ਖ਼ਵਾਜਾ ਮੋਇਨੂਦੀਨ ਦੇ ਜ਼ਿਹਨ ਵਿੱਚ ਹਾਲੇ ਵੀ ਉਹ ਸਵੇਰ ਸੱਜਰੀ ਪਈ ਹੈ ਜਦੋਂ ਉਨ੍ਹਾਂ ਨੇ ਖੜ-ਖੜ ਕਰਦਾ ਲਿਸ਼ਕਵਾਂ ਚਿੱਟਾ ਕੁੜਤਾ ਪਾਇਆ ਤੇ  ਭਾਰਤ ਦੀਆਂ ਸਭ ਤੋਂ ਪਹਿਲੀਆਂ ਆਮ ਚੋਣਾਂ, ਜੋ 1951-52 ਦੌਰਾਨ ਪਈਆਂ, ਵਿੱਚ ਵੋਟ ਪਾਉਣ ਗਏ। ਉਦੋਂ ਉਹ 20 ਸਾਲਾਂ ਦਾ ਨੌਜਵਾਨ ਸੀ ਜੋ ਆਪਣੇ ਛੋਟੇ ਜਿਹੇ ਕਸਬੇ ਤੋਂ ਵੋਟਿੰਗ ਸਟੇਸ਼ਨ ਤੱਕ ਦੇ ਰਾਹ ਦੌਰਾਨ ਵਲ਼ਵਲ਼ਿਆਂ ਨਾਲ਼ ਭਰੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਨਾਕਾਮ ਕੋਸ਼ਿਸ਼ ਕਰਦਾ ਰਿਹਾ ਸੀ, ਇਹ ਵਲ਼ਵਲ਼ੇ ਦਰਅਸਲ ਸੁਤੰਤਰ ਗਣਰਾਜ ਵਿੱਚ ਖੁੱਲ੍ਹ ਕੇ ਸਾਹ ਲੈਣ ਦਾ ਅਹਿਸਾਸ ਸਨ।

72 ਸਾਲ ਬੀਤ ਗਏ ਤੇ ਮੋਇਨ 90 ਸਾਲਾਂ ਤੋਂ ਟੱਪ ਗਏ। ਅੱਜ 13 ਮਈ 2024 ਦੀ ਸਵੇਰ ਨੂੰ ਮੋਇਨ ਨੇ ਇੱਕ ਵਾਰ ਫਿਰ ਤੋਂ ਖੜ-ਖੜ ਕਰਦਾ ਲਿਸ਼ਕਵਾਂ ਚਿੱਟਾ ਕੁੜਤਾ ਪਾਇਆ ਤੇ ਖੂੰਡੀ ਸਹਾਰੇ ਪੋਲਿੰਗ ਬੂਥ ਦੇ ਰਾਹ ਪਏ। ਉਨ੍ਹਾਂ ਦੀਆਂ ਪੁਲਾਂਘਾਂ ਵਿੱਚ ਉਹ ਜੋਸ਼ ਨਾ ਰਿਹਾ ਜੋ ਵੋਟਾਂ ਵਾਲ਼ੇ ਦਿਨ ਕਦੇ ਹੋਇਆ ਕਰਦਾ ਸੀ।

'' ਤਬ ਦੇਸ਼ ਬਨਾਨੇ ਕੇ ਲੀਏ ਵੋਟ ਕਿਯਾ ਥਾ , ਆਜ ਦੇਸ਼ ਬਚਾਨੇ ਕੇ ਲੀਏ ਵੋਟ ਕਰ ਰਹਾ ਹੈ , '' ਮਹਾਰਾਸ਼ਟਰ ਦੇ ਬੀਡ ਵਿਖੇ ਆਪਣੇ ਘਰ ਵਿੱਚ ਬੈਠਿਆਂ ਉਹ ਪਾਰੀ ਨੂੰ ਦੱਸਦੇ ਹਨ।

ਮੋਇਨ ਦਾ ਜਨਮ 1932 ਨੂੰ ਬੀਡ ਜ਼ਿਲ੍ਹੇ ਦੀ ਸ਼ਿਰੂਰ ਕਾਸਰ ਤਹਿਸੀਲ ਵਿਖੇ ਹੋਇਆ। ਉਹ ਤਹਿਸੀਲ ਦਫ਼ਤਰ ਬਤੌਰ ਚੌਕੀਦਾਰ ਕੰਮ ਕਰਦੇ ਰਹੇ। ਪਰ 1948 ਨੂੰ ਹੈਦਰਾਬਾਦ ਦੀ ਤਤਕਾਲੀ ਰਿਆਸਤ ਦੇ ਭਾਰਤੀ ਸੰਘ ਵਿੱਚ ਮਿਲ਼ਾਏ ਜਾਣ ਦੌਰਾਨ ਮੱਚੀ ਹਿੰਸਾ ਤੋਂ ਬਚਣ ਲਈ ਮੋਇਨ ਨੂੰ 40 ਕਿਲੋਮੀਟਰ ਦੂਰ ਬੀਡ ਸ਼ਹਿਰ ਠ੍ਹਾਰ ਲੈਣ ਨੂੰ ਮਜ਼ਬੂਰ ਹੋਣਾ ਪਿਆ।

1947 ਦੀ ਖ਼ੂਨੀ ਵੰਡ ਤੋਂ ਇੱਕ ਸਾਲ ਬਾਅਦ ਉਹ ਦੌਰ ਆਇਆ ਜਦੋਂ ਤਿੰਨ ਰਿਆਸਤਾਂ-ਹੈਦਰਾਬਾਦ, ਕਸ਼ਮੀਰ ਤੇ ਤ੍ਰਾਵਣਕੋਰ ਨੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਦਾ ਵਿਰੋਧ ਕੀਤਾ। ਹੈਦਰਾਬਾਦ ਦੇ ਨਿਜ਼ਾਮ ਨੇ ਇੱਕ ਵੱਖਰੇ ਤੇ ਸੁਤੰਤਰ ਰਾਜ ਦੀ ਮੰਗ ਕੀਤੀ ਜੋ ਨਾ ਤਾਂ ਭਾਰਤ ਦਾ ਹਿੱਸਾ ਹੋਵੇਗਾ ਤੇ ਨਾ ਹੀ ਪਾਕਿਸਤਾਨ ਦਾ। ਮਰਾਠਵਾੜਾ ਦਾ ਖੇਤੀਬਾੜੀ ਵਾਲ਼ਾ ਹਿੱਸਾ- ਜਿਸ ਵਿੱਚ ਬੀਡ ਵੀ ਪੈਂਦਾ ਹੈ- ਹੈਦਰਾਬਾਦ ਰਿਆਸਤ ਦਾ ਹਿੱਸਾ ਸੀ।

