ਦੂਰ ਦੁਰਾਡੇ ਵਸਦੀ ਬੁੱਧ ਬਸਤੀ ਮਲਿਆਮਾ ਵਿੱਚ ਦੁਪਹਿਰ ਦੀ ਚੁੱਪ ਨੂੰ ਇੱਕ ‘ਜਲੂਸ’ ਦਾ ਸ਼ੋਰ ਅਤੇ ਹੱਲਾ ਭੰਗ ਕਰਦਾ ਹੈ। ਹਾਂ ਇਹ ਅਕਤੂਬਰ ਦਾ ਮਹੀਨਾ ਹੈ ਪਰ ਇੱਥੇ ਕੋਈ ਪੂਜਾ ਜਾਂ ਪੰਡਾਲ ਨਹੀਂ ਹੈ। ਇਹ ‘ਜਲੂਸ’ ਅੱਠ ਦਸ, 2 ਤੋਂ 11 ਸਾਲ ਦੀ ਉਮਰ ਦੇ ਮੋਨਪਾ ਬੱਚਿਆਂ ਦਾ ਹੈ ਜੋ ਕਿ ਦੁਰਗਾ ਪੂਜਾ ਦੀਆਂ ਛੁੱਟੀਆਂ ਹੋਣ ਕਾਰਨ ਘਰ ਹੀ ਹਨ।
ਦੋ ਨਿੱਜੀ ਸਕੂਲ ਅਤੇ ਸਭ ਤੋਂ ਵੱਡਾ ਤੇ ਨੇੜਲਾ ਸਰਕਾਰੀ ਸਕੂਲ, 7-10 ਕਿਲੋਮੀਟਰ ਦੂਰ ਦਿਰਾਂਗ ਵਿੱਚ ਸਥਿਤ ਹਨ। ਅਤੇ ਇਹ ਸਾਰੇ ਸਕੂਲ ਜਿੱਥੇ ਬੱਚੇ ਰੋਜ਼ਾਨਾ ਪੈਦਲ ਜਾਂਦੇ ਹਨ- ਲਗਭਗ ਦਸ ਦਿਨਾਂ ਲਈ ਬੰਦ ਹਨ। ਪਰ ਇਸ ਵਿਹਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਸੁਭਾਵਿਕ ਹੀ ਅੰਦਾਜ਼ਾ ਹੈ ਇੱਕ ਅੱਧੀ ਛੁੱਟੀ ਦਾ ਸਮਾਂ ਕਦ ਹੁੰਦਾ ਹੈ। ਇਹ ਦੋ ਵਜੇ ਹੁੰਦਾ ਹੈ, ਦੁਪਹਿਰ ਦੇ ਖਾਣੇ ਤੋਂ ਬਾਅਦ। ਇਸ ਸਮੇਂ ਤੇ ਸਮੁੰਦਰ ਤਲ ਤੋਂ 1800 ਮੀਟਰ ਤੇ ਵੱਸੀ ਇਹਨਾਂ ਦੀ ਬਸਤੀ ਵਿੱਚ ਇੰਟਰਨੈਟ ਸੁਵਿਧਾ ਬਹੁਤ ਬੁਰੀ ਹੁੰਦੀ ਹੈ ਅਤੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਫ਼ੋਨ ਵਾਪਿਸ ਕਰਨੇ ਪੈਂਦੇ ਹਨ। ਇਹ ਸਮਾਂ ਉਹਨਾਂ ਦਾ ਇਕੱਠੇ ਹੋ ਕੇ ਮੇਨ ਗਲੀ ਵਿੱਚ ਮਾਨਖਾ ਲੈਦਾ (ਅਖਰੋਟ ਵਾਲੀ ਖੇਡ) ਖੇਡਣ ਦਾ ਹੁੰਦਾ ਹੈ।
ਇਸ ਬਸਤੀ ਨੂੰ ਘੇਰੇ ਹੋਏ ਜੰਗਲਾਂ ਵਿੱਚ ਭਾਰੀ ਮਾਤਰਾ ਵਿੱਚ ਅਖਰੋਟ ਉੱਗਦੇ ਹਨ। ਅਰੁਣਾਚਲ ਪ੍ਰਦੇਸ਼ ਭਾਰਤ ਵਿੱਚ ਸੁੱਕੇ ਮੇਵਿਆਂ ਦੇ ਉਤਪਾਦਨ ਵਿੱਚ ਚੌਥੇ ਨੰਬਰ ਤੇ ਹੈ। ਪੱਛਮੀ ਕਾਮੇਂਗ ਜਿਲ੍ਹੇ ਦੇ ਅਖਰੋਟ ਆਪਣੀ ‘ਦਰਾਮਦ’ ਦੀ ਗੁਣਵੱਤਾ ਲਈ ਮਸ਼ਹੂਰ ਹਨ। ਪਰ ਇਸ ਬਸਤੀ ਵੀ ਕੋਈ ਵੀ ਇਹਨਾਂ ਦੀ ਕਾਸ਼ਤ ਨਹੀਂ ਕਰਦਾ। ਬੱਚਿਆਂ ਕੋਲ ਜੋ ਅਖਰੋਟ ਹਨ ਉਹ ਜੰਗਲ ਤੋਂ ਲੈ ਕੇ ਆਏ ਹਨ। ਮਲਿਆਮਾ ਵਿੱਚ ਰਹਿੰਦੇ 17 ਤੋਂ 20 ਮੋਨਪਾ ਪਰਿਵਾਰ ਰਿਵਾਇਤੀ ਤੌਰ ਤੇ ਤਿੱਬਤ ਤੋਂ ਆਏ ਪਸ਼ੂ ਪਾਲਕ ਅਤੇ ਸ਼ਿਕਾਰੀ ਹਨ ਜੋ ਘਰੇਲੂ ਵਰਤੋਂ ਦੀਆਂ ਚੀਜਾਂ ਲਈ ਜੰਗਲ ਤੇ ਨਿਰਭਰ ਹਨ। “ਪਿੰਡ ਵਾਸੀ ਹਰ ਹਫ਼ਤੇ ਝੁੰਡ ਬਣਾ ਕੇ ਜੰਗਲ ਵਿੱਚ ਖੁੰਬਾਂ, ਗਿਰੀਆਂ, ਬੈਰੀਆਂ, ਬਾਲਣ ਅਤੇ ਹੋਰ ਚੀਜਾਂ ਇਕੱਠੀਆਂ ਕਰਨ ਜਾਂਦੇ ਹਨ”, 53 ਸਾਲਾ ਰਿਨਚਿਨ ਜੋਂਬਾ ਦੱਸਦੇ ਹਨ। ਬੱਚੇ ਹਰ ਦੁਪਹਿਰ ਗਲੀਆਂ ਵਿੱਚ ਆਉਣ ਤੋਂ ਪਹਿਲਾਂ ਆਪਣੀਆਂ ਜੇਬਾਂ ਅਖਰੋਟਾਂ ਨਾਲ ਭਰ ਲੈਂਦੇ ਹਨ।
ਗਲੀ ਵਿੱਚ ਅਖਰੋਟਾਂ ਦੀ ਇੱਕ ਕਤਾਰ ਬਣਾ ਲਈ ਜਾਂਦੀ ਹੈ। ਹਰ ਖਿਡਾਰੀ ਉਸ ਕਤਾਰ ਵਿੱਚ ਤਿੰਨ ਅਖਰੋਟ ਰੱਖਦਾ ਹੈ। ਫਿਰ ਉਹ ਵਾਰੀ ਸਿਰ ਹੱਥ ਵਿੱਚ ਫੜੇ ਅਖਰੋਟਾਂ ਨਾਲ ਕਤਾਰ ਵਾਲੇ ਅਖਰੋਟਾਂ ਤੇ ਨਿਸ਼ਾਨਾ ਲਾਉਂਦੇ ਹਨ। ਜਿੰਨਿਆਂ ਤੇ ਨਿਸ਼ਾਨਾ ਲੱਗਿਆ ਤੁਸੀਂ ਉਹ ਜਿੱਤ ਲੈਂਦੇ ਹੋ। ਇਨਾਮ ਵਜੋਂ ਤੁਹਾਨੂੰ ਇਹ ਗਿਰੀਆਂ ਖਾਣ ਨੂੰ ਮਿਲਦੀਆਂ ਹਨ! ਲੰਬਾ ਸਮਾਂ ਖੇਡਣ ਦੇ ਬਾਅਦ ਜਦ ਇਹਨਾਂ ਕੋਲ ਕਾਫ਼ੀ ਸਾਰੇ ਅਖਰੋਟ ਇਕੱਠੇ ਹੋ ਜਾਂਦੇ ਹਨ ਤਾਂ ਇਹ ਹੋਰ ਖੇਡ ਲੱਗ ਜਾਂਦੇ ਹਨ, ਥਾ ਖਿਆਂਦਾ ਲੈਦਾ (ਰੱਸਾ ਕਸ਼ੀ)।
ਇਸ ਖੇਡ ਲਈ ਰੱਸੀ ਦਾ ਕੰਮ ਦੇਣ ਲਈ ਕੱਪੜੇ ਦਾ ਇੱਕ ਟੁਕੜਾ ਚਾਹੀਦਾ ਹੁੰਦਾ ਹੈ। ਇੱਥੇ ਵੀ ਬੱਚਿਆਂ ਦੀ ਨਵੀਨ ਸੋਚ ਉੱਭਰ ਕੇ ਸਾਹਮਣੇ ਆਉਂਦੀ ਹੈ। ਇਹ ਕੱਪੜੇ ਅਕਸਰ ਉਹ ਝੰਡੇ ਹੁੰਦੇ ਹਨ ਜੋ ਕਿ ਪਰਿਵਾਰਾਂ ਦੀ ਲੰਬੀ ਉਮਰ ਲਈ ਕੀਤੀ ਜਾਂਦੀ ਸਲਾਨਾ ਪੂਜਾ ਵੇਲੇ ਘਰਾਂ ਉੱਪਰ ਲਹਿਰਾਏ ਜਾਂਦੇ ਹਨ।
ਹਰ ਕੁਝ ਘੰਟਿਆਂ ਬਾਅਦ ਇਹ ਖੇਡਾਂ ਬਦਲਦੀਆਂ ਰਹਿੰਦਿਆਂ ਹਨ। ਕਦੇ ਖੋ-ਖੋ, ਕਬੱਡੀ, ਦੌੜ ਜਾਂ ਚਿੱਕੜ ਵਿੱਚ ਛਾਲਾਂ ਮਾਰਨੀਆਂ। ਕਦੇ ਕਦੇ ਬੱਚੇ ਬੱਚੇ ਜੇਸੀਬੀ ਦੇ ਖਿਡੌਣੇ ਨਾਲ ਖੇਡਦੇ ਹਨ, ਆਪਣੇ ਮਾਪਿਆਂ ਵਾਂਗ ਖੁਦਾਈ ਕਰਦੇ ਹਨ ਜੋ ਮਨਰੇਗਾ ਦਾ ਇਹ ਕੰਮ ਕਰਦੇ ਹਨ।
ਕੁਝ ਬੱਚਿਆਂ ਦਾ ਦਿਨ ਨੇੜਲੇ ਚੁਗ ਮੱਠ ਵਿੱਚ ਜਾ ਕੇ ਖਤਮ ਹੁੰਦਾ ਹੈ, ਜਦਕਿ ਕੁਝ ਆਪਣੇ ਮਾਪਿਆਂ ਨਾਲ ਕੰਮ ਕਰਾਉਣ ਖੇਤਾਂ ਵਿੱਚ ਚਲੇ ਜਾਂਦੇ ਹਨ। ਸ਼ਾਮ ਤੱਕ ‘ਜਲੂਸ’ ਰਸਤੇ ਵਿੱਚੋਂ ਸੰਤਰੇ ਜਾਂ ਰਾਮਫ਼ਲ ਤੋੜ ਕੇ ਖਾਂਦਾ ਹੋਇਆ ਵਾਪਿਸ ਆ ਜਾਂਦਾ ਹੈ। ਇਸ ਤਰ੍ਹਾਂ ਦਿਨ ਦਾ ਅੰਤ ਹੁੰਦਾ ਹੈ।
ਤਰਜਮਾ: ਨਵਨੀਤ ਕੌਰ ਧਾਲੀਵਾਲ