1997 ਦਾ ਵਰ੍ਹਾ ਸੀ।

ਸੀਨੀਅਰ ਵੂਮਨ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਫ਼ਾਈਨਲ ਮੈਚ ਵਿੱਚ ਪੱਛਮੀ ਬੰਗਾਲ ਅਤੇ ਮਨੀਪੁਰ ਆਹਮੋ-ਸਾਹਮਣੇ ਸਨ। ਇਸ ਸਲਾਨਾ-ਇੰਟਰ-ਸਟੇਟ ਟੂਰਨਾਮੈਂਟ ਵਿੱਚ ਬੰਗਾਲ ਪਿਛਲੇ ਤਿੰਨ ਫ਼ਾਈਨਲਾਂ ਵਿੱਚ ਮਨੀਪੁਰ ਹੱਥੋਂ ਹਾਰ ਬੈਠਾ ਸੀ। ਇਸ ਤੋਂ ਬਾਅਦ ਵੀ ਹੁਣ ਫਿਰ ਤੋਂ ਉਹ (ਬੰਗਾਲ ਦੀਆਂ ਖਿਡਾਰਣਾਂ) ਆਪਣੀ ਪੀਲੀ ਅਤੇ ਮੈਰੂਨ ਜਰਸੀ ਪਾਈ ਤਣੀਆਂ ਖੜ੍ਹੀਆਂ ਸਨ। ਫੁੱਟਬਾਲਰ ਬੰਦਨਾ ਪਾੱਲ ਪੱਛਮੀ ਬੰਗਾਲ ਦੇ ਹਲਦਿਆ ਸ਼ਹਿਰ ਦੇ ਦੁਰਗਾਚਕ ਸਟੇਡੀਅਮ ਵਿਖੇ ਆਪਣੇ ਘਰੇਲੂ ਮੈਦਾਨ ਵਿੱਚ ਖੜ੍ਹੇ ਸਨ।

ਸੀਟੀ ਵੱਜੀ ਅਤੇ ਮੈਚ ਸ਼ੁਰੂ ਹੋ ਗਿਆ।

ਇਸ ਤੋਂ ਪਹਿਲਾਂ,  ਇਸ  16  ਸਾਲਾ ਸਟਰਾਈਕਰ ਨੇ ਚੈਂਪੀਅਨਸ਼ਿਪ ਕੁਆਰਟਰ-ਫ਼ਾਈਨਲ ਮੈਚ ਦੌਰਾਨ ਹੈਟ-ਟ੍ਰਿਕ ਲਾਈ ਸੀ। ਉਸ ਮੈਚ ਵਿੱਚ ਪੱਛਮ ਬੰਗਾਲ ਨੇ ਗੋਆ ਨੂੰ ਹਰਾ ਦਿੱਤਾ, ਪਰ ਇਸ ਮੈਚ ਵਿੱਚ ਪਾੱਲ ਦੇ ਗਿੱਟੇ ਵਿੱਚ ਸੱਟ ਲੱਗ ਗਈ: ''ਬਾਵਜੂਦ ਇਹਦੇ ਮੈਂ ਸੈਮੀ-ਫ਼ਾਈਲਨ ਮੈਚਾਂ  (ਪੰਜਾਬ ਖ਼ਿਲਾਫ਼)  ਵਿੱਚ ਖੇਡਿਆ ਪਰ ਸ਼ਦੀਦ ਪੀੜ੍ਹ ਨਾਲ਼। ਉਸ ਦਿਨ ਜਦੋਂ ਅਸੀਂ ਫ਼ਾਈਨਲ ਵਿੱਚ ਪਹੁੰਚੇ ਤਾਂ ਮੈਂ ਖੜ੍ਹਾ ਵੀ ਨਹੀਂ ਹੋ ਪਾਇਆ।''

ਪੱਛਮੀ ਬੰਗਾਲ ਦੇ ਨੌਜਵਾਨ ਖਿਡਾਰੀ ਪਾੱਲ ਨੇ ਬੈਂਚ 'ਤੇ ਬਹਿ ਕੇ ਚੈਂਪੀਅਨਸ਼ਿਪ ਫ਼ਾਈਨਲ ਦੇਖਿਆ। ਮੈਚ ਦੇ ਕੁਝ ਅਖ਼ੀਰਲੇ ਮਿੰਟ ਬਾਕੀ ਸਨ ਅਤੇ ਕੋਈ ਵੀ ਟੀਮ ਗੋਲ਼ ਨਹੀਂ ਕਰ ਸਕੀ ਸੀ। ਪੱਛਮੀ ਬੰਗਾਲ ਦੀ ਕੋਚ, ਸ਼ਾਂਤੀ ਮਲਿਕ ਖ਼ੁਸ਼ ਨਹੀਂ ਸਨ। ਕਰੀਬ 12,000 ਸੀਟਾਂ ਵਾਲ਼ੇ ਇਸ ਸਟੇਡੀਅਮ ਵਿੱਚ ਦਰਸ਼ਕਾਂ ਦੀ ਭੀੜ ਵਿੱਚ ਰਾਜ ਦੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਵੀ ਬੈਠੇ ਮੈਚ ਦੇਖ ਰਹੇ ਸਨ, ਜੋ ਉਨ੍ਹਾਂ (ਕੋਚ) ਦਾ ਤਣਾਅ ਹੋਰ ਵਧਾ ਰਹੇ ਸਨ। ਮਲਿਕ ਨੇ ਪਾੱਲ ਨੂੰ ਤਿਆਰ ਰਹਿਣ ਲਈ ਕਿਹਾ। '''ਮੇਰੀ ਹਾਲਤ ਤਾਂ ਦੇਖੋ', ਮੈਂ ਉਨ੍ਹਾਂ ਨੂੰ ਦੱਸਿਆ। ਪਰ ਕੋਚ ਨੇ ਕਿਹਾ,'ਜੇ ਤੂੰ ਉੱਠ ਗਈ ਤਾਂ ਗੋਲ਼ ਪੱਕਾ ਹੋ ਹੀ ਜਾਣਾ। ਇਹ ਮੇਰੇ ਦਿਲ ਦੀ ਅਵਾਜ਼ ਹੈ,','' ਪਾੱਲ ਕਹਿੰਦੇ ਹਨ।

ਸੋ ਪੀੜ੍ਹ ਘਟਾਉਣ ਲਈ ਦੋ ਟੀਕੇ ਲਾਏ ਗਏ ਅਤੇ ਮੇਰੇ ਜ਼ਖ਼ਮ ਦੀ ਪੱਟੀ ਵੀ ਘੁੱਟ ਕੇ ਬੰਨ੍ਹ ਦਿੱਤੀ ਗਈ, ਪਾੱਲ ਨੇ ਤਿਆਰੀ ਕੱਸੀ ਅਤੇ ਉਡੀਕ ਕਰਨ ਲੱਗੇ। ਮੈਚ ਡ੍ਰਾਅ ਹੋ ਗਿਆ ਸੀ ਅਤੇ ਗੋਲਡਨ ਗੋਲ਼ ਵਾਸਤੇ ਵਾਧੂ ਸਮਾਂ ਦਿੱਤਾ ਗਿਆ, ਹੁਣ ਜਿਹੜੀ ਵੀ ਟੀਮ ਪਹਿਲਾਂ ਗੋਲ਼ ਕਰਦੀ ਚੈਂਪੀਅਨਸ਼ਿਪ ਦੀ ਜੇਤੂ ਮੰਨੀ ਜਾਣੀ ਸੀ।

''ਮੈਂ ਕ੍ਰਾਸਬਾਰ ‘ਤੇ ਨਿਸ਼ਾਨਾ ਲਾਇਆ ਅਤੇ ਬਾਲ (ਗੇਂਦ) ਜੇ ਪਾਸੇ ਨੂੰ ਬੁੜ੍ਹਕ ਗਈ। ਕੀਪਰ ਨੇ ਛਾਲ਼ ਮਾਰੀ। ਪਰ ਬਾਲ ਉਹਦੇ ਉੱਤੋਂ ਦੀ ਟੱਪੀ ਅਤੇ ਟਪੂਸੀ ਮਾਰ ਨੈਟ ਵਿੱਚ ਜਾ ਵੜ੍ਹੀ।''

PHOTO • Riya Behl
PHOTO • Riya Behl

ਖੱਬੇ- ਬੰਦਨਾ ਪਾੱਲ ਵਜੋਂ ਬੋਨੀ ਪਾੱਲ ਦੇ ਫੁੱਟਬਾਲ ਖੇਡਦਿਆਂ ਦੀਆਂ ਪਹਿਲੀਆਂ ਤਸਵੀਰਾਂ ਵਿੱਚੋਂ ਇੱਕ, 2 ਦਸੰਬਰ 2012 ਨੂੰ ਆਨੰਦਬਜ਼ਾਰ ਪਤ੍ਰਿਕਾ ਦੇ ਖੇਡ ਸਪਲੀਮੈਂਟ ਵਿੱਚ ਪ੍ਰਕਾਸ਼ਤ ਹੋਈ। ਸੱਜੇ : 1998 ਦੀ ਮਹਿਲਾ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਬੰਦਨਾ ਦੀ ਭਾਗੀਦਾਰੀ ਦੀ ਤਾਰੀਫ਼ ਕਰਦੇ ਏਆਈਐਫ਼ਐੱਫ਼ ਵੱਲੋਂ ਜਾਰੀ ਪ੍ਰਮਾਣ ਪੱਤਰ

ਬੱਸ ਇਸੇ ਥਾਂ ਪਾੱਲ ਥੋੜ੍ਹਾ ਰੁੱਕਦੇ ਹਨ,ਐਨ ਕਿਸੇ ਤਜ਼ਰਬੇਕਾਰ ਕਹਾਣੀ ਕਹਿਣ ਵਾਲ਼ੇ ਵਾਂਗਰ। ''ਮੈਂ ਆਪਣੀ ਜ਼ਖ਼ਮੀ ਲੱਤ ਦੇ ਨਾਲ਼ ਸ਼ੌਟ ਮਾਰਿਆ, ''ਫ਼ੁਟਬਾਲਰ ਨੇ ਮੁਸਕਰਾਉਂਦਿਆਂ ਕਿਹਾ। ''ਕੀਪਰ ਭਾਵੇਂ ਕਿੰਨਾ ਵੀ ਲੰਬਾ ਕਿਉਂ ਨਾ ਹੋਵੇ, ਕ੍ਰੋਸਬਾਰ ਸ਼ੌਟ ਬਚਾਉਣੇ ਬੜੇ ਔਖ਼ੇ ਹੁੰਦੇ ਹਨ। ਮੈਂ ਗੋਲਡਨ ਗੋਲ਼ ਕੀਤਾ।''

ਉਸ ਮੈਚ ਨੂੰ ਹੋਇਆਂ  25  ਸਾਲ ਬੀਤ ਚੁੱਕੇ ਹਨ ਪਰ  41  ਸਾਲਾ ਪਾੱਲ ਅਜੇ ਵੀ ਬੜੇ ਫ਼ਖਰ ਨਾਲ਼ ਉਹ ਘੜੀ ਚੇਤੇ ਕਰਦੇ ਹਨ। ਇੱਕ ਸਾਲ ਬਾਅਦ ਪਾੱਲ ਰਾਸ਼ਟਰੀ ਪੱਧਰੀ ਟੀਮ ਵਿੱਚ ਸਨ, ਜੋ ਬੈਂਕਾਕ ਵਿੱਚ ਹੋਣ ਵਾਲ਼ੀਆਂ 1998 ਦੀਆਂ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਵਾਲ਼ੀ ਸੀ।

ਇਹ ਸਾਰਾ ਕੁਝ, ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਇੱਛਾਪੁਰ ਪਿੰਡ ਦੇ ਇਸ ਫੁੱਟਬਾਲਰ ਵਾਸਤੇ ਇਹ ਇੱਕ ਸੁਪਨਾ ਸੀ: ''ਮੇਰੀ ਦਾਦੀ ਰੇਡਿਓ 'ਤੇ ਮੈਚ  (ਫ਼ਾਈਨਲ)  ਦੀ ਕੁਮੈਂਟਰੀ ਸੁਣ ਰਹੀ ਸਨ। ਮੇਰੇ ਖ਼ਾਨਦਾਨ ਵਿੱਚ ਪਹਿਲਾਂ ਕਦੇ ਵੀ ਕੋਈ ਫੁੱਟਬਾਲ ਖੇਡ ਦੇ ਇਸ ਪੱਧਰ ਤੱਕ ਨਹੀਂ ਅੱਪੜਿਆ ਸੀ। ਉਨ੍ਹਾਂ ਸਾਰਿਆਂ ਨੂੰ ਮੇਰੇ 'ਤੇ ਫ਼ਖਰ ਸੀ।''