ਸਤੰਬਰ 1948 ਨੂੰ ਭਾਰਤੀ ਹਥਿਆਰਬੰਦ ਬਲ ਹੈਦਰਾਬਾਦ ਜਾਂਦੇ ਹਨ ਤੇ ਨਿਜਾਮ ਨੂੰ ਆਤਮ ਸਮਰਪਣ ਕਰਨ ਲਈ ਚਾਰ ਦਿਨਾਂ ਤੋਂ ਵੀ ਘੱਟ ਸਮਾਂ ਦਿੱਤਾ ਜਾਂਦਾ ਹੈ। ਹਾਲਾਂਕਿ, ਸੁੰਦਰਲਾਲ ਕਮੇਟੀ ਦੀ ਰਿਪੋਰਟ, ਗੁਪਤ ਸਰਕਾਰੀ ਰਿਪੋਰਟ, ਜੋ ਦਹਾਕਿਆਂ ਬਾਅਦ ਜਨਤਕ ਕੀਤੀ ਗਈ, ਦੱਸਦੀ ਹੈ ਕਿ ਉਸ ਹਮਲੇ ਦੇ ਦੌਰਾਨ ਤੇ ਬਾਅਦ ਵਿੱਚ ਘੱਟੋ-ਘੱਟ 27,000 ਤੋਂ 40,000 ਮੁਸਲਮਾਨਾਂ ਨੂੰ ਜਾਨਾਂ ਗੁਆਉਣੀਆਂ ਪਈਆਂ। ਇਸ ਦੌਰਾਨ ਮੋਇਨ ਵਰਗੇ ਨੌਜਵਾਨ ਜਾਨ ਬਚਾਉਣ ਲਈ ਭੱਜ ਨਿਕਲ਼ੇ।

''ਮੇਰੇ ਪਿੰਡ ਦਾ ਖ਼ੂਹ ਲਾਸ਼ਾਂ ਨਾਲ਼ ਭਰ ਗਿਆ,'' ਭਰੇ ਮਨ ਨਾਲ਼ ਉਹ ਚੇਤੇ ਕਰਦੇ ਹਨ,''ਅਸੀਂ ਬੀਡ ਵੱਲ ਭੱਜ ਨਿਕਲ਼ੇ, ਉਦੋਂ ਤੋਂ ਬੱਸ ਇਹੀ ਮੇਰਾ ਆਪਣਾ ਘਰ ਰਿਹਾ ਹੈ।''

PHOTO • Parth M.N.
PHOTO • Parth M.N.

ਖਵਾਜਾ ਮੋਇਨੂਦੀਨ ਦਾ ਜਨਮ 1932 ਵਿੱਚ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀ ਸ਼ਿਰੂਰ ਕਾਸਰ ਤਹਿਸੀਲ ਵਿੱਚ ਹੋਇਆ ਸੀ। ਉਹ 1951-52 ਦਾ ਉਹ ਦੌਰ ਚੇਤੇ ਕਰਦੇ ਹਨ ਜਦੋਂ ਭਾਰਤ ਵਿੱਚ ਪਹਿਲੀ ਵਾਰ ਵੋਟ ਪਈਆਂ ਸਨ। ਮਈ 2024 ਦੀਆਂ ਆਮ ਚੋਣਾਂ ਵਿੱਚ 92 ਸਾਲਾ ਇਸ ਬਜ਼ੁਰਗ ਨੇ ਇੱਕ ਵਾਰ ਫਿਰ ਤੋਂ ਵੋਟ ਪਾਈ

ਬੀਡ ਵਿਖੇ ਹੀ ਰਹਿੰਦਿਆਂ ਉਨ੍ਹਾਂ ਦਾ ਵਿਆਹ ਹੋਇਆ, ਬੱਚੇ ਜੰਮੇ ਤੇ ਵੱਡੇ ਹੋਏ ਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਪੋਤੇ-ਪੋਤੀਆਂ ਨੂੰ ਜੁਆਨ ਹੁੰਦੇ ਦੇਖਿਆ। ਮੋਇਨ ਨੇ 30 ਸਾਲ ਦਰਜ਼ੀ ਦਾ ਕੰਮ ਕੀਤਾ ਤੇ ਮੁਕਾਮੀ ਪੱਧਰ 'ਤੇ ਰਾਜਨੀਤੀ ਨਾਲ਼ ਵੀ ਜੁੜੇ ਰਹੇ।

ਪਰ ਆਪਣੇ ਜੱਦੀ ਪਿੰਡ ਸ਼ਿਰੂਰ ਕਾਸਰ ਤੋਂ ਭੱਜਣ ਦੇ ਸੱਤ ਦਹਾਕਿਆਂ ਬਾਅਦ ਅੱਜ ਵੀ ਮੋਇਨ ਨੂੰ ਆਪਣੀ ਮੁਸਲਮ ਪਛਾਣ ਅਸੁਰੱਖਿਅਤ ਮਹਿਸੂਸ ਕਰਵਾ-ਕਰਵਾ ਜਾਂਦੀ ਹੈ।

ਨਫ਼ਰਤੀ ਭਾਸ਼ਣ ਤੇ ਨਫ਼ਰਤ ਅਧਾਰਤ ਅਪਰਾਧਾਂ ਦਾ ਦਸਤਾਵੇਜ ਤਿਆਰ ਕਰਨ ਵਾਲ਼ੀ ਵਾਸ਼ਿੰਗਟਨ ਡੀਸੀ ਸਥਿਤ ਸੰਸਥਾ, ਇੰਡੀਆ ਹੇਟ ਲੈਬ ਮੁਤਾਬਕ, 2023 ਵਿੱਚ ਭਾਰਤ ਅੰਦਰ ਨਫ਼ਰਤੀ ਭਾਸ਼ਣ ਦੇਣ ਦੀਆਂ 668 ਘਟਨਾਵਾਂ ਵਾਪਰੀਆਂ। ਹਿਸਾਬ ਲਾਓ ਤਾਂ ਦਿਹਾੜੀ ਦੇ ਦੋ ਭਾਸ਼ਣ ਬਣਦੇ ਹਨ। ਮਹਾਰਾਸ਼ਟਰ, ਜਿਹਨੂੰ ਮਹਾਤਮਾ ਫੂਲੇ ਤੇ ਬਾਬਾ ਸਾਹਿਬ ਅੰਬੇਦਕਰ ਜਿਹੇ ਪ੍ਰਗਤੀਸ਼ੀਲ ਚਿੰਤਕਾਂ ਨੇ ਆਪਣੇ ਵਿਚਾਰਾਂ ਨਾਲ਼ ਜਰਖ਼ੇਜ਼ ਬਣਾਈ ਰੱਖਿਆ, 118 ਨਫ਼ਰਤੀ ਭਾਸ਼ਣਾਂ ਦੀ ਜ਼ਮੀਨ ਬਣ ਸੂਚੀ ਵਿੱਚ ਸਭ ਤੋਂ ਉੱਪਰ ਬਣਿਆ ਹੋਇਆ ਹੈ।

''ਵੰਡ ਤੋਂ ਬਾਅਦ ਭਾਰਤ ਅੰਦਰ ਮੁਸਲਮਾਨਾਂ ਦੀ ਥਾਂ ਨੂੰ ਲੈ ਕੇ ਥੋੜ੍ਹਾ ਭੰਬਲਭੂਸਾ ਬਣਿਆ ਹੀ ਰਿਹਾ,'' ਉਹ ਚੇਤੇ ਕਰਦੇ ਹਨ,''ਪਰ ਮੈਨੂੰ ਕਦੇ ਖ਼ੌਫ਼ ਨਹੀਂ ਆਇਆ। ਮੈਨੂੰ ਭਾਰਤ ਦੇ ਇੱਕ ਰਾਸ਼ਟਰ ਹੋਣ 'ਤੇ ਭਰੋਸਾ ਸੀ। ਪੂਰੀ ਹਯਾਤੀ ਇੱਥੇ ਹੰਢਾਉਣ ਬਾਅਦ ਅੱਜ ਮੈਨੂੰ ਹੈਰਾਨੀ ਹੁੰਦੀ ਇਹ ਸੋਚ ਕਿ ਕੀ ਇੱਥੇ ਮੇਰਾ ਕੁਝ ਹੈ ਵੀ...''

ਉਹ ਇਹੀ ਸੋਚੀ ਜਾਂਦੇ ਰਹਿੰਦੇ ਹਨ ਕਿ ਕਿਵੇਂ ਇੱਕ ਸ਼ਿਰੋਮਣੀ ਪੱਧਰ ਦਾ ਨੇਤਾ ਲੋਕਾਂ ਦਰਮਿਆਨ ਇੰਨੇ ਪਾੜੇ ਪਾ ਸਕਦਾ ਹੈ।

''ਪੰਡਿਤ ਜਵਾਹਰ ਲਾਲ ਨਹਿਰੂ ਆਪਣੀ ਅਵਾਮ ਦੇ ਹਰ ਬਾਸ਼ਿੰਦੇ ਨੂੰ ਦਿਲੋਂ ਪਿਆਰ ਕਰਦੇ ਸਨ ਤੇ ਹਰ ਕੋਈ ਉਨ੍ਹਾਂ ਨੂੰ ਉਵੇਂ ਹੀ ਪਿਆਰ ਮੋੜਦਾ ਵੀ ਸੀ,'' ਮੋਇਨ ਕਹਿੰਦੇ ਹਨ। ''ਉਨ੍ਹਾਂ ਨੇ ਸਾਨੂੰ ਇਹ ਯਕੀਨ ਦਵਾਇਆ ਕਿ ਹਿੰਦੂ ਤੇ ਮੁਸਲਮਾਨ ਇਕੱਠਿਆਂ ਵੀ ਰਹਿ ਸਕਦੇ ਸਨ। ਉਹ ਬਹੁਤ ਹੀ ਸੰਵੇਦਨਸ਼ੀਲ ਤੇ ਨਿਰਪੱਖ ਕਿਸਮ ਦੇ ਵਿਅਕਤੀ ਸਨ। ਪ੍ਰਧਾਨ ਮੰਤਰੀ ਰਹਿੰਦਿਆਂ, ਉਨ੍ਹਾਂ ਨੇ ਸਦਾ ਸਾਨੂੰ ਇਹੀ ਉਮੀਦ ਦਿੱਤੀ ਕਿ ਭਾਰਤ ਵਿਲੱਖਣ ਦੇਸ਼ ਬਣ ਕੇ ਉੱਭਰੇਗਾ।''

ਗੱਲ ਜਾਰੀ ਰੱਖਦਿਆਂ ਮੋਇਨ ਕਹਿੰਦੇ ਹਨ ਕਿ ਨਹਿਰੂ ਦੇ ਉਲਟ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਮਾਨਾਂ ਨੂੰ ''ਘੁਸਪੈਠੀਏ'' ਕਹਿ ਕੇ ਤੇ ਲੋਕਾਂ ਨੂੰ ਧਰਮਾਂ ਦੇ ਨਾਮ 'ਤੇ ਲੜਾ ਕੇ ਵੰਡੀਆਂ ਪਾ ਕੇ ਚੋਣਾਂ ਜਿੱਤਣ ਦਾ ਜਿਹੜਾ ਸੁਪਨਾ ਪਾਲ਼ਿਆ ਹੈ, ਉਹ ਸਿਰਫ਼ ਉਨ੍ਹਾਂ ਦਾ ਹੀ ਸੁਪਨਾ ਹੈ... ਸਾਡੇ ਲਈ ਤਾਂ ਅਚਨਚੇਤ ਮੂੰਹ 'ਤੇ ਵੱਜੇ ਘਸੁੰਨ ਤੋਂ ਘੱਟ ਨਹੀਂ।

22 ਅਪ੍ਰੈਲ 2024 ਨੂੰ, ਮੋਦੀ, ਜੋ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਹਨ, ਨੇ ਰਾਜਸਥਾਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਝੂਠਾ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ "ਘੁਸਪੈਠੀਆਂ" ਵਿੱਚ ਲੋਕਾਂ ਦੀ ਦੌਲਤ ਵੰਡਣ ਦੀ ਯੋਜਨਾ ਬਣਾ ਰਹੀ ਹੈ।

ਮੋਇਨ ਕਹਿੰਦੇ ਹਨ,''ਇਸ ਸਭ ਤੋਂ ਬੜੀ ਨਿਰਾਸ਼ਾ ਹੁੰਦੀ ਹੈ। ਮੈਨੂੰ ਉਹ ਵੇਲ਼ਾ ਵੀ ਯਾਦ ਹੈ ਜਦੋਂ ਸਿਧਾਂਤ ਤੇ ਅਖੰਡਤਾ ਵਿਚਾਰਧਾਰਾ ਦਾ ਹਿੱਸਾ ਹੋਇਆ ਕਰਦੇ। ਪਰ ਹੁਣ ਤਾਂ ਆਲਮ ਇਹ ਹੈ ਕਿ ਸੱਤਾ ਵਿੱਚ ਆਉਣਾ ਹੀ ਆਉਣਾ ਹੈ, ਫਿਰ ਹੱਥਕੰਡਾ ਕੋਈ ਵੀ ਹੋਵੇ।''

PHOTO • Parth M.N.
PHOTO • Parth M.N.

'ਵੰਡ ਤੋਂ ਬਾਅਦ ਭਾਰਤ ਅੰਦਰ ਮੁਸਲਮਾਨਾਂ ਦੀ ਥਾਂ ਨੂੰ ਲੈ ਕੇ ਥੋੜ੍ਹਾ ਭੰਬਲਭੂਸਾ ਬਣਿਆ ਹੀ ਰਿਹਾ,'  ਉਹ ਚੇਤੇ ਕਰਦੇ ਹਨ। 'ਪਰ ਮੈਨੂੰ ਕਦੇ ਖ਼ੌਫ਼ ਨਹੀਂ ਆਇਆ। ਮੈਨੂੰ ਭਾਰਤ ਦੇ ਇੱਕ ਰਾਸ਼ਟਰ ਹੋਣ 'ਤੇ ਭਰੋਸਾ ਸੀ। ਪੂਰੀ ਹਯਾਤੀ ਇੱਥੇ ਹੰਢਾਉਣ ਬਾਅਦ ਅੱਜ ਮੈਨੂੰ ਹੈਰਾਨੀ ਹੁੰਦੀ ਇਹ ਸੋਚ ਕਿ ਕੀ ਇੱਥੇ ਮੇਰਾ ਕੁਝ ਹੈ ਵੀ...'

ਮੋਇਨ ਦੇ ਇੱਕ ਕਮਰੇ ਦੇ ਘਰ ਤੋਂ ਦੋ ਜਾਂ ਤਿੰਨ ਕਿਲੋਮੀਟਰ ਦੂਰ ਸੱਯਦ ਫਾਖਰੂ ਉਜ਼ ਜ਼ਾਮਾ ਰਹਿੰਦੇ ਹਨ। ਸ਼ਾਇਦ ਉਨ੍ਹਾਂ ਨੇ ਸਭ ਤੋਂ ਪਹਿਲੀਆਂ ਆਮ ਚੋਣਾਂ ਵਿੱਚ ਵੋਟ ਨਾ ਪਾਈ ਹੋਵੇ, ਪਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਨਹਿਰੂ ਨੂੰ ਦੋਬਾਰਾ ਚੁਣਨ ਲਈ ਉਨ੍ਹਾਂ ਨੇ ਆਪਣੀ ਵੋਟ ਪਾਈ। ''ਮੈਂ ਜਾਣਦਾ ਹਾਂ ਕਈ ਵਾਰੀਂ ਕਾਂਗਰਸ ਨਾਜ਼ੁਕ ਦੌਰ 'ਚੋਂ ਲੰਘਦੀ ਰਹੀ ਹੈ ਪਰ ਮੈਂ ਨਹਿਰੂ ਦੀ ਵਿਚਾਰਧਾਰਾ ਨੂੰ ਕਦੇ ਨਹੀਂ ਛੱਡ ਸਕਿਆ,'' ਉਹ ਕਹਿੰਦੇ ਹਨ। ''ਮੈਨੂੰ ਚੇਤਾ ਹੈ 1970ਵਿਆਂ ਵਿੱਚ ਇੰਦਰਾ ਗਾਂਧੀ ਬੀਡ ਆਈ ਸਨ। ਮੈਂ ਉਨ੍ਹਾਂ ਨੂੰ ਦੇਖਣ ਗਿਆ ਸਾਂ।''

ਜ਼ਾਮਾ, ਭਾਰਤ ਜੋੜੋ ਯਾਤਰਾ ਤੋਂ ਖ਼ਾਸੇ ਪ੍ਰਭਾਵਤ ਹੋਏ, ਜਦੋਂ ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਯਾਤਰਾ ਕੀਤੀ। ਮਹਾਰਾਸ਼ਟਰ ਅੰਦਰ, ਉਹ ਊਧਵ ਠਾਕਰੇ ਦੇ ਸ਼ੁਕਰਗੁਜ਼ਾਰ ਹਨ- ਉਨ੍ਹਾਂ ਪ੍ਰਤੀ ਆਪਣੇ ਅੰਦਰ ਲੁਕਵੀਂ ਭਾਵਨਾ ਪਾਲ਼ੀ ਬੈਠੇ ਜ਼ਾਮਾ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹ ਇੰਝ ਜ਼ਾਹਰ ਹੋ ਸਕੇਗੀ।

''ਸ਼ਿਵ ਸੈਨਾ ਚੰਗੇ ਕਾਰਨਾਂ ਕਰਕੇ ਬਦਲ ਗਈ ਹੈ,'' ਉਹ ਗੱਲ ਜਾਰੀ ਰੱਖਦੇ ਹਨ,''ਮਹਾਂਮਾਰੀ ਦੌਰਾਨ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਜਿਸ ਤਰੀਕੇ ਨਾਲ਼ ਕੰਮ ਕੀਤਾ, ਉਹ ਵਾਕਿਆ ਪ੍ਰਭਾਵਸ਼ਾਲੀ ਸੀ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਰਾਸ਼ਟਰ ਅੰਦਰ ਮੁਸਲਮਾਨਾਂ ਨੂੰ ਹੋਰਨਾਂ ਸੂਬਿਆਂ ਵਾਂਗਰ ਨਿਸ਼ਾਨਾ ਨਾ ਬਣਾਇਆ ਜਾਵੇ।''

85 ਸਾਲਾ ਦੇ ਹੋ ਚੁੱਕੇ ਜ਼ਾਮਾ ਕਹਿੰਦੇ ਹਨ ਕਿ ਭਾਰਤ ਅੰਦਰ ਵੰਡੀਆਂ ਪਾਉਣ ਵਾਲ਼ੀ ਫ਼ਿਰਕੂ ਲਹਿਰ ਸਦਾ ਤੋਂ ਰਹੀ ਹੀ ਹੈ, ਪਰ ''ਇਹਦੇ ਵਿਰੋਧ ਵਿੱਚ ਨਿਤਰਣ ਵਾਲ਼ੇ ਲੋਕ ਵੀ ਘੱਟੋ-ਘੱਟ ਓਨੇ ਸਪੱਸ਼ਟਵਾਦੀ ਤਾਂ ਸਨ ਹੀ।''

ਦਸੰਬਰ 1992 ਵਿੱਚ, ਵਿਸ਼ਵ ਹਿੰਦੂ ਪਰਿਸ਼ਦ ਦੇ ਹਿੰਦੂ ਕੱਟੜਪੰਥੀ ਸੰਗਠਨਾਂ ਨੇ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿਖੇ ਪੈਂਦੀ ਬਾਬਰੀ ਮਸਜਿਦ ਢਾਹ ਦਿੱਤੀ, ਦਾਅਵਾ ਇਹ ਕੀਤਾ ਗਿਆ ਕਿ ਇਹ ਥਾਂ ਉਨ੍ਹਾਂ ਦੇ ਭਗਵਾਨ ਰਾਮ ਦੀ ਜਨਮਭੂਮੀ ਸੀ। ਇਸ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਸਣੇ ਪੂਰਾ ਦੇਸ਼ ਫ਼ਿਰਕੂ ਅੱਗ ਵਿੱਚ ਮੱਚਣ ਲੱਗਿਆ, ਕਿਤੇ ਦੰਗੇ ਹੋਏ ਕਿਤੇ ਬੰਬ ਧਮਾਕੇ।

ਜ਼ਾਮਾ ਨੂੰ 1992-93 ਦਾ ਉਹ ਅਸ਼ਾਂਤ ਤੇ ਤਣਾਓ ਵਿੱਚ ਘਿਰਿਆ ਬੀਡ ਸ਼ਹਿਰ ਚੇਤੇ ਹੈ।

''ਮੇਰੇ ਬੇਟੇ ਨੇ ਸ਼ਹਿਰ ਵਿੱਚ ਸ਼ਾਂਤੀ ਰੈਲੀ ਕੱਢੀ ਤਾਂ ਜੋ ਭਾਈਚਾਰੇ ਨੂੰ ਇਕਜੁੱਟਦਾ ਦਾ ਸੰਦੇਸ਼ ਦਿੱਤਾ ਜਾ ਸਕੇ। ਰੈਲੀ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਹ ਸਾਂਝੀਵਾਲ਼ਤਾ ਅੱਜ ਕਿਧਰੇ ਨਜ਼ਰੀਂ ਨਹੀਂ ਪੈਂਦੀ,'' ਉਹ ਗੱਲ ਪੂਰੀ ਕਰਦੇ ਹਨ।

PHOTO • Parth M.N.

ਸਈਦ ਫਾਖਰੂ ਉਜ਼ ਜ਼ਾਮਾ ਨੇ 1962 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਨੂੰ ਦੁਬਾਰਾ ਚੁਣਨ ਲਈ ਵੋਟ ਦਿੱਤੀ। 85 ਸਾਲਾ ਦੇ ਹੋ ਚੁੱਕੇ ਜ਼ਾਮਾ ਕਹਿੰਦੇ ਹਨ ਕਿ ਭਾਰਤ ਅੰਦਰ ਵੰਡੀਆਂ ਪਾਉਣ ਵਾਲ਼ੀ ਫ਼ਿਰਕੂ ਲਹਿਰ ਸਦਾ ਤੋਂ ਰਹੀ ਹੀ ਹੈ, ਪਰ 'ਇਹਦੇ ਵਿਰੋਧ ਵਿੱਚ ਨਿਤਰਣ ਵਾਲ਼ੇ ਲੋਕ ਵੀ ਘੱਟੋ-ਘੱਟ ਓਨੇ ਸਪੱਸ਼ਟਵਾਦੀ ਤਾਂ ਸਨ ਹੀ'

ਜ਼ਾਮਾ ਦਾ ਜਨਮ ਉਸੇ ਘਰ ਵਿੱਚ ਹੋਇਆ ਜਿੱਥੇ ਉਹ ਹੁਣ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਬੀਡ ਵਿਖੇ ਰਸੂਖ ਰੱਖਣ ਵਾਲ਼ੇ ਮੁਸਲਿਮ ਪਰਿਵਾਰਾਂ ਵਿੱਚੋਂ ਹੈ, ਚੋਣਾਂ ਤੋਂ ਪਹਿਲਾਂ ਜਿਨ੍ਹਾਂ ਤੋਂ ਨੇਤਾ ਲੋਕ ਅਸ਼ੀਰਵਾਦ ਲੈਣ ਆਉਂਦੇ ਰਹੇ। ਉਨ੍ਹਾਂ ਦੇ ਪਿਤਾ ਤੇ ਦਾਦਾ, ਦੋਵੇਂ ਅਧਿਆਪਕ, ''ਪੁਲਸੀਆ ਕਾਰਵਾਈ'' ਦੌਰਾਨ ਜੇਲ੍ਹ ਵੀ ਗਏ। ਆਪਣੇ ਪਿਤਾ ਦੀ ਮੌਤ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਜ਼ਨਾਜੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਜਿਨ੍ਹਾਂ ਵਿੱਚ ਮੁਕਾਮੀ ਆਗੂ ਵੀ ਸ਼ਾਮਲ ਸਨ।

''ਮੇਰਾ ਗੋਪੀਨਾਥ ਮੁੰਡੇ ਨਾਲ਼ ਸ਼ਾਨਦਾਰ ਰਿਸ਼ਤਾ ਰਿਹਾ ਸੀ,'' ਜ਼ਾਮਾ, ਬੀਡ ਦੇ ਵੱਡੇ ਨੇਤਾ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ। ''ਭਾਵੇਂ ਉਹ ਬੀਜੇਪੀ ਤੋਂ ਸੀ ਫਿਰ ਵੀ 2009 ਵਿੱਚ ਮੇਰੇ ਪੂਰੇ ਪਰਿਵਾਰ ਨੇ ਉਨ੍ਹਾਂ ਨੂੰ ਵੋਟ ਪਾਈ। ਅਸੀਂ ਜਾਣਦੇ ਸਾਂ ਉਹ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਫ਼ਰਕ ਨਹੀਂ ਕਰੇਗਾ।''

ਉਨ੍ਹਾਂ ਦਾ ਕਹਿਣਾ ਹੈ ਕਿ ਬੀਡ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਮੁੰਡੇ ਦੀ ਧੀ, ਪੰਕਜਾ ਨਾਲ਼ ਵੀ ਉਨ੍ਹਾਂ ਦੇ ਦੋਸਤਾਨਾ ਤਾਅਲੁਕਾਤ ਹਨ, ਹਾਲਾਂਕਿ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਮੋਦੀ ਦੇ ਫਿਰਕੂ ਨਫ਼ਰਤੀ ਭਾਸ਼ਣਾਂ ਤੋਂ ਖ਼ੁਦ ਨੂੰ ਅਲੱਗ-ਥਲੱਗ ਨਹੀਂ ਕਰ ਸਕਦੀ। ''ਮੋਦੀ ਨੇ ਆਪਣੀ ਰੈਲੀ ਦੌਰਾਨ ਭੜਕਾਊ ਟਿੱਪਣੀ ਕੀਤੀ,'' ਜ਼ਾਮਾ ਕਹਿੰਦੇ ਹਨ,''ਉਨ੍ਹਾਂ ਦੀ ਫੇਰੀ ਤੋਂ ਬਾਅਦ ਪੰਕਜਾ ਹੱਥੋਂ ਹਜ਼ਾਰਾਂ ਵੋਟ ਨਿਕਲ਼ ਗਏ। ਝੂਠ ਬੋਲ ਕੇ ਤੁਸੀਂ ਬਹੁਤੀ ਦੂਰ ਨਹੀਂ ਜਾ ਸਕਦੇ।''

ਜ਼ਾਮਾ ਆਪਣੇ ਜਨਮ ਤੋਂ ਪਹਿਲਾਂ ਆਪਣੇ ਪਿਤਾ ਦੀ ਇੱਕ ਕਹਾਣੀ ਚੇਤੇ ਕਰਦੇ ਹਨ। ਉਨ੍ਹਾਂ ਦੇ ਘਰ ਤੋਂ ਥੋੜ੍ਹੀ ਹੀ ਦੂਰੀ 'ਤੇ ਇੱਕ ਮੰਦਰ ਹੈ ਜੋ 1930ਵਿਆਂ ਦੌਰਾਨ ਜਾਂਚ ਦੇ ਦਾਇਰੇ ਵਿੱਚ ਆਇਆ। ਕੁਝ ਮੁਕਾਮੀ ਮੁਸਲਮ ਨੇਤਾਵਾਂ ਦਾ ਮੰਨਣਾ ਸੀ ਕਿ ਇਹ ਅਸਲ ਵਿੱਚ ਇੱਕ ਮਸਜਿਦ ਸੀ ਤੇ ਉਨ੍ਹਾਂ ਨੇ ਹੈਦਰਾਬਾਦ ਦੇ ਨਿਜ਼ਾਮ ਨੂੰ ਅਪੀਲ ਕੀਤੀ ਕਿ ਉਹ ਮੰਦਰ ਨੂੰ ਮਸਜਿਦ ਵਿੱਚ ਬਦਲ ਦੇਣ। ਜ਼ਾਮਾ ਦੇ ਪਿਤਾ ਸਈਦ ਮਹਿਬੂਬ ਅਲੀ ਸ਼ਾਹ ਆਪਣੇ ਸੱਚੇ ਬੋਲਾਂ ਲਈ ਜਾਣੇ ਜਾਂਦੇ ਸਨ।

''ਇਹ ਫ਼ੈਸਲਾ ਕਰਨਾ ਉਨ੍ਹਾਂ ਸਿਰ ਆਇਆ ਕਿ ਉਹ ਮਸਜਿਦ ਹੈ ਜਾਂ ਮੰਦਰ,'' ਜ਼ਾਮਾ ਕਹਿੰਦੇ ਹਨ। ''ਮੇਰੇ ਪਿਤਾ ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਕਦੇ ਵੀ ਕੁਝ ਅਜਿਹਾ ਨਹੀਂ ਦੇਖਿਆ ਜਿਸ ਤੋਂ ਇਹਦੇ ਮਸਜਿਦ ਹੋਣ ਦਾ ਕੋਈ ਸਬੂਤ ਮਿਲ਼ਦਾ ਹੋਵੇ। ਮਾਮਲਾ ਸੁਲਝ ਗਿਆ ਤੇ ਮੰਦਰ ਬਚਾ ਲਿਆ ਗਿਆ। ਭਾਵੇਂ ਇਸ ਨੇ ਕੁਝ ਲੋਕਾਂ ਨੂੰ ਨਿਰਾਸ਼ ਕੀਤਾ, ਪਰ ਮੇਰੇ ਪਿਤਾ ਨੇ ਝੂਠ ਨਹੀਂ ਬੋਲਿਆ। ਅਸੀਂ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ 'ਤੇ ਯਕੀਨ ਕਰਦੇ ਹਾਂ: 'ਸੱਚ ਤੁਹਾਨੂੰ ਸਦਾ ਮੁਕਤ ਰੱਖਦਾ ਹੈ'।''

ਮੋਇਨ ਨਾਲ਼ ਪੂਰੀ ਗੁਫ਼ਤਗੂ ਦੌਰਾਨ ਗਾਂਧੀ ਦਾ ਜ਼ਿਕਰ ਆਉਂਦਾ ਹੀ ਰਹਿੰਦਾ ਹੈ। ''ਉਨ੍ਹਾਂ ਨੇ ਸਾਡੇ ਮਨਾਂ ਅੰਦਰ ਏਕਤਾ ਤੇ ਭਾਈਚਾਰਕ ਸਦਭਾਵਨਾ ਦਾ ਸੰਚਾਰ ਕੀਤਾ,'' ਇੰਨਾ ਕਹਿੰਦੇ ਹੋਏ ਉਹ ਪੁਰਾਣਾ ਹਿੰਦੀ ਫ਼ਿਲਮੀ ਗੀਤ ਗਾਉਣ ਲੱਗਦੇ ਹਨ: ਤੂ ਨਾ ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ। ਇਨਸਾਨ ਕੀ ਔਲਾਦ ਹੈ, ਇਨਸਾਨ ਬਨੇਗਾ।

ਜਦੋਂ 1990 ਵਿੱਚ ਉਹ ਕੌਂਸਲਰ ਬਣੇ ਤਾਂ ਵੀ ਉਨ੍ਹਾਂ ਨੇ ਇਸੇ ਸਿਧਾਂਤ ਦੀ ਪਾਲਣਾ ਕੀਤੀ। ਮੋਇਨ ਕਹਿੰਦੇ ਹਨ,''ਰਾਜਨੀਤਿਕ ਦਿਲਚਸਪੀ ਕਾਰਨ ਮੈਂ 30 ਸਾਲ ਪੁਰਾਣਾ ਆਪਣਾ ਦਰਜ਼ੀ ਦਾ ਪੇਸ਼ਾ ਛੱਡ ਦਿੱਤਾ,'' ਹੱਸਦਿਆਂ ਉਹ ਗੱਲ ਅੱਗੇ ਤੋਰਦੇ ਹਨ,''ਪਰ ਮੈਂ ਇੱਕ ਸਿਆਸਤਦਾਨ ਵਜੋਂ ਬਹੁਤਾ ਲੰਬਾ ਸਮਾਂ ਟਿਕ ਨਾ ਸਕਿਆ। ਮੈਂ ਨਾ ਤਾਂ ਭ੍ਰਿਸ਼ਟਾਚਾਰ ਸਹਿਣ ਕਰ ਸਕਿਆ ਤੇ ਨਾ ਹੀ ਸਥਾਨਕ ਚੋਣਾਂ ਵਿੱਚ ਵਰਤੇ ਜਾਂਦੇ ਉਸ ਪੈਸੇ ਨੂੰ ਬਰਦਾਸ਼ਤ ਹੀ ਸਕਿਆ। 25 ਸਾਲਾਂ ਤੋਂ ਮੈਂ ਇੱਕ ਰਿਟਾਇਰਡ ਵਿਅਕਤੀ ਹਾਂ।''

PHOTO • Parth M.N.

ਜ਼ਾਮਾ ਨੂੰ 1992-93 ਦਾ ਉਹ ਅਸ਼ਾਂਤ ਤੇ ਤਣਾਓ ਵਿੱਚ ਘਿਰਿਆ ਬੀਡ ਸ਼ਹਿਰ ਚੇਤੇ ਹੈ।  'ਮੇਰੇ ਬੇਟੇ ਨੇ ਸ਼ਹਿਰ ਵਿੱਚ ਸ਼ਾਂਤੀ ਰੈਲੀ ਕੱਢੀ ਤਾਂ ਜੋ ਭਾਈਚਾਰੇ ਨੂੰ ਇਕਜੁੱਟਦਾ ਦਾ ਸੰਦੇਸ਼ ਦਿੱਤਾ ਜਾ ਸਕੇ। ਰੈਲੀ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਹ ਸਾਂਝੀਵਾਲ਼ਤਾ ਅੱਜ ਕਿਧਰੇ ਨਜ਼ਰੀਂ ਨਹੀਂ ਪੈਂਦੀਂ '

ਜ਼ਾਮਾ ਦੇ ਰਿਟਾਇਰ ਹੋਣ ਦੇ ਫੈਸਲੇ ਮਗਰ ਤੇਜ਼ੀ ਨਾਲ਼ ਬਦਲਦਾ ਸਮਾਂ ਅਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੋਣਾ ਹੈ। ਉਨ੍ਹਾਂ ਨੇ ਉਸ ਸਮੇਂ ਠੇਕੇਦਾਰ ਵਜੋਂ ਵੀ ਕੰਮ ਕੀਤਾ ਸੀ ਜਦੋਂ ਸਭ ਕੁਝ ਠੀਕ-ਠਾਕ ਸੀ। "1990ਵਿਆਂ ਤੋਂ ਬਾਅਦ ਸਥਿਤੀ ਬਦਲ ਗਈ। ਕੰਮ ਦੀ ਗੁਣਵੱਤਾ ਖ਼ੁਰਨ ਲੱਗੀ ਅਤੇ ਰਿਸ਼ਵਤਖੋਰੀ ਹੀ ਸਭ ਕੁਝ ਬਣ ਗਈ। ਉਦੋਂ ਮੈਂ ਸੋਚਿਆ ਕਿ ਘਰ ਬਹਿਣਾ ਹੀ ਸਭ ਤੋਂ ਵਧੀਆ ਵਿਕਲਪ ਹੈ," ਉਹ ਯਾਦ ਕਰਦੇ ਹਨ।

ਰਿਟਾਇਰਮੈਂਟ ਤੋਂ ਬਾਅਦ ਜ਼ਾਮਾ ਅਤੇ ਮੋਇਨ ਦੋਵੇਂ ਹੋਰ ਵੀ ਧਾਰਮਿਕ ਹੋ ਗਏ ਹਨ। ਜ਼ਾਮਾ ਸਵੇਰੇ 4:30 ਵਜੇ ਉੱਠਦੇ ਹਨ ਅਤੇ ਸਵੇਰ ਦੀ ਪ੍ਰਾਰਥਨਾ ਕਰਦੇ ਹਨ। ਸ਼ਾਂਤੀ ਦੀ ਭਾਲ਼ ਵਿੱਚ ਮੋਇਨ ਕਦੇ ਗਲ਼ੀਓਂ ਪਾਰ ਪੈਂਦੀ ਮਸਜਿਦ ਜਾਂਦੇ ਹਨ ਤੇ ਘਰ। ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਦੀ ਮਸਜਿਦ ਬੀਡ ਦੀ ਇੱਕ ਤੰਗ ਗਲ਼ੀ ਵਿੱਚ ਹੈ।

ਪਿਛਲੇ ਦੋ ਸਾਲਾਂ ਤੋਂ ਹਿੰਦੂ ਸੱਜੇ ਪੱਖੀ ਸਮੂਹ ਰਾਮ ਨੌਮੀ ਮੌਕੇ ਮਸਜਿਦਾਂ ਦੇ ਸਾਹਮਣੇ ਨਫ਼ਰਤ ਭਰੇ ਅਤੇ ਭੜਕਾਊ ਗਾਣੇ ਵਜਾ ਕੇ ਤਿਉਹਾਰ ਮਨਾ ਰਹੇ ਹਨ। ਬੀਡ ਦੀ ਕਹਾਣੀ ਵੀ ਇਸ ਤੋਂ ਵੱਖਰੀ ਨਹੀਂ ਹੈ। ਖੁਸ਼ਕਿਸਮਤੀ ਨਾਲ, ਜਿਸ ਗਲ਼ੀ ਵਿੱਚ ਮੋਇਨ ਦੀ ਮਸਜਿਦ ਸਥਿਤ ਹੈ, ਉਹ ਇੰਨੀ ਭੀੜੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਹਿੰਸਕ ਜਲੂਸ ਲੰਘ ਹੀ ਨਹੀਂ ਸਕਦਾ।

ਇਸ ਮਾਮਲੇ ਵਿੱਚ ਜ਼ਾਮਾ ਦੀ ਕਿਸਮਤ ਮਾੜੀ ਹੈ। ਉਨ੍ਹਾਂ ਦੇ ਕੰਨਾਂ ਨੂੰ ਮੁਸਲਮਾਨਾਂ ਵਿਰੁੱਧ ਹਿੰਸਾ ਭੜਕਾਉਣ ਤੇ ਗਾਲ੍ਹਾਂ ਕੱਢਣ ਵਾਲ਼ੇ ਗੀਤ ਨਾ-ਚਾਹੁੰਦਿਆਂ ਵੀ ਸੁਣਨੇ ਹੀ ਪੈਂਦੇ ਹਨ। ਗਾਣੇ ਦਾ ਹਰ ਇੱਕ ਬੋਲ ਉਨ੍ਹਾਂ ਨੂੰ ਇੰਝ ਮਹਿਸੂਸ ਕਰਾਉਂਦਾ ਜਿਵੇਂ ਉਹ ਇਨਸਾਨ ਹੋਣ ਹੀ ਨਾ।

ਜ਼ਾਮਾ ਕਹਿੰਦੇ ਹੈ, "ਮੈਨੂੰ ਉਹ ਦਿਨ ਯਾਦ ਹਨ ਜਦੋਂ ਮੇਰੇ ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਮੁਸਲਿਮ ਦੋਸਤ ਰਾਮ ਨੌਮੀ ਅਤੇ ਗਣੇਸ਼ ਤਿਉਹਾਰਾਂ ਦੌਰਾਨ ਹਿੰਦੂ ਤੀਰਥ ਯਾਤਰੀਆਂ ਨੂੰ ਪਾਣੀ, ਜੂਸ ਅਤੇ ਕੇਲੇ ਭੇਟ ਕਰਦੇ ਸਨ। "ਪਰ ਮੁਸਲਿਮ ਵਿਰੋਧੀ ਨਫ਼ਰਤ ਦੇ ਗੀਤ ਆਉਣ ਤੋਂ ਬਾਅਦ ਇਹ ਸੁੰਦਰ ਪਰੰਪਰਾ ਦਮ ਤੋੜ ਗਈ।''

PHOTO • Parth M.N.

ਜ਼ਾਮਾ ਦਾ ਜਨਮ ਉਸੇ ਘਰ ਵਿੱਚ ਹੋਇਆ ਜਿੱਥੇ ਉਹ ਹੁਣ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਬੀਡ ਵਿਖੇ ਰਸੂਖ ਰੱਖਣ ਵਾਲ਼ੇ ਮੁਸਲਿਮ ਪਰਿਵਾਰਾਂ ਵਿੱਚੋਂ ਹੈ, ਚੋਣਾਂ ਤੋਂ ਪਹਿਲਾਂ ਜਿਨ੍ਹਾਂ ਤੋਂ ਨੇਤਾ ਲੋਕ ਅਸ਼ੀਰਵਾਦ ਲੈਣ ਆਉਂਦੇ ਰਹੇ। ਉਨ੍ਹਾਂ ਦੇ ਪਿਤਾ ਤੇ ਦਾਦਾ, ਦੋਵੇਂ ਅਧਿਆਪਕ, 'ਪੁਲਸੀਆ ਕਾਰਵਾਈ' ਦੌਰਾਨ ਜੇਲ੍ਹ ਵੀ ਗਏ। ਆਪਣੇ ਪਿਤਾ ਦੀ ਮੌਤ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਜ਼ਨਾਜੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਜਿਨ੍ਹਾਂ ਵਿੱਚ ਮੁਕਾਮੀ ਆਗੂ ਵੀ ਸ਼ਾਮਲ ਸਨ

ਉਨ੍ਹਾਂ ਅੰਦਰ ਰਾਮ ਪ੍ਰਤੀ ਬਹੁਤ ਆਦਰ ਹੈ ਪਰ, ਉਹ ਕਹਿੰਦੇ ਹਨ, "ਰਾਮ ਨੇ ਕਿਸੇ ਨੂੰ ਵੀ ਦੂਜਿਆਂ ਨਾਲ਼ ਨਫ਼ਰਤ ਕਰਨਾ ਨਹੀਂ ਸਿਖਾਇਆ। ਨੌਜਵਾਨ ਆਪਣੇ ਹੀ ਰੱਬ ਨੂੰ ਦੋਸ਼ੀ ਠਹਿਰਾ ਰਹੇ ਹਨ। ਰਾਮ ਨੇ ਅਜਿਹੇ ਧਰਮੀਆਂ ਦੀ ਨੁਮਾਇੰਦਗੀ ਨਹੀਂ ਸੀ ਕੀਤੀ।''

ਮਸਜਿਦਾਂ ਦੇ ਸਾਹਮਣੇ ਨਫ਼ਰਤ ਫੈਲਾਉਣ ਵਾਲ਼ੇ ਹਿੰਦੂਆਂ ਵਿੱਚ ਬਾਲਗ਼ ਨੌਜਵਾਨਾਂ ਦਾ ਦਬਦਬਾ ਰਹਿੰਦਾ ਹੈ ਅਤੇ ਇਹੀ ਗੱਲ ਜ਼ਾਮਾ ਨੂੰ ਸਭ ਤੋਂ ਵੱਧ ਚਿੰਤਤ ਕਰਦੀ ਹੈ। "ਈਦ ਮੌਕੇ ਮੇਰੇ ਪਿਤਾ ਉਦੋਂ ਤੱਕ ਖਾਣਾ ਨਾ ਖਾਂਦੇ ਜਦੋਂ ਤੱਕ ਉਨ੍ਹਾਂ ਦੇ ਹਿੰਦੂ ਦੋਸਤ ਨਾ ਆ ਜਾਂਦੇ," ਉਹ ਕਹਿੰਦੇ ਹਨ। "ਮੈਂ ਵੀ ਇੰਝ ਹੀ ਕਰਦਾ ਰਿਹਾ ਹਾਂ ਪਰ ਮੈਂ ਆਪਣੀਆਂ ਅੱਖਾਂ ਸਾਹਵੇਂ ਸਭ ਕੁਝ ਬਦਲਦਾ ਦੇਖ ਰਿਹਾ ਹੈ।''

ਕਾਸ਼ ਅਸੀਂ ਸਾਂਝ-ਭਿਆਲ਼ੀ ਦੇ ਦਿਨਾਂ ਵਿੱਚ ਵਾਪਸ ਮੁੜ ਪਾਈਏ, ਮੋਇਨ ਕਹਿੰਦੇ ਹਨ, ਜੇ ਅਸੀਂ ਸ਼ਾਂਤੀ ਬਹਾਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਗਾਂਧੀ ਜਿਹੇ ਦ੍ਰਿੜ ਇਰਾਦੇ ਵਾਲ਼ੇ ਅਤੇ ਇਮਾਨਦਾਰ ਨੇਤਾ ਦੀ ਜ਼ਰੂਰਤ ਹੈ।

ਗਾਂਧੀ ਦੀ ਯਾਤਰਾ ਮਜਰੂਹ ਸੁਲਤਾਨ ਪੁਰੀ ਦੇ ਇੱਕ ਦੋਹੇ ਦੀ ਯਾਦ ਦਿਵਾਉਂਦੀ ਹੈ: "ਮੈਂ ਅਕੇਲਾ ਹੀ ਚਲਾ ਥਾ ਜਾਨਿਬ-ਏ-ਮੰਜ਼ਿਲ ਮਗਰ , ਲੋਗ ਸਾਥ ਆਤੇ ਗਏ ਅਤੇ ਕਾਫਲਾ ਬਨਤਾ ਗਿਆ। ''

"ਜੇ ਅਸੀਂ ਹੁਣ ਵੀ ਨਾ ਸਮਝੇ ਤਾਂ ਸੰਵਿਧਾਨ ਬਦਲ ਦਿੱਤਾ ਜਾਵੇਗਾ ਅਤੇ ਅਗਲੀ ਪੀੜ੍ਹੀ ਇਹਦਾ ਮੁੱਲ ਤਾਰੇਗੀ," ਉਹ ਕਹਿੰਦੇ ਹਨ।

ਪੰਜਾਬੀ ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur