ਡਮ-ਡਮ-ਡਮ...ਡਮ-ਡਮ-ਡਮ...! ਇਹ ਮਨਮੋਹਕ ਅਵਾਜ਼ ਤੁਹਾਡਾ ਪਿੱਛਾ ਕਰਦੀ ਰਹੇਗੀ ਜਦੋਂ ਤੱਕ ਤੁਸੀਂ ਸ਼ਾਂਤੀ ਨਗਰ ਬਸਤੀ ਦੀ ਇੱਕ-ਇੱਕ ਗਲ਼ੀ ਵਿੱਚੋਂ ਦੀ ਗੁਜ਼ਰਦੇ ਜਾਓ। ਇਨ੍ਹਾਂ ਗਲ਼ੀਆਂ ਵਿੱਚ ਢੋਲ਼ਕੀ ਬਣਾਉਣ ਅਤੇ ਉਹਦੀ ਅਵਾਜ਼ ਨੂੰ ਟਿਊਨ ਕਰਨ ਦਾ ਕੰਮ ਚੱਲ ਰਿਹਾ ਹੈ। ਅਸੀਂ 37 ਸਾਲਾ ਇਰਫ਼ਾਨ ਸ਼ੇਖ ਨਾਲ਼ ਤੁਰੇ ਜਾ ਰਹੇ ਹਾਂ। ਉਹ ਮੁੰਬਈ ਸ਼ਹਿਰ ਦੇ ਉੱਤਰੀ ਉਪਨਗਰਾਂ ਵਿਖੇ ਪੈਂਦੀ ਇਸ ਪ੍ਰਵਾਸੀ ਬਸਤੀ ਦੇ ਹੋਰ ਕਾਰੀਗਰਾਂ ਨਾਲ਼ ਸਾਡੀ ਜਾਣ-ਪਛਾਣ ਕਰਵਾਉਣ ਵਾਲ਼ੇ ਹਨ।
ਇੱਥੋਂ ਦੇ ਜ਼ਿਆਦਾਤਰ ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਜੜ੍ਹਾਂ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਹਨ। ਉਨ੍ਹਾਂ ਵਿੱਚੋਂ ਲਗਭਗ 50 ਇੱਥੇ ਇਸੇ ਕਾਰੋਬਾਰ ਵਿੱਚ ਲੱਗੇ ਹੋਏ ਹਨ। "ਤੁਸੀਂ ਜਿੱਧਰ ਵੀ ਵੇਖੋਗੇ, ਤੁਸੀਂ ਦੇਖੋਗੇ ਕਿ ਸਾਡੀ ਬਿਰਾਦਰੀ (ਭਾਈਚਾਰਾ) ਇਨ੍ਹਾਂ ਯੰਤਰਾਂ ਨੂੰ ਬਣਾਉਣ ਵਿੱਚ ਲੱਗੀ ਹੋਈ ਹੈ," ਉਨ੍ਹਾਂ ਨੇ ਮਾਣ ਨਾਲ਼ ਕਿਹਾ। "ਇੱਥੇ ਬਣੀਆਂ ਢੋਲ਼ਕੀਆਂ ਮੁੰਬਈ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜਾਂਦੀਆਂ ਹਨ," ਉਨ੍ਹਾਂ ਨੇ ਕਿਹਾ, ਉਨ੍ਹਾਂ ਦੀ ਅਵਾਜ਼ ਵਿੱਚ ਫ਼ਖਰ ਸੀ। (ਬਿਰਾਦਰੀ ਸ਼ਬਦ ਦਾ ਸ਼ਾਬਦਿਕ ਅਰਥ ਹੈ 'ਭਾਈਚਾਰਾ'; ਪਰ ਇਹ ਆਮ ਤੌਰ 'ਤੇ ਕਿਸੇ ਕਬੀਲੇ, ਭਾਈਚਾਰੇ ਜਾਂ ਸਾਂਝ-ਭਿਆਲੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ)।
ਇਰਫ਼ਾਨ ਬਚਪਨ ਤੋਂ ਹੀ ਇਸ ਕਾਰੋਬਾਰ ਦਰਮਿਆਨ ਵੱਡੇ ਹੋਏ ਹਨ। ਦਰਮਿਆਨੇ ਅਕਾਰ ਦੀ ਢੋਲ਼ਕੀ ਬਣਾਉਣ ਦੀ ਇਸ ਕਲਾ ਦਾ ਪੀੜ੍ਹੀਆਂ ਦਾ ਇਤਿਹਾਸ ਹੈ। ਇਸ ਲਈ ਲੋੜੀਂਦਾ ਕੱਚਾ ਮਾਲ਼ ਇਰਫ਼ਾਨ ਅਤੇ ਉਨ੍ਹਾਂ ਦੇ ਭਾਈਚਾਰੇ ਦੁਆਰਾ ਉੱਤਰ ਪ੍ਰਦੇਸ਼ ਤੋਂ ਲਿਆਂਦਾ ਜਾਂਦਾ ਹੈ। ਲੱਕੜ ਤੋਂ ਲੈ ਕੇ ਰੱਸੀਆਂ ਅਤੇ ਪੇਂਟ ਤੱਕ, ਉੱਥੋਂ ਹੀ ਲਿਆਂਦੇ ਜਾਂਦੇ ਹਨ। "ਅਸੀਂ ਇਸ ਨੂੰ ਖੁਦ ਬਣਾਉਂਦੇ ਹਾਂ ਅਤੇ ਇਸ ਦੀ ਮੁਰੰਮਤ ਕਰਦੇ ਹਾਂ... ਅਸੀਂ ਇਨ੍ਹਾਂ ਦੇ ਇੰਜੀਨੀਅਰ ਹਾਂ," ਮਾਣ ਭਰੀ ਅਵਾਜ਼ ਵਿੱਚ ਉਨ੍ਹਾਂ ਨੇ ਕਿਹਾ।
ਇਰਫ਼ਾਨ ਇੱਕ ਬਹੁਤ ਹੀ ਖੋਜੀ ਦਿਮਾਗ਼ ਵਾਲ਼ੀ ਸ਼ਖਸੀਅਤ ਹਨ। ਉਨ੍ਹਾਂ ਨੇ ਇੱਕ ਵਾਰ ਗੋਆ ਵਿੱਚ ਇੱਕ ਅਫ਼ਰੀਕੀ ਆਦਮੀ ਨੂੰ ਜੰਬੇ ਨਾਮ ਦਾ ਸਾਜ਼ ਵਜਾਉਂਦੇ ਦੇਖਿਆ ਸੀ। ਹੁਣ ਉਹ ਵੀ ਇਸ ਨੂੰ ਬਣਾ ਰਹੇ ਹਨ। ਜਿਸ ਨਾਲ਼ ਉਨ੍ਹਾਂ ਦੇ ਕਾਰੋਬਾਰ ਦਾ ਵਿਸਥਾਰ ਹੋਇਆ। "ਇਹ ਇੱਕ ਸ਼ਾਨਦਾਰ ਯੰਤਰ ਸੀ ਜੋ ਇੱਥੋਂ ਦੇ ਲੋਕਾਂ ਨੇ ਕਦੇ ਨਹੀਂ ਦੇਖਿਆ ਸੀ," ਉਹ ਯਾਦ ਕਰਦੇ ਹਨ।
ਉਹ ਕਹਿੰਦਾ ਹੈ ਕਿ ਪੇਸ਼ੇ ਨੇ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਿਸਦਾ ਉਹ ਖੋਜੀ ਭਾਵਨਾ ਅਤੇ ਹੁਨਰ ਹੋਣ ਦੇ ਬਾਵਜੂਦ ਹੱਕਦਾਰ ਹੈ। ਇਸ ਤੋਂ ਇਲਾਵਾ, ਇਸ ਨੇ ਇੱਕ ਕਾਰੋਬਾਰ ਵਜੋਂ ਜ਼ਿਆਦਾ ਮੁਨਾਫਾ ਨਹੀਂ ਕਮਾਇਆ ਹੈ. ਇਸ ਸਮੇਂ ਮੁੰਬਈ 'ਚ ਢੋਲ਼ਕੀ ਨਿਰਮਾਤਾਵਾਂ ਨੂੰ ਆਨਲਾਈਨ ਵਿਕਰੀ ਪ੍ਰਣਾਲੀ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਗਾਹਕ ਨਾ ਸਿਰਫ਼ ਸੌਦੇਬਾਜ਼ੀ ਕਰਦੇ ਹਨ ਬਲਕਿ ਸਾਨੂੰ ਆਨਲਾਈਨ ਉਪਲਬਧ ਸਸਤੇ ਵਿਕਲਪ ਵੀ ਦਿਖਾਉਂਦੇ ਹਨ, ਉਹ ਕਹਿੰਦੇ ਹਨ।
ਉਨ੍ਹਾਂ ਕਿਹਾ ਕਿ ਢੋਲ਼ਕੀ ਵਜਾਉਣ ਵਾਲ਼ਿਆਂ ਦੀ ਪਰੰਪਰਾ ਹੈ। ਸਾਡੇ ਭਾਈਚਾਰੇ ਵਿੱਚ ਢੋਲ਼ਕੀ ਵਜਾਉਣ ਦਾ ਕੋਈ ਰਿਵਾਜ ਨਹੀਂ ਹੈ। ਅਸੀਂ ਸਿਰਫ਼ ਇਸ ਨੂੰ ਬਣਾਉਣ ਦਾ ਕੰਮ ਕਰਦੇ ਹਾਂ," ਇਰਫ਼ਾਨ ਕਹਿੰਦੇ ਹਨ। ਜਿਹੜਾ ਭਾਈਚਾਰਾ ਇਸ ਯੰਤਰ ਨੂੰ ਬਣਾਉਂਦਾ ਹੈ ਉਹ ਧਾਰਮਿਕ ਪਾਬੰਦੀਆਂ ਕਾਰਨ ਇਸ ਨੂੰ ਨਹੀਂ ਵਜਾਉਂਦਾ। ਹਾਲਾਂਕਿ, ਉਹ ਇਸ ਨੂੰ ਉਨ੍ਹਾਂ ਗਾਹਕਾਂ ਲਈ ਬਣਾਉਂਦੇ ਹਨ ਜੋ ਦੁਰਗਾ ਪੂਜਾ ਅਤੇ ਗਣੇਸ਼ ਤਿਉਹਾਰ ਦੌਰਾਨ ਵਜਾਉਂਦੇ ਹਨ।
ਬਸਤੀ ਵਿੱਚ ਅਜਿਹੀਆਂ ਔਰਤਾਂ ਹਨ ਜੋ ਢੋਲ਼ਕੀ ਵਜਾਉਣਾ ਤੇ ਗਾਣਾ ਲੋਚਦੀਆਂ ਹਨ। ਪਰ ਉਨ੍ਹਾਂ ਨੇ ਧਾਰਮਿਕ ਜ਼ਿੰਮੇਵਾਰੀ ਦੇ ਸਤਿਕਾਰ ਵਜੋਂ ਆਪਣੀਆਂ ਇੱਛਾਵਾਂ ਨੂੰ ਦਬਾਇਆ ਹੋਇਆ ਹੈ ਤੇ ਉਹ ਪੇਸ਼ੇਵਰ ਤੌਰ 'ਤੇ ਨਾ ਢੋਲ਼ਕੀ ਬਣਾਉਂਦੀਆਂ ਤੇ ਨਾ ਹੀ ਵਜਾਉਂਦੀਆਂ ਹਨ।
"ਇਹ ਕੰਮ ਚੰਗਾ ਹੈ ਪਰ ਦਿਲਚਸਪ ਨਹੀਂ, ਕਾਰਨ ਕਾਰੋਬਾਰ ਰਿਹਾ ਹੀ ਨਹੀਂ। ਕੋਈ ਲਾਭ ਨਹੀਂ ਹੁੰਦਾ। ਅੱਜ ਕੁਝ ਵੀ ਨਹੀਂ ਖੱਟਿਆ। ਕੱਲ੍ਹ ਮੈਂ ਸੜਕ 'ਤੇ ਸੀ ਤੇ ਅੱਜ ਵੀ ਸੜਕ 'ਤੇ ਹੀ ਹਾਂ,'' ਇਰਫ਼ਾਨ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