"ਮੈਨੂੰ ਇਓਂ ਜਾਪਦਾ ਜਿਵੇਂ ਮੇਰੇ ਫੇਫੜੇ ਪੱਥਰ ਦੇ ਹੋਣ। ਮੈਂ ਬਾਮੁਸ਼ਕਲ ਹੀ ਤੁਰ ਪਾਉਂਦਾ ਹਾਂ," ਮਾਨਿਕ ਸਰਦਾਰ ਕਹਿੰਦੇ ਹਨ।
55 ਸਾਲਾ ਇਸ ਵਿਅਕਤੀ ਨੂੰ ਨਵੰਬਰ 2022 ਵਿੱਚ ਇੱਕ ਜਾਂਚ ਦੌਰਾਨ ਸਿਲੀਕੋਸਿਸ ਰੋਗ ਹੋਣ ਦਾ ਪਤਾ ਲੱਗਾ ਸੀ ਜੋ ਫੇਫੜਿਆਂ ਦੀ ਲਾਇਲਾਜ ਬਿਮਾਰੀ ਹੈ। ''ਮੈਂ ਆਉਣ ਵਾਲ਼ੀਆਂ ਚੋਣਾਂ ਬਾਰੇ ਸੋਚਣ ਦੀ ਹਾਲਤ 'ਚ ਨਹੀਂ ਹਾਂ। ਮੈਨੂੰ ਆਪਣੇ ਪਰਿਵਾਰ ਦੀ ਹਾਲਤ ਬਾਰੇ ਚਿੰਤਾ ਏ," ਉਹ ਕਹਿੰਦੇ ਹਨ।
ਨਾਬਾ ਕੁਮਾਰ ਮੰਡਲ ਵੀ ਸਿਲੀਕੋਸਿਸ ਤੋਂ ਪੀੜਤ ਹਨ। ਉਹ ਕਹਿੰਦੇ ਹਨ,"ਚੋਣਾਂ ਹੋਰ ਕੁਝ ਵੀ ਨਹੀਂ ਸਿਰਫ਼ ਝੂਠੇ ਵਾਅਦੇ ਹੀ ਨੇ। ਵੋਟ ਪਾਉਣਾ ਜਿਓਂ ਰੁਟੀਨ ਦਾ ਹਿੱਸਾ ਬਣ ਗਿਆ ਹੋਵੇ। ਕੋਈ ਫ਼ਰਕ ਨਹੀਂ ਪੈਂਦਾ ਸੱਤਾ ਵਿੱਚ ਆ ਕੌਣ ਰਿਹਾ ਏ, ਸਾਡੇ ਜੀਵਨ ਵਿੱਚ ਤਾਂ ਕੋਈ ਬਦਲਾਅ ਆਉਣੋਂ ਰਿਹਾ।''
ਮਾਨਿਕ ਅਤੇ ਨਾਬਾ ਦੋਵੇਂ ਪੱਛਮੀ ਬੰਗਾਲ ਦੇ ਮੀਨਾਖਾਨ ਬਲਾਕ ਦੇ ਝੁਪਖਾਲੀ ਪਿੰਡ ਦੇ ਵਸਨੀਕ ਹਨ। ਇਸ ਹਲਕੇ ਵਿੱਚ 2024 ਦੀਆਂ ਆਮ ਚੋਣਾਂ ਦੇ ਆਖਰੀ ਗੇੜ ਭਾਵ 1 ਜੂਨ ਨੂੰ ਵੋਟਾਂ ਪੈਣਗੀਆਂ।
ਦੋਵਾਂ ਨੇ ਇੱਕ-ਡੇਢ ਸਾਲ ਲਗਾਤਾਰ ਉਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕੀਤਾ ਜਿੱਥੇ ਉਹ ਸਿਲਿਕਾ ਧੂੜ ਦੇ ਸਿੱਧਿਆਂ ਸੰਪਰਕ ਵਿੱਚ ਆਉਂਦੇ ਰਹੇ ਤੇ ਜਿੱਥੇ ਉਨ੍ਹਾਂ ਦੀ ਸਿਹਤ ਦਾ ਨੁਕਸਾਨ ਹੋਣ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਪੈਸਿਆਂ ਦਾ ਨੁਕਸਾਨ ਵੀ ਝੱਲਣਾ ਪਿਆ। ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲ਼ਦਾ ਕਿਉਂਕਿ ਰੈਮਿੰਗ ਮਾਸ ਦੀਆਂ ਬਹੁਤੇਰੀਆਂ ਫ਼ੈਕਟਰੀਆਂ ਡਾਇਰੈਕਟੋਰੇਟ ਆਫ਼ ਫ਼ੈਕਟਰੀਜ਼ ਕੋਲ਼ ਰਜਿਸਟਰਡ ਨਹੀਂ ਹਨ ਤੇ ਜੋ ਹਨ ਵੀ ਉਹ ਵੀ ਨਾ ਤਾਂ ਨਿਯੁਕਤੀ ਪੱਤਰ ਜਾਰੀ ਕਰਦੀਆਂ ਹਨ ਤੇ ਨਾ ਹੀ ਪਛਾਣ ਪੱਤਰ। ਅਜਿਹੀਆਂ ਬਹੁਤ ਸਾਰੀਆਂ ਫ਼ੈਕਟਰੀਆਂ ਅਸਲ ਵਿੱਚ ਗੈਰ-ਕਾਨੂੰਨੀ ਜਾਂ ਅੱਧ-ਪਚੱਧੇ ਕਾਨੂੰਨੀ ਦਾਇਰੇ ਹੇਠ ਹਨ। ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਕਾਮੇ ਵੀ ਰਜਿਸਟਰਡ ਨਹੀਂ ਹਨ।














