“ਇਹ ਬਜਟ ਸਾਡੇ ਸ਼ੰਕਿਆਂ ਦਾ ਕੋਈ ਹੱਲ ਨਹੀਂ ਕਰਦਾ। ਇਸਦੇ ਵਿੱਚ ਤਾਂ ਸਿਰਫ਼ ਮਧਿਅਮ ਵਰਗ ਖਾਸ ਕਰਕੇ ਨੌਕਰੀਪੇਸ਼ਾ ਦੀ ਹੀ ਫ਼ਿਕਰ ਹੈ,” ਗੀਤਾ ਵਾਜ਼ਹਾਚਲ ਦਾ ਕਹਿਣਾ ਹੈ।
ਖਾਸ ਕਮਜ਼ੋਰ ਕਬਾਇਲੀ ਗਰੁੱਪ (ਪੀ. ਵੀ. ਟੀ. ਜੀ.) ਵਜੋਂ ਵਰਗੀਕ੍ਰਿਤ ਕਾਡਰ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਗੀਤਾ ਕੇਰਲ ਦੇ ਥਰਿਸੁਰ ਜਿਲ੍ਹੇ ਵਿੱਚ ਬਣਨ ਵਾਲੇ ਆਥਿਰਪੱਲੀ ਪਣਬਿਜਲੀ ਪਾਵਰ ਪ੍ਰੋਜੈਕਟ ਦੇ ਨਿਕਾਸੀ ਇਲਾਕੇ ਵਿੱਚ ਰਹਿੰਦੇ ਹਨ।
ਇਹ ਬੰਨ ਚਾਲਾਕੁੜੀ ਨਦੀ ਦੀ ਘਾਟੀ ਵਿੱਚ ਸਥਿਤ ਹੈ ਅਤੇ ਉਸ ਦੇ ਭਾਈਚਾਰੇ ਨੂੰ ਚੌਥੀ ਵਾਰ ਵਿਸਥਾਪਿਤ ਕਰੇਗਾ। “ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਕਾਰਨ ਸਾਨੂੰ ਵਿਸਥਾਪਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਵੱਡੀਆਂ ਕੰਪਨੀਆਂ ਵੱਲੋਂ ਸਾਡੀ ਜ਼ਮੀਨ, ਜੰਗਲ ਅਤੇ ਸੰਸਾਧਨਾਂ ਤੇ ਕੀਤੇ ਜਾ ਰਹੇ ਕਬਜ਼ੇ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ,” ਗੀਤਾ ਦਾ ਕਹਿਣਾ ਜੋ ਹੁਣ ਤੱਕ ਇਸ ਬੰਨ ਦੇ ਵਿਰੋਧ ਦਾ ਮੁੱਖ ਚਿਹਰਾ ਬਣ ਚੁੱਕੀ ਹੈ।
“ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀ ਲੋਕਾਂ ਲਈ ਮੌਸਮੀ ਬਦਲਾਅ ਕਈ ਚੁਣੌਤੀਆਂ ਲੈ ਕੇ ਆਇਆ ਹੈ। ਸਾਡੇ ਦਰਪੇਸ਼ ਵਿਰੋਧੀ ਪਰਿਸਥਿਤੀਆਂ, ਤਬਾਹ ਹੁੰਦੇ ਜੰਗਲ ਅਤੇ ਸੀਮਿਤ ਆਜੀਵੀਕਾ ਦੇ ਸਾਧਨਾਂ ਵਰਗੀਆਂ ਚੁਣੌਤੀਆਂ ਹਨ,” ਕੇਰਲ ਦੀ ਇਕਲੌਤੀ ਔਰਤ ਕਬਾਇਲੀ ਸਰਦਾਰ ਗੀਤਾ ਦਾ ਕਹਿਣਾ ਹੈ।
![](/media/images/02a-IMG008-2-KAS-Cosmetic_changes_for_Adiv.max-1400x1120.jpg)
![](/media/images/02b-IMG015-1-KAS-Cosmetic_changes_for_Adiv.max-1400x1120.jpg)
ਖੱਬੇ: ਗੀਤਾ ਆਪਣੇ ਵਿਦਿਆਰਥੀਆਂ ਨਾਲ । ਸੱਜੇ: ਗੀਤਾ ਕੇਰਲ ਦੇ ਥਰਿਸੁਰ ਜਿਲ੍ਹੇ ਵਿੱਚ ਬਣਨ ਵਾਲੇ ਆਥਿਰਪੱਲੀ ਪਣਬਿਜਲੀ ਪਾਵਰ ਪ੍ਰੋਜੈਕਟ ਦੇ ਨਿਕਾਸੀ ਇਲਾਕੇ ਵਿੱਚ ਰਹਿੰਦੇ ਹਨ
ਕਾਡਰ ਭਾਈਚਾਰੇ ਦੇ ਹੋਰ ਲੋਕਾਂ ਵਾਂਗ ਗੀਤਾ ਦੇ ਪੁਰਖੇ ਜੰਗਲ ਨਿਵਾਸੀ ਵਾਲੇ ਸਨ ਜਿਨ੍ਹਾਂ ਨੂੰ 1905 ਵਿੱਚ ਪਰੰਬੀਕੁਲਮ ਟਾਈਗਰ ਰਿਜ਼ਰਵ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਜਦ ਅੰਗਰੇਜਾਂ ਨੇ ਕੋਚੀ ਬੰਦਰਗਾਹ ਤੱਕ ਲੱਕੜ ਪਹੁੰਚਾਉਣ ਲਈ ਟ੍ਰੈਮਵੇ ਵਿਛਾਈ ਗਈ। ਇਹ ਲੱਕੜ ਅੱਗੇ ਬ੍ਰਿਟੇਨ ਤੱਕ ਲਿਜਾਈ ਜਾਂਦੀ ਸੀ।
ਗੀਤਾ ਦਾ ਪਰਿਵਾਰ ਪੇਰਿੰਗਲਕੁਥੂ ਅਤੇ ਫਿਰ ਸ਼ੋਲਾਯਰ ਜੰਗਲ ਵਿੱਚ ਆ ਕੇ ਵੱਸੇ ਜਿੱਥੋਂ ਇਹਨਾਂ ਨੂੰ ਹੁਣ ਫੇਰ ਵਿਸਥਾਪਿਤ ਕੀਤਾ ਜਾਵੇਗਾ।
ਉਹ ਕਹਿੰਦੇ ਹਨ ਕਿ ਭਾਵੇਂ ਕਿ ਬਜਟ ਵਿੱਚ ਕਬਾਇਲੀ ਭਲਾਈ ਲਈ ਫੰਡਾਂ ਵਿੱਚ ਵਾਧਾ ਹੋਇਆ ਹੈ, “ਵੰਡ ਵਿੱਚ ਮੁੱਖ ਧਿਆਨ ਮਾਡਲ ਰਿਹਾਇਸ਼ੀ ਸਕੂਲ, ਬੁਨਿਆਦੀ ਢਾਂਚੇ ਦਾ ਵਿਕਾਸ, ਅਤੇ ਸੰਪਰਕ ਤੇ ਦਿੱਤਾ ਗਿਆ ਹੈ ਜਿਸ ਨਾਲ ਇਲਾਕੇ ਦਾ ਸਿਰਫ਼ ਸੁੰਦਰੀਕਰਨ ਹੋਣ ਦੀ ਹੀ ਸੰਭਾਵਨਾ ਹੈ। ਸੜਕਾਂ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਮਜ਼ੋਰ ਕਬਾਇਲੀ ਲੋਕਾਂ ਲਈ ਨਿਰਾਰਥਕ ਹੈ ਜਿਨ੍ਹਾਂ ਦੀ ਜ਼ਮੀਨ, ਜੰਗਲ, ਪਾਣੀ ਦੇ ਸਰੋਤ ਅਤੇ ਆਜੀਵੀਕਾ ਖਤਰੇ ਵਿੱਚ ਹੈ”।
ਕੇਰਲ ਵਿੱਚ ਬਹੁਤ ਲੋਕਾਂ ਨੂੰ ਆਸ ਸੀ ਕਿ ਬਜਟ ਦੇ ਵਿੱਚ ਵਾਇਨਾਡ ਜਿਲ੍ਹੇ ਮੁੰਡਾਕਾਈ ਅਤੇ ਚੂਰਲਮਲਾ ਦੇ ਭੂਸਖਲਨ ਪੀੜਤਾਂ ਨੂੰ ਕੁਝ ਰਾਹਤ ਮਿਲੇਗੀ। “ਇੰਜ ਲੱਗਦਾ ਹੈ ਕਿ ਭਾਰਤ ਦੇ ਪੂਰੇ ਦੱਖਣੀ ਹਿੱਸੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ”।
ਤਸਵੀਰਾਂ ਕੇਰਲ ਮਿਊਜ਼ੀਅਮ, ਮਾਧਵਨ ਨਾਇਰ ਫਾਊਂਡੇਸ਼ਨ, ਕੋਚੀ ਦੇ ਜਨਲ ਆਰਕਾਈਵ ਤੋਂ ਇਜਾਜ਼ਤ ਸਹਿਤ ।
ਤਰਜਮਾ: ਨਵਨੀਤ ਕੌਰ ਧਾਲੀਵਾਲ