ਜਦੋਂ ਪਾੱਲ ਨੌਜਵਾਨ ਸੀ,  ਤਾਂ  ਉਨ੍ਹਾਂ  ਦਾ  ਸੱਤ ਮੈਂਬਰੀ ਪਰਿਵਾਰ ਗਾਇਘਾਟਾ ਬਲਾਕ ਦੇ ਇੱਛਾਪੁਰ ਪਿੰਡ ਵਿੱਚ ਪੈਂਦੇ ਆਪਣੇ ਘਰੇ ਰਹਿੰਦਾ ਸੀ,  ਉੱਥੇ ਆਪਣੀ ਦੋ ਏਕੜ ਦੀ ਜ਼ਮੀਨ ਵਿੱਚ ਉਹ ਗੁਜ਼ਾਰੇ ਵਾਸਤੇ ਚੌਲ਼,  ਸਰ੍ਹੋਂ,  ਹਰੇ ਮਟਰ,  ਮਸਰ ਅਤੇ ਕਣਕ ਪੈਦਾ ਕਰਦੇ। ਇਸ ਜ਼ਮੀਨ ਦੇ ਕਈ ਹਿੱਸੇ ਵੇਚ ਕੇ ਪਰਿਵਾਰ ਵਿੱਚ ਵੰਡ ਦਿੱਤੇ ਗਏ।

''ਮੇਰੇ ਪਿਤਾ ਬਤੌਰ ਦਰਜ਼ੀ ਕੰਮ ਕਰਦੇ ਅਤੇ ਸਿਲਾਈ ਕਢਾਈ ਦੇ ਕੰਮ ਵਿੱਚ ਮਾਤਾ ਉਨ੍ਹਾਂ ਦੀ ਸਹਾਇਤਾ ਕਰਿਆ ਕਰਦੀ। ਉਹ ਪਗੜੀਆਂ,  ਰੱਖੜੀਆਂ ਅਤੇ ਹੋਰ ਕਈ ਚੀਜ਼ਾਂ ਬਣਾਇਆ ਕਰਦੀ'', ਪਾੱਲ ਕਹਿੰਦੇ ਹਨ ਜੋ ਆਪਣੇ ਸਾਰੇ ਭੈਣ- ਭਰਾਵਾਂ ਨਾਲ਼ੋਂ ਛੋਟੇ ਹਨ। ''ਅਸੀਂ ਛੋਟੇ ਹੁੰਦਿਆਂ ਤੋਂ ਹੀ ਜ਼ਮੀਨ 'ਤੇ ਕੰਮ ਕਰਦੇ ਰਹੇ ਸਾਂ।'' ਬੱਚਿਆਂ ਦੇ ਕੰਮਾਂ ਵਿੱਚ  70  ਚੂਜ਼ਿਆਂ ਅਤੇ  15  ਬੱਕਰੀਆਂ ਦੀ ਦੇਖਭਾਲ਼ ਕਰਨਾ ਵੀ ਸ਼ਾਮਲ ਹੁੰਦਾ ਅਤੇ ਸਕੂਲ ਜਾਣ ਤੋਂ ਪਹਿਲਾਂ ਇਨ੍ਹਾਂ ਬੱਕਰੀਆਂ ਵਾਸਤੇ ਘਾਹ ਵੀ ਕੱਟ ਕੇ ਲਿਆਉਂਦੇ।

ਪਾੱਲ ਨੇ ਆਪਣੀ ਦੱਸਵੀਂ ਜਮਾਤ ਇੱਛਾਪੁਰ ਹਾਈ ਸਕੂਲ ਵਿੱਚ ਪੂਰੀ ਕੀਤੀ। ''ਉਦੋਂ ਕੁੜੀਆਂ ਦੀ ਫੁੱਟਬਾਲ ਟੀਮ ਨਾ ਹੁੰਦੀ, ਇਸਲਈ ਮੈਂ ਸਕੂਲੋਂ ਬਾਅਦ ਮੁੰਡਿਆਂ ਨਾਲ਼ ਖੇਡਿਆ ਕਰਦਾ,'' ਸਾਬਕਾ ਫੁੱਟਬਾਲ ਖਿਡਾਰੀ ਪੋਮੇਲਾ  (ਇੱਕ ਸਿਟਰਸ ਫਲ)  ਨੂੰ ਵਾਪਸ ਲਿਆਉਣ ਲਈ ਪੌੜੀਆਂ ਉਤਰਦਾ ਹੋਇਆ ਕਹਿੰਦਾ ਹੈ। ''ਇਹਨੂੰ  ਅਸੀਂ ਬਤਾਬੀ ਜਾਂ ਜੰਬੂਰਾ ਕਹਿੰਦੇ। ਸਾਡੇ ਕੋਲ਼ ਫੁੱਟਬਾਲ ਖਰੀਦਣ ਜੋਗੇ ਪੈਸੇ ਨਾ ਹੁੰਦੇ,  ਇਸਲਈ ਅਸੀਂ ਰੁੱਖੋਂ ਇਹ ਫਲ ਤੋੜਦੇ ਅਤੇ ਇਹਦੀ ਖਿੱਦੋ ਬਣਾ ਖੇਡਦੇ,'' ਪਾੱਲ ਕਹਿੰਦੇ ਹਨ । ''ਬੱਸ ਕੁਝ ਇਵੇਂ ਹੀ ਮੈਂ ਸ਼ੁਰੂਆਤ ਕੀਤੀ।''

PHOTO • Riya Behl
PHOTO • Riya Behl

ਖੱਬੇ : ਬੋਨੀ ਆਪਣੇ ਪਰਿਵਾਰਕ ਘਰ ਦੀ ਪਹਿਲੀ ਮੰਜਲ ਦੇ ਉਸ ਕਮਰੇ ਵਿੱਚ ਬੈਠੇ ਹੋਏ ਜਿੱਥੇ ਉਹ ਅਤੇ ਸਵਾਤੀ ਰਹਿੰਦੇ ਹਨ। ਸੱਜੇ : ਦੋ ਪੋਮੇਲੋਸ (ਖੱਬੇ), ਇੱਕ ਫ਼ਲ ਜਿਹਨੂੰ ਗੇਂਦ ਬਣਾ ਕੇ ਬੋਨੀ ਖੇਡਿਆ ਕਰਦੇ ਰਹੇ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਕੋਲ਼ ਫੁੱਟਬਾਲ ਖ਼ਰੀਦਣ ਜੋਗੇ ਪੈਸੇ ਨਹੀਂ ਹੁੰਦੇ ਸਨ। ਸੱਜੇ ਹੱਥ ਇੱਕ ਫ਼ੋਟੋ ਵਿੱਚ ਉਨ੍ਹਾਂ ਦੇ ਕੋਚਿੰਗ ਬੂਟ ਦੇਖੇ ਜਾ ਸਕਦੇ ਹਨ

ਅਜਿਹੇ ਹੀ ਇੱਕ ਦਿਨ,  ਇੱਛਾਪੁਰ ਵਿਖੇ ਸਿਦਨਾਥ ਦਾਸ,  ਜਿਹਨੂੰ ਪਿਆਰ ਨਾਲ਼ ਬੁਚੂ ਦਾ (ਵੱਡਾ ਭਰਾ)  ਕਿਹਾ ਜਾਂਦਾ,  ਨੇ  12 ਸਾਲਾ ਮੁੰਡੇ ਨੂੰ ਖੇਡਦੇ ਦੇਖਿਆ। ਬੱਚੂ ਦਾ ਨੇ ਪਾੱਲ ਨੂੰ ਨੇੜਲੇ ਬਾਰਾਸਾਤ ਕਸਬੇ ਵਿੱਚ ਹੋਣ ਵਾਲ਼ੇ ਫੁੱਟਬਾਲ ਟ੍ਰਾਇਲਾਂ ਬਾਰੇ ਦੱਸਿਆ, ਜਿਨ੍ਹਾਂ ਨੇ ਇਸ ਗੱਲ ਦੀ ਪਾਲਣਾ ਕਰਕੇ ਬਾਰਾਸਾਤ ਜੁਬਾਕ ਸੰਘ ਕਲੱਬ ਟੀਮ ਵਿੱਚ ਥਾਂ ਬਣਾਈ। ਉਨ੍ਹਾਂ ਦੇ ਨਾਲ਼ ਇੱਕ ਪ੍ਰਭਾਵਸ਼ਾਲੀ ਸ਼ੁਰੂਆਤ ਦੀ ਬਦੌਲਤ ਪਾੱਲ ਨੂੰ ਕੋਲਕਾਤਾ ਦੇ ਇਟੀਕਾ ਮੈਮੋਰੀਅਲ ਕਲੱਬ ਦੁਆਰਾ ਭਰਤੀ ਕਰ ਲਿਆ ਗਿਆ। ਬੱਸ ਉਸ ਤੋਂ ਬਾਅਦ ਪਾੱਲ ਨੇ ਪਿਛਾਂਹ ਮੁੜ ਕੇ ਨਾ ਦੇਖਿਆ।

ਪਾੱਲ, 1998 ਵਿੱਚ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੀ ਟੀਮ ਵਿੱਚ ਚੁਣੇ ਗਏ ਅਤੇ ਫੁੱਟਬਾਲਰ ਦੇ ਪਾਸਪੋਰਟ ਅਤੇ ਵੀਜਾ ਐਪਲੀਕੇਸ਼ਨ ਵਾਸਤੇ ਤੁਰਤ-ਫ਼ੁਰਤ ਕਾਰਵਾਈ ਸ਼ੁਰੂ ਹੋ ਗਈ। ''ਅਸੀਂ ਰਵਾਨਾ ਹੋਣ ਲਈ ਏਅਰਪੋਰਟ 'ਤੇ ਸਾਂ,'' ਸਾਬਕਾ ਖਿਡਾਰੀ ਚੇਤੇ ਕਰਦਿਆਂ ਕਹਿੰਦੇ ਹਨ। ''ਪਰ ਉਨ੍ਹਾਂ ਨੇ ਮੈਨੂੰ ਵਾਪਸ ਭੇਜ ਦਿੱਤਾ।''

ਏਸ਼ੀਅਨ ਖੇਡਾਂ ਦੀ ਇਕੱਠਿਆਂ ਤਿਆਰੀ ਕਰਦੇ ਹੋਏ ਮਨੀਪੁਰ, ਪੰਜਾਬ, ਕੇਰਲਾ ਅਤੇ ਓਡੀਸਾ ਦੇ ਖਿਡਾਰੀਆਂ ਨੇ ਪਾੱਲ ਦੀ ਖੇਡ ਨੂੰ ਦੇਖਿਆ ਸੀ। ਉਨ੍ਹਾਂ ਨੂੰ ਪਾੱਲ ਦੇ ਜੈਂਡਰ (ਲਿੰਗ) ਬਾਰੇ ਕੁਝ ਖਦਸ਼ੇ ਹੋਏ ਸਨ ਅਤੇ ਉਨ੍ਹਾਂ ਨੇ ਇਸ ਮਸਲੇ ਨੂੰ ਆਪਣੇ ਕੋਚਾਂ ਦੇ ਧਿਆਨ ਵਿੱਚ ਲਿਆਂਦਾ। ਮਸਲਾ ਛੇਤੀ ਹੀ ਖੇਡਾਂ ਦੇ ਪ੍ਰਬੰਧਕ ਅਦਾਰੇ, ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਕੋਲ਼ ਪਹੁੰਚਿਆ।

''ਮੈਨੂੰ ਕ੍ਰੋਮੋਸੋਮ ਜਾਂਚ ਕਰਵਾਉਣ ਲਈ ਕਿਹਾ ਗਿਆ। ਉਸ ਵੇਲ਼ੇ, ਇਹ ਜਾਂਚ ਸਿਰਫ਼ ਬੰਬੇ ਜਾਂ ਬੰਗਲੌਰ ਤੋਂ ਹੀ ਕਰਵਾਈ ਜਾ ਸਕਦੀ ਸੀ,'' ਪਾੱਲ ਕਹਿੰਦੇ ਹਨ। ਕੋਲਕਾਤਾ ਵਿਖੇ ਸਪੋਰਸਟ ਅਥਾਰਿਟੀ ਆਫ਼ ਇੰਡੀਆ (SAI) ਦੀ ਡਾਕਟਰ ਲੈਲਾ ਦਾਸ ਨੇ ਪਾੱਲ ਦੇ ਲਹੂ ਦਾ ਨਮੂਨਾ ਜਾਂਚ ਲਈ ਮੁੰਬਈ ਭੇਜਿਆ। ''ਕਰੀਬ ਡੇਢ ਮਹੀਨੇ ਬਾਅਦ, ਕੈਰੀਓਟਾਈਪ ਟੈਸਟ ਦੀ ਰਿਪੋਰਟ ਸਾਹਮਣੇ ਸੀ ਜਿਸ ਵਿੱਚ '46 XY' ਕ੍ਰੋਮੋਸੋਨ ਦਿਖਾਏ ਗਏ ਸਨ। ਔਰਤਾਂ ਵਿੱਚ ਇਹ '46 XX' ਹੋਣੇ ਚਾਹੀਦੇ ਹੁੰਦੇ ਹਨ। ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਖੇਡ (ਰਸਮੀ ਤੌਰ 'ਤੇ) ਨਹੀਂ ਸਕਦਾ,'' ਪਾੱਲ ਕਹਿੰਦੇ ਹਨ।

ਫੁੱਟਬਾਲ ਦਾ ਇਹ ਉਭਰਦਾ ਸਿਤਾਰਾ ਮਹਿਜ 17 ਵਰ੍ਹਿਆਂ ਦਾ ਸੀ, ਪਰ ਹੁਣ ਇਸ ਸਿਤਾਰੇ ਦਾ ਭਵਿੱਖ ਖਦਸ਼ਿਆਂ ਦੀ ਘੁੰਮਣਘੇਰੀ ਵਿੱਚ ਸੀ।

PHOTO • Riya Behl

19 ਜੁਲਾਈ 2012 ਨੂੰ ਆਜਕਾਲ ਸਿਲੀਗੁੜੀ ਵਿੱਚ ਬੋਨੀ ਦੀ ਇੱਕ ਤਸਵੀਰ, ਜਿਸ ਵਿੱਚ ਉਹ ਸਿਲੀਗੁੜੀ ਸਬ-ਡਿਵੀ਼ਨ ਸਪੋਰਟ ਕਾਊਂਸਲ ਦੇ ਸਕੱਤਰ ਨੂੰ ਆਪਣਾ ਬਾਇਓਡਾਟਾ ਦੇ ਰਹੇ ਹਨ

ਇੰਟਰਸੈਕਸ ਪਰਸਨ, ਜਾਂ ਇੱਕ ਤੋਂ ਵੱਧ ਸੈਕਸ ਭਿੰਨਤਾਵਾਂ ਵਾਲ਼ਾ ਵਿਅਕਤੀ, ਅੰਦਰ ਜਨਮ ਤੋਂ ਹੀ ਕੁਝ ਲਿੰਗਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਮਾਦਾ ਜਾਂ ਨਰ ਸਰੀਰਾਂ ਨੂੰ ਲੈ ਕੇ ਬਣੇ ਮੈਡੀਕਲ ਜਾਂ ਸਮਾਜਿਕ ਨਿਯਮਾਂ ਦੇ ਅਨੁਕੂਲ ਨਹੀਂ ਬਹਿੰਦੀਆਂ। ਸਰੀਰਕ ਭਿੰਨਤਾਵਾਂ ਬਾਹਰੀ ਜਾਂ ਅੰਦਰੂਨੀ ਜਣਨ ਹਿੱਸਿਆਂ (ਅੰਗਾਂ), ਕ੍ਰੋਮੋਸੋਮ ਪੈਟਰਨਾਂ ਜਾਂ ਹਾਰਮੋਨਲ ਪੈਟਰਨਾਂ ਦੇ ਰੂਪ ਵਿੱਚ ਦਿੱਸ ਸਕਦੀਆਂ। ਇਹ ਜਨਮ ਸਮੇਂ ਵੀ ਸਪੱਸ਼ਟ ਹੋ ਸਕਦੀਆਂ ਹਨ ਜਾਂ ਕਈ ਵਾਰੀ ਬਾਅਦ ਵਿੱਚ ਸਾਹਮਣੇ ਆਉਂਦੀਆਂ ਹਨ

***

''ਮੇਰੇ ਇੱਕ ਬੱਚੇਦਾਨੀ, ਇੱਕ ਅੰਡੇਦਾਨੀ ਸੀ ਅਤੇ ਅੰਦਰਲੇ ਪਾਸੇ ਇੱਕ ਨਰ-ਲਿੰਗ (ਇੰਦਰੀ) ਸੀ। ਮੇਰੇ ਅੰਦਰ ਦੋਵਾਂ ਤਰ੍ਹਾਂ ਦੇ ਜਣਨ ਅੰਗ ਸਨ,'' ਸਾਬਕਾ ਫੁੱਟਬਾਲ ਖਿਡਾਰੀ ਕਹਿੰਦੇ ਹਨ। ਰਾਤੋ-ਰਾਤ ਇਸ ਖਿਡਾਰੀ ਦੀ ਪਛਾਣ ਫੁੱਟਬਾਲ ਭਾਈਚਾਰੇ, ਮੀਡਿਆ ਅਤੇ ਪਾੱਲ ਦੇ ਪਰਿਵਾਰ ਦੇ ਸਵਾਲਾਂ ਦੇ ਘੇਰੇ ਵਿੱਚ ਆਣ ਘਿਰੀ।

''ਉਸ ਵੇਲ਼ੇ ਕਿਸੇ ਨੂੰ ਕੁਝ ਵੀ ਸਮਝ ਨਾ ਆਇਆ। ਇਹ ਤਾਂ ਅੱਜ ਦਾ ਸਮਾਂ ਹੈ ਜਦੋਂ ਲੋਕ LGBTQ ਦੇ ਮਸਲਿਆਂ ਬਾਰੇ ਖੁੱਲ੍ਹ ਕੇ ਬੋਲਦੇ ਹਨ ਅਤੇ ਉਨ੍ਹਾਂ ਨੂੰ ਉਜਾਗਰ ਵੀ ਕਰਦੇ ਹਨ,'' ਸਾਬਕਾ ਫੁੱਟਬਾਲਰ ਕਹਿੰਦੇ ਹਨ।

ਪਾੱਲ ਇੱਕ ਇੰਟਰਸੈਕਸ ਵਿਅਕਤੀ ਹਨ ਜੋ LGBTQIA+ ਭਾਈਚਾਰੇ/community ਵਿਚਲੇ  ‘I’- ਦੀ ਨੁਮਾਇੰਦਗੀ ਕਰਦੇ ਹਨ। ''ਮੇਰੇ ਜਿਹੇ (ਸਰੀਰ ਵਾਲ਼ੇ) ਲੋਕ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਹਨ। ਮੇਰੇ ਜਿਹੇ ਕਿੰਨੇ ਹੀ ਵਿਅਕਤੀ ਅਥਲੈਟਿਕ, ਟੈਨਿਸ ਖਿਡਾਰੀ ਅਤੇ ਫੁੱਟਬਾਲਰ ਵੀ ਹਨ,'' ਬੋਨੀ ਕਹਿੰਦੇ ਹਨ, ਜੋ ਇੱਕ ਪੁਰਸ਼ ਵਜੋਂ ਪਛਾਣ ਰੱਖਦੇ ਹਨ। ਉਹ ਆਪਣੇ ਪਾਠਕਾਂ ਨਾਲ਼ ਗੱਲ ਕਰਨ ਦੇ ਨਾਲ਼ ਨਾਲ਼ ਮੈਡੀਕਲ ਕਮਿਊਨਿਟੀ (ਭਾਈਚਾਰੇ) ਦੇ ਮੈਂਬਰਾਂ ਨਾਲ਼ ਵੀ ਆਪਣੇ ਜੈਂਡਰ ਪਛਾਣ, ਜੈਂਡਰ ਪ੍ਰਗਟਾਵੇ, ਕਾਮ ਪ੍ਰਤੀ ਝੁਕਾਅ ਅਤੇ ਜਿਣਸੀ ਰੁਝਾਨ ਬਾਰੇ ਗੱਲ ਕਰਦੇ ਹਨ।

PHOTO • Riya Behl
PHOTO • Riya Behl

ਖੱਬੇ: ਬੋਨੀ ਬਾਰੇ ਟਾਈਮ ਆਫ਼ ਇੰਡੀਆ ਦੇ ਸ਼ਹਿਰੀ ਪੰਨੇ 'ਤੇ ਛਪਿਆ ਲੇਖ। ਸੱਜੇ: ਬੋਨੀ ਪੌਲ ਦਾ ਅਧਾਰ ਕਾਰਡ, ਜਿੱਥੇ ਉਨ੍ਹਾਂ ਦਾ ਜੈਂਡਰ ਪੁਰਸ਼ ਲਿਖਿਆ ਹੈ

ਇੰਟਰਸੈਕਸ ਪਰਸਨ , ਜਾਂ ਇੱਕ ਤੋਂ ਵੱਧ ਸੈਕਸ ਭਿੰਨਤਾਵਾਂ ਵਾਲ਼ਾ ਵਿਅਕਤੀ, ਅੰਦਰ ਜਨਮ ਤੋਂ ਹੀ ਕੁਝ ਲਿੰਗਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਮਾਦਾ ਜਾਂ ਨਰ ਸਰੀਰਾਂ ਨੂੰ ਲੈ ਕੇ ਬਣੇ ਮੈਡੀਕਲ ਜਾਂ ਸਮਾਜਿਕ ਨਿਯਮਾਂ ਦੇ ਅਨੁਕੂਲ ਨਹੀਂ ਬਹਿੰਦੀਆਂ। ਸਰੀਰਕ ਭਿੰਨਤਾਵਾਂ ਬਾਹਰੀ ਜਾਂ ਅੰਦਰੂਨੀ ਜਣਨ ਹਿੱਸਿਆਂ (ਅੰਗਾਂ), ਕ੍ਰੋਮੋਸੋਮ ਪੈਟਰਨਾਂ ਜਾਂ ਹਾਰਮੋਨਲ ਪੈਟਰਨਾਂ ਦੇ ਰੂਪ ਵਿੱਚ ਦਿੱਸ ਸਕਦੀਆਂ। ਇਹ ਜਨਮ ਸਮੇਂ ਵੀ ਸਪੱਸ਼ਟ ਹੋ ਸਕਦੀਆਂ ਹਨ ਜਾਂ ਕਈ ਵਾਰੀ ਬਾਅਦ ਵਿੱਚ ਸਾਹਮਣੇ ਆਉਂਦੀਆਂ ਹਨ। ਮੈਡੀਕਲ ਪ੍ਰੈਕਟੀਸ਼ਨਰ ਇੰਟਰਸੈਕਸ ਭਿੰਨਤਾਵਾਂ ਵਾਲ਼ੇ ਵਿਅਕਤੀਆਂ ਲਈ DSD ਸ਼ਬਦ ਦੀ ਵਰਤੋਂ ਕਰਦੇ ਹਨ ਭਾਵ ਡਿਫਰੈਂਸਸ/ਡਿਸਆਰਡਰ ਆਫ਼ ਸੈਕਸ ਡਿਵਲਪਮੈਂਟ (ਲਿੰਗ ਵਿਕਾਸ ਦੇ ਅੰਤਰ/ਵਿਕਾਰ) ਹੁੰਦਾ ਹੈ।

''ਇੰਟਰਸੈਕਸ ਲੋਕਾਂ ਦੀ ਸਿਹਤ ਨੂੰ ਲੈ ਕੇ ਫੈਲੀ ਅਗਿਆਨਤਾ ਅਤੇ ਪਸਰੀ ਉਲਝਣ ਕਾਰਨ ਮੈਡੀਕਲ ਕਮਿਊਨਿਟੀ ਵਿੱਚ ਸ਼ਬਦ DSD ਨੂੰ ਅਕਸਰ ਗ਼ਲਤ ਢੰਗ ਨਾਲ਼ 'ਡਿਸਆਰਡਰ ਆਫ਼ ਸੈਕਸ ਡਿਵਲਪਮੈਂਟ' (ਜੈਂਡਰ ਵਿਕਾਸ ਦੇ ਵਿਕਾਰ) ਕਿਹਾ ਜਾਂਦਾ ਹੈ,'' ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸੇਜ, ਦਿੱਲੀ ਦੇ ਡਾ. ਸਤੇਂਦਰ ਸਿੰਘ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ''ਇੰਟਰਸੈਕਸ ਲੋਕਾਂ ਦੀ ਗਿਣਤੀ ਨੂੰ ਲੈ ਕੇ ਕੁਝ ਵੀ ਸਪੱਸ਼ਟ ਤੌਰ 'ਤੇ ਦੱਸਿਆ ਨਹੀਂ ਜਾ ਸਕਦਾ।

ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਟ੍ਰਾਂਸਜੈਂਡਰ ਵਿਅਕਤੀਆਂ ਦੇ ਸੰਦਰਭ ਵਿੱਚ ਪ੍ਰਕਾਸ਼ਤ 2014 ਦੀ ਇੱਕ ਰਿਪੋਰਟ ਦੱਸਦੀ ਹੈ ਕਿ 2,000 ਬੱਚਿਆਂ ਦੇ ਪੈਦਾ ਹੋਣ ਮਗਰ ਘੱਟੋਘੱਟ ਇੱਕ ਬੱਚਾ ਅਜਿਹੀ ਜੈਂਡਰ ਵਿਭਿੰਨਤਾ ਲੈ ਕੇ ਪੈਦਾ ਹੁੰਦਾ ਹੈ ''ਜਿਸ ਵਿੱਚ ਨਰ ਅਤੇ ਮਾਦਾ ਵਿਸ਼ੇਸ਼ਤਾਵਾਂ ਇਸ ਤਰੀਕੇ ਨਾਲ਼ ਰਲ਼ੀਆਂ ਹੁੰਦੀਆਂ ਹਨ ਕਿ ਮਾਹਰਾਂ ਵੱਲੋਂ ਉਨ੍ਹਾਂ 'ਤੇ ਨਰ ਅਤੇ ਮਾਦਾ ਹੋਣ ਦਾ ਲੇਬਲ ਲਾਉਣਾ ਤੱਕ ਮੁਸ਼ਕਲ ਬਣ ਜਾਂਦਾ ਹੈ।''

ਇਸ ਤੱਥ ਦੇ ਬਾਵਜੂਦ ਵੀ, ''ਮਿਆਰੀ ਪਾਠ-ਪੁਸਤਕਾਂ (ਭਾਰਤ ਦੇ ਮੈਡੀਕਲ ਸਿਲੇਬਸ ਵਿੱਚ) ਅਜੇ ਵੀ 'ਹਰਮਾਫ੍ਰੋਡਾਇਟ' (ਦੋ-ਲਿੰਗੀ), 'ਐਂਬੀਗਯੂਅਸ ਜੈਨੀਟਾਲਿਆ' (ਅਸਪੱਸ਼ਟ ਜਣਨ ਅੰਗ) ਅਤੇ 'ਡਿਸਆਰਡਰ' (ਵਿਕਾਰ) ਜਿਹੇ ਹੀਣੇ ਸ਼ਬਦਾਂ ਦਾ ਉਲੇਖ ਕਰਦੀਆਂ ਹਨ,'' ਡਾ. ਸਿੰਘ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ, ਜੋ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਵਿਕਲਾਂਗਤਾ ਰੱਖਿਅਕ ਵੀ ਹਨ।

ਮਹਿਲਾ ਟੀਮ ਵਿੱਚੋਂ ਹਟਾਏ ਜਾਣ ਤੋਂ ਬਾਅਦ, ਕੋਲਕਾਤਾ ਸਪੋਰਸਟ ਅਥਾਰਿਟੀ ਆਫ਼ ਇੰਡੀਆ ਵੱਲੋਂ ਬੋਨੀ ਦੀ ਸਰੀਰਕ ਜਾਂਚ ਕਰਵਾਈ ਗਈ ਅਤੇ ਉਨ੍ਹਾਂ ਨੂੰ ਕਿਸੇ ਵੀ ਮਹਿਲਾ ਫੁੱਟਬਾਲ ਟੀਮ ਵਿੱਚ ਹਿੱਸਾ ਲੈਣ ਅਤੇ ਮੈਚ ਖੇਡਣ ਦੀ ਆਗਿਆ ਨਾ ਦਿੱਤੀ ਗਈ। ''ਫ਼ੁਟਬਾਲ ਦਾ ਮੇਰੇ ਜੀਵਨ ਵਿੱਚੋਂ ਚਲੇ ਜਾਣਾ ਕਿਤੇ ਨਾ ਕਿਤੇ ਮੇਰੇ ਅੰਦਰਲੇ ਜੀਵਨ ਨੂੰ ਹੀ ਮਾਰ ਗਿਆ। ਮੇਰੇ ਨਾਲ਼ ਬੇਇਨਸਾਫ਼ੀ ਹੋਈ ਸੀ,'' ਬੋਨੀ ਕਹਿੰਦੇ ਹਨ।

PHOTO • Riya Behl
PHOTO • Riya Behl

ਖੱਬੇ : ਬੋਨੀ ਬਤਾਬੀ ਜਾਂ ਜੰਬੂਰਾ (ਪੋਮੇਲੋ) ਫ਼ਲ ਫੜ੍ਹੀ ਖੜ੍ਹੇ। ਜਦੋਂ ਉਨ੍ਹਾਂ ਨੇ ਖੇਡਣਾ ਸ਼ੁਰੂ ਕੀਤਾ ਤਾਂ ਇਸ ਫਲ ਦੇ ਮੋਟੇ ਖੋਲ਼ ਨੇ ਇਹਨੂੰ ਫੁੱਟਬਾਲ ਦੇ ਵਧੀਆ ਵਿਕਲਪ ਵਜੋਂ ਪੇਸ਼ ਕੀਤਾ। ਸੱਜੇ : ਉਸ ਸ਼ੋਅਕੇਸ ਦੀ ਸਾਹਮਣੇ ਬੈਠੇ ਹੋਏ ਜਿੱਥੇ ਉਨ੍ਹਾਂ ਵੱਲੋਂ ਜਿਤੀਆਂ ਟਰਾਫੀਆਂ ਅਤੇ ਸਰਟੀਫ਼ਿਕੇਟ ਰੱਖੇ ਹੋਏ ਹਨ

ਉਹ ਕਹਿੰਦੇ ਹਨ ਕਿ ਸੁਪਰੀਮ ਕੋਰਟ ਦੇ 2014 ਦੇ ਇੱਕ ਫ਼ੈਸਲੇ ਨੇ ਉਨ੍ਹਾਂ ਅੰਦਰ ਉਮੀਦ ਜਗਾਈ। ਜਿਸ ਵਿੱਚ ਕਿਹਾ ਗਿਆ ਹੈ ਕਿ ''ਕਿਸੇ ਦੀ ਵੀ ਲਿੰਗਕ ਪਛਾਣ ਗਰਿਮਾ ਦੇ ਨਾਲ਼ ਜੀਊਣ ਦੇ ਮੌਲਿਕ ਅਧਿਕਾਰ ਦੇ ਕੇਂਦਰ ਵਿੱਚ ਹੁੰਦੀ ਹੈ। ਜੈਂਡਰ ਕਿਸੇ ਵਿਅਕਤੀ ਦੇ ਹੋਣ ਦੀ (ਵਜੂਦ) ਭਾਵਨਾ ਦਾ ਮੂਲ਼ ਅਤੇ ਉਹਦੀ ਪਛਾਣ ਦਾ ਇੱਕ ਅਨਿਖੜਵਾਂ ਅੰਗ ਹੈ। ਸੋ, ਜੈਂਡਰ ਦੀ ਪਛਾਣ ਦੀ ਕਨੂੰਨੀ ਮਾਨਤਾ ਸਾਡੇ ਸੰਵਿਧਾਨ ਦੇ ਤਹਿਤ ਗਰਿਮਾ ਦੇ ਅਧਿਕਾਰ ਅਤੇ ਅਜ਼ਾਦੀ ਦੀ ਗਰੰਟੀ ਦਾ ਹਿੱਸਾ ਹੈ।'' ਇਹ ਫ਼ੈਸਲਾ ਰਾਸ਼ਟਰੀ ਕਨੂੰਨ ਸੇਵਾ ਅਥਾਰਿਟੀ ਅਤੇ ਪੂਜਯਾ ਮਾਤਾ ਨਸੀਬ ਕੌਰ ਜੀ ਮਹਿਲਾ ਕਲਿਆਣ ਸੋਸਾਇਟੀ ਵੱਲੋਂ 'ਟ੍ਰਾਂਸਜੈਂਡਰ' ਵਜੋਂ ਪਛਾਣੇ ਗਏ ਵਿਅਕਤੀਆਂ ਨੂੰ ਕਨੂੰਨੀ ਮਾਨਤਾ ਦਿੱਤੇ ਜਾਣ ਨੂੰ ਲੈ ਕੇ ਦਾਇਰ ਅਪੀਲ ਦੇ ਜਵਾਬ ਵਿੱਚ ਸੁਣਾਇਆ ਗਿਆ ਸੀ। ਇਸ ਇਤਿਹਾਸਕ ਫ਼ੈਸਲੇ ਵਿੱਚ ਜੈਂਡਰ (ਪਛਾਣ) ਨੂੰ ਲੈ ਕੇ ਲੰਬੀ ਚਰਚਾ ਕੀਤੀ ਗਈ ਅਤੇ ਇਹ ਨਾਨ-ਬਾਈਨਰੀ ਜੈਂਡਰ ਪਛਾਣ ਨੂੰ ਕਨੂੰਨੀ ਰੂਪ ਵਿੱਚ ਮਾਨਤਾ ਦਿੱਤੇ ਜਾਣ ਅਤੇ ਭਾਰਤ ਵਿੱਚ ਟ੍ਰਾਂਸਜੈਂਡਰ ਵਿਅਕਤੀਆਂ ਦੇ ਮੌਲਿਕ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਗੱਲ ਕਰਨਾ ਵਾਲ਼ਾ ਪਹਿਲਾ ਫ਼ੈਸਲਾ ਸੀ।

ਇਸ ਫ਼ੈਸਲੇ ਨੇ ਬੋਨੀ ਦੀ ਹਾਲਤ ਨੂੰ ਪੁਸ਼ਟ ਕੀਤਾ। ''ਮੈਨੂੰ ਜਾਪਦਾ ਸੀ ਜਿਵੇਂ ਮੈਂ ਮਹਿਲਾ ਟੀਮ ਵਿੱਚ ਥਾਂ ਰੱਖਦਾ ਹਾਂ,'' ਉਹ ਕਹਿੰਦੇ ਹਨ। ''ਪਰ ਜਿਓਂ ਹੀ ਮੈਂ AIFF ਨੂੰ ਪੁੱਛਿਆ ਕਿ ਮੈਂ ਖੇਡ ਕਿਉਂ ਨਾ ਸਕਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੇਰੇ ਸਰੀਰ ਅਤੇ ਕ੍ਰੋਮੋਸੋਮਾਂ ਕਾਰਨ।''

ਇੰਟਰਸੈਕਸ ਵਿਭਿੰਨਤਾਵਾਂ ਵਾਲ਼ੇ ਖਿਡਾਰੀਆਂ ਦੇ ਜੈਂਡਰ ਅਤੇ ਜੈਂਡਰ ਜਾਂਚ ਨੀਤੀਆਂ ਦੀ ਪ੍ਰਕਿਰਿਆ ਬਾਬਤ ਜਾਣਕਾਰੀ ਮੰਗਣ ਲਈ ਕੋਲਕਾਤਾ ਦੇ SAI ਨੇਤਾ ਜੀ ਸੁਭਾਸ਼ ਈਸਟਰਨ ਸੈਂਟਰ ਅਤੇ ਆਲ ਇੰਡੀਆ ਫੁੱਟਬਾਲ ਫ਼ੈਡਰੇਸ਼ਨ ਨੂੰ ਕਈ ਸੁਨੇਹੇ ਭੇਜੇ ਗਏ, ਪਰ ਉਨ੍ਹਾਂ ਵੱਲੋਂ ਇਸ ਰਿਪੋਰਟਰ ਨੂੰ ਕੋਈ ਜਵਾਬ ਨਾ ਮਿਲ਼ਿਆ।

***

ਕੁਝ ਅਲੱਗ ਕਰਨ ਲਈ ਦ੍ਰਿੜ-ਸੰਕਲਪ ਬੋਨੀ, ਅਪ੍ਰੈਲ 2019 ਨੂੰ ਇੰਟਰਸੈਕਸ ਹਿਊਮਨ ਰਾਈਟਸ ਇੰਡੀਆ (IHRI) ਦਾ ਮੋਢੀ ਮੈਂਬਰ ਬਣ ਗਏ ਜੋ ਕਿ ਇੰਟਰਸੈਕਸ ਵਿਅਕਤੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਇੱਕ ਪੈਨ-ਇੰਡੀਆ (ਪੂਰੇ ਭਾਰਤ ਵਿੱਚ ਮੌਜੂਦ) ਇੱਕ ਨੈੱਟਵਰਕ ਹੈ। ਇਹ ਨੈੱਟਵਰਕ ਇੰਟਰਸੈਕਸ ਵਿਅਕਤੀਆਂ ਦੇ ਅਧਿਕਾਰਾਂ ਨੂੰ ਹੱਲ੍ਹਾਸ਼ੇਰੀ ਦਿੰਦਾ ਹੈ, ਸਾਥੀਆਂ ਨਾਲ਼ ਕਾਊਂਸਲਿੰਗ ਦੀ ਪੇਸ਼ਕਸ਼ ਕਰਦਾ ਹੈ ਅਤੇ ਇੱਕ ਹਮਾਇਤ ਰਾਹੀਂ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਲੋੜਾਂ ਨੂੰ ਉਜਾਗਰ ਕਰਦਾ ਹੈ।

ਇਸ ਨੈੱਟਵਰਕ ਵਿੱਚ ਇੰਟਰਸੈਕਸ ਵਿਭਿੰਨਤਾਵਾਂ ਵਾਲ਼ੇ ਬੋਨੀ ਹੀ ਅਜਿਹੇ ਵਿਅਕਤੀ ਹਨ ਜੋ ਬੱਚਿਆਂ ਵਿੱਚ ਵੀ ਸਰਗਰਮੀ ਨਾਲ਼ ਕੰਮ ਕਰਦੇ ਹਨ। ''ਪੱਛਮੀ ਬੰਗਾਲ ਵਿੱਚ ਸਰਕਾਰੀ ਸਿਹਤ ਦੇਖਭਾਲ਼ ਅਤੇ ਬਾਲ ਦੇਖਭਾਲ਼ ਸੰਸਥਾਵਾਂ ਦੇ ਜ਼ਰੀਏ ਬੋਨੀ ਵੱਲੋਂ ਸਮੇਂ ਸਿਰ ਦਿੱਤੇ ਦਖ਼ਲ ਨੇ ਕਈ ਨੌਜਵਾਨਾਂ ਨੂੰ ਆਪਣੀ ਜੈਂਡਰ ਪਛਾਣ ਨੂੰ ਅਤੇ ਜਿਣਸੀ/ਸਰੀਰਕ ਵਿਭਿੰਨਤਾ ਨੂੰ ਸਮਝਣ ਅਤੇ ਪ੍ਰਵਾਨ ਕਰਨ ਵਿੱਚ ਮਦਦ ਕੀਤੀ ਹੈ ਅਤੇ ਅਜਿਹੇ ਲੋਕਾਂ ਦੀ ਦੇਖਭਾਲ਼ ਕਰਨ ਵਾਲ਼ਿਆਂ ਨੂੰ ਵੀ ਲੋੜੀਂਦੀ ਅਤੇ ਸੰਭਵ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ,'' IHRI ਦੀ ਹਮਾਇਤ ਮੈਂਬਰ ਪੁਸ਼ਪਾ ਅਚੰਤਾ ਕਹਿੰਦੇ ਹਨ।

PHOTO • Riya Behl
PHOTO • Riya Behl

ਖੱਬੇ : ਬੋਨੀ ਅਤੇ ਸਵਾਤੀ (ਖੱਬੇ) ਇੱਕ ਕੋਚ ਵਜੋਂ ਆਪਣੇ ਕੰਮ ਦੀ ਤਾਰੀਫ਼ ਵਿੱਚ 2021 ਵਿੱਚ ਬਾਲ ਅਧਿਕਾਰਾਂ ਦੇ ਸੰਰਖਣ ਵਾਸਤੇ ਪੱਛਮੀ ਬੰਗਾਲ ਅਯੋਗ ਦੁਆਰਾ ਜਾਰੀ ਪ੍ਰਸ਼ੰਸਾ ਪੱਤਰ ਪੜ੍ਹਦੇ ਹੋਏ। ਸੱਜੇ : 9 ਅਕਤੂਬਰ 2017 ਨੂੰ ਇਬੋਲਾ ਦਾ ਇੱਕ ਲੇਖ, ਜਿਸ ਵਿੱਚ ਸਾਲਟ ਲੇਕ ਵਿਖੇ ਫੁੱਟਬਾਲ ਮੈਚ ਜਿੱਤਣ ਵਾਲ਼ੀ ਕਿਸ਼ਾਲਯ ਟੀਮ ਨੂੰ ਕੋਚਿੰਗ ਦੇਣ ਵਾਸਤੇ ਬੋਨੀ ਦੀ ਪ੍ਰਸ਼ੰਸਾ ਕੀਤੀ ਗਈ ਹੈ

ਐਥਲੀਟਾਂ ਦੇ ਅਧਿਕਾਰ ਕਾਰਕੁੰਨ ਡਾ. ਪਯੋਸ਼ਨੀ ਮਿਤਰਾ ਦਾ ਕਹਿਣਾ ਹੈ ਕਿ ''ਅੱਜ ਦੇ ਨੌਜਵਾਨ ਅਥਲੀਟਾਂ ਵਿੱਚ ਸਰੀਰਕ ਖ਼ੁਦ-ਮੁਖਤਿਆਰੀ ਨੂੰ ਲੈ ਕੇ ਜਾਗਰੂਕਤਾ ਵੱਧ ਰਹੀ ਹੈ। ਪਰ ਬੋਨੀ ਦੇ ਸਮੇਂ ਇਹ ਕਿੱਥੇ ਹੁੰਦਾ ਸੀ।'' ਸਵਿਟਜ਼ਰਲੈਂਡ ਦੇ ਲੌਜ਼ੇਨ ਸਥਿਤ ਗਲੋਬਲ ਆਬਜਰਵੇਟਰੀ ਫ਼ਾਰ ਵੂਮੈਨ, ਸਪੋਰਟ, ਫਿਜੀਕਲ ਐਜੂਕੇਸ਼ਨ ਐਂਡ ਫਿਜੀਕਲ ਐਕਟੀਵਿਸਟ ਦੇ ਸੀਈਓ ਦੇ ਰੂਪ ਵਿੱਚ, ਡਾ. ਮਿਤਰਾ ਖੇਡ ਜਗਤ ਵਿੱਚ ਚੱਲ ਰਹੇ ਮਨੁੱਖੀ ਅਧਿਕਾਰਾਂ ਨੂੰ ਹਨਨ ਤੋਂ ਬਚਾਉਣ ਲਈ ਏਸ਼ੀਆ ਅਤੇ ਅਫ਼ਰੀਕਾ ਵਿਖੇ ਮਹਿਲਾ ਅਥਲੀਟਾਂ ਨਾਲ਼ ਰਲ਼ ਕੇ ਕੰਮ ਕਰ ਰਹੇ ਹਨ।

''ਜਦੋਂ ਮੈਂ ਵਾਪਸ (ਹਵਾਈ ਅੱਡੇ ਤੋਂ) ਮੁੜਿਆਂ ਤਾਂ ਸਥਾਨਕ ਅਖ਼ਬਾਰਾਂ ਨੇ ਮੈਨੂੰ ਬੜਾ ਸਤਾਇਆ,'' ਬੋਨੀ ਚੇਤੇ ਕਰਦਿਆਂ ਕਹਿੰਦੇ ਹਨ। '''ਕਿਹਾ ਗਿਆ ਦੇਖੋ ਦੇਖੋ ਮਹਿਲਾ ਟੀਮ ਵਿੱਚ ਇੱਕ ਪੁਰਸ਼ ਖੇਡ ਰਿਹਾ ਹੈ'-ਕੁਝ ਅਜਿਹੇ ਹੈਡਲਾਈਨ ਛਾਪੇ ਗਏ।'' ਇੱਛਾਪੁਰ ਵਾਪਸੀ ਵੇਲ਼ੇ ਉਨ੍ਹਾਂ ਨੂੰ ਇੱਕ ਹੋਰ ਨਰਕ ਭਰੀ ਪੀੜ੍ਹ ਝੱਲਣੀ ਪਈ: ''ਮੇਰੇ ਮਾਪੇ, ਭਰਾ ਅਤੇ ਭੈਣਾਂ ਸਭ ਡਰੇ ਹੋਏ ਸਨ। ਮੇਰੀਆਂ ਦੋ ਭੈਣਾਂ ਅਤੇ ਉਨ੍ਹਾਂ ਦੇ ਸਹੁਰਾ ਪਰਿਵਾਰਾਂ ਨੂੰ ਇਹ ਵਾਕਿਆ ਬੜਾ ਅਪਮਾਨਜਨਕ ਲੱਗਿਆ ਸੀ। ਮੈਂ ਸਵੇਰੇ ਘਰ ਮੁੜਿਆ ਅਤੇ ਸ਼ਾਮ ਹੁੰਦੇ ਹੁੰਦੇ ਘਰੇ ਟਿਕ ਸਕਣਾ ਅਸੰਭਵ ਹੋ ਗਿਆ ਅਤੇ ਮੈਂ ਉੱਥੋਂ ਭੱਜ ਗਿਆ।''

ਜੇਬ੍ਹ ਵਿੱਚ ਮਸਾਂ 2,000 ਰੁਪਏ ਹੋਣੇ ਹਨ ਜਦੋਂ ਬੋਨੀ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਉਹ ਚੇਤੇ ਕਰਦੇ ਹਨ ਉਨ੍ਹਾਂ ਨੇ ਜੀਨਸ ਪਾਈ ਹੋਈ ਸੀ ਅਤੇ ਛੋਟੇ ਛੋਟੇ ਵਾਲ਼ ਮੁੰਨੇ ਹੋਏ ਸਨ। ਕਿਸਮਤ ਮਾਰਿਆ ਉਹ ਵਿਅਕਤੀ ਇੱਕ ਅਜਿਹੀ ਥਾਂ ਦੀ ਭਾਲ਼ ਵਿੱਚ ਸੀ ਜਿੱਥੇ ਉਹਨੂੰ ਕੋਈ ਨਾ ਜਾਣਦਾ ਹੋਵੇ।

''ਮੈਨੂੰ ਮੂਰਤੀਆਂ ਬਣਾਉਣੀਆਂ ਆਉਂਦੀਆਂ ਸਨ, ਇਸਲਈ ਕੰਮ ਦੀ ਭਾਲ਼ ਵਿੱਚ ਮੈਂ ਕ੍ਰਿਸ਼ਨਾਨਗਰ ਚਲਾ ਗਿਆ,'' ਪਾਲ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਬੋਨੀ ਕਹਿੰਦੇ ਹਨ। '' ਹਮ ਮੂਰਤੀਕਾਰ ਹੈਂ। '' ਇੱਛਾਪੁਰ ਪਿੰਡ ਵਿਖੇ ਬੋਨੀ ਦੇ ਮਾਸੜ ਮੂਰਤੀਆਂ ਬਣਾਉਂਦੇ ਸਨ ਜਿੱਥੇ ਉਨ੍ਹਾਂ ਦੀ ਮਦਦ ਕਰ ਕਰ ਕੇ ਬੋਨੀ ਦਾ ਤਜ਼ਰਬਾ ਕਾਫ਼ੀ ਵੱਧ ਗਿਆ ਸੀ, ਬੱਸ ਉਸੇ ਹੁਨਰ ਸਦਕਾ ਉਨ੍ਹਾਂ ਨੂੰ ਕ੍ਰਿਸ਼ਨਾਨਗਰ ਵਿਖੇ ਮੂਰਤੀ ਬਣਾਉਣ ਦੇ ਕੰਮ ਵਿੱਚ ਨੌਕਰੀ ਮਿਲ਼ ਗਈ, ਜੋ ਮੂਰਤੀਆਂ ਅਤੇ ਗੁੱਡੀਆਂ ਬਣਾਉਣ ਲਈ ਮੰਨੀ-ਪ੍ਰਮੰਨੀ ਥਾਂ ਹੈ। ਉਨ੍ਹਾਂ ਦੇ ਹੁਨਰ ਨੂੰ ਪਰਖਣ ਵਾਸਤੇ ਉਨ੍ਹਾਂ ਨੂੰ ਝੋਨੇ ਦੀ ਨਾੜ (ਕੱਖ) ਅਤੇ ਪਟਸਨ ਦੀਆਂ ਰੱਸੀਆਂ ਨਾਲ਼ ਬੁੱਤ ਬਣਾਉਣ ਲਈ ਕਿਹਾ ਗਿਆ। ਬੋਨੀ ਨੂੰ ਨੌਕਰੀ ਮਿਲ਼ ਗਈ, ਜਿੱਥੇ ਉਨ੍ਹਾਂ ਨੂੰ 200 ਰੁਪਏ ਦਿਹਾੜੀ ਮਿਲ਼ਦੀ ਅਤੇ ਇੱਥੋਂ ਹੀ ਗੁਮਨਾਮ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ।

PHOTO • Riya Behl
PHOTO • Riya Behl

ਖੱਬੇ : ਇੱਛਾਪੁਰ ਪਿੰਡ ਵਿਖੇ ਬੋਨੀ ਦੇ ਮਾਸੜ ਮੂਰਤੀਆਂ ਬਣਾਉਂਦੇ ਸਨ ਜਿੱਥੇ ਉਨ੍ਹਾਂ ਦੀ ਮਦਦ ਕਰ ਕਰ ਕੇ ਬੋਨੀ ਦਾ ਤਜ਼ਰਬਾ ਕਾਫ਼ੀ ਵੱਧ ਗਿਆ ਅਤੇ ਉਨ੍ਹਾਂ ਨੇ ਇੱਕ ਨਵੀਂ ਕਲਾ ਸਿੱਖੀ। ਸੱਜੇ : ਮੂਰਤੀ ਦਾ ਢਾਂਚਾ ਜੋ ਨਾੜ ਅਤੇ ਰੱਸੀ ਤੋਂ ਬਣਿਆ ਹੈ। ਕ੍ਰਿਸ਼ਨਾਨਗਰ ਵਿਖੇ ਨੌਕਰੀ ਪਾਉਣ ਦੇ ਇਮਤਿਹਾਨ ਵਜੋਂ ਬੋਨੀ ਨੂੰ ਵੀ ਕੁਝ ਕੁਝ ਅਜਿਹਾ ਨਮੂਨਾ ਹੀ ਬਣਾਉਣਾ ਪਿਆ

ਬੋਨੀ ਦੇ ਮਾਪੇ, ਅਧੀਰ ਅਤੇ ਨਿਵਾ ਆਪਣੀ ਵੱਡੀ ਧੀ, ਸ਼ੰਕਰੀ ਅਤੇ ਪੁੱਤ ਭੋਲਾ ਦੇ ਨਾਲ਼ ਇੱਛਾਪੁਰ ਵਿਖੇ ਹੀ ਰਹਿ ਰਹੇ ਸਨ। ਬੋਨੀ ਨੂੰ ਇਕਾਂਤ ਵਿੱਚ ਰਹਿੰਦਿਆਂ 3 ਸਾਲ ਬੀਤ ਚੁੱਕੇ ਸਨ ਅਤੇ ਉਹ ਚੇਤੇ ਕਰਦੇ ਹਨ ਕਿ ਇੱਕ ਠੰਡੀ ਸਵੇਰ ਉਨ੍ਹਾਂ ਨੇ ਘਰ ਮੁੜਨ ਦਾ ਫ਼ੈਸਲਾ ਕੀਤਾ: ''ਸ਼ਾਮੀਂ ਅਜੇ ਮੈਂ ਘਰ ਅੰਦਰ ਪੈਰ ਰੱਖਿਆ ਵੀ ਨਹੀਂ ਸੀ ਕਿ ਗੁਆਂਢੀਆਂ ਨੇ ਹਮਲਾ ਕਰ ਦਿੱਤਾ। ਮੈਂ ਬੜੀ ਫ਼ੁਰਤੀ ਵਿਖਾਈ ਅਤੇ ਉੱਥੋਂ ਭੱਜ ਨਿਕਲ਼ਿਆ। ਪਰ ਮੈਨੂੰ ਜਾਂਦੇ ਦੇਖਦਿਆਂ ਹੀ ਮੇਰੀ ਮਾਂ ਰੋਣ ਲੱਗ ਗਈ।''

ਇਹ ਕੋਈ ਪਹਿਲੀ ਘਟਨਾ ਨਹੀਂ ਸੀ ਜਦੋਂ ਬੋਨੀ ਨੂੰ ਆਪਣਾ ਹੀ ਬਚਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਹਾਲਾਂਕਿ ਉਸ ਦਿਨ ਉਨ੍ਹਾਂ ਨੇ ਆਪਣੇ-ਆਪ ਨਾਲ਼ ਵਾਅਦਾ ਕੀਤਾ ਸੀ। ''ਮੈਂ ਹਰੇਕ ਨੂੰ ਦਿਖਾਉਣ ਜਾ ਰਿਹਾ ਸਾਂ ਕਿ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹਾਂ। ਮੈਂ ਆਪਣੇ ਸਰੀਰ ਅੰਦਰਲੇ ਹਰ ਵਿਕਾਰ ਨੂੰ ਠੀਕ ਕਰਨ ਦਾ ਫ਼ੈਸਲਾ ਕੀਤਾ,'' ਉਹ ਕਹਿੰਦੇ ਹਨ। ਫਿਰ ਬੋਨੀ ਦੇ ਦਿਮਾਗ਼ ਵਿੱਚ ਸਰਜਰੀ ਲੈਣ ਬਾਰੇ ਵਿਚਾਰ ਆਇਆ।

ਉਨ੍ਹਾਂ ਨੇ ਅਜਿਹੇ ਡਾਕਟਰਾਂ ਦੀ ਭਾਲ਼ ਕੀਤੀ ਜੋ ਉਨ੍ਹਾਂ ਦੇ ਜਣਨ ਅੰਗਾਂ ਦਾ ਓਪਰੇਸ਼ਨ ਕਰ ਸਕਣ ਅਤੇ ਆਖ਼ਰ ਕੋਲਕਾਤਾ ਦੇ ਸਾਲਟ ਲੇਕ ਨੇੜੇ ਉਨ੍ਹਾਂ ਨੂੰ ਅਜਿਹਾ ਡਾਕਟਰ ਲੱਭ ਹੀ ਗਿਆ। ਟ੍ਰੇਨ ਰਾਹੀਂ ਕੋਈ 4 ਘੰਟੇ ਦਾ ਰਾਹ ਸੀ। ''ਹਰੇਕ ਸ਼ਨੀਵਾਰ ਡਾ. ਬੀ.ਐੱਨ. ਚਕਰਵਰਤੀ ਆਪਣੇ 10-15 ਡਾਕਟਰਾਂ ਨਾਲ਼ ਬਹਿੰਦੇ ਅਤੇ ਮੇਰੀ ਜਾਂਚ ਕਰਦੇ,'' ਬੋਨੀ ਕਹਿੰਦੇ ਹਨ। ਮਹੀਨਿਆਂ ਬੱਧੀ ਉਨ੍ਹਾਂ ਦੀਆਂ ਜਾਂਚਾਂ ਦੇ ਕਈ ਕਈ ਗੇੜ ਚੱਲੇ। ''ਮੇਰੇ ਡਾਕਟਰ ਨੇ ਬੰਗਲਾਦੇਸ਼ ਦੇ ਅਜਿਹੇ ਤਿੰਨ ਜਣਿਆਂ ਦੇ ਓਪਰੇਸ਼ਨ ਕੀਤੇ ਹੋਏ ਸਨ ਜੋ ਕਿ ਸਫ਼ਲ ਰਹੇ,'' ਬੋਨੀ ਕਹਿੰਦੇ ਹਨ। ਪਰ ਉਹ ਕਹਿੰਦੇ ਹਨ ਕਿ ਇਨਸਾਨੀ ਸਰੀਰ ਇੱਕ ਦੂਜੇ ਨਾਲ਼ੋਂ ਮੁਖ਼ਤਲਿਫ਼ ਹੁੰਦੇ ਹਨ ਅਤੇ ਕੋਈ ਵੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਡਾਕਟਰ ਨਾਲ਼ ਲੰਬੀ ਲੰਬੀ ਵਿਚਾਰ ਚਰਚਾ ਕਰਨੀ ਪੈਣੀ ਸੀ।

ਸਰਜਰੀਆਂ ਦਾ ਖ਼ਰਚਾ ਕੋਈ 2 ਲੱਖ ਰੁਪਏ ਆਉਣਾ ਸੀ ਪਰ ਬੋਨੀ ਨੇ ਪੱਕਾ ਫ਼ੈਸਲਾ ਕੀਤਾ ਹੋਇਆ ਸੀ। 2003 ਵਿੱਚ, ਉਨ੍ਹਾਂ ਦੀ ਹਾਰਮੋਨ ਰਿਪਲੇਸਮੈਂਟ ਥੇਰੇਪੀ (ਐੱਚਆਰਟੀ) ਦੀ ਸ਼ੁਰੂਆਤ ਹੋਈ ਅਤੇ ਹਰ ਮਹੀਨੇ ਟੈਸਟੋਵਾਇਰੋਨ ਵਧਾਉਣ ਲਈ 250 ਮਿ:ਗ੍ਰ ਟੈਸਟੋਸਟਿਰੋਨ ਨਾਮ ਦਾ ਟੀਕਾ ਖ਼ਰੀਦਣ ਵਾਸਤੇ 100 ਰੁਪਿਆ ਖ਼ਰਚਦੇ ਰਹੇ। ਦਵਾਈਆਂ ਅਤੇ ਡਾਕਟਰ ਦੀ ਫ਼ੀਸ ਭਰਨ ਅਤੇ ਸਰਜਰੀ ਵਾਸਤੇ ਪੈਸੇ ਬਚਾਉਣ ਦੇ ਖ਼ਿਆਲ ਨਾਲ਼ ਬੋਨੀ ਨੇ ਕੋਲਕਾਤਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਪੇਟਿੰਗ ਜਿਹੇ ਦਿਹਾੜੀ ਕੰਮਾਂ ਦੀ ਭਾਲ਼ ਕੀਤੀ। ਕ੍ਰਿਸ਼ਨਾਨਗਰ ਦੇ ਮੂਰਤੀ ਬਣਾਉਣ ਵਾਲ਼ਾ ਕੰਮ ਤਾਂ ਚੱਲਦਾ ਹੀ ਸੀ, ਇਹ ਕੰਮ ਵਾਧੂ ਪੈਸਾ ਕਮਾਉਣ ਦਾ ਸਾਧਨ ਬਣਿਆ।

''ਮੈਂ ਸੂਰਤ ਦੀ ਇੱਕ ਫ਼ੈਕਟਰੀ ਵਿੱਚ ਮੂਰਤੀਆਂ ਬਣਾਉਣ ਵਾਲ਼ੇ ਇੱਕ ਵਿਅਕਤੀ ਨੂੰ ਜਾਣਦਾ ਸਾਂ ਅਤੇ ਉਹਨੂੰ ਮਿਲ਼ਿਆ,'' ਬੋਨੀ ਕਹਿੰਦੇ ਹਨ। ਉਹ ਗਣੇਸ਼ ਚਤੁਰਥੀ, ਜਨਮ ਅਸ਼ਟਮੀ ਆਦਿ ਤਿਓਹਾਰਾਂ ਦੇ ਮੌਕਿਆਂ ਵੇਲ਼ੇ ਹਫ਼ਤੇ ਦੀਆਂ ਛੇ-ਛੇ ਮੂਰਤੀਆਂ ਬਣਾ ਲੈਂਦਾ ਅਤੇ ਰੋਜ਼ਾਨਾ 1,000 ਦਿਹਾੜੀ ਪਾਉਂਦਾ।

ਦੁਰਗਾ ਪੂਜਾ ਅਤੇ ਜਗਾਧਤਰੀ ਪੂਜਾ ਮੌਕੇ ਉਹ ਹਰ ਸਾਲ ਅਕਤੂਬਰ-ਨਵੰਬਰ ਤੱਕ ਕ੍ਰਿਸ਼ਨਾਨਗਰ ਮੁੜ ਆਉਂਦੇ ਸਨ। ਇਹ ਸਿਲਸਿਲਾ 2006 ਤੱਕ ਚੱਲਦਾ ਰਿਹਾ, ਜਿਹਦੇ ਬਾਅਦ ਬੋਨੀ ਨੇ ਕ੍ਰਿਸ਼ਨਾਨਗਰ ਵਿਖੇ ਮੂਰਤੀ ਬਣਾਉਣ ਦੇ ਆਰਡਰਾਂ ਦਾ ਠੇਕਾ ਮਾਰਨਾ ਸ਼ੁਰੂ ਕਰ ਦਿੱਤਾ, ''ਮੈਂ ਇੱਕ ਕਾਮੇ ਨੂੰ ਕੰਮ 'ਤੇ ਰੱਖਦਾ ਅਤੇ ਇੰਝ ਅਸੀਂ ਅਗਸਤ ਅਤੇ ਨਵੰਬਰ ਦੇ ਤਿਓਹਾਰਾਂ ਦੇ ਰੁਝੇਵੇਂ-ਭਰੇ ਸੀਜ਼ਨ ਵਿੱਚ ਕਾਫ਼ੀ ਪੈਸਾ ਕਮਾਉਣ ਲੱਗੇ।''

PHOTO • Riya Behl
PHOTO • Riya Behl

ਖੱਬੇ : ਬੋਨੀ ਅਤੇ ਸਵਾਤੀ। ਸੱਜੇ : ਇੱਛਾਪੁਰ ਪਿੰਡ ਵਿਖੇ ਆਪਣੇ ਪਰਿਵਾਰਕ ਘਰ ਵਿੱਚ ਆਪਣੀ ਮਾਂ, ਨਿਵਾ ਦੇ ਨਾਲ਼ ਬੋਨੀ

ਇਹੀ ਉਹ ਸਮਾਂ ਸੀ ਜਦੋਂ ਬੋਨੀ ਨੂੰ ਸਵਾਤੀ ਸਰਕਾਰ ਨਾਲ਼ ਪ੍ਰੇਮ ਹੋ ਗਿਆ, ਉਹ ਵੀ ਕ੍ਰਿਸ਼ਨਾਨਗਰ ਵਿਖੇ ਮੂਰਤੀਕਾਰ ਸਨ। ਸਵਾਤੀ ਨੇ ਪੜ੍ਹਾਈ ਛੱਡ ਦਿੱਤੀ ਅਤੇ ਆਪਣੀ ਮਾਂ ਆਤੇ ਚਾਰ ਭੈਣਾਂ ਨਾਲ਼ ਰਲ਼ ਕੇ ਰੋਜ਼ੀਰੋਟੀ ਕਮਾਉਣ ਖਾਤਰ ਮੂਰਤੀਆਂ ਦੀ ਸਜਾਵਟ ਕਰਨੀ ਸ਼ੁਰੂ ਕਰ ਦਿੱਤੀ। ਬੋਨੀ ਵਾਸਤੇ ਇਹ ਕਾਫ਼ੀ ਤਣਾਓ ਭਰਿਆ ਸਮਾਂ ਸੀ, ਉਹ ਚੇਤੇ ਕਰਦੇ ਹਨ,''ਹੁਣ ਉਹਨੂੰ ਆਪਣੇ ਆਪ ਬਾਰੇ ਦੱਸਣ ਦਾ ਵੇਲ਼ਾ ਆ ਗਿਆ। ਪਰ ਮੈਨੂੰ ਡਾਕਟਰ ਦੇ ਅਲਫ਼ਾਜ (ਮੇਰੀਆਂ ਸਰਜਰੀਆਂ ਦੇ ਸਫ਼ਲ ਰਹਿਣ ਬਾਰੇ) ਚੇਤੇ ਸਨ, ਇਸਲਈ ਮੈਂ ਸਵਾਤੀ ਨੂੰ ਖੁੱਲ੍ਹ ਕੇ ਦੱਸਣ ਦਾ ਫ਼ੈਸਲਾ ਕੀਤਾ।''

ਸਵਾਤੀ ਅਤੇ ਉਨ੍ਹਾਂ ਦੀ ਮਾਂ ਦੁਰਗਾ ਨੇ ਕਾਫ਼ੀ ਸਹਿਯੋਗ ਕੀਤਾ ਅਤੇ ਸਵਾਤੀ ਨੇ ਤਾਂ 2006 ਦੀ ਬੋਨੀ ਦੀ ਸਰਜਰੀ ਲਈ ਸਹਿਮਤੀ ਫਾਰਮ 'ਤੇ ਹਸਤਾਖ਼ਰ ਤੱਕ ਕੀਤੇ। ਤਿੰਨ ਸਾਲਾਂ ਬਾਅਦ, 29 ਜੁਲਾਈ 2009 ਨੂੰ ਬੋਨੀ ਅਤੇ ਸਵਾਤੀ ਨੇ ਵਿਆਹ ਕਰ ਲਿਆ।

ਸਵਾਤੀ ਨੂੰ ਆਪਣੀ ਮਾਂ ਦੇ ਕਹੇ ਅਲਫ਼ਾਜ ਚੇਤੇ ਆਉਂਦੇ ਹਨ ਜੋ ਵੀ ਉਨ੍ਹਾਂ ਉਸ ਰਾਤ ਬੋਨੀ ਨੂੰ ਕਹੇ ਸਨ,''ਮੇਰੀ ਧੀ ਤੇਰੇ ਸਰੀਰ ਦੀ ਹਰੇਕ ਸਮੱਸਿਆ ਬਾਰੇ ਜਾਣਦੀ ਹੈ। ਫਿਰ ਵੀ ਉਹਨੇ ਤੇਰੇ ਨਾਲ਼ ਵਿਆਹ ਕਰਨ ਦਾ ਫ਼ੈਸਲਾ ਕੀਤਾ, ਇਸਲਈ ਮੈਂ ਕਹਿ ਵੀ ਕੀ ਸਕਦੀ ਹਾਂ? ਤੁਮੀ ਸਾਤ ਦਿਬਾ, ਤੁਮੀ ਥਾਕਬਾ (ਤੂੰ ਉਹਦੇ ਨਾਲ਼ ਖੜ੍ਹੇਂਗਾ ਅਤੇ ਉਹਦਾ ਸਾਥ ਦਵੇਂਗਾ)।''

***

ਬੋਨੀ ਅਤੇ ਸਵਾਤੀ ਦੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਬੜੀ ਔਖ਼ੀ ਰਹੀ। ਕ੍ਰਿਸ਼ਨਾਨਗਰ ਦੇ ਲੋਕਾਂ ਨੇ ਉਨ੍ਹਾਂ ਬਾਰੇ ਬਕਵਾਸ ਕਰਨਾ ਸ਼ੁਰੂ ਕਰ ਦਿੱਤਾ, ਅਖ਼ੀਰ ਇਸ ਜੋੜੇ ਨੇ ਇੱਥੋਂ 500 ਕਿਲੋਮੀਟਰ ਦੂਰ ਉੱਤਰ ਵੱਲ ਦਾਰਜਲਿੰਗ ਜ਼ਿਲ੍ਹੇ ਦੇ ਮਾਤੀਗਾਰਾ ਵਿਖੇ ਚਲੇ ਜਾਣ ਦਾ ਫ਼ੈਸਲਾ ਕੀਤਾ, ਜਿੱਥੇ ਉਹ ਬੇਪਛਾਣੇ ਚਿਹਰਿਆਂ ਵਿੱਚ ਹੀ ਕਿਤੇ ਗੁਆਚ ਗਏ। ਬੋਨੀ ਨੂੰ ਮੂਰਤੀ ਬਣਾਉਣ ਵਾਲ਼ੀ ਇੱਕ ਨੇੜਲੀ ਦੁਕਾਨ 'ਤੇ ਕੰਮ ਮਿਲ਼ ਗਿਆ। ''ਉਨ੍ਹਾਂ ਨੇ ਮੇਰਾ ਕੰਮ ਦੇਖਿਆ ਅਤੇ ਮੈਨੂੰ 600 ਰੁਪਏ ਦਿਹਾੜੀ ਦੇਣ ਦੀ ਪੇਸ਼ਕਸ਼ ਕੀਤੀ। ਮੈਂ ਮੰਨ ਗਿਆ,'' ਉਹ ਕਹਿੰਦੇ ਹਨ। ''ਮਾਤੀਗਾਰਾ ਦੇ ਲੋਕਾਂ ਨੇ ਮੈਨੂੰ ਬੜਾ ਪਿਆਰ ਦਿੱਤਾ, ਉਹ ਕਹਿੰਦੇ ਹਨ ਅਤੇ ਚੇਤੇ ਕਰਦੇ ਹਨ ਕਿ ਕਿਵੇਂ ਉੱਥੋਂ ਦੇ ਪੁਰਸ਼ਾਂ ਨੇ ਉਨ੍ਹਾਂ ਨੂੰ ਆਪਣੇ ਵਿੱਚੋਂ ਹੀ ਇੱਕ ਮੰਨ ਲਿਆ ਸੀ ਅਤੇ ਉਹ ਇਕੱਠੇ ਘੁੰਮਦੇ ਅਤੇ ਸ਼ਾਮੀਂ ਉਹ ਚਾਹ ਦੀ ਦੁਕਾਨ 'ਤੇ ਬੈਠ ਗੱਪਾਂ ਵੀ ਮਾਰਦੇ।

PHOTO • Riya Behl
PHOTO • Riya Behl

ਖੱਬੇ : ਬੋਨੀ ਪਿੰਡ ਦੀ ਚਾਹ ਦੀ ਇੱਕ ਦੁਕਾਨ ਵਿਖੇ। ਸੱਜੇ : ਸਥਾਨਕ ਲੱਕੜ ਵਪਾਰੀ ਪੁਸ਼ਪਨਾਥ ਦੇਵਨਾਥ (ਖੱਬੇ) ਅਤੇ ਨਾਰੀਅਲ ਪਾਣੀ ਵੇਚਣ ਵਾਲ਼ੇ ਗੋਰੰਗ ਮਿਸ਼ਰਾ (ਸੱਜੇ) ਦੇ ਨਾਲ਼

ਇੱਛਾ ਹੋਣ ਦੇ ਬਾਵਜੂਦ ਵੀ ਇਹ ਜੋੜਾ ਇੱਛਾਪੁਰ ਨਾ ਮੁੜ ਸਕਿਆ ਕਿਉਂਕਿ ਬੋਨੀ ਦਾ ਪਰਿਵਾਰ ਉਨ੍ਹਾਂ ਨੂੰ ਅਪਣਾਉਣ ਨੂੰ ਰਾਜੀ ਨਹੀਂ ਸੀ। ਜਦੋਂ ਬੋਨੀ ਦੇ ਪਿਤਾ ਦੀ ਮੌਤ ਹੋਈ ਤਾਂ ਵੀ ਉਨ੍ਹਾਂ ਨੂੰ ਦਾਹ-ਸੰਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਨਾ ਦਿੱਤੀ ਗਈ। ''ਨਾ ਸਿਰਫ਼ ਖਿਡਾਰੀ ਹੀ, ਸਗੋਂ ਮੇਰੇ ਜਿਹੇ ਕਈ ਲੋਕ ਹਨ ਜੋ ਸਮਾਜ ਦੇ ਡਰੋਂ ਹੀ ਆਪਣਾ ਘਰ ਨਹੀਂ ਛੱਡਦੇ,'' ਉਹ ਇਸ਼ਾਰਾ ਕਰਦੇ ਹਨ।

ਜਿਸ ਦਿਨ ਬੋਨੀ ਦੇ ਜੀਵਨ ਨੂੰ ਲੈ ਕੇ ਬਣੀ ਡਾਕਿਊਮੈਂਟਰ ਆਈ ਐਮ ਬੋਨੀ ਨੇ 2016 ਵਿੱਚ ਕੋਲਕਾਤਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਜਿੱਤਿਆ, ਉਸ ਦਿਨ ਇਸ ਜੋੜੇ ਨੂੰ ਜਾਪਿਆ ਜਿਓਂ ਇੰਨੇ ਲੰਬੇ ਚੱਲੇ ਸੰਘਰਸ਼ ਭਰੇ ਉਨ੍ਹਾਂ ਦੇ ਜੀਵਨ ਨੂੰ ਅਖ਼ੀਰ ਢੁੱਕਵੀਂ ਪਛਾਣ ਮਿਲ਼ ਗਈ ਹੋਵੇ। ਕੁਝ ਸਮੇਂ ਬਾਅਦ, ਬੋਨੀ ਨੂੰ ਕਿਸ਼ਾਲਯ ਚਿਲਡ੍ਰਨ ਹੋਮ ਵਿਖੇ ਇੱਕ ਫੁੱਟਬਾਲ ਕੋਚ ਦੇ ਰੂਪ ਵਿੱਚ ਨੌਕਰੀ ਮਿਲ਼ ਗਈ, ਬਾਰਾਸਾਤ ਕਸਬੇ ਦੇ ਲੜਕਿਆਂ ਲਈ ਬਾਲ ਦੇਖਭਾਲ਼ ਸੰਸਥਾ, ਜੋ ਪੱਛਮੀ ਬੰਗਾਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (WBCPCR) ਦੁਆਰਾ ਚਲਾਈ ਜਾਂਦੀ ਹੈ। ਇਹਦੀ ਪ੍ਰਧਾਨ ਅਨੰਨਯਾ ਚੱਕਰਵਰਤੀ ਨੇ ਕਿਹਾ: ''ਸਾਨੂੰ ਜਾਪਿਆ ਜਿਵੇਂ ਉਹ ਇਨ੍ਹਾਂ ਬੱਚਿਆਂ ਲਈ ਪ੍ਰੇਰਨਾ ਦਾ ਇੱਕ ਸ੍ਰੋਤ ਸਾਬਤ ਹੋ ਸਕਦੇ ਹਨ। ''ਜਦੋਂ ਅਸੀਂ ਬੋਨੀ ਨੂੰ ਬਤੌਰ ਕੋਚ ਨੌਕਰੀ 'ਤੇ ਰੱਖਿਆ, ਅਸੀਂ ਜਾਣਦੇ ਸਾਂ ਕਿ ਉਹ ਕਿੰਨੇ ਸ਼ਾਨਦਾਰ ਖਿਡਾਰੀ ਰਹਿ ਚੁੱਕੇ ਹਨ ਜਿਹਨੇ ਰਾਜ ਨੂੰ ਇੰਨੀ ਪ੍ਰਸਿੱਧੀ ਦਵਾਈ ਸੀ। ਪਰ ਉਸ ਬੰਦੇ ਕੋਲ਼ ਕੋਈ ਕੰਮ ਨਹੀਂ ਸੀ। ਇਸਲਈ ਉਨ੍ਹਾਂ ਦੀ ਕਾਬਲੀਅਤ ਨੂੰ ਚੇਤੇ ਕਰਦਿਆਂ ਉਨ੍ਹਾਂ ਲਈ ਇਹ ਨੌਕਰੀ ਪੇਸ਼ ਕੀਤੀ ਗਈ,'' ਉਹ ਕਹਿੰਦੀ ਹਨ।

ਬੋਨੀ ਇੱਥੇ ਅਪ੍ਰੈਲ 2017 ਤੋਂ ਕੋਚਿੰਗ ਦੇਣ ਦਾ ਕੰਮ ਕਰ ਰਹੇ ਹਨ ਅਤੇ ਉਹ ਪੇਟਿੰਗ ਅਤੇ ਬੁੱਤ ਕਲਾ ਦੇ ਸਿਖਲਾਇਕ ਵੀ ਹਨ। ਉਹ ਆਪਣੀ ਪਛਾਣ ਨੂੰ ਲੈ ਕੇ ਬੱਚਿਆਂ ਨਾਲ਼ ਖੁੱਲ੍ਹ ਕੇ ਗੱਲ ਕਰਦੇ ਹਨ ਅਤੇ ਕਈ ਲੋਕਾਂ ਦੇ ਵਿਸ਼ਵਾਸਪਾਤਰ ਵੀ ਹਨ। ਪਰ ਅਜੇ ਵੀ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਰਹਿੰਦੇ ਹਨ। ''ਮੇਰੇ ਕੋਲ਼ ਕੋਈ ਪੱਕੀ ਨੌਕਰੀ ਨਹੀਂ ਹੈ। ਮੈਨੂੰ ਸਿਰਫ਼ ਉਨ੍ਹਾਂ ਦਿਨਾਂ ਦੇ ਪੈਸੇ ਮਿਲ਼ਦੇ ਹਨ ਜਦੋਂ ਮੈਨੂੰ ਕੰਮ 'ਤੇ ਬੁਲਾਇਆ ਜਾਂਦਾ ਹੈ,'' ਉਹ ਕਹਿੰਦੇ ਹਨ। ਵੈਸੇ ਉਹ ਮਹੀਨੇ ਦਾ 14,000 ਰੁਪਏ ਕਮਾ ਲੈਂਦੇ ਹਨ ਪਰ 2020 ਦੀ ਕੋਵਿਡ-19 ਤਾਲਾਬੰਦੀ ਤੋਂ ਬਾਅਦ ਚਾਰ ਮਹੀਨਿਆਂ ਤੱਕ ਉਨ੍ਹਾਂ ਕੋਲ਼ ਆਮਦਨੀ ਦਾ ਕੋਈ ਵਸੀਲਾ ਨਹੀਂ ਸੀ।

ਫਰਵਰੀ 2020 ਨੂੰ, ਬੋਨੀ ਨੇ ਇੱਛਾਪੁਰ ਵਿਖੇ ਆਪਣੀ ਮਾਂ ਦੇ ਘਰੋਂ ਕੁਝ ਕੁ ਕਦਮਾਂ ਦੀ ਦੂਰੀ 'ਤੇ ਇੱਕ ਘਰ ਬਣਾਉਣ ਲਈ ਪੰਜ ਸਾਲ ਦਾ ਕਰਜ਼ਾ ਚੁੱਕਿਆ ਹੈ, ਮਾਂ ਦਾ ਉਹੀ ਘਰ ਜਿਸ ਵਿੱਚ ਹੁਣ ਉਹ ਸਵਾਤੀ ਅਤੇ ਆਪਣੇ ਭਰਾ, ਮਾਂ ਅਤੇ ਭੈਣ ਦੇ ਨਾਲ਼ ਰਹਿੰਦੇ ਹਨ। ਇਹੀ ਉਹ ਘਰ ਹੈ ਜਿਸ ਤੋਂ ਬੋਨੀ ਨੂੰ ਤਾਉਮਰ ਭੱਜਦੇ ਰਹਿਣਾ ਪਿਆ। ਇੱਕ ਫੁੱਟਬਾਲਰ ਦੇ ਰੂਪ ਵਿੱਚ ਬੋਨੀ ਅਤੇ ਸਵਾਤੀ ਹੁਣ ਇੱਕ ਛੋਟੇ ਜਿਹੇ ਬੈੱਡਰੂਮ ਵਿੱਚ ਰਹਿੰਦੇ ਹਨ। ਪਰਿਵਾਰ ਹਾਲੇ ਵੀ ਪੂਰੀ ਤਰ੍ਹਾਂ ਨਾਲ਼ ਉਨ੍ਹਾਂ ਨੂੰ ਕਬੂਲ ਨਹੀਂ ਕਰਦਾ। ਉਹ ਕਮਰੇ ਦੇ ਬਾਹਰ ਹੀ ਇੱਕ ਛੋਟੀ ਜਿਹੀ ਥਾਂ 'ਤੇ ਗੈਸ-ਸਟੋਵ ਰੱਖ ਖਾਣਾ ਪਕਾਉਂਦੇ ਹਨ।

PHOTO • Riya Behl
PHOTO • Riya Behl

ਖੱਬੇ : ਸਵਾਤੀ ਅਤੇ ਬੋਨੀ ਇੱਛਾਪੁਰ ਵਿਖੇ ਆਪਣੇ ਅਧੂਰੇ ਘਰ ਦੇ ਬਾਹਰ ਖੜ੍ਹੇ ਹਨ। ਸੱਜੇ : ਇਸ ਜੋੜੀ ਨੂੰ ਉਮੀਦ ਹੈ ਕਿ ਪੂਰਾ ਘਰ ਬਣ ਜਾਣ ਬਾਅਦ, ਉਨ੍ਹਾਂ ਦੇ ਛੋਟੇ ਜਿਹੇ ਬੈੱਡਰੂਮ ਵਿੱਚ ਪਈਆਂ ਟਰਾਫ਼ੀਆਂ ਦੀ ਅਲਮਾਰੀ ਨੂੰ ਇੱਕ ਪੱਕਾ ਟਿਕਾਣਾ ਮਿਲ਼ ਜਾਵੇਗਾ

ਬੋਨੀ ਨੂੰ 345,000 ਦਾ ਇਹ ਛੋਟਾ ਜਿਹਾ ਹੋਮ ਲੋਨ ਉਸ ਪੈਸੇ ਤੋਂ ਚੁਕਾਉਣ ਦੀ ਉਮੀਦ ਸੀ ਜੋ ਉਨ੍ਹਾਂ ਨੂੰ ਆਪਣੇ ਜੀਵਨ 'ਤੇ ਬਣੀ ਇੱਕ ਫ਼ਿਲਮ ਦੇ ਅਧਿਕਾਰ ਵੇਚ ਕੇ ਮਿਲ਼ਣ ਵਾਲ਼ੇ ਸਨ। ਪਰ ਮੁੰਬਈ ਦੇ ਫ਼ਿਲਮ-ਨਿਰਮਾਤਾ ਫ਼ਿਲਮ ਵੇਚ ਹੀ ਨਾ ਪਾਏ ਅਤੇ ਇਸਲਈ ਬੋਨੀ ਦਾ ਕਰਜ਼ਾ ਅਜੇ ਵੀ ਬਕਾਇਆ ਹੈ।

ਪ੍ਰਮਾਣ-ਪੱਤਰਾਂ ਅਤੇ ਲਿਸ਼ਕਵੀਆਂ ਟਰਾਫ਼ੀਆਂ ਨਾਲ਼ ਭਰੀ ਅਲਮਾਰੀ ਦੇ ਸਾਹਮਣੇ ਬੈਠੇ ਬੋਨੀ ਇੱਕ ਇੰਟਰਸੈਕਸ ਵਿਅਕਤੀ ਦੇ ਰੂਪ ਵਿੱਚ ਆਪਣੇ ਜੀਵਨ ਬਾਰੇ ਗੱਲ ਕਰਦੇ ਹਨ। ਬੇਯਕੀਨੀਆਂ ਨਾਲ਼ ਭਰੇ ਜੀਵਨ ਦੇ ਬਾਵਜੂਦ, ਉਨ੍ਹਾਂ ਨੇ ਅਤੇ ਸਵਾਤੀ ਨੇ ਅਖ਼ਬਾਰਾਂ ਦੀਆਂ ਕਾਤਰਾਂ, ਤਸਵੀਰਾਂ ਅਤੇ ਯਾਦਗਾਰੀ ਵਸਤਾਂ ਨੂੰ ਇੱਕ ਲਾਲ ਰੰਗ ਦੇ ਸੂਟਕੇਸ ਵਿੱਚ ਬੜੀ ਸਾਵਧਾਨੀ ਨਾਲ਼ ਰੱਖਿਆ ਹੋਇਆ ਹੈ, ਜਿਹਨੂੰ ਇਸੇ ਅਲਮਾਰੀ ਦੇ ਉਤਾਂਹ ਟਿਕਾਇਆ ਗਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਜਿਹੜੇ ਘਰ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਉਸ ਵਿੱਚ ਇਸ ਅਲਮਾਰੀ ਵਾਸਤੇ ਇੱਕ ਪੱਕੀ ਥਾਂ ਬਣ ਜਾਵੇਗੀ।

''ਕਦੇ-ਕਦੇ, ਮੈਂ ਅਜੇ ਵੀ ਆਪਣੇ ਪਿੰਡ ਵਿਖੇ 15 ਅਗਸਤ (ਅਜ਼ਾਦੀ ਦਿਵਸ) ਮੌਕੇ ਕਲੱਬਾਂ ਦੇ ਨਾਲ਼ ਦੋਸਤਾਨਾ ਮੈਚ ਖੇਡਦਾ ਹਾਂ, ਪਰ ਮੈਨੂੰ ਦੋਬਾਰਾ ਕਦੇ ਭਾਰਤ ਲਈ ਖੇਡਣ ਦਾ ਮੌਕਾ ਨਹੀਂ ਮਿਲ਼ਿਆ।''

ਤਰਜਮਾ: ਕਮਲਜੀਤਕੌਰ

Riya Behl

Riya Behl is a multimedia journalist writing on gender and education. A former Senior Assistant Editor at People’s Archive of Rural India (PARI), Riya also worked closely with students and educators to bring PARI into the classroom.

Other stories by Riya Behl
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur