਅਰਾਂ ਵਿਰੁੱਧ ਕੀ ਸ਼ਿਕਾਇਤ ਦਰਜ ਕੀਤੀ ਗਈ ਹੈ?" ਮੈਂ ਪੁੱਛਿਆ। ''ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਥਾਣੇ ਜਾਣਾ ਪੈਣਾ ਹੈ," ਮੁਨੀਯਾਜ਼ ਨੇ ਪਰਚੇ ਵੰਡਣ ਦਾ ਹਵਾਲ਼ਾ ਦਿੰਦੇ ਹੋਏ ਕਿਹਾ। ਫਿਰ ਜੀਐੱਸਐੱਮ ਕਾਰਕੁਨਾਂ ਨੇ ਮੌਜੂਦਾ ਸਥਿਤੀ ਨੂੰ ਸ਼ਾਂਤ ਕਰਨ ਲਈ ਥਾਣੇ ਜਾਣ ਦਾ ਫੈਸਲਾ ਕੀਤਾ।

ਜਿਓ ਹੀ ਅਸੀਂ ਥਾਣੇ ਵੱਲ ਵਧਣ ਲੱਗੇ, ਭਗਵਾ ਪਰਨਿਆਂ ਵਾਲ਼ੇ ਵਰਕਰਾਂ ਦੀਆਂ ਬਾਈਕਾਂ ਸਾਡੇ ਅੱਗਿਓਂ ਹੋ-ਹੋ ਲੰਘਣ ਲੱਗੀਆਂ, ਭੀੜੀਆਂ ਗਲ਼ੀਆਂ ਵਿੱਚ ਉਹ ਸਾਡੇ ਫੈਂਟ ਮਾਰਨ ਦੀ ਨੀਅਤ ਨਾਲ਼ ਲੰਘਣ ਲੱਗੇ ਤੇ ਉਨ੍ਹਾਂ ਵੱਲੋਂ, "ਤੁਸੀਂ ਮਰ ਜਾਓ", "ਪਾਕਿਸਤਾਨ ਜਾਓ", "ਤੁਸੀਂ ਭਾਰਤੀ ਨਹੀਂ ਹੋ" ਵਰਗੇ ਭਿਆਨਕ ਨਾਅਰੇ ਲਗਾਏ ਗਏ।

ਥਾਣੇ ਵਿੱਚ 20 ਹੋਰ ਲੋਕ ਸਾਡੀ ਉਡੀਕ ਕਰ ਰਹੇ ਸਨ। ਜਦੋਂ ਜੀਐੱਸਐੱਮ ਵਾਲੰਟੀਅਰਾਂ ਅਤੇ ਮੈਂ ਅੰਦਰ ਵੜ੍ਹੇ, ਉਨ੍ਹਾਂ ਸਾਨੂੰ ਘੇਰ ਲਿਆ। ਉੱਥੇ ਮੌਜੂਦ ਸਾਰੇ ਪਾਰਟੀ ਵਰਕਰਾਂ ਨੇ ਮੇਰਾ ਫੋਨ ਅਤੇ ਕੈਮਰਾ ਖੋਹਣ ਦੀ ਧਮਕੀ ਦਿੱਤੀ। ਉਨ੍ਹਾਂ ਵਿੱਚੋਂ ਕੁਝ ਗੁੱਸੇ ਨਾਲ਼ ਮੇਰੇ ਵੱਲ ਵਧੇ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਫਿਰ ਜਦੋਂ ਵਲੰਟੀਅਰ ਥਾਣੇਦਾਰ ਨਾਲ਼ ਗੱਲ ਕਰ ਰਹੇ ਸਨ ਤਾਂ ਉਹ ਮੈਨੂੰ ਕਮਰੇ ਤੋਂ ਬਾਹਰ ਕੱਢਣਾ ਚਾਹੁੰਦੇ ਸਨ।

ਥਾਣੇ ਵਿੱਚ ਡੇਢ ਘੰਟੇ ਤੱਕ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਸਮੂਹ ਨੂੰ ਰਿਹਾਅ ਕਰ ਦਿੱਤਾ ਗਿਆ। ਕੋਈ ਲਿਖਤੀ ਸ਼ਿਕਾਇਤ ਨਹੀਂ ਸੀ ਕੀਤੀ ਗਈ। ਜੀਐੱਸਐੱਮ ਵਲੰਟੀਅਰਾਂ ਨੂੰ ਸਟੇਸ਼ਨ ਛੱਡਣ ਲਈ ਕਿਹਾ ਗਿਆ ਸੀ, ਉਹ ਵੀ ਬਗ਼ੈਰ ਕੋਈ ਸਵਾਲ ਪੁੱਛਿਆਂ ਤੇ ਬਗ਼ੈਰ ਇਹ ਦੱਸਿਆਂ ਕਿ ਇਕੱਠ ਦੀ ਕਾਨੂੰਨੀ ਇਜ਼ਾਜਤ ਲਏ ਹੋਣ ਦੇ ਬਾਵਜੂਦ ਇੰਝ ਕਿਉਂ ਹੋਇਆ। ਉਸ ਦਿਨ ਵੀ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ ਸੀ।

PHOTO • Sweta Daga
PHOTO • Sweta Daga

ਖੱਬੇ: ਮੁਨੀਯਾਜ਼ ਇੱਕ ਬਾਈਕ 'ਤੇ ਸਵਾਰ ਦੋ ਹੈਕਲਰਾਂ ਨਾਲ਼ ਗੱਲ ਕਰਦੇ ਹਨ, ਜੋ ਪਹਿਲਾਂ ਜੀਐੱਸਐੱਮ ਵਾਲੰਟੀਅਰਾਂ 'ਤੇ ਚੀਕ ਰਹੇ ਸਨ। ਸੱਜੇ: ਮੁਨੀਯਾਜ਼ ਜੀਐੱਸਐਮ ਵਾਲੰਟੀਅਰਾਂ ਨੂੰ ਥਾਣੇ ਲੈ ਜਾ ਰਹੇ ਹਨ

PHOTO • Sweta Daga
PHOTO • Sweta Daga

ਖੱਬੇ: ਭਾਜਪਾ ਪਾਰਟੀ ਦੇ ਵਰਕਰ ਜੀਐੱਸਐੱਮ  ਵਾਲੰਟੀਅਰਾਂ ਲਈ ਥਾਣੇ ਵਿੱਚ ਉਡੀਕ ਕਰ ਰਹੇ ਹਨ।  ਸੱਜੇ: ਜੀਐੱਸਐੱਮ  ਵਲੰਟੀਅਰ ਪੁਲਿਸ ਨੂੰ ਸਮਝਾਉਂਦੇ ਹਨ ਕਿ ਉਨ੍ਹਾਂ ਦੇ ਪਰਚੇ ਅਤੇ ਨਿਸ਼ਾਨਾ ਬਣਾ ਕੇ ਪ੍ਰਚਾਰ ਕਰਨਾ ਜਾਇਜ਼ ਸੀ

"ਕੁਇਅਰ ਭਾਈਚਾਰਾ, ਜਿਸ ਨੂੰ ਸਦੀਆਂ ਦੇ ਸ਼ਾਸਨ ਵੱਲੋਂ ਅਪਰਾਧੀਆਂ ਵਜੋਂ ਦੇਖਿਆ ਗਿਆ ਹੈ, ਮੌਜੂਦਾ ਸ਼ਾਸਨ ਦੁਆਰਾ ਉਨ੍ਹਾਂ ਵਿਰੁੱਧ ਅਣਗਹਿਲੀ, ਉਦਾਸੀਨਤਾ ਅਤੇ ਹਿੰਸਾ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਵਿੱਚ ਸੰਗਠਿਤ ਕੀਤਾ ਗਿਆ ਹੈ। ਕੁਇਅਰ ਭਾਈਚਾਰਾ ਇਸ ਮੁਹਿੰਮ ਰਾਹੀਂ ਰਾਜਨੀਤੀ ਵਿੱਚ ਆਪਣੀ ਪ੍ਰਤੀਨਿਧਤਾ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ," ਬੈਂਗਲੁਰੂ ਵਿੱਚ ਕੁਇਅਰ ਸਰਗਰਮੀਆਂ ਦਾ ਅਧਿਐਨ ਕਰਨ ਵਾਲ਼ੇ ਕਾਰਕੁੰਨ ਸਿਧਾਰਥ ਕਹਿੰਦੇ ਹਨ।

ਮੈਂ ਉਹ ਸਟੋਰੀ ਕਵਰ ਕਰ ਹੀ ਨਾ ਸਕੀ ਜੋ ਮੈਂ ਕਰਨੀ ਚਾਹੁੰਦੀ ਸਾਂ। ਕਿਉਂਕਿ ਮੇਰੇ ਲਈ ਇਸ ਘਟਨਾ ਦੀ ਰਿਪੋਰਟ ਕਰਨਾ ਵੱਧ ਅਹਿਮ ਸੀ।

ਜਦੋਂ ਭਾਜਪਾ ਦੇ ਮਨੀਮਾਰਨ ਰਾਜੂ ਤੋਂ ਉਨ੍ਹਾਂ ਦੇ ਵਰਕਰਾਂ ਦੇ ਵਿਵਹਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੁੱਛਿਆ, "ਮੈਂ ਕੀ ਕਹਿ ਸਕਦਾ ਹਾਂ? ਮੈਨੂੰ ਸੁਝ ਨਹੀਂ ਰਿਹਾ ਕਿ ਮੈਂ ਕੀ ਕਹਾਂ। ਇਹ ਸਭ ਖ਼ਤਮ ਹੋਣ ਤੋਂ ਬਾਅਦ ਮੈਂ ਉਨ੍ਹਾਂ ਨਾਲ਼ ਗੱਲ ਕਰਾਂਗਾ। ਉਨ੍ਹਾਂ ਨੂੰ ਅਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਸੀ (ਜ਼ਬਰਦਸਤੀ ਕੈਮਰਾ ਖੋਹਣ ਦੀ ਕੋਸ਼ਿਸ਼ ਕਰਨਾ)।''

ਚੋਣ ਪ੍ਰਕਿਰਿਆ ਵਿਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਨਾ ਸਿਰਫ਼ ਚੋਣ ਕਮਿਸ਼ਨ ਨੂੰ ਦੇਸ਼ ਭਰ ਵਿਚ ਦਖਲ ਦੇਣ ਲਈ ਕਈ ਵਾਰ ਕਿਹਾ ਗਿਆ ਹੈ, ਬਲਕਿ ਕਈ ਹੋਰ ਨਾਗਰਿਕਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਪਰੇਸ਼ਾਨੀ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਮਾਮਲੇ ਵਿੱਚ, ਮੈਂ ਅਤੇ ਬਾਕੀ ਵਲੰਟੀਅਰ ਬਿਨਾਂ ਕਿਸੇ ਸਰੀਰਕ ਨੁਕਸਾਨ ਹੋਇਆਂ ਬਾਹਰ ਆਉਣ ਗਏ। ਪਰ ਸਵਾਲ ਤਾਂ ਬਣੇ ਹੀ ਹੋਏ ਹਨ: ਕਿੰਨੇ ਕੁ ਹੋਰ ਲੋਕਾਂ ਨੂੰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਲਈ ਇਹ ਸਭ ਸਹਾਰਨਾ ਪਵੇਗਾ?

ਤਰਜਮਾ: ਕਮਲਜੀਤ ਕੌਰ

Sweta Daga

Sweta Daga is a Bengaluru-based writer and photographer, and a 2015 PARI fellow. She works across multimedia platforms and writes on climate change, gender and social inequality.

Other stories by Sweta Daga
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur