"ਇਹ ਮਜ਼ਾਰ ਸਾਡੇ ਦੁਆਰਾ ਅਸਥਾਈ ਤੌਰ 'ਤੇ ਬਣਾਈ ਗਿਆ ਸੀ। ਸਾਵਲਾ ਪੀਰ ਦੀ ਅਸਲੀ ਮਜ਼ਾਰ ਤਾਂ ਭਾਰਤ-ਪਾਕਿ ਸਮੁੰਦਰੀ ਸਰਹੱਦੀ ਸਥਾਨ 'ਤੇ ਸਥਿਤ ਸੀ," ਫਕੀਰਾਨੀ ਜਾਟ ਭਾਈਚਾਰੇ ਦੇ ਨੇਤਾ ਆਗਾ ਖਾਨ ਸਾਵਲਾਨੀ ਕਹਿੰਦੇ ਹਨ। ਉਹ ਜਿਸ ਆਰਜ਼ੀ ਢਾਂਚੇ ਦਾ ਜ਼ਿਕਰ ਕਰ ਰਹੇ ਹਨ, ਉਹ ਲਖਪਤ ਤਾਲੁਕਾ ਦੇ ਪੀਪਰ ਬਸਤੀ ਦੇ ਨੇੜੇ ਇੱਕ ਵੱਡੀ ਖੁੱਲ੍ਹੀ ਜਗ੍ਹਾ ਦੇ ਵਿਚਕਾਰ ਜਿਹੇ ਕਰਕੇ ਖੜ੍ਹੀ ਇੱਕ ਛੋਟੀ ਜਿਹੀ, ਕੱਲੀ-ਕਾਰੀ, ਫਿੱਕੇ-ਹਰੇ ਰੰਗ ਦੀ ਸਧਾਰਣ ਜਿਹੀ ਕਬਰ ਹੈ। ਕੁਝ ਹੀ ਪਲਾਂ ਵਿੱਚ, ਲੋਕਾਂ ਦਾ ਇੱਕ ਸਮੂਹ ਸਾਵਲਾ ਪੀਰ ਦਾ ਤਿਉਹਾਰ ਮਨਾਉਣ ਲਈ ਇੱਥੇ ਇਕੱਠਾ ਹੋਣ ਵਾਲ਼ਾ ਹੈ।

ਅਸਲੀ ਮਜ਼ਾਰ ਟਾਪੂ 'ਤੇ ਸਥਿਤ ਹੈ, ਜੋ ਸੁਰੱਖਿਆ ਕਾਰਨਾਂ ਕਰਕੇ 2019 ਤੋਂ ਬੰਦ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਹੁਣ ਉਸ ਜਗ੍ਹਾ 'ਤੇ ਇੱਕ ਚੌਕੀ ਹੈ। ਅਜ਼ਾਦੀ ਤੋਂ ਪਹਿਲਾਂ, ਇਹ ਮੇਲਾ ਕੋਟੇਸ਼ਵਰ ਦੇ ਪਾਰ ਕੋਰੀ ਟਾਪੂ 'ਤੇ ਸਾਵਲਾ ਪੀਰ ਦੇ ਆਪਣੇ ਘਰ ਲੱਗਦਾ ਸੀ। ਉਸ ਸਮੇਂ, ਮੌਜੂਦਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਜਾਟ ਪਾਲਕ (ਊਠ/ਡੰਗਰ ਪਾਲਕ) ਨਮਾਜ਼ ਵਿੱਚ ਹਿੱਸਾ ਲੈਣ ਅਤੇ ਪ੍ਰਾਰਥਨਾ ਕਰਨ ਲਈ ਕਿਸ਼ਤੀ ਵਿੱਚ ਯਾਤਰਾ ਕਰਦੇ ਹੁੰਦੇ ਸਨ," ਭਾਈਚਾਰੇ ਦਾ ਇਤਿਹਾਸ ਦੱਸਦਾ ਹੈ।

ਇਸ ਖੇਤਰ ਦੀ ਪਰੰਪਰਾ ਹੈ ਕਿ ਸਾਰੀਆਂ ਜਾਤਾਂ ਦੇ ਹਿੰਦੂ ਅਤੇ ਮੁਸਲਿਮ ਪਰਿਵਾਰ ਮੇਲੇ ਵਿੱਚ ਹਿੱਸਾ ਲੈਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਭਾਈਚਾਰੇ ਦੁਆਰਾ ਆਯੋਜਿਤ, ਮੇਲਾ ਇੱਕ ਸਾਲਾਨਾ ਸਮਾਗਮ ਹੈ ਜੋ ਗੁਜਰਾਤੀ ਕੈਲੰਡਰ ਦੇ ਚੈਤ੍ਰ ਮਹੀਨੇ ਦੇ ਤੀਜੇ ਜਾਂ ਚੌਥੇ ਦਿਨ ਹੁੰਦਾ ਹੈ, ਜੋ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਆਉਂਦਾ ਹੈ।

''ਸਾਵਲਾ ਪੀਰ ਦਰਗਾਹ 'ਤੇ ਨਮਾਜ਼ ਅਦਾ ਕਰਨ ਲਈ ਹਰ ਕਿਸੇ ਦਾ ਸਵਾਗਤ ਹੈ। ਇੱਥੇ ਕੋਈ ਪੱਖਪਾਤ ਨਹੀਂ ਹੈ। ਕੋਈ ਵੀ ਆ ਸਕਦਾ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸ ਸਕਦਾ ਹੈ। ਸ਼ਾਮ ਤੱਕ ਇੰਤਜ਼ਾਰ ਕਰੋ ਤੇ ਖੁਦ ਦੇਖੋ ਸ਼ਰਧਾ ਨਾਲ਼ ਭਰੀ ਭੀੜ ਨੂੰ," ਸੋਨੂੰ ਜਾਟ ਕਹਿੰਦੇ ਹਨ, ਜਿਨ੍ਹਾਂ ਦੀ ਉਮਰ 48 ਕੁ ਸਾਲ ਹੈ ਤੇ ਉਹ ਕੱਛ ਖੇਤਰ ਦੇ ਪੀਪਰ ਬਸਤੀ ਦੇ ਵਸਨੀਕ ਹਨ। ਇਸ ਬਸਤੀ ਵਿੱਚ ਲਗਭਗ 50 ਤੋਂ 80 ਫਕੀਰਾਨੀ ਜਾਟ ਪਰਿਵਾਰ ਰਹਿੰਦੇ ਹਨ।

PHOTO • Ritayan Mukherjee

ਸਾਵਲਾ ਪੀਰ ਦਰਗਾਹ ਦੀ ਨਵੀਂ ਮਜ਼ਾਰ ਗੁਜਰਾਤ ਰਾਜ ਦੇ ਲਖਪਤ ਤਾਲੁਕਾ ਦੇ ਕੱਛ ਖੇਤਰ ਦੇ ਪੀਪਰ ਪਿੰਡ ਵਿੱਚ ਸਥਿਤ ਹੈ। ਭਾਰਤ - ਪਾਕਿ ਸਰਹੱਦ ਦਾ ਅਜਿਹਾ ਸਥਾਨ ਜਿੱਥੇ ਸਕਿਊਰਿਟੀ ਪਹਿਰਾ ਹੈ, ਵਿਖੇ ਸਥਿਤ ਅਸਲੀ ਦਰਗਾਹ, ਜਿੱਥੇ 2019 ਤੋਂ ਹੀ ਨਮਾਜ਼ ਅਦਾ ਕਰਨ ' ਤੇ ਰੋਕ ਲਾ ਦਿੱਤੀ ਗਈ

ਤੱਟਵਰਤੀ ਕੱਛ ਖੇਤਰ ਦੇ ਖੁਸ਼ਕ ਅਤੇ ਅਰਧ-ਖੁਸ਼ਕ ਖੇਤਰਾਂ ਵਿੱਚ ਫਕੀਰਾਨੀ ਜਾਟ ਭਾਈਚਾਰਾ ਪੀੜ੍ਹੀਆਂ ਤੋਂ ਊਠ ਚਾਰਦਾ ਆਇਆ ਹੈ ਅਤੇ ਇੱਥੇ ਹੀ ਰਹਿੰਦਾ ਵੀ ਰਿਹਾ ਹੈ। ਉਹ ਊਠ ਦੀ ਅਜਿਹੀ ਦੇਸੀ ਨਸਲ ਪਾਲ਼ਦੇ ਹਨ ਜਿਸਨੂੰ ਖਰਾਈ ਅਤੇ ਕੱਛੀ ਊਠ ਕਿਹਾ ਜਾਂਦਾ ਹੈ। ਪੇਸ਼ੇ ਤੋਂ ਪਸ਼ੂ ਪਾਲਕ, ਉਹ ਸਦੀਆਂ ਤੋਂ ਖਾਨਾਬਦੀ ਜ਼ਿੰਦਗੀ ਹੰਢਾਉਂਦੇ ਆਏ ਹਨ। ਰਵਾਇਤੀ ਤੌਰ 'ਤੇ, ਉਨ੍ਹਾਂ ਨੂੰ ਡੇਅਰੀ ਕਿਸਾਨਾਂ ਵਜੋਂ ਦੇਖਿਆ ਜਾਂਦਾ ਹੈ, ਜੋ ਸ਼ਹਿਰੀ ਕਸਬਿਆਂ ਅਤੇ ਪਿੰਡਾਂ ਨੂੰ ਮੱਖਣ, ਘਿਓ, ਦੁੱਧ, ਉੱਨ ਅਤੇ ਖਾਦ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਦੇ ਹਨ। ਉਨ੍ਹਾਂ ਦੇ ਝੁੰਡਾਂ ਵਿੱਚ ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਅਤੇ ਹੋਰ ਦੇਸੀ ਨਸਲਾਂ ਦੇ ਪਸ਼ੂ ਸ਼ਾਮਲ ਹਨ। ਪਰ ਉਨ੍ਹਾਂ ਦੀ ਪਹਿਲਾਂ ਪਛਾਣ ਊਠ-ਪਾਲਕਾਂ ਦੀ ਹੀ ਹੈ, ਜੋ ਆਪਣੇ ਊਠਾਂ ਅਤੇ ਪਰਿਵਾਰਾਂ ਨਾਲ਼ ਪੂਰੇ ਖਿੱਤੇ ਦੇ ਆਸ-ਪਾਸ ਘੁੰਮਦੇ ਰਹਿੰਦੇ ਹਨ। ਫਕੀਰਾਨੀ ਔਰਤਾਂ ਪਸ਼ੂਪਾਲਣ ਵਿੱਚ ਸਰਗਰਮੀ ਨਾਲ਼ ਸ਼ਾਮਲ ਹਨ ਅਤੇ ਊਠ ਦੇ ਨਵਜੰਮੇ ਬੱਚਿਆਂ ਦੀ ਦੇਖਭਾਲ਼ ਵੀ ਕਰਦੀਆਂ ਹਨ।

ਇਸ ਖੇਤਰ ਦੇ ਇੱਕ ਸੂਫ਼ੀ ਕਵੀ ਉਮਰ ਹਾਜੀ ਸੁਲੇਮਾਨ ਕਹਿੰਦੇ ਹਨ, "ਪਰ ਸ਼ੁਰੂ ਵਿੱਚ ਸਾਡਾ ਪੇਸ਼ਾ ਊਠ ਪਾਲਣ ਦਾ ਨਹੀਂ ਸੀ। ਇੱਕ ਵਾਰ ਦੀ ਗੱਲ ਹੈ ਦੋ ਰਬਾੜੀ ਭਰਾਵਾਂ ਵਿੱਚ ਊਠ ਦੀ ਮਾਲਕੀ ਨੂੰ ਲੈ ਕੇ ਮਤਭੇਦ ਹੋ ਗਏ ਸਨ," ਫਕੀਰਾਨੀ ਜਾਟ ਕਹਿੰਦੇ ਹਨ, ਜੋ ਆਪਣੀ ਰੋਜ਼ੀ-ਰੋਟੀ ਦੇ ਪਿੱਛੇ ਦੀ ਕਹਾਣੀ ਦੱਸਣੀ ਸ਼ੁਰੂ ਕਰਦੇ ਹਨ। "ਆਪਸੀ ਝਗੜੇ ਨੂੰ ਸੁਲਝਾਉਣ ਲਈ, ਉਹ ਸਾਡੇ ਪੂਜਨੀਕ ਸੰਤ ਸਾਵਲਾ ਪੀਰ ਕੋਲ਼ ਗਏ, ਜਿਨ੍ਹਾਂ ਨੇ ਮਧੂ ਮੱਖੀ ਛੱਤੇ ਦੀ ਮੋਮ ਤੋਂ ਇੱਕ ਊਠ ਬਣਾਇਆ ਅਤੇ ਦੋਵਾਂ ਭਰਾਵਾਂ ਨੂੰ ਅਸਲੀ ਊਠ ਅਤੇ ਮੋਮ ਤੋਂ ਬਣੇ ਊਠ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ। ਵੱਡੇ ਭਰਾ ਨੇ ਛੇਤੀ ਹੀ ਅਸਲੀ ਊਠ ਨੂੰ ਚੁਣਿਆ ਤੇ ਲਾਂਭੇ ਹੋ ਗਿਆ। ਸਭ ਤੋਂ ਛੋਟੇ, ਦੇਵੀਦਾਸ ਰਬਾੜੀ ਕੋਲ਼ ਮੋਮ ਦਾ ਊਠ ਬਚਿਆ ਰਹਿ ਗਿਆ। ਸੰਤ ਨੇ ਦੇਵੀਦਾਸ ਨੂੰ ਅਸ਼ੀਰਵਾਦ ਦਿੱਤਾ ਅਤੇ ਭਰੋਸਾ ਦਵਾਇਆ ਕਿ ਜਦੋਂ ਤੂੰ ਘਰ ਵਾਪਸ ਜਾਵੇਂਗਾ ਤਾਂ ਊਠਾਂ ਦਾ ਇੱਕ ਝੁੰਡ ਤੇਰੇ ਮਗਰ-ਮਗਰ ਹੋਵੇਗਾ। ਪਰ ਸ਼ਰਤ ਰੱਖੀ ਕਿ ਝੁੰਡ ਦੇ ਊਠਾਂ ਦੀ ਗਿਣਤੀ ਤਾਂ ਹੀ ਵਧੇਗੀ ਜੇਕਰ ਉਹ ਘਰ ਪੁੱਜਣ ਤੱਕ ਪਿਛਾਂਹ ਮੁੜ ਕੇ ਨਾ ਦੇਖੇ।

"ਪਰ ਦੇਵੀਦਾਸ ਬੇਸਬਰਾ ਹੋ ਗਿਆ ਤੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਪਿਛਾਂਹ ਮੁੜ ਕੇ ਦੇਖ ਲਿਆ। ਉਸ ਨੇ ਆਪਣਾ ਵਾਅਦਾ ਤੋੜ ਦਿੱਤਾ ਸੀ, ਜਿਓਂ ਹੀ ਉਹ ਧੌਣ ਘੁਮਾ ਕੇ ਪਿਛਾਂਹ ਵੇਖਦਾ ਹੈ ਤਾਂ ਪਤਾ ਚੱਲ਼ਦਾ ਹੈ ਕਿ ਜੋ ਝੁੰਡ ਪਹਿਲਾਂ ਬਹੁਤ ਵੱਡਾ ਸੀ, ਛੋਟਾ ਹੋਣ ਲੱਗਿਆ ਹੈ। ਸਾਵਲਾ ਪੀਰ ਨੇ ਦੇਵੀਦਾਸ ਨੂੰ ਇਹ ਵੀ ਕਿਹਾ ਸੀ ਕਿ ਜੇ ਤੇਰੇ ਕੋਲ਼ ਬਹੁਤੇ ਊਠ ਹੋ ਗਏ ਤਾਂ ਤੂੰ ਉਨ੍ਹਾਂ ਦੀ ਦੇਖਭਾਲ਼ ਲਈ ਜਾਟ ਭਾਈਚਾਰੇ ਦੇ ਹਵਾਲੇ ਕਰ ਦੇਵੀਂ। ਇਹੀ ਕਾਰਨ ਹੈ ਕਿ ਜਾਟ ਭਾਈਚਾਰਾ ਰਬਾੜੀ ਭਾਈਚਾਰੇ ਦੁਆਰਾ ਦਿੱਤੇ ਗਏ ਊਠਾਂ ਦੀ ਦੇਖਭਾਲ਼ ਕਰਦਾ ਹੈ ਅਤੇ ਇਹੀ ਕਾਰਨ ਹੈ ਕਿ ਇੱਥੋਂ ਦਾ ਹਰੇਕ ਬਾਸ਼ਿੰਦਾ ਸਾਵਲਾ ਪੀਰ ਨੂੰ ਮੰਨਦਾ ਹੈ।''

ਫਕੀਰਾਨੀ ਜਾਟ ਮੁਸਲਮਾਨ ਹਨ ਅਤੇ 'ਸਾਵਲਾ ਪੀਰ', ਜੋ ਲਗਭਗ 400 ਸਾਲ ਪਹਿਲਾਂ ਕੋਰੀ ਕ੍ਰੀਕ ਦੇ ਇੱਕ ਟਾਪੂ 'ਤੇ ਆਪਣੇ ਊਠਾਂ ਦੇ ਝੁੰਡ ਨਾਲ਼ ਰਹਿੰਦੇ ਸਨ, ਉਨ੍ਹਾਂ ਦੇ ਪਿਆਰੇ ਸੂਫੀ ਸੰਤ ਹਨ। ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ, 28 ਅਤੇ 29 ਅਪ੍ਰੈਲ, 2024 ਨੂੰ, ਉਨ੍ਹਾਂ ਨੇ ਲਖਪਤ ਵਿਖੇ ਦੋ ਰੋਜ਼ਾ ਸਾਵਲਾ ਪੀਰ ਨੋ ਮੇਲੋ ਦਾ ਆਯੋਜਨ ਕੀਤਾ ਗਿਆ।

PHOTO • Ritayan Mukherjee
PHOTO • Ritayan Mukherjee

ਸ਼ਰਧਾਲੂ ਸੁੰਦਰ ਤਰੀਕੇ ਨਾਲ਼ ਸਜਾਈਆਂ ਲੱਕੜ ਦੀਆਂ ਛੋਟੀਆਂ ਕਿਸ਼ਤੀਆਂ ਨੂੰ ਮਜ਼ਾਰ ਵੱਲ ਲੈ ਜਾਂਦੇ ਹਨ। ਸੂਫ਼ੀ ਕਵੀ ਉਮਰ ਹਾਜੀ ਸੁਲੇਮਾਨ ਦਾ ਕਹਿਣਾ ਹੈ ਕਿ ਕਿਸ਼ਤੀ ਸਾਵਲਾ ਪੀਰ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਹੈ ਕਿਉਂਕਿ ਸੰਤ ਆਪਣੀ ਕਿਸ਼ਤੀ ਵਿੱਚ ਖਾੜੀ ਰਾਹੀਂ ਟਾਪੂਆਂ ਦੇ ਵਿਚਕਾਰ ਯਾਤਰਾ ਕਰਿਆ ਕਰਦੇ ਸਨ

*****

ਮੇਲਾ ਲੋਕਾਂ ਦੇ ਰੌਲ਼ੇ-ਰੱਪੇ, ਰੰਗਾਂ, ਸੰਗੀਤ-ਅਵਾਜ਼ਾਂ, ਚਹਿਲ-ਕਦਮੀ ਅਤੇ ਸ਼ਰਧਾ ਨਾਲ਼ ਸਰੋਬਾਰ ਹੋਇਆ ਜਾਪਦਾ ਹੈ। ਜਾਟ ਭਾਈਚਾਰੇ ਦੇ ਲੋਕਾਂ ਨੇ ਸ਼ਾਮ ਦੇ ਸ਼ੋਅ ਲਈ ਇੱਕ ਵੱਡੇ ਪੰਡਾਲ ਦੇ ਹੇਠਾਂ ਇੱਕ ਸਟੇਜ ਬਣਾਈ ਸੀ। ਉਹਦੇ ਨਾਲ਼ ਹੀ ਕੱਪੜਿਆਂ, ਖਾਣ-ਪੀਣ ਦੇ ਸਮਾਨ, ਭਾਂਡਿਆਂ ਅਤੇ ਦਸਤਕਾਰੀ ਦੀਆਂ ਛੋਟੀਆਂ-ਛੋਟੀਆਂ ਹੱਟੀਆਂ ਲੱਗੀਆਂ ਹੋਈਆਂ ਹਨ। ਚਾਹ ਪੀ ਰਹੇ ਬਜ਼ੁਰਗਾਂ ਦੇ ਇੱਕ ਸਮੂਹ ਨੇ ਮੇਰਾ ਸਵਾਗਤ ਕੀਤਾ ਅਤੇ ਕਿਹਾ, "ਅਸੀਂ ਬਹੁਤ ਖੁਸ਼ ਹਾਂ ਕਿ ਤੁਸੀਂ ਇੰਨੀ ਦੂਰੋਂ ਆਏ ਤੇ ਸਾਡੇ ਮੇਲੇ ਦਾ ਹਿੱਸਾ ਬਣੇ।''

ਬਹੁਤ ਸਾਰੇ ਤੀਰਥ ਯਾਤਰੀ ਸਮੂਹਾਂ ਵਿੱਚ ਆਉਂਦੇ ਹਨ, ਕੋਈ ਪੈਦਲ, ਕੋਈ ਵਾਹਨਾਂ 'ਤੇ ਸਵਾਰ ਹੋ, ਪਰ ਬਹੁਤੇ ਲੋਕੀਂ ਟੈਂਪੂ ਟ੍ਰੈਵਲਰ ਰਾਹੀਂ ਮੇਲੇ ਵਿੱਚ ਸ਼ਿਰਕਤ ਕਰਦੇ ਹਨ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਹਨ, ਜਿਨ੍ਹਾਂ ਦੇ ਰੰਗ-ਬਿਰੰਗੇ ਕੱਪੜੇ ਮੇਲ਼ੇ ਵਿੱਚ ਜਾਨ ਫੂਕਦੇ ਹਨ ਪਰ ਉਹ ਗੱਲ ਕਰਨ ਜਾਂ ਤਸਵੀਰਾਂ ਖਿਚਾਉਣ ਤੋਂ ਝਿਜਕਦੀਆਂ ਜਾਪੀਆਂ।

ਰਾਤ 9 ਵਜੇ, ਢੋਲ਼ ਵਜਾਉਣ ਵਾਲ਼ਿਆਂ ਨੇ ਆਪਣੀ ਪੇਸ਼ਕਾਰੀ ਸ਼ੁਰੂ ਕੀਤੀ। ਫਿਰ ਢੋਲ਼ ਦੀ ਮੱਠੀ-ਮੱਠੀ ਅਤੇ ਤਾਲਬੱਧ ਧਮਕ ਹਵਾ ਵਿੱਚ ਗੂੰਜ ਉੱਠੀ। ਪੰਡਾਲ ਵਿੱਚ ਬੈਠਾ ਇੱਕ ਬਜ਼ੁਰਗ ਆਦਮੀ ਅਚਾਨਕ ਖੜ੍ਹਾ ਹੋ ਗਿਆ ਅਤੇ ਸਿੰਧੀ ਵਿੱਚ ਸਾਵਲਾ ਪੀਰ 'ਤੇ ਇੱਕ ਗੀਤ ਗਾਉਣ ਲੱਗਾ। ਕੁਝ ਹੀ ਮਿੰਟਾਂ ਵਿੱਚ ਹੋਰ ਲੋਕ ਵੀ ਉਨ੍ਹਾਂ ਨਾਲ਼ ਜੁੜ ਗਏ। ਕਈ ਲੋਕਾਂ ਨੇ ਗੋਲ਼-ਘਤਾਰਾ ਬਣਾਇਆ ਤੇ ਢੋਲ ਦੀ ਥਾਪ 'ਤੇ ਨੱਚਣ ਲੱਗੇ। ਇਹ ਨਾਚ ਅੱਧੀ ਰਾਤ ਤੱਕ ਰੁਕ-ਰੁਕ ਕੇ ਚੱਲਦਾ ਰਿਹਾ।

ਤਿਉਹਾਰ ਦੇ ਮੁੱਖ ਦਿਨ 29 ਅਪ੍ਰੈਲ ਦੀ ਸਵੇਰ ਨੂੰ, ਭਾਈਚਾਰੇ ਦੇ ਨੇਤਾਵਾਂ ਦੁਆਰਾ ਧਾਰਮਿਕ ਪ੍ਰਵਚਨ ਦਿੱਤੇ ਜਾਂਦੇ ਹਨ। ਇਸ ਦੇ ਨਾਲ਼ ਹੀ ਮੇਲੇ ਦੇ ਖਾਸ ਦਿਨ ਦੀ ਸ਼ੁਰੂ ਹੁੰਦੀ ਹੈ। ਉਦੋਂ ਤੱਕ ਦੁਕਾਨਾਂ ਲੱਗ ਚੁੱਕੀਆਂ ਹੁੰਦੀਆਂ ਹਨ ਅਤੇ ਲੋਕ ਸੰਤ ਦਾ ਆਸ਼ੀਰਵਾਦ ਲੈਣ ਅਤੇ ਮੇਲੇ ਦਾ ਅਨੰਦ ਮਾਣਨ ਲਈ ਇਕੱਠੇ ਹੋਣ ਲੱਗਦੇ ਹਨ।

ਸਾਵਲਾ ਪੀਰ ਮੇਲੇ ਦੀ ਵੀਡੀਓ ਦੇਖੋ

"ਅਸੀਂ ਜਲੂਸ ਲਈ ਤਿਆਰ ਹਾਂ; ਹਰ ਕੋਈ, ਕਿਰਪਾ ਕਰਕੇ ਪ੍ਰਾਰਥਨਾ ਵਾਲ਼ੀ ਥਾਂ 'ਤੇ ਇਕੱਠੇ ਹੋਵੋ। ਦੁਪਹਿਰ ਕਰੀਬ 3 ਵਜੇ ਸਪੀਕਰ ਚੀਕਿਆ। ਚਾਅ ਵਿੱਚ ਆਏ ਲੋਕਾਂ ਨੇ ਲੱਕੜ ਦੀਆਂ ਛੋਟੀਆਂ ਕਿਸ਼ਤੀਆਂ ਸਿਰਾਂ ਤੋਂ ਉਤਾਂਹ ਕਰਕੇ ਚੁੱਕੀਆਂ ਹੋਈਆਂ ਹਨ, ਕਿਸ਼ਤੀ ਨੂੰ ਚਿੱਟੇ ਰੰਗ ਦਾ ਬਾਦਬਾਨ ਲੱਗਿਆ ਹੈ ਜਿਹਨੂੰ ਰੰਗ-ਬਿਰੰਗੀ ਕਢਾਈ ਨਾਲ਼ ਸਜਾਇਆ ਗਿਆ ਸੀ। ਖ਼ੁਸ਼ੀ ਦੇ ਗੀਤ ਗਾਉਂਦੀ ਤੇ ਸਾਲਵਾ ਪੀਰ ਦੇ ਜੈਕਾਰੇ ਲਾਉਂਦੀ ਭੀੜ ਸਮੁੰਦਰ ਵਿੱਚ ਉਹੀ ਕਿਸ਼ਤੀਆਂ ਪ੍ਰਵਾਹ ਕਰਦੀ ਹੈ। ਉਸ ਵੇਲ਼ੇ ਬੱਦਲਾਂ ਤੇ ਮੱਧਮ ਜਿਹੀ ਰੌਸ਼ਨੀ ਵਿੱਚ ਮਜ਼ਾਰ ਦਾ ਨਜ਼ਾਰਾ ਦੇਖਿਆ ਬਣਦਾ ਹੈ। ਇਹ ਕਿਸ਼ਤੀ ਸਾਵਲਾ ਪੀਰ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ। ਪਹਿਲਾਂ ਇਹ ਸੰਤ ਆਪਣੀ ਕਿਸ਼ਤੀ ਵਿੱਚ ਟਾਪੂਆਂ ਦੇ ਵਿਚਕਾਰ ਖਾੜੀ ਰਾਹੀਂ ਯਾਤਰਾ ਕਰਦਾ ਸੀ।

"ਮੈਂ ਇੱਥੇ ਹਰ ਸਾਲ ਆਉਂਦਾ ਹਾਂ। ਸਾਨੂੰ ਸਾਵਲਾ ਬਾਬਾ ਦੇ ਆਸ਼ੀਰਵਾਦ ਦੀ ਲੋੜ ਹੈ," 40 ਸਾਲਾ ਜਯੇਸ਼ ਰਬਾੜੀ ਨੇ ਕਿਹਾ, ਮੇਲੇ ਦੌਰਾਨ ਜਿਨ੍ਹਾਂ ਦੀ ਮੇਰੇ ਨਾਲ਼ ਮੁਲਾਕਾਤ ਹੋਈ। ਉਹ ਅੰਜਾਰ ਤੋਂ ਆਏ ਸਨ। "ਅਸੀਂ ਇੱਥੇ ਰਾਤ ਬਿਤਾਉਂਦੇ ਹਾਂ। ਅਸੀਂ ਫਕੀਰਾਨੀ ਭਰਾਵਾਂ ਨਾਲ਼ ਚਾਹ ਪੀਂਦੇ ਹਾਂ ਅਤੇ ਜਸ਼ਨ ਖ਼ਤਮ ਹੋਣ ਤੋਂ ਬਾਅਦ ਪੂਰੇ ਰੋਂਅ ਨਾਲ਼ ਘਰਾਂ ਨੂੰ ਪਰਤਦੇ ਹਾਂ।''

"ਜਦੋਂ ਵੀ ਪਰਿਵਾਰ ਵਿੱਚ ਕੋਈ ਸਮੱਸਿਆ ਜਾਂ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਇੱਥੇ ਆਉਂਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ। ਪੀਰ ਸਾਡੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦਾ ਹੈ। ਮੈਂ ਪਿਛਲੇ 14 ਸਾਲਾਂ ਤੋਂ ਇੱਥੇ ਆ ਰਹੀ ਹਾਂ," 30 ਸਾਲਾ ਗੀਤਾਬੇਨ ਰਬਾੜੀ ਕਹਿੰਦੇ ਹਨ, ਜੋ ਭੁਜ ਤੋਂ ਪੈਦਲ ਤੁਰ ਕੇ ਮੇਲੇ ਵਿੱਚ ਪੁੱਜੇ ਹਨ।

ਮੇਲਾ ਮੁੱਕ ਗਿਆ ਤੇ ਦੋ ਦਿਨਾਂ ਬਾਅਦ ਜਦੋਂ ਮੈਂ ਵਿਦਾ ਲੈਣ ਪੁੱਜਦਾ ਹਾਂ ਤਾਂ ਕਵੀ ਉਮਰ ਹਾਜੀ ਸੁਲੇਮਾਨ ਕਹਿੰਦੇ ਹਨ,"ਸਾਰੇ ਧਰਮਾਂ ਦੀ ਬੁਨਿਆਦ ਪ੍ਰੇਮ 'ਤੇ ਟਿਕੀ ਹੈ। ਯਾਦ ਰੱਖੋ ਕਿ ਮੁਹੱਬਤ ਤੋਂ ਸੱਖਣਾ ਕੋਈ ਧਰਮ, ਧਰਮ ਨਹੀਂ ਹੋ ਸਕਦਾ।"

PHOTO • Ritayan Mukherjee

ਫਕੀਰਾਨੀ ਜਾਟ ਭਾਈਚਾਰੇ ਦੇ ਆਦਮੀਆਂ ਦੇ ਸਮੂਹ ਊਠਣੀ ਦੇ ਦੁੱਧ ਦੀ ਚਾਹ ਬਣਾ ਰਹੇ ਹਨ। ਇਹ ਉਨ੍ਹਾਂ ਦੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ

PHOTO • Ritayan Mukherjee

ਭਾਈਚਾਰੇ ਦੇ ਸੀਨੀਅਰ ਮੈਂਬਰ ਮਾਰੂਫ ਜਾਟ ਪ੍ਰਮਾਤਮਾ ਨੂੰ ਪ੍ਰਾਰਥਨਾ ਕਰ ਰਹੇ ਹਨ। ' ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੇਰੇ ਅਤੇ ਤੇਰੇ ਪਰਿਵਾਰ ਦੀ ਸ਼ਾਂਤੀ ਅਤੇ ਤੰਦਰੁਸਤੀ ਬਣੀ ਰਹੇ '

PHOTO • Ritayan Mukherjee

ਭਾਈਚਾਰੇ ਦੇ ਮੈਂਬਰ ਪੀਪਰ ਪਿੰਡ ਵਿੱਚ ਸ਼ਾਮ ਦੀ ਨਮਾਜ਼ ਦੀ ਤਿਆਰੀ ਕਰ ਰਹੇ ਹਨ

PHOTO • Ritayan Mukherjee

ਕੱਪੜਿਆਂ , ਭੋਜਨ , ਭਾਂਡ ਿਆਂ ਅਤੇ ਦਸਤਕਾਰੀ ਦੀਆਂ ਛੋਟੀਆਂ ਦੁਕਾਨਾਂ ਜੋ ਪਿਛਲੀ ਸ਼ਾਮ ਲੱਗੀਆਂ ਰਹੀਆਂ ਸਨ

PHOTO • Ritayan Mukherjee

ਜਿਓਂ ਹੀ ਰਾਤ ਦੀ ਚੁੱਪ ਪਸਰਦੀ ਹੈ , ਸ਼ਰਧਾਲੂ ਆਪਣੀ ਸੰਗੀਤਕ ਪੇਸ਼ਕਾਰੀ ਸ਼ੁਰੂ ਕਰਦੇ ਹਨ ਰਾਤ ਕਰੀਬ 10 ਵਜੇ ਜਿਓਂ ਹੀ ਢੋਲ਼ ਦੀ ਥਾਪ ਕੰਨੀਂ ਪੈਂਦੀ ਹੈ ਲੋਕੀਂ ਮੈਦਾਨ ਦੇ ਐਨ ਵਿਚਕਾਰ ਜੁੜਨ ਲੱਗਦੇ ਹਨ

PHOTO • Ritayan Mukherjee

ਗੋਲ਼-ਘਤਾਰੇ ਵਿੱਚ ਨੱਚਦੇ ਬੰਦਿਆਂ ਦੀ ਪੇਸ਼ਕਾਰੀ ਤੇ ਉਨ੍ਹਾਂ ਦੇ ਪਰਛਾਵੇਂ ਇੱਕ ਰੂਹਾਨੀ ਆਭਾ ਪੈਦਾ ਕਰਦੇ ਹਨ। ਇਹ ਨਾਚ ਅੱਧੀ ਰਾਤ ਤੱਕ ਜਾਰੀ ਰਿਹਾ

PHOTO • Ritayan Mukherjee

ਇਸ ਦੋ ਰੋਜ਼ਾ ਸਮਾਰੋਹ ਵਿੱਚ ਸਾਰੀਆਂ ਜਾਤੀਆਂ ਅਤੇ ਭਾਈਚਾਰਿਆਂ ਦੇ ਲੋਕ- ਮਰਦ , ਔਰਤਾਂ ਅਤੇ ਬੱਚੇ ਹਿੱਸਾ ਲੈਂਦੇ ਹਨ

PHOTO • Ritayan Mukherjee

ਸ਼ਰਧਾਲੂ ਲੱਕੜ ਦੀਆਂ ਸ਼ਾਨਦਾਰ ਕਿਸ਼ਤੀਆਂ ਫੜ੍ਹੀ ਪਹਿਲਾਂ ਜਲੂਸ ਵਿੱਚ ਪੈਦਲ ਤੁਰਦੇ ਹਨ, ਫਿਰ ਉਨ੍ਹਾਂ ਨੂੰ ਦਰਗਾਹ ' ਤੇ ਚੜ੍ਹਾ ਦਿੰਦੇ ਹਨ

PHOTO • Ritayan Mukherjee

ਆਦਮੀ ਜਲੂਸ ਕੱਢਦੇ ਹਨ। ਮਜ਼ਾਰ ਵਿੱਚ ਬਰਾਬਰ ਗਿਣਤੀ ਵਿੱਚ ਆਉਣ ਵਾਲ਼ੀਆਂ ਔਰਤਾਂ ਵੀ ਜਲੂਸ ਵਿੱਚ ਸ਼ਿਰਕਤ ਕਰਦੀਆਂ ਤੇ ਨੱਚਦੀਆਂ ਵੀ ਹਨ

PHOTO • Ritayan Mukherjee

ਪੀਰ ਦੀ ਮੌਜੂਦਗੀ ਨੂੰ ਦਰਸਾਉਂਦੀਆਂ ਸਮਰਪਿਤ ਸਜਾਵਟੀ ਕਿਸ਼ਤੀਆਂ , ਸਾਲਾਨਾ ਮੇਲੇ ਵਿੱਚ ਇਕੱਠੇ ਹੋਏ ਸ਼ਰਧਾਲੂਆਂ ਸਮੁੰਦਰ ਵਿੱਚ ਪ੍ਰਵਾਹ ਕਰਦੇ ਹਨ

PHOTO • Ritayan Mukherjee

ਲੰਘਦੇ ਜਲੂਸ ਨਾਲ਼ ਸਾਵਲਾ ਪੀਰ ਦਾ ਨਾਮ ਹਵਾ ਵਿੱਚ ਉੱਚਾ ਹੋਰ ਉੱਚਾ ਗੂੰਜਦਾ ਜਾਂਦਾ ਹੈ

PHOTO • Ritayan Mukherjee

ਜਦੋਂ ਉਹ ਦਰਗਾਹ ' ਤੇ ਜਾਂਦੇ ਹਨ ਤਾਂ ਆਦਮੀ ਖੁਸ਼ੀ ਨਾਲ਼ ਪੀਰ ਦੇ ਨਾਮ ' ਤੇ ਚੀਕਦੇ , ਗਾਉਂਦੇ ਅਤੇ ਜੈਕਾਰੇ ਲਾਉਂਦੇ ਹਨ

PHOTO • Ritayan Mukherjee

ਦਰਗਾਹ ' ਤੇ ਸੰਖੇਪ ਅਰਦਾਸ ਕਰਨ ਤੋਂ ਬਾਅਦ , ਸ਼ਰਧਾਲੂ ਸ਼ਾਮ ਦੀ ਨਮਾਜ਼ ਖਤਮ ਕਰਦੇ ਹਨ ਅਤੇ ਘਰ ਜਾਂਦੇ ਹਨ

ਤਰਜਮਾ: ਕਮਲਜੀਤ ਕੌਰ

Ritayan Mukherjee

Ritayan Mukherjee is a Kolkata-based photographer and a PARI Senior Fellow. He is working on a long-term project that documents the lives of pastoral and nomadic communities in India.

Other stories by Ritayan Mukherjee
Editor : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur