''ਦੇਖਿਓ! ਮੇਰੀ ਮੋਟਰ ਮਿੱਟੀ ਹੇਠ ਦੱਬੀ ਪਈ ਹੈ।'' ਦਵਿੰਦਰ ਰਾਵਤ ਮਿੱਟੀ ਹੇਠ ਦੱਬੇ ਪੰਪਿੰਗ ਸੈੱਟ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦਿਆਂ ਕਹਿੰਦੇ ਹਨ। ਦਵਿੰਦਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਹੇਠ ਪੈਂਦੇ ਪਿੰਡ ਸੂੰਡ ਦੇ ਕਿਸਾਨ ਹਨ। 48 ਸਾਲਾ ਕਿਸਾਨ ਖਿੱਝੇ ਮਨ ਨਾਲ਼ ਕਹਿੰਦੇ ਹਨ,''ਹੜ੍ਹ ਕਾਰਨ ਮਿੱਟੀ ਦੇ ਖੁਰਨ ਕਰਕੇ ਸਾਡੀਆਂ ਤਿੰਨ ਮੋਟਰਾਂ ਮਿੱਟੀ ਹੇਠ ਦੱਬ ਗਈਆਂ। ਇੱਕ ਖ਼ੂਹ ਵੀ ਢਹਿ ਗਿਆ। ਅਸੀਂ ਕੀ ਕਰੀਏ?''

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੀ ਨਰਵਰ ਤਹਿਸੀਲ 'ਚ ਪੈਣ ਵਾਲ਼ਾ ਇਹ ਪਿੰਡ ਸਿੰਧ ਨਦੀ ਦੀਆਂ ਦੋ ਧਾਰਾਵਾਂ ਵਿਚਾਲੇ ਵੱਸਿਆ ਹੋਇਆ ਹੈ। ਸਾਲ 2021 ਦੇ ਅਗਸਤ ਮਹੀਨੇ ਵਿੱਚ ਸਿੰਧ ਨਦੀ ਵਿੱਚ ਆਏ ਹੜ੍ਹ ਨੇ 635 ਲੋਕਾਂ ਦੀ ਵਸੋਂ (ਮਰਦਮਸ਼ੁਮਾਰੀ 2011) ਵਾਲ਼ੇ ਇਸ ਪਿੰਡ ਵਿੱਚ ਕਹਿਰ ਮਚਾ ਛੱਡਿਆ ਸੀ। ਦਵਿੰਦਰ ਕਹਿੰਦੇ ਹਨ,''ਅਜਿਹਾ ਹੜ੍ਹ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਸਾਡੇ ਪਿੰਡ ਦੇ ਚੁਫ਼ੇਰੇ ਪਾਣੀ ਭਰਿਆ ਹੋਇਆ ਸੀ। ਹੜ੍ਹ ਨੇ ਸਾਡੀ 30 ਵਿਘਾ (ਕਰੀਬ 18 ਏਕੜ) ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ। ਮੇਰੇ ਪਰਿਵਾਰ ਦਾ ਛੇ ਵਿਘਾ (ਕਰੀਬ 3.7 ਏਕੜ)  ਖੇਤ ਨਦੀ ਵਿੱਚ ਹੀ ਸਮਾ ਗਿਆ।''

ਚੁਫ਼ੇਰੇ ਪਾਣੀ ਨਾਲ਼ ਘਿਰਿਆ ਹੋਣ ਕਾਰਨ ਕਾਲ਼ੀ ਪਹਾੜੀ ਪੰਚਾਇਤ ਦਾ ਸੂੰਡ ਪਿੰਡ ਇੱਕ ਦੀਪ ਵਾਂਗਰ ਹੀ ਜਾਪਦਾ ਹੈ। ਇੱਥੋਂ ਦੇ ਲੋਕਾਂ ਨੂੰ ਆਮ ਦਿਨੀਂ ਵੱਧ ਮੀਂਹ ਪੈ ਜਾਣ ਦੀ ਸੂਰਤ ਵਿੱਚ ਇੱਧਰ-ਓਧਰ ਜਾਣ ਲੱਗਿਆਂ ਜਾਂ ਤਾਂ ਪਾਣੀ ਅੰਦਰ ਲੱਥਣਾ ਪੈਂਦਾ ਹੈ ਜਾਂ ਫਿਰ ਤੈਰ ਕੇ ਜਾਣਾ ਪੈਂਦਾ ਹੈ।

ਦਵਿੰਦਰ ਮੁਤਾਬਕ,''ਹੜ੍ਹ ਵੇਲ਼ੇ ਤਾਂ ਪਿੰਡ ਤਿੰਨ ਦਿਨਾਂ ਤੱਕ ਪਾਣੀ ਹੇਠ ਡੁੱਬਿਆ ਰਿਹਾ।'' ਉਸ ਵੇਲ਼ੇ ਸਰਕਾਰੀ ਬੇੜੀ ਆਈ ਸੀ ਤੇ ਲੋਕਾਂ ਨੂੰ ਕੱਢ ਕੇ ਬਾਹਰ ਲੈ ਗਈ, ਜਦੋਂਕਿ 10-12 ਲੋਕ ਪਿੰਡ ਵਿੱਚ ਹੀ ਰੁਕੇ ਰਹੇ। ਲੋਕ ਨੇੜਲੇ ਬਜ਼ਾਰ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਕੋਲ਼ ਜਾ ਕੇ ਰਹਿੰਦੇ ਰਹੇ। ਅੱਗੇ ਦਵਿੰਦਰ ਦੱਸਦੇ ਹਨ ਕਿ ਹੜ੍ਹ ਵੇਲ਼ੇ ਬਿਜਲੀ ਵੀ ਗੁੱਲ ਰਹੀ ਤੇ ਇੱਕ ਮਹੀਨੇ ਬਾਅਦ ਜਾ ਕੇ ਬਿਜਲੀ ਦਾ ਮੂੰਹ ਦੇਖਿਆ।

PHOTO • Rahul

ਸੂੰਡ ਪਿੰਡ ਦੇ ਦਵਿੰਦਰ ਰਾਵਤ ਸਿੰਧ ਨਦੀ ਦੇ ਪਾੜ ਵੇਲ਼ੇ ਜ਼ਮੀਨਦੋਜ਼ ਹੋਈ ਆਪਣੀ ਮੋਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ

ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਸਾਲ 201 ਵਿੱਚ 14 ਮਈ ਤੋਂ 21 ਜੁਲਾਈ ਵਿਚਾਲੇ ਪੱਛਮੀ ਮੱਧ ਪ੍ਰਦੇਸ਼ ਵਿੱਚ 20 ਤੋਂ 59 ਪ੍ਰਤੀਸ਼ਤ ਤੱਕ ਘੱਟ ਮੀਂਹ ਪਿਆ।

ਹਾਲਾਂਕਿ, 28 ਜੁਲਾਈ ਤੋਂ 4 ਅਗਸਤ ਵਿਚਾਲੇ ਔਸਤ ਨਾਲ਼ੋਂ 60 ਫ਼ੀਸਦ ਜਾਂ ਉਸ ਤੋਂ ਵੀ ਵੱਧ ਮੀਂਹ ਪੈ ਗਿਆ। ਇਹਦੇ ਕਾਰਨ ਕਰਕੇ, ਸਿੰਧ ਦੇ ਦੋ ਵੱਡੇ ਬੰਨ੍ਹਾਂ- ਮੜੀਖੇੜਾ ਸਥਿਤ ਅਟਲ ਸਾਗਰ ਬੰਨ੍ਹ ਤੇ ਨਰਵਰ ਸਥਿਤ ਮੋਹਿਨੀ ਬੰਨ੍ਹ- ਦੇ ਫ਼ਾਟਕ ਖੋਲ੍ਹ ਦਿੱਤੇ ਗਏ। ਇੰਝ ਪਿੰਡ ਪਾਣੀ ਹੇਠ ਡੁੱਬ ਗਿਆ। ਅਟਲ ਸਾਗਰ ਬੰਨ੍ਹ ਦੇ ਐੱਸਡੀਓ ਜੀਐੱਲ ਬੈਰਾਗੀ ਨੇ ਕਿਹਾ,''ਬੰਨ੍ਹ ਨੂੰ ਖੋਲ੍ਹਣ ਤੋਂ ਇਲਾਵਾ ਸਾਡੇ ਕੋਲ਼ ਕੋਈ ਚਾਰਾ ਨਹੀਂ ਸੀ। ਬੰਨ੍ਹ ਨੂੰ ਬਚਾਉਣ ਲਈ ਪਾਣੀ ਨੂੰ ਕੱਢਣਾ ਹੀ ਪੈਣਾ ਸੀ। ਅਜਿਹੇ ਹਾਲਾਤ ਇਸ ਲਈ ਵੀ ਬਣੇ ਕਿਉਂਕਿ 2 ਅਤੇ 3 ਅਗਸਤ 2021 ਨੂੰ ਵਿਤੋਂਵੱਧ ਮੀਂਹ ਪਿਆ।''

ਮੱਧ ਪ੍ਰਦੇਸ਼ ਵਿੱਚ ਵਿਤੋਂਵੱਧ ਮੀਂਹ ਪੈਣ ਕਾਰਨ ਸਿੰਧ ਨਦੀ ਹੀ ਸਭ ਤੋਂ ਵੱਧ ਪ੍ਰਭਾਵਤ ਹੁੰਦੀ ਹੈ। ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਵਿਖੇ ਸਥਿਤ ਬਰਕਤੁੱਲਾ ਯੂਨੀਵਰਸਿਟੀ ਵਿੱਚ ਬਾਇਓ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਅਤੇ ਨਦੀਆਂ ਦੇ ਜਾਣਕਾਰ ਵਿਪਿਨ ਵਿਆਸ ਕਹਿੰਦੇ ਹਨ,''ਸਿੰਧ, ਗੰਗਾ ਬੇਸਿਨ ਦਾ ਹਿੱਸਾ ਹੈ। ਉਹ ਦੱਖਣ ਤੋਂ ਉੱਤਰ ਵੱਲ਼ ਨੂੰ ਵਗਦੀ ਹੈ ਤੇ ਇਹ ਹਿਮਾਲਿਆ 'ਚੋਂ ਨਹੀਂ ਨਿਕਲ਼ਦੀ। ਇਸੇ ਕਾਰਨ ਕਰਕੇ ਇਹ ਮੀਂਹ ਦੇ ਪਾਣੀ 'ਤੇ ਨਿਰਭਰ ਰਹਿੰਦੀ ਹੈ।''

ਦਵਿੰਦਰ ਮੁਤਾਬਕ ਇਸ ਆਫ਼ਤ ਨੇ ਫ਼ਸਲੀ ਚੱਕਰ ਨੂੰ ਵੀ ਪ੍ਰਭਾਵਤ ਕੀਤਾ ਹੈ,''ਝੋਨਾ ਅਤੇ ਤੀਲੀ (ਤਿੱਲ) ਦੀ ਫ਼ਸਲ ਬਰਬਾਦ ਹੋ ਗਈ, ਕਣਕ ਦੀ ਖੇਤੀ ਵੀ ਇਸ ਵਾਰ ਅਸੀਂ ਚੰਗੀ ਤਰ੍ਹਾਂ ਨਾਲ਼ ਨਹੀਂ ਕਰ ਸਕੇ।'' ਸਿੰਧ ਦੇ ਤਟੀ ਇਲਾਕਿਆਂ ਵਿੱਚ ਸਰ੍ਹੋਂ ਦੀ ਖੇਤੀ ਖ਼ੂਬ ਹੁੰਦੀ ਹੈ। ਕਾਫ਼ੀ ਸਾਰੇ ਮੁਕਾਮੀ ਕਿਸਾਨਾਂ ਨੇ ਕਿਹਾ ਕਿ ਹੜ੍ਹ ਦੇ ਕਾਰਨ ਸਰ੍ਹੋਂ ਦਾ ਰਕਬਾ ਵੱਧ ਗਿਆ ਸੀ।

PHOTO • Rahul
PHOTO • Aishani Goswami

ਖੱਬੇ: ਦਵਿੰਦਰ ਅਤੇ ਰਾਮਨਿਵਾਸੀ ਰਾਵਤ ਅਤੇ ਇੱਕ ਹੋਰ ਪੇਂਡੂ ਬੰਦਾ ਹੜ੍ਹ ਵਿੱਚ ਤਬਾਹ ਹੋ ਗਏ ਖੇਤ ਦੇ ਸਾਹਮਣੇ ਖੜ੍ਹੇ ਹਨ। ਸੱਜੇ:ਰਾਮਨਿਵਾਸ ਰਾਵਤ (ਚਿੱਟੇ ਕਮੀਜ਼ ਪਾਈ) ਕਹਿੰਦੇ ਹਨ,'ਮੌਸਮੀ ਉਤਰਾਅ-ਚੜ੍ਹਾਅ ਕਾਰਨ ਭਾਰੀ ਮੀਂਹ ਅਤੇ ਹੜ੍ਹ ਨਾਲ਼ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ'

ਮੌਸਮ ਵਿੱਚ ਬਦਲਾਵਾਂ ਨਾਲ਼ ਹੋਣ ਵਾਲ਼ੇ ਨੁਕਸਾਨ 'ਤੇ ਗੱਲ਼ ਕਰਦਿਆਂ ਦਵਿੰਦਰ ਦੇ ਭਤੀਜੇ ਰਾਮਨਿਵਾਸ ਕਹਿੰਦੇ ਹਨ,''ਮੌਸਮੀ ਉਤਰਾਅ-ਚੜ੍ਹਾਅ ਦੇ ਕਾਰਨ ਭਾਰੀ ਮੀਂਹ ਤੇ ਹੜ੍ਹ ਕਾਰਨ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ, ਕਾਫ਼ੀ ਜ਼ਿਆਦਾ ਗਰਮੀ ਪੈਣ ਨਾਲ਼ ਪੌਦਿਆਂ ਨੂੰ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ।''

ਉਹ ਦੱਸਦੇ ਹਨ ਕਿ ਹੜ੍ਹ ਤੋਂ ਬਾਅਦ ਪਟਵਾਰੀ ਅਤੇ ਪਿੰਡ ਦੇ ਸਰਪੰਚ ਪਿੰਡ ਵਾਲ਼ਿਆਂ ਦਾ ਹਾਲ਼ ਪੁੱਛਣ ਆਏ ਸਨ ਤੇ ਕਿਹਾ ਸੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਵਾ ਦਿਆਂਗੇ।

ਦਵਿੰਦਰ ਦੱਸਦੇ ਹਨ,''ਝੋਨੇ ਦੀ ਬਰਬਾਦ ਹੋਈ ਫ਼ਸਲ ਦੇ ਬਦਲੇ ਉਨ੍ਹਾਂ ਦੇ ਪਰਿਵਾਰ ਨੂੰ 2,000 ਰੁਪਏ ਪ੍ਰਤੀ ਵਿਘਾ ਦੀ ਦਰ ਨਾਲ਼ ਮੁਆਵਜ਼ਾ ਮਿਲ਼ਿਆ।'' ਰਾਮਨਿਵਾਸ ਨੇ ਗੱਲ ਪੂਰੀ ਕਰਦਿਆਂ ਕਿਹਾ,''ਜੇ ਹੜ੍ਹ ਨਾਲ਼ ਸਾਡੀ ਝੋਨੇ ਦੀ ਫ਼ਸਲ ਤਬਾਹ ਨਾ ਹੁੰਦੀ ਤਾਂ ਉਹਨੂੰ ਵੇਚਣ ਨਾਲ਼ ਘੱਟੋ-ਘੱਟ ਤਿੰਨ ਤੋਂ ਚਾਰ ਲੱਖ ਰੁਪਏ ਦਾ ਨਫ਼ਾ ਹੁੰਦਾ।''

ਦਵਿੰਦਰ ਦੇ ਪਰਿਵਾਰ ਦੀ ਆਮਦਨੀ ਦਾ ਸਾਧਨ ਸਿਰਫ਼ ਤੇ ਸਿਰਫ਼ ਖੇਤੀ ਹੀ ਹੈ ਤੇ ਪਰਿਵਾਰ ਦਾ ਕੋਈ ਮੈਂਬਰ ਨੌਕਰੀ ਜਾਂ ਵਪਾਰ ਨਹੀਂ ਕਰਦਾ। ਸਾਲ 2020 ਵਿੱਚ, ਕਰੋਨਾ ਲਾਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਦਵਿੰਦਰ ਦੇ ਪਰਿਵਾਰ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ ਸਨ। ਲਗਾਤਾਰ ਦੋ ਸਾਲ ਤੱਕ ਕਰੋਨਾ ਲਾਗ ਦੇ ਪ੍ਰਭਾਵ ਅਤੇ ਉਹਦੇ ਕਾਰਨ ਲੱਗੀ ਤਾਲਾਬੰਦੀ ਨੇ ਮੰਡੀ ਵਿੱਚ ਉਨ੍ਹਾਂ ਦੀਆਂ ਫ਼ਸਲਾਂ ਦੀ ਕੀਮਤ ਹੋਰ ਡੇਗ ਦਿੱਤੀ ਸੀ। ਸਾਲ 2021 ਵਿੱਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਜਦੋਂ ਕਿਤੇ ਆਉਣਾ-ਜਾਣਾ ਵੀ ਮੁਸ਼ਕਲ ਸੀ, ਉਦੋਂ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਧੀਆਂ ਦਾ ਵਿਆਹ ਹੋਇਆ। ਇਨ੍ਹਾਂ ਵਿੱਚੋਂ ਇੱਕ ਦਵਿੰਦਰ ਦੀ ਧੀ ਸੀ ਤੇ ਦੂਸਰੀ ਭਤੀਜੀ। ਦਵਿੰਦਰ ਕਹਿੰਦੇ ਹਨ,''ਕਰੋਨਾ ਕਾਰਨ ਕਰਕੇ ਸਾਰੀਆਂ ਚੀਜ਼ਾਂ ਮਹਿੰਗੀਆਂ ਮਿਲ਼ ਰਹੀਆਂ ਸਨ, ਪਰ ਅਸੀਂ ਵਿਆਹ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ, ਸੋ ਕਰਨਾ ਤਾਂ ਸੀ ਹੀ।''

ਫਿਰ ਅਗਸਤ 2021 ਦੀ ਸ਼ੁਰੂਆਤ ਵਿੱਚ ਅਚਾਨਕ ਆਏ ਹੜ੍ਹ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੋਰ ਬਿਪਤਾ ਸਹੇੜ ਦਿੱਤੀ।

PHOTO • Aishani Goswami
PHOTO • Rahul

ਖੱਬੇ: ਹੜ੍ਹ ਕਾਰਨ ਸਿੰਧ ਦੇ ਤਟ ਨਾਲ਼ ਲੱਗੇ ਸਾਰੇ ਰੁੱਖ ਡਿੱਗ ਗਏ। ਸੱਜੇ: ਭਾਰੀ ਮੀਂਹ ਤੋਂ ਬਾਅਦ ਨਰਵਰ ਤਹਿਸੀਲ ਵਿਖੇ ਪੈਂਦੇ ਮੋਹਿਨੀ ਬੰਨ੍ਹ ਦੇ ਫਾਟਕ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਪਿੰਡ ਪਾਣੀ ਵਿੱਚ ਡੁੱਬ ਗਿਆ

*****

ਦਤਿਆ ਜ਼ਿਲ੍ਹੇ ਦੀ ਇੰਦਰਗੜ੍ਹ ਤਹਿਸੀਲ ਦੇ ਤਿਲੈਥਾ ਪਿੰਡ ਦੇ ਕਿਸਾਨ ਸਾਹਬ ਸਿੰਘ ਰਾਵਤ, ਬੜੇ ਨਿਰਾਸ਼ ਮਨ ਨਾਲ਼ ਸਿੰਧ ਨਦੀ ਦੇ ਕੰਢੇ ਸਥਿਤ ਆਪਣੇ ਖੇਤ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਸਾਨੂੰ ਕਿਹਾ,''ਬੇਮੌਸਮੀ ਮੀਂਹ ਕਾਰਨ ਗੰਨੇ ਦੀ ਸਾਢੇ ਬਾਰ੍ਹਾਂ ਵਿਘਾ (7.7 ਏਕੜ) ਫ਼ਸਲ ਬਰਬਾਦ ਹੋ ਗਈ।'' ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2021 ਵਿੱਚ ਠੰਡ ਦੇ ਦਿਨਾਂ ਵਿੱਚ ਖ਼ਾਸਾ ਮੀਂਹ ਪਿਆ, ਜਿਹਨੇ ਕਿਸਾਨਾਂ ਨੂੰ ਬੜਾ ਨੁਕਸਾਨ ਪਹੁੰਚਾਇਆ।

ਸੂੰਡ ਵਿਖੇ ਵੱਸੇ ਘਰ ਉੱਚਾਈ 'ਤੇ ਸਥਿਤ ਹਨ, ਇਸਲਈ ਉੱਥੇ ਹੜ੍ਹ ਕਾਰਨ ਜਾਨਮਾਲ਼ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ, ਬਾਕੀ ਪਿੰਡੀਂ ਥਾਈਂ ਕਿਸਾਨਾਂ ਦਾ ਨਸੀਬ ਇੰਨਾ ਚੰਗਾ ਨਾ ਰਿਹਾ। ਕਾਲ਼ੀਪਹਾੜੀ ਗ੍ਰਾਮ ਪੰਚਾਇਤ ਦੀ ਨਿਵਾਸੀ ਸੁਮਿਤਰਾ ਸੇਨ ਦੱਸਦੀ ਹਨ ਕਿ ਉਨ੍ਹਾਂ ਦੇ ਪਿੰਡ ਦੇ ਲੋਕੀਂ ਪਾਣੀ ਦੇ ਪੱਧਰ ਨੂੰ ਨਾਪਦੇ ਰਹਿੰਦੇ ਸਨ ਤੇ ਝੋਲੇ ਵਿੱਚ ਪੰਜ ਕਿਲੋ ਅਨਾਜ ਰੱਖੀ ਆਪਣੇ ਬਚਾਅ ਵਾਸਤੇ ਪਹਾੜੀ 'ਤੇ ਚੜ੍ਹਨ ਨੂੰ ਤਿਆਰ ਬਰ ਤਿਆਰ ਰਹਿੰਦੇ।

45 ਸਾਲਾ ਸੁਮਿਤਰਾ ਸੇਨ ਨੇੜੇ ਦੇ ਇੱਕ ਸਕੂਲ ਵਿੱਚ ਖਾਣਾ ਪਕਾਉਣ ਦਾ ਕੰਮ ਕਰਦੀ ਹਨ, ਨਾਲ਼ ਹੀ ਮਜ਼ਦੂਰੀ ਵੀ ਕਰਦੀ ਹਨ। ਉਨ੍ਹਾਂ ਦੇ 50 ਸਾਲਾ ਪਤੀ ਧਨਪਾਲ ਸੇਨ ਪਿਛਲੇ 8-9 ਸਾਲ ਤੋਂ ਅਹਿਮਦਾਬਾਦ ਵਿਖੇ ਪਾਊਚ ਬਣਾਉਣ ਵਾਲ਼ੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਦਾ ਛੋਟਾ ਬੇਟਾ 16 ਸਾਲਾ ਅਤਿੰਦਰ ਸੇਨ ਵੀ ਉਹੀ ਕੰਮ ਕਰਦਾ ਹੈ। ਨਾਈ ਸਮਾਜ ਨਾਲ਼ ਸਬੰਧ ਰੱਖਣ ਵਾਲ਼ੀ ਸੁਮਿਤਰਾ ਨੂੰ ਸਰਕਾਰ ਵੱਲੋਂ ਬੀਪੀਐੱਲ (ਗ਼ਰੀਬੀ ਰੇਖਾ ਤੋਂ ਹੇਠਾਂ) ਕਾਰਡ ਮਿਲ਼ਿਆ ਹੋਇਆ ਹੈ।

ਦਤਿਯਾ ਜ਼ਿਲ੍ਹੇ ਦੇ ਸੇਵੜਾ ਬਲਾਕ ਵਿੱਚ ਸਥਿਤ ਮਦਨਪੁਰਾ ਪਿੰਡ ਦੇ ਨਿਵਾਸੀ ਵਿਦਿਆਰਾਮ ਬਘੇਲ ਨੇ ਦੱਸਿਆ ਕਿ ਹੜ੍ਹ ਵਿੱਚ ਉਨ੍ਹਾਂ ਦਾ ਤਿੰਨ ਵਿਘਾ (ਕਰੀਬ ਦੋ ਏਕੜ) ਖੇਤ ਰੁੜ੍ਹ ਗਿਆ। ''ਮੇਰੀ ਸਾਰੀ ਫ਼ਸਲ ਤਬਾਹ ਹੋਈ ਤੇ ਖੇਤ ਵਿੱਚ ਰੇਤ ਦੀ ਪਰਤ ਜੰਮ੍ਹ ਗਈ।''

PHOTO • Rahul
PHOTO • Rahul
PHOTO • Rahul

ਖੱਬੇ: ਬੇਮੌਸਮੇ ਮੀਂਹ ਨੇ ਤਿਲੈਥਾ ਦੇ ਕਿਸਾਨ ਸਾਹਬ ਸਿੰਘ ਰਾਵਤ ਦੀ ਗੰਨੇ ਦੀ ਕਰੀਬ 7.7 ਏਕੜ ਫ਼ਸਲ ਬਰਬਾਦ ਕਰ ਦਿੱਤੀ। ਸੱਜੇ: ਕਾਲ਼ੀਪਹਾੜੀ ਦੀ ਸੁਮਿਤਰਾ ਸੇਨ ਦੇ ਪਿੰਡ ਵਿੱਚ ਹਰ ਕੋਈ ਹੜ੍ਹ ਦੇ ਡਰੋਂ ਝੋਲੇ ਵਿੱਚ ਪੰਜ ਕਿਲੋ ਅਨਾਜ ਪਾਈ ਆਪਣੇ ਬਚਾਅ ਵਾਸਤੇ ਪਹਾੜੀ ਚੜ੍ਹਨ ਨੂੰ ਤਿਆਰ ਬਰ ਤਿਆਰ ਰਹਿੰਦਾ ਸੀ। ਹੇਠਾਂ: ਵਿਦਿਆਰਾਮ ਬਘੇਲ ਦਾ ਖੇਤ ਨਾਲ਼ ਭਰ ਗਿਆ ਸੀ

*****

ਸੂੰਡ ਪਿੰਡ ਦੇ ਲੋਕਾਂ ਨੇ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਪ੍ਰਸ਼ਾਸਨ ਇੱਥੇ ਨਦੀ 'ਤੇ ਪੁੱਲ ਬਣਾਉਣ ਲਈ ਇਸ ਵਾਸਤੇ ਵੀ ਤਿਆਰ ਨਹੀਂ ਕਿਉਂਕਿ ਇਹ ਕਾਫ਼ੀ ਖਰਚੇ ਦਾ ਘਰ ਹੈ। ਪਿੰਡ ਵਿੱਚ ਕਰੀਬ 700 ਵਿਘਾ ਖੇਤੀਯੋਗ ਜ਼ਮੀਨ ਹੈ ਅਤੇ ਉਹਦਾ ਮਾਲਿਕਾਨਾ ਹੱਕ ਇੱਥੋਂ ਦੇ ਪੇਂਡੂ ਲੋਕਾਂ ਦੇ ਕੋਲ਼ ਹੀ ਹੈ। ਰਾਮਨਿਵਾਸ ਕਹਿੰਦੇ ਹਨ,''ਜੇ ਅਸੀਂ ਵੱਸਣ ਲਈ ਦੂਜੀ ਥਾਵੇਂ ਚਲੇ ਜਾਵਾਂਗੇ ਤਦ ਵੀ ਖੇਤੀ ਕਰਨ ਲਈ ਇੱਥੇ ਆਉਣਾ ਹੋਵੇਗਾ।''

ਮੌਸਮ ਵਿੱਚ ਬਦਲਾਅ, ਬੇਮੌਸਮਾ ਤੇ ਬੇਹਿਸਾਬਾ ਮੀਂਹ, ਨਦੀਆਂ 'ਤੇ  ਬੰਨ੍ਹ ਬਣਦੇ ਹੀ ਚਲੇ ਜਾਣਾ ਤੇ ਉਹਦੇ ਢੁੱਕਵੇਂ ਪ੍ਰਬੰਧ ਦੀ ਘਾਟ ਹੜ੍ਹਾਂ ਦੇ ਪਾੜਿਆਂ ਦਾ ਖ਼ਤਰਾ ਵਧਾਉਂਦਾ ਜਾ ਰਿਹਾ ਹੈ, ਪਰ ਦਵਿੰਦਰ ਤੇ ਉਨ੍ਹਾਂ ਦਾ ਪਰਿਵਾਰ ਆਪਣੀ ਜ਼ਮੀਨ ਨਾ ਛੱਡਣ ਦੇ ਸੰਕਲਪ ਦੇ ਨਾਲ਼ ਪੱਕੇ-ਪੈਰੀਂ ਖੜ੍ਹਾ ਹੈ। ਦਵਿੰਦਰ ਰਾਵਤ ਕਹਿੰਦੇ ਹਨ,''ਅਸੀਂ ਲੋਕ ਇਹ ਪਿੰਡ ਛੱਡ ਕੇ ਨਹੀਂ ਜਾਵਾਂਗੇ। ਜੇ ਲੋੜ ਪਈ ਤਾਂ ਜਾਵਾਂਗੇ ਵੀ ਉਦੋਂ ਸਾਨੂੰ ਜ਼ਮੀਨ ਦੇ ਬਦਲੇ ਇੰਨੀ ਹੀ ਜ਼ਮੀਨ ਕਿਸੇ ਹੋਰ ਥਾਵੇਂ ਦਿੱਤੀ (ਪ੍ਰਸ਼ਾਸਨ ਵੱਲ਼ੋਂ) ਜਾਵੇਗੀ।''

ਤਰਜਮਾ: ਕਮਲਜੀਤ ਕੌਰ

Rahul

Rahul Singh is an independent reporter based in Jharkhand. He reports on environmental issues from the eastern states of Jharkhand, Bihar and West Bengal.

Other stories by Rahul
Aishani Goswami

Aishani Goswami is a water practitioner and architect based in Ahmedabad. She has a Masters in Water Resource Engineering and Management and studies rivers, dams, floods and water.

Other stories by Aishani Goswami
Editor : Devesh

Devesh is a poet, journalist, filmmaker and translator. He is the Translations Editor, Hindi, at the People’s Archive of Rural India.

Other stories by Devesh
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur