ਜਦੋਂ ਮੁਰਲੀਧਰ ਜਵਾਹਿਰੇ ਕੰਮ ਕਰਨ ਬਹਿੰਦੇ ਹਨ ਤਾਂ ਗ਼ਲਤੀ ਕਰਨ ਜਾਂ ਧਿਆਨ ਭਟਕਣ ਦੇਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ। ਉਨ੍ਹਾਂ ਦੇ ਹੱਥ ਖ਼ੁਦ-ਬ-ਖ਼ੁਦ ਤੋਰਨ ਦੇ ਜੋੜਾਂ ਨੂੰ ਆਪਸ ਵਿੱਚ ਰਲਾਉਂਦਿਆਂ ਫ਼ੁਰਤੀ ਨਾਲ਼ ਚੱਲਦੇ ਰਹਿੰਦੇ ਹਨ ਅਤੇ ਜੋੜਾਂ ਨੂੰ ਸੂਤੀ ਧਾਗੇ ਨਾਲ਼ ਬੰਨ੍ਹਦੇ ਜਾਂਦੇ ਹਨ। 70 ਸਾਲ ਦੇ ਇਸ ਬਜ਼ੁਰਗ ਨੂੰ ਦੇਖ ਕੇ ਇੰਨੀ ਠੋਸ ਇਕਾਗਰਤਾ ਦਾ ਅੰਦਾਜ਼ਾ ਹੀ ਨਹੀਂ ਲੱਗਦਾ ਜਿਹਨੂੰ ਉਹ ਹਰ ਰੋਜ਼ ਬਾਂਸ ਦੇ ਤਿਆਰ ਫ਼ਰੇਮਾਂ ਵਿੱਚ ਢਾਲ਼ਦੇ ਜਾਂਦੇ ਹਨ।

ਮਹਾਰਾਸ਼ਟਰ ਦੇ ਇਚਲਕਰੰਜੀ ਸ਼ਹਿਰ ਅੰਦਰ, ਉਨ੍ਹਾਂ ਦੇ ਗਾਰੇ ਅਤੇ ਇੱਟਾਂ ਨਾਲ਼ ਬਣੇ ਫਿਰੋਜੀ ਰੰਗੇ ਘਰ ਦੇ ਬਾਹਰ, ਉਨ੍ਹਾਂ ਦੇ ਕੰਮ ਦਾ ਲੋੜੀਂਦਾ ਸਮਾਨ ਖਿੰਡਿਆ ਹੋਇਆ ਹੈ ਜਿਸ ਥਾਵੇਂ ਉਹ ਕੰਮ ਕਰਦੇ ਹਨ। ਇਸ ਸਮਾਨ ਵਿੱਚ ਬਾਂਸ ਦੀਆਂ ਸੋਟੀਆਂ, ਰੰਗੀਨ ਕਾਗ਼ਜ਼, ਜਿਲੇਟਿਨ ਪੇਪਰ, ਰੱਦੀ ਅਖ਼ਬਾਰਾਂ ਅਤੇ ਹੋਰ ਵੀ ਨਿੱਕ-ਸੁੱਕ ਸ਼ਾਮਲ ਹੈ। ਇਹ, ਸਾਰਾ ਸਮਾਨ ਦੇਖਦੇ ਹੀ ਦੇਖਦੇ ਤੋਰਨ ਦੀ ਸ਼ਕਲ ਅਖ਼ਤਿਆਰ ਕਰਨ ਜਾਵੇਗਾ। ਦਰਅਸਲ ਤੋਰਨ ਘਰਾਂ ਅਤੇ ਮੰਦਰਾਂ ਦੀਆਂ ਚੌਗਾਠਾਂ ਨੂੰ ਸਜਾਉਣ ਲਈ ਇਸਤੇਮਾਲ ਹੁੰਦਾ ਮਾਲ਼ਾ-ਨੁਮਾ ਲਟਕਾਊ ਹੁੰਦਾ ਹੈ।

ਮੁਰਲੀਧਰ ਦੇ ਝੁਰੜਾਏ ਹੱਥ ਛੋਹਲੀ ਛੋਹਲੀ ਇੱਕ ਬਾਂਸ ਦੀ ਸੋਟੀ ਨੂੰ ਬਰੋ-ਬਰਾਬਰ 30 ਹਿੱਸਿਆਂ ਵਿੱਚ ਕੱਟਦੇ ਹਨ। ਫਿਰ ਉਹ ਆਪਣੇ ਮਨ ਦੇ ਅੰਦਾਜ਼ੇ 'ਤੇ ਯਕੀਨ ਕਰਦਿਆਂ ਇਨ੍ਹਾਂ ਨੂੰ ਨੌ ਬਰਾਬਰ ਭੁਜਾਵਾਂ ਵਾਲ਼ੇ ਤਿਕੋਣਾਂ ਵਿੱਚ ਬਦਲ ਦਿੰਦੇ ਹਨ। ਇਹ ਤਿਕੋਣ ਬਾਂਸ ਦੀਆਂ ਸੋਟੀਆਂ ਨਾਲ਼ ਜੁੜੇ ਹੁੰਦੇ ਹਨ ਜੋ 3 ਜਾਂ 10 ਫੁੱਟ ਲੰਬੀ ਹੁੰਦਾ ਹੈ।

ਸਮੇਂ-ਸਮੇਂ 'ਤੇ ਮੁਰਲੀਧਰ ਆਪਣੀਆਂ ਉਂਗਲਾਂ ਨੂੰ ਐਲੂਮੀਨੀਅਨ ਦੀ ਪੁਰਾਣੀ ਕੌਲ਼ੀ ਵਿੱਚ ਡੁਬੋਂਦੇ ਹਨ ਜਿਸ ਅੰਦਰ ਖਾਲ ਹੈ, ਜੋ ਇੱਕ ਤਰ੍ਹਾਂ ਦੀ ਗੂੰਦ ਹੁੰਦੀ ਹੈ ਜੋ ਇਮਲੀ ਦੇ ਬੀਜਾਂ ਨੂੰ ਪੀਹ ਕੇ ਬਣਾਈ ਜਾਂਦੀ ਹੈ। ਉਨ੍ਹਾਂ ਦੀ ਪਤਨੀ ਸ਼ੋਭਾ, ਜਿੰਨ੍ਹਾਂ ਦੀ ਉਮਰ 60 ਸਾਲ ਦੇ ਨੇੜੇ-ਤੇੜੇ ਹੈ, ਨੇ ਸਵੇਰੇ ਹੀ ਇਹ ਗੂੰਦ ਬਣਾਈ ਹੈ।

ਉਹ ਦੱਸਦੀ ਹਨ,''ਕੰਮ ਕਰਦੇ ਸਮੇਂ ਉਹ ਆਪਣੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਕੱਢਦੇ ਅਤੇ ਨਾ ਹੀ ਕੋਈ ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾ ਸਕਦਾ ਹੈ,'' ਉਹ ਦੱਸਦੀ ਹਨ।

ਮੁਰਲੀਧਰ ਖ਼ਾਮੋਸ਼ੀ ਨਾਲ਼ ਬਾਂਸ ਦੇ ਫ਼ਰੇਮ ਬਣਾਉਣਾ ਜਾਰੀ ਰੱਖਦੇ ਹਨ ਅਤੇ ਦੂਸਰੇ ਪਾਸੇ ਸ਼ੋਭਾ ਸਜਾਵਟ ਦੇ ਕੰਮਾਂ ਦੀ ਤਿਆਰੀ ਕਰਦੀ ਹਨ- ਉਹ ਰੰਗੀਨ ਜਿਲੇਟਿਨ ਪੇਪਰ ਦੇ ਗ਼ੋਲਾਕਾਰ ਟੁਕੜਿਆਂ ਨੂੰ ਇੱਕ ਲਟਕਾਊ ਵਿੱਚ ਪਰੋਂਦੀ ਜਾਂਦੀ ਹਨ। ਉਹ ਕਹਿੰਦੀ ਹਨ,''ਜਦੋਂ ਮੈਂ ਘਰ ਦੇ ਕੰਮਾਂ ਤੋਂ ਫ਼ਾਰਗ ਹੁੰਦੀ ਹਾਂ ਤਾਂ ਇਸ ਕੰਮੇ ਲੱਗ ਜਾਂਦੀ ਹਾਂ। ਪਰ ਇਸ ਕੰਮ ਵਿੱਚ ਕਾਫ਼ੀ ਨੀਝ ਲੱਗਦੀ ਹੈ ਅਤੇ ਅੱਖਾਂ 'ਤੇ ਦਬਾਅ ਪੈਂਦਾ ਹੈ।''

PHOTO • Sanket Jain

ਮੁਰਲੀਧਰ ਜਵਾਹਿਰੇ ਦੁਆਰਾ ਫ਼ਰੇਮ ਬਣਾਉਣ ਦੀ ਪ੍ਰਕਿਰਿਆ 18 ਫੁੱਟ ਲੰਬੀ ਬਾਂਸ ਦੀ ਸੋਟੀ ਦੇ ਹਿੱਸਿਆਂ ਨੂੰ ਕੱਟਣ ਨਾਲ਼ ਸ਼ੁਰੂ ਹੁੰਦੀ ਹੈ

ਉਹ ਗੂੰਦ ਬਣਾਉਣ ਲਈ ਇਮਲੀ ਦੇ ਜਿਨ੍ਹਾਂ ਬੀਜਾਂ ਦਾ ਇਸਤੇਮਾਲ ਕਰਦੀ ਹਨ ਉਹ 40 ਰੁਪਏ ਪ੍ਰਤੀ ਪੇਲੀ (ਪੰਜ ਕਿਲੋ) ਦੇ ਹਿਸਾਬ ਨਾਲ਼ ਮਿਲ਼ਦੇ ਹਨ ਅਤੇ ਉਹ ਹਰ ਸਾਲ 2-3 ਪੇਲੀ ਇਸਤੇਮਾਲ ਕਰ ਲੈਂਦੀ ਹਨ। ਤੋਰਨਾਂ ਨੂੰ ਸਜਾਉਣ ਵਾਸਤੇ ਜਵਾਹਿਰੇ (ਪਰਿਵਾਰ) 100 ਤੋਂ ਵੱਧ ਛੋਟੀਆਂ-ਛੱਤਰੀਆਂ, ਨਾਰੀਅਲ ਅਤੇ ਰਾਘੂ (ਤੋਤਿਆਂ) ਦਾ ਭੰਡਾਰਨ ਰੱਖਦਾ ਹੈ, ਇਹ ਸਾਰਾ ਕੁਝ ਰੱਦੀ ਅਖ਼ਬਾਰਾਂ ਤੋਂ ਹੀ ਬਣਦੇ ਹਨ। ''ਅਸੀਂ ਇਹ ਸਭ ਘਰੇ ਹੀ ਬਣਾਇਆ ਕਰਦੇ, ਪਰ ਹੁਣ ਉਮਰ ਵੱਧਣ ਕਰਕੇ ਅਸੀਂ ਇਹ ਸਭ ਬਜ਼ਾਰੋਂ ਹੀ ਖ਼ਰੀਦ ਲੈਂਦੇ ਹਾਂ। ਨਾਰੀਅਲ ਅਤੇ ਰਾਘੂ ਦੇ 90 ਪੀਸ ਖ਼ਰੀਦਣ ਬਦਲੇ 100 ਰੁਪਏ ਲੱਗਦੇ ਹਨ,'' ਸ਼ੋਭਾ ਖੋਲ੍ਹ ਕੇ ਦੱਸਦੀ ਹਨ। ਇੱਕ ਵਾਰ ਫ਼ਰੇਮ ਤਿਆਰ ਹੋਣ 'ਤੇ ਮੁਰਲੀਧਰ ਇਹਦੇ ਡਿਜ਼ਾਇਨ ਨੂੰ ਜੋੜਨਾ ਸ਼ੁਰੂ ਕਰਦੇ ਹਨ।

ਜਵਾਹਿਰੇ ਪਰਿਵਾਰ ਕਈ ਪੀੜ੍ਹੀਆਂ ਤੋਂ ਤੋਰਨ ਬਣਾ ਰਿਹਾ ਹੈ। ''ਮੈਂ ਆਪਣੇ ਪਿਤਾ ਪਾਸੋਂ ਸੁਣਿਆ ਸੀ ਕਿ ਸਾਡੀ ਕਲਾ ਘੱਟੋ-ਘੱਟ 150 ਸਾਲ ਪੁਰਾਣੀ ਹੈ,'' ਮੁਰਲੀਧਰ ਫ਼ਖਰ ਨਾਲ਼ ਦੱਸਦੇ ਹਨ। ਉਨ੍ਹਾਂ ਦਾ ਪਰਿਵਾਰ ਤਾਂਬਤ ਭਾਈਚਾਰੇ (ਮਹਾਰਾਸ਼ਟਰ ਵਿੱਚ ਓਬੀਸੀ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ ਅਤੇ ਪਰੰਪਰਾਗਤ ਰੂਪ ਵਿੱਚ ਤੋਰਨ ਬਣਾਉਣ, ਟੂਟੀਆਂ ਦੀ ਮੁਰੰਮਤ ਕਰਨ ਅਤੇ ਪਿੱਤਲ ਅਤੇ ਤਾਂਬੇ ਦੇ ਭਾਂਡੇ ਕਲ਼ੀ ਕਰਨ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਦੇ ਪਿਤਾ ਚਾਵੀ (ਤਾਂਬੇ ਅਤੇ ਪਿੱਤਲ ਦੇ ਭਾਂਡਿਆਂ 'ਤੇ ਟੂਟੀ) ਲਾਉਣ, ਬਾਂਬ (ਰਵਾਇਤੀ ਪਾਣੀ ਦੇ ਹੀਟਰ) ਦੀ ਮੁਰੰਮਤ ਕਰਨ ਅਤੇ ਪਿੱਤਲ ਅਤੇ ਤਾਂਬੇ ਦੇ ਭਾਂਡੇ ਕਲ਼ੀ ਕਰਨ ਦਾ ਕੰਮ ਕਰਦੇ ਸਨ। ਪਰ ਉਹ ਦੱਸਦੇ ਹਨ ਕਿ ਕਲ਼ੀ ਕਰਨ ਦਾ ਕੰਮ ਕਰੀਬ ਦੋ ਦਹਾਕੇ ਪਹਿਲਾਂ ਹੀ ਬੰਦ ਹੋ ਗਿਆ ਸੀ। ''ਹੁਣ ਪਿੱਤਲ ਅਤੇ ਤਾਂਬੇ ਦੇ ਭਾਂਡੇ ਵਰਤਦਾ ਹੀ ਕੌਣ ਹੈ? ਹੁਣ ਭਾਂਡੇ ਸਟੀਲ ਅਤੇ ਪਲਾਸਟਿਕ ਦੇ ਹੀ ਆਉਂਦੇ ਹਨ, ਜਿਨ੍ਹਾਂ ਨੂੰ ਕਲ਼ੀ ਦੀ ਲੋੜ ਨਹੀਂ।''

ਅਤੇ ਉਨ੍ਹਾਂ ਦਾ ਪਰਿਵਾਰ, ਉਹ ਦੱਸਦੇ ਹਨ, ਕੋਲ੍ਹਾਪੁਰ ਜ਼ਿਲ੍ਹੇ ਦਾ ਇਚਲਕਰੰਜੀ ਕਸਬੇ ਦਾ ਆਖ਼ਿਰੀ ਪਰਿਵਾਰ ਹੈ, ਜੋ ਅਜੇ ਵੀ ਪਰੰਪਰਾਗਤ ਹੱਥ ਦੇ ਬਣੇ ਤੋਰਨ ਤਿਆਰ ਕਰ ਰਿਹਾ ਹੈ: ''ਇਨ੍ਹਾਂ ਨੂੰ ਬਣਾਉਣ ਵਾਲ਼ੇ ਅਸੀਂ ਇਕੱਲੇ ਹੀ ਹਾਂ,'' ਕੁਝ ਦਹਾਕੇ ਪਹਿਲਾਂ ਘੱਟ ਤੋਂ ਘੱਟ 10 ਪਰਿਵਾਰ ਅਜਿਹੇ ਸਨ ਜੋ ਇਹ ਕੰਮ ਕਰਦੇ ਸਨ। ਅੱਗੇ ਉਹ ਕਹਿੰਦੇ ਹਨ,''ਅੱਜ ਹਾਲ਼ ਇਹ ਹੈ ਕਿ ਕੋਈ ਇਸ ਕਲਾ ਬਾਰੇ ਪੁੱਛਣ ਤੱਕ ਨਹੀਂ ਆਉਂਦਾ ਸਿੱਖਣਾ ਤਾਂ ਗੱਲ ਹੀ ਕਿਧਰੇ ਰਹੀ।''

ਤਾਂ ਵੀ ਉਨ੍ਹਾਂ ਨੇ ਇਹ ਯਕੀਨੀ ਜ਼ਰੂਰ ਬਣਾਇਆ ਹੈ ਕਿ ਕਵਾਲਿਟੀ ਕਾਇਮ ਰਹੇ। '' ਕਹਿਚ ਬਾਦਲ ਨਾਹੀਂ। ਟਿਚ ਕਵਾਲਿਟੀ, ਟੋਂਚ ਨਮੂਨਾ, '' ਉਹ ਕਹਿੰਦੇ ਹਨ- ਕੁਝ ਵੀ ਬਦਲਿਆ ਨਹੀਂ ਹੈ। ਉਹੀ ਕਵਾਲਿਟੀ ਹੈ ਅਤੇ ਨਮੂਨਾ ਵੀ ਉਹੀ ਹੈ।

ਮੁਰਲੀਧਰ ਤਕਰੀਬਨ 10 ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਦੇਖ ਦੇਖ ਕੇ ਤੋਰਨ ਬਣਾਉਣੇ ਸ਼ੁਰੂ ਕੀਤੇ। ਉਹ ਦੱਸਦੇ ਹਨ ਕਿ ਕਿਸੇ ਵੀ ਜਿਓਮੈਟ੍ਰਿਕ ਟੂਲ ਬਗ਼ੈਰ ਤੋਰਨ ਦੇ ਡਿਜ਼ਾਇਨ ਬਣਾਉਣ ਵਿੱਚ ਕਈ ਦਹਾਕਿਆਂ ਦੇ ਤਜ਼ਰਬੇ ਦੀ ਲੋੜ ਹੁੰਦੀ ਹੈ। ''ਇੱਕ ਅਸਲੀ ਕਲਾਕਾਰ ਨੂੰ ਸਕੈਲ (ਫੁੱਟੇ) ਦੀ ਲੋੜ ਨਹੀਂ ਹੁੰਦੀ,'' ਉਹ ਕਹਿੰਦੇ ਹਨ। ''ਸਾਡੇ ਵਿੱਚੋਂ ਕਈ ਵੀ ਕਿਸੇ ਮਾਪਕ ਦੀ ਵਰਤੋਂ ਨਹੀਂ ਕਰਦਾ। ਸਾਨੂੰ ਮਾਪਣ ਦੀ ਲੋੜ ਹੀ ਨਹੀਂ ਪੈਂਦੀ। ਇਹ ਸਾਰਾ ਕੁਝ ਸਾਡੇ ਚੇਤਿਆਂ ਵਿੱਚ ਹੀ ਪਿਆ ਹੈ।''

PHOTO • Sanket Jain

ਸੋਟੀ ਨੂੰ ਕੱਟਣ ਤੋਂ ਪਹਿਲਾਂ, ਮੁਰਲੀਧਰ ਬਾਂਸ ਨੂੰ ਕੁਝ ਥਾਵਾਂ ' ਤੇ ਘੁਮਾ ਕੇ ਢਾਲ਼ਦੇ ਅਤੇ ਅਕਾਰ ਦਿੰਦੇ ਹਨ

ਡਿਜ਼ਾਇਨ ਦਾ ਕੋਈ ਲਿਖਤੀ ਰਿਕਾਰਡ ਵੀ ਨਹੀਂ ਹੈ। ਉਹ ਕਹਿੰਦੇ ਹਨ,'' ਕਸ਼ਾਲਾ ਪਾਹੀਜੇ ?'' ਕਿਸੇ ਵੀ ਨਮੂਨੇ (ਟੈਂਪਲੇਟ) ਦੀ ਲੋੜ ਹੀ ਕਾਹਦੀ? ''ਪਰ ਇਸ ਵਾਸਤੇ ਪਾਰਖੂ ਨਜ਼ਰ ਅਤੇ ਹੁਨਰ ਦੀ ਲੋੜ ਹੁੰਦੀ ਹੈ।'' ਸ਼ੁਰੂਆਤ ਵੇਲ਼ੇ, ਉਹ ਗ਼ਲਤੀਆਂ ਕਰਦੇ, ਪਰ ਹੁਣ ਇੱਕ ਬਾਂਸ ਦਾ ਫ਼ਰੇਮ ਬਣਾਉਣ ਵਿੱਚ ਉਨ੍ਹਾਂ ਨੂੰ ਮਹਿਜ਼ 20 ਮਿੰਟ ਹੀ ਲੱਗਦੇ ਹਨ।

ਉਸ ਦਿਨ ਉਹ ਜਿਹੜੇ ਫ਼ਰੇਮ 'ਤੇ ਕੰਮ ਕਰ ਰਹੇ ਹੁੰਦੇ ਹਨ ਉਸ 'ਤੇ ਉਹ ਇੱਕ ਕਾਗ਼ਜ਼ ਦੀ ਛੱਤਰੀ ਬੰਨ੍ਹਦੇ ਹਨ, ਫਿਰ ਦੋ ਪੀਲ਼ੇ ਮੋਰ ਵਾਲ਼ੇ ਜੜਾਊ (ਕਾਗ਼ਜ਼) ਬੰਨ੍ਹ ਦਿੰਦੇ ਹਨ। ਉਨ੍ਹਾਂ ਨੇ ਇਹ 28 ਕਿਲੋਮੀਟਰ ਦੂਰ ਕੋਲ੍ਹਾਪੁਰ ਸ਼ਹਿਰੋਂ ਖਰੀਦਿਆ ਹੈ। ਮੁਰਲੀਧਰ ਅਤੇ ਸ਼ੋਭਾ ਫਿਰ ਹਰ ਦੂਸਰੇ ਤਿਕੋਣੇ ਫ਼ਰੇਮ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਜੜ੍ਹਦੇ ਹਨ। ਇਹ ਤਸਵੀਰਾਂ ਜਾਂ ਤਾਂ ਕਰਨਾਟਕ ਦੇ ਨਿਪਾਨੀ ਸ਼ਹਿਰ ਜਾਂ ਕੋਲ੍ਹਾਪੁਰ ਸ਼ਹਿਰ ਤੋਂ ਥੋਕ ਵਿੱਚ ਖਰੀਦੀਆਂ ਜਾਂਦੀਆਂ ਹਨ। ਮੁਰਲੀਧਰ ਕਹਿੰਦੇ ਹਨ,''ਜੇ ਸਾਨੂੰ ਫ਼ੋਟੋ ਨਾ ਮਿਲ਼ੇ ਤਾਂ ਮੈਂ ਪੁਰਾਣੇ ਕੈਲੰਡਰ, ਵਿਆਹ ਦੇ ਕਾਰਡ ਅਤੇ ਅਖ਼ਬਾਰਾਂ ਵਿੱਚੋਂ ਫ਼ੋਟੋਆਂ ਲੱਭਦਾ ਅਤੇ ਉਨ੍ਹਾਂ ਕਾਤਰਾਂ ਦੀ ਵਰਤੋਂ ਕਰ ਲੈਂਦਾ ਹਾਂ।'' ਇਸਤੇਮਾਲ ਕੀਤੀਆਂ ਜਾਣ ਵਾਲ਼ੀਆਂ ਤਸਵੀਰਾਂ ਦੀ ਕੋਈ ਨਿਸ਼ਚਤ ਗਿਣਤੀ ਨਹੀਂ ਹੈ। ਉਹ ਕਹਿੰਦੇ ਹਨ,''ਇਹ ਕਲਾਕਾਰ 'ਤੇ ਨਿਰਭਰ ਕਰਦਾ ਹੈ।'' ਇਹ ਤਸਵੀਰਾਂ ਬਾਅਦ ਵਿੱਚ ਲਿਸ਼ਕਣੀ ਜਿਲੇਟਿਨ ਸ਼ੀਟ ਨਾਲ਼ ਢੱਕੀਆਂ ਜਾਂਦੀਆਂ ਹਨ।

ਫਿਰ ਬਾਕੀ ਦੇ ਫ਼ਰੇਮ ਨੂੰ ਪ੍ਰਿੰਟੇਡ ਰੰਗੀਨ ਪੇਪਰ ਨਾਲ਼ ਸਜਾਇਆ ਜਾਂਦਾ ਹੈ। ਹਰ 33''x46'' ਦੀ ਸ਼ੀਟ ਦੀ ਕੀਮਤ ਤਕਰੀਬਨ 3 ਰੁਪਏ ਹੈ। ਮੁਰਲੀਧਰ ਬੇਹਤਰ ਕਵਾਲਿਟੀ ਵਾਲ਼ੇ ਤੋਰਨਾਂ ਵਾਸਤੇ ਵੇਲਵੇਟ ਪੇਪਰ ਦਾ ਇਸਤੇਮਾਲ ਕਰਦੇ ਹਨ। ਫ਼ਰੇਮ ਦੇ ਹੇਠਲੇ ਸਿਰੇ 'ਤੇ ਦੋ ਕਾਗ਼ਜ਼ੀ ਤੋਤੇ ਬੰਨ੍ਹੇ ਹੁੰਦੇ ਹਨ ਅਤੇ ਹਰ ਤਿਕੋਣ ਦੇ ਹੇਠਾਂ ਜਿਲੇਟਿਨ ਲਟਕਣਾਂ ਦੇ ਨਾਲ਼ ਸੁਨਹਿਰੀ ਲਿਫ਼ਾਫੇ ਦੇ ਛੋਟੇ ਟੁਕੜੇ ਵਿੱਚ ਵਲ੍ਹੇਟੇ ਕਾਗ਼ਜ਼ੀ ਨਾਰੀਅਲ ਲਮਕਾ ਦਿੱਤਾ ਜਾਂਦਾ ਹੈ।

''10 ਫੁੱਟ ਦੀ ਤੋਰਨ ਬਣਾਉਣ ਵਿੱਚ ਕਰੀਬ 5 ਘੰਟੇ ਲੱਗਦੇ ਹਨ,'' ਮੁਰਲੀਧਰ ਕਹਿੰਦੇ ਹਨ। ਪਰ ਉਹ ਹੁਣ ਆਪਣੇ ਕੰਮ ਦੇ ਇੱਕ ਨਿਸ਼ਚਿਤ ਸਮੇਂ (ਘੰਟੇ) ਮੁਤਾਬਕ ਕੰਮ ਨਹੀਂ ਕਰਦੇ। '' ਆਓ ਜਾਓ, ਘਰ ਤੁਮਹਾਰਾ, ''- ਉਹ ਹਿੰਦੀ ਦੀ ਕਹਾਵਤ ਦੀ ਵਰਤੋਂ ਕਰਦਿਆਂ ਕਹਿੰਦੇ ਹਨ ਕਿ ਉਹ ਆਪਣੇ ਕੰਮ ਨੂੰ ਕਦੇ ਵੀ ਕਰਨ ਲਈ ਅਜ਼ਾਦ ਹਨ।

ਸ਼ੈਡਿਊਲ (ਕੰਮ ਦੀ ਸਮੇਂ-ਸੀਮਾ) ਹੁਣ ਭਾਵੇਂ ਤੈਅ ਨਾ ਰਹਿੰਦਾ ਹੋਵੇ, ਪਰ ਉਨ੍ਹਾਂ ਦੀ ਨਜ਼ਰ ਹਾਲੇ ਵੀ ਓਨੀ ਹੀ ਪਾਰਖੂ ਹੈ। ਘੰਟਿਆਂ ਦੇ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਕਲਾ ਵਿੱਚ ਕੁਝ ਵੀ ਬੇਕਾਰ ਨਹੀਂ ਜਾਂਦਾ ਹੈ। ''ਸਿਰਫ਼ ਪਲਾਸਟਿਕ ਅਤੇ ਹੋਰ ਖ਼ਤਰਨਾਕ ਸਮੱਗਰੀ ਨਾਲ਼ ਬਣੇ ਤੋਰਨਾਂ ਨੂੰ ਦੇਖੋ। ਉਹ ਸਾਰੇ ਦੇ ਸਾਰੇ ਵਾਤਾਵਰਣ ਲਈ ਕਿੰਨੇ ਖ਼ਰਾਬ ਹਨ।''

ਸਾਰੇ ਤੋਰਨ 3 ਤੋਂ 10 ਫੁੱਟ ਲੰਬੇ ਹਨ- ਛੋਟੇ ਤੋਰਨਾਂ ਦੀ ਸਭ ਤੋਂ ਵੱਧ ਮੰਗ ਹੈ। ਇਨ੍ਹਾਂ ਦੀ ਕੀਮਤ 130 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਹੁੰਦੀ ਹੈ। ਨੱਬੇ ਦੇ ਦਹਾਕੇ ਦੇ ਅੰਤ ਵਿੱਚ, ਮੁਰਲੀਧਰ ਨੂੰ ਇਨ੍ਹਾਂ ਤੋਰਨਾਂ ਵਿੱਚ ਹਰੇਕ ਤੋਰਨ ਦੇ ਬਦਲੇ 30 ਤੋਂ 300 ਰੁਪਏ ਤੱਕ ਮਿਲ਼ ਜਾਂਦੇ ਸਨ।

PHOTO • Sanket Jain

ਮੁਰਲੀਧਰ ਬਰੋ-ਬਰਾਬਰ 30 ਟੁਕੜੇ ਕੱਟਦੇ ਹੋਏ ਅਤੇ ਫਿਰ ਇਨ੍ਹਾਂ ਨੂੰ ਆਪਣੇ ਹੁਨਰ ਨਾਲ਼ 9 ਬਰਾਬਰ ਭੁਜਾਵਾਂ ਵਾਲ਼ੇ ਤਿਕੋਣਾਂ ਵਿੱਚ ਬਦਲਦੇ ਹੋਏ

ਮੁਰਲੀਧਰ ਸੁੰਦਰ ਅਤੇ ਪੇਚੀਦਾ ਬੇਸ਼ਿੰਗਾ ਵੀ ਬਣਾਉਂਦੇ ਹਨ, ਜੋ ਵਿਆਹ ਮੌਕੇ ਦੁਲਹੇ ਅਤੇ ਦੁਲਹਨ ਦੇ ਮੱਥੇ 'ਤੇ ਸਜਾਇਆ ਜਾਂਦਾ ਮੁਕਟਨੁਮਾ ਗਹਿਣਾ ਹੁੰਦਾ ਹੈ। ਇਹ ਜਾਤਰਾਵਾਂ (ਪੇਂਡੂ ਮੇਲੇ) ਦੌਰਾਨ ਸਥਾਨਕ ਦੇਵਤਾਵਾਂ ਨੂੰ ਵੀ ਚੜ੍ਹਾਇਆ ਜਾਂਦਾ ਹੈ। ਉਨ੍ਹਾਂ ਨੂੰ ਇੱਕ ਜੋੜੀ ਬੇਸ਼ਿੰਗਾ (ਕਾਗ਼ਜ਼ੀ) ਬਣਾਉਣ ਵਿੱਚ ਡੇਢ ਘੰਟਾ ਲੱਗਦਾ ਹੈ ਜੋ 150 ਰੁਪਏ ਵਿੱਚ ਵਿਕਦਾ ਹੈ। ਉਹ ਕਿੰਨੇ ਬੇਸ਼ਿੰਗਾ ਵੇਚ ਪਾਉਂਦੇ ਹਨ, ਇਹ ਆਰਡਰ ਅਤੇ ਸੀਜ਼ਨ 'ਤੇ ਨਿਰਭਰ ਕਰਦਾ ਹੈ। ਹਰ ਦੀਵਾਲੀ ਮੌਕੇ, ਜਵਾਹਿਰੇ (ਪਰਿਵਾਰ) ਬਾਂਸ ਅਤੇ ਸਜਾਉਟੀ ਕਾਗ਼ਜ਼ ਦਾ ਇਸਤੇਮਾਲ ਕਰਕੇ ਲਾਲਟੇਣਾਂ ਵੀ ਬਣਾਉਂਦੇ ਹਨ।

''ਕਿਉਂਕਿ ਬੇਸ਼ਿੰਗਾ ਸਾਡੀਆਂ ਰਸਮਾਂ ਦਾ ਹਿੱਸਾ ਹੈ, ਇਸਲਈ ਇਹਦੀ ਮੰਗ ਘੱਟ ਨਹੀਂ ਹੋਈ ਹੈ। ਪਰ ਜਿੱਥੋਂ ਤੱਕ ਤੋਰਨ ਖਰੀਦਣ ਦੀ ਗੱਲ ਹੈ ਤਾਂ ਲੋਕ ਸਿਰਫ਼ ਤਿਓਹਾਰਾਂ ਅਤੇ ਦੀਵਾਲੀ, ਵਿਆਹ, ਵਾਸਤੂ ਮੌਕੇ ਹੀ ਖ਼ਰੀਦਦੇ ਹਨ।''

ਮੁਰਲੀਧਰ ਨੇ ਕਦੇ ਵੀ ਆਪਣੀ ਕਲਾਕਾਰੀ ਕਿਸੇ ਵਪਾਰੀ ਨੂੰ ਨਹੀਂ ਵੇਚੀ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਦੇ ਹੁਨਰ ਨਾਲ਼ ਇਨਸਾਫ਼ ਨਹੀਂ ਕਰਦੇ। ''ਉਹ ਬਾਮੁਸ਼ਕਲ ਸਾਨੂੰ ਇੱਕ ਤੋਰਨ (3 ਫੁੱਟੇ ਤੋਰਨ) ਬਦਲੇ 60 ਜਾਂ 70 ਰੁਪਏ ਦਿੰਦੇ ਹਨ। ਇੰਝ ਨਾ ਸਾਨੂੰ ਲਾਭ ਹੁੰਦਾ ਹੈ ਨਾ ਹੀ ਸਮੇਂ ਸਿਰ ਪੈਸਾ ਮਿਲ਼ਦਾ ਹੈ।'' ਇਸਲਈ, ਮੁਰਲੀਧਰ ਸਿੱਧਿਆਂ ਹੀ ਗਾਹਕਾਂ ਨੂੰ ਵੇਚਣਾ ਪਸੰਦ ਕਰਦੇ ਹਨ ਜੋ ਖ਼ਰੀਦਣ ਲਈ ਉਨ੍ਹਾਂ ਦੇ ਘਰ ਤੱਕ ਆਉਂਦੇ ਹਨ।

ਪਰ, ਬਜ਼ਾਰ ਵਿੱਚ ਮੌਜੂਦ ਪਲਾਸਟਿਕ (ਕਾਗ਼ਜ਼ ਦੇ ਵਿਕਲਪ) ਨੇ ਉਨ੍ਹਾਂ ਦੇ ਸ਼ਿਲਪ ਦੇ ਵਜੂਦ ਨੂੰ ਖ਼ਤਰੇ ਵਿੱਚ ਪਾ ਛੱਡਿਆ ਹੈ। ਮੁਰਲੀਧਰ ਕਹਿੰਦੇ ਹਨ,''ਉਹ ਸਸਤੇ ਪੈਂਦੇ ਹਨ ਅਤੇ ਬਣਾਉਣੇ ਵੀ ਸੌਖ਼ੇ ਹਨ।'' ਮੁਰਲੀਧਰ ਦੀ ਔਸਤ ਆਮਦਨੀ (ਮਹੀਨੇਵਾਰ) ਮੁਸ਼ਕਲ ਨਾਲ਼ 5000-6000 ਰੁਪਏ ਹੈ। ਕੋਵਿਡ-19 ਮਹਾਂਮਾਰੀ ਅਤੇ ਤਾਲਾਬੰਦੀ ਨੇ ਉਨ੍ਹਾਂ ਦੇ ਸੰਘਰਸ਼ ਨੂੰ ਹੋਰ ਵੀ ਵਧਾ ਛੱਡਿਆ ਹੈ। ਉਹ ਕਹਿੰਦੇ ਹਨ,''ਮੈਨੂੰ ਮਹੀਨਿਆਂ ਤੋਂ ਇੱਕ ਵੀ ਆਰਡਰ ਨਹੀਂ ਮਿਲ਼ਿਆ। ਪਿਛਲੇ ਸਾਲ ਤਾਲਾਬੰਦੀ ਵਿੱਚ ਪੰਜ ਮਹੀਨਿਆਂ ਤੀਕਰ ਤੋਰਨ ਖ਼ਰੀਦਣ ਕੋਈ ਨਹੀਂ ਆਇਆ ਸੀ।''

ਮੁਰਲੀਧਰ 1994 ਦੇ ਪਲੇਗ ਨੂੰ ਚੇਤੇ ਕਰਦੇ ਹਨ, ਜਦੋਂ ਉਨ੍ਹਾਂ ਦਾ ਪੂਰਾ ਪਰਿਵਾਰ ਆਪਣੇ ਘਰ ਨੂੰ ਛੱਡ ਕੇ ਚਲਾ ਗਿਆ ਸੀ। ''ਅਸੀਂ ਮਹਾਂਮਾਰੀ (ਪਲੇਗ ਮੌਕੇ) ਦੇ ਕਾਰਨ ਮੈਦਾਨਾਂ (ਖੁੱਲ੍ਹੇ) ਵਿੱਚ ਗਏ ਸਾਂ ਅਤੇ ਇਸ ਵਾਰ ਕਰੋਨਾ ਨੇ ਸਾਰਿਆਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜ਼ਬੂਰ ਕਰ ਦਿੱਤਾ। ਦੇਖੋ, ਸਮਾਂ ਕਿਵੇਂ ਬਦਲਦਾ ਹੈ,'' ਉਹ ਕਹਿੰਦੇ ਹਨ।

ਵਾਕਈ ਸਮਾਂ ਬਦਲ ਗਿਆ ਹੈ। ਮੁਰਲੀਧਰ ਜਿਨ੍ਹਾਂ ਨੇ ਆਪਣੇ ਪਿਤਾ ਪਾਸੋਂ ਇਹ ਹੁਨਰ ਸਿੱਖਿਆ, ਉਸ ਤੋਂ ਉਲਟ ਉਨ੍ਹਾਂ ਦੇ ਬੱਚਿਆਂ ਨੂੰ ਤੋਰਨ ਬਣਾਉਣ ਦੀਆਂ ਪੇਚੀਦਗੀਆਂ ਵਿੱਚ ਰਤਾ ਵੀ ਰੁਚੀ ਨਹੀਂ ਹੈ। ''ਜਿੰਨ੍ਹਾਂ ਨੇ ਖਾਲ (ਇਮਲੀ ਦੇ ਬੀਜਾਂ ਦੀ ਗੂੰਦ) ਨੂੰ ਹੱਥ ਤੱਕ ਨਹੀਂ ਲਾਇਆ ਹੋਣਾ,'' ਮੁਰਲੀਧਰ ਕਹਿੰਦੇ ਹਨ। ''ਦੱਸੋ ਉਹ ਇਸ ਕਲਾ ਬਾਰੇ ਕੀ ਜਾਣਦੇ ਹੋਣਗੇ?'' ਉਨ੍ਹਾਂ ਦੇ 36 ਬੇਟੇ ਯੋਗੇਸ਼ ਅਤੇ 34 ਸਾਲਾ ਬੇਟੇ ਮਹੇਸ਼, ਲੇਥ (ਖਰਾਦ) ਮਸ਼ੀਨ 'ਤੇ ਬਤੌਰ ਮਜ਼ਦੂਰ ਕੰਮ ਕਰਦੇ ਹਨ, ਜਦੋਂਕਿ ਉਨ੍ਹਾਂ ਦੀ 32 ਸਾਲਾ ਧੀ ਯੋਗਿਤਾ ਆਪਣਾ ਘਰ ਸਾਂਭਦੀ ਹਨ।

ਲਗਭਗ ਛੇ ਦਹਾਕਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ, ਜਿਸ ਦੌਰਨ ਉਨ੍ਹਾਂ ਨੇ ਬਣਾਏ ਤੋਰਨਾਂ ਰਾਹੀਂ ਕਈ ਬੂਹਿਆਂ ਅਤੇ ਬੇਸ਼ਿੰਗਿਆਂ ਨੇ ਕਈ ਮੱਥਿਆਂ ਨੂੰ ਸਜਾਇਆ ਹੋਣਾ, ਮੁਰਲੀਧਰ ਦੀ ਇਸ ਕਲਾ ਨੂੰ ਅੱਗੇ ਵਧਾਉਣ ਵਾਲ਼ਾ ਕੋਈ ਵਾਰਸ ਨਹੀਂ। ਉਹ ਮੁਸਕਰਾਉਂਦਿਆਂ ਕਹਿੰਦੇ ਹਨ,''ਹੁਣ ਮੇਰਾ ਢੱਗਾ ਖੜਕ ਗਿਆ ਹੈ।''

PHOTO • Sanket Jain

ਫਿਰ ਉਹ ਕੈਂਚੀ ਨਾਲ਼ ਟੁਕੜਿਆਂ ਨੂੰ ਕੱਟਣਾ ਸ਼ੁਰੂ ਕਰਦੇ ਹਨ : ' ਸਾਡੇ ਵਿੱਚੋਂ ਕਿਸੇ ਨੇ ਵੀ ਮਾਪਕ ਦੀ ਕਦੇ ਵਰਤੋਂ ਹੀ ਨਹੀਂ ਕੀਤੀ। ਸਾਨੂੰ ਮਾਪਣ ਦੀ ਲੋੜ ਹੀ ਨਹੀਂ ਪੈਂਦੀ। ਇਹ ਸਭ ਕੁਝ ਸਾਡੀ ਯਾਦ ਵਿੱਚ ਹੀ ਹੈ'


PHOTO • Sanket Jain

ਇਹ ਯਕੀਨੀ ਬਣਾਉਣ ਲਈ ਕਿ ਤ੍ਰਿਕੋਣੇ ਫ਼ਰੇਮ ਸਹੀ ਸਲਾਮਤ ਰਹਿਣ, ਮੁਰਲੀਧਰ ਇੱਕ ਮੋਟੇ ਸੂਤੀ ਧਾਗੇ ਨਾਲ਼ ਸੋਟੀਆਂ ਨੂੰ ਬੰਨ੍ਹਦੇ ਹਨ


PHOTO • Sanket Jain

ਸਮੇਂ-ਸਮੇਂ ' ਤੇ ਮੁਰਲੀਧਰ ਆਪਣੀਆਂ ਉਂਗਲਾਂ ਨੂੰ ਇੱਕ ਐਲੂਮੀਨੀਅਮ ਦੀ ਪੁਰਾਣੀ ਕੌਲ਼ੀ ਵਿੱਚ ਡੁਬੋਂਦੇ ਹਨ ਜਿਸ ਵਿੱਚ ਖਲ ਰੱਖੀ ਹੁੰਦੀ ਹੈ

PHOTO • Sanket Jain

ਇਹ ਯਕੀਨੀ ਬਣਾਉਣ ਲਈ ਕਿ ਫ਼ਰੇਮ ਖ਼ਰਾਬ ਨਾ ਹੋਣ, ਮੁਰਲੀਧਰ ਉਸ ' ਤੇ ਖਲ ਲਾਉਂਦੇ ਹਨ- ਇਹ ਇੱਕ ਕਿਸਮ ਦੀ ਗੂੰਦ ਹੈ, ਜਿਹਨੂੰ ਇਮਲੀ ਦੇ ਬੀਜਾਂ ਨੂੰ ਪੀਹ ਕੇ ਬਣਾਇਆ ਜਾਂਦਾ ਹੈ


PHOTO • Sanket Jain

ਇੱਕ ਬਾਂਸ ਦੇ ਫ਼ਰੇਮ ਨੂੰ ਹੱਥੀਂ ਬਣਾਉਣ ਵਿੱਚ ਸਿਰਫ਼ 20 ਮਿੰਟ ਦਾ ਸਮਾਂ ਲੱਗਦਾ ਹੈ, ਜਿਹਨੂੰ ਬਾਅਦ ਵਿੱਚ ਇੱਕ ਮੋਟੇ ਬਾਂਸ ' ਤੇ ਕਿੱਲ ਸਹਾਰੇ ਟੰਗਿਆ ਜਾਂਦਾ ਹੈ


PHOTO • Sanket Jain

ਮੁਰਲੀਧਰ ਨਾਲ਼ ਵਿਆਹ ਤੋਂ ਬਾਅਦ ਸ਼ੋਭਾ ਨੇ ਵੀ ਹੱਥੀਂ ਬਣਨ ਵਾਲ਼ੇ ਤੋਰਨਾਂ ਲਈ ਕੰਮ ਕਰਨਾ ਸ਼ੁਰੂ ਕੀਤਾ- ਇਹ ਉਨ੍ਹਾਂ ਦਾ ਪਰਿਵਾਰਕ ਪੇਸ਼ਾ ਹੈ


PHOTO • Sanket Jain

ਘਰ ਦਾ ਕੰਮ ਮੁਕਾ ਕੇ ਸ਼ੋਭਾ, ਜਿਲੇਟਿਨ ਸ਼ੀਟਾਂ ਨੂੰ ਕਾਗ਼ਜ਼ਾਂ ਦੇ ਲਟਕਣਾਂ ਵਿੱਚ ਪਰੋਣ ਲੱਗਦੀ ਹਨ


PHOTO • Sanket Jain

ਮੁਰਲੀਧਰ ਅਤੇ ਸ਼ੋਭਾ ਨੇ ਕਾਗ਼ਜ਼ ਦੀਆਂ 100 ਤੋਂ ਵੱਧ ' ਛੱਤਰੀਆਂ ' ਦਾ ਭੰਡਾਰ ਰੱਖਿਆ ਹੈ, ਜਿਨ੍ਹਾਂ ਦੀ ਵਰਤੋਂ ਤੋਰਨ ਬਣਾਉਣ ਵਿੱਚ ਲੱਗਦੀ ਸਮੱਗਰੀ ਵਜੋਂ ਕੀਤਾ ਜਾਂਦਾ ਹੈ


PHOTO • Sanket Jain

ਮੁਰਲੀਧਰ ਆਪਣੇ ਵਿਹੜੇ ਵਿੱਚ ਤੋਰਨ ਦਿਖਾਉਂਦੇ ਹੋਏ- ਮਨ ਵਿੱਚ ਇਹ ਉਮੀਦ ਪਾਲ਼ੀ ਕਿ ਲੋਕ ਇਹਨੂੰ ਖਰੀਦਣਗੇ


PHOTO • Sanket Jain

ਮੁਰਲੀਧਰ ਜਿਨ੍ਹਾਂ ਨੇ ਆਪਣੇ ਪਿਤਾ ਪਾਸੋਂ ਇਹ ਹੁਨਰ ਸਿੱਖਿਆ, ਉਸ ਤੋਂ ਉਲਟ ਉਨ੍ਹਾਂ ਦੇ ਬੱਚਿਆਂ ਨੂੰ ਤੋਰਨ ਬਣਾਉਣ ਦੀਆਂ ਪੇਚੀਦਗੀਆਂ ਵਿੱਚ ਰਤਾ ਵੀ ਰੁਚੀ ਨਹੀਂ ਹੈ


PHOTO • Sanket Jain

ਜਵਾਹਿਰੇ (ਪਰਿਵਾਰ) ਸੁੰਦਰ ਅਤੇ ਪੇਚੀਦਾ ਬੇਸ਼ਿੰਗਾ ਵੀ ਬਣਾਉਂਦੇ ਹਨ, ਜੋ ਵਿਆਹ ਮੌਕੇ ਦੁਲਹੇ ਅਤੇ ਦੁਲਹਨ ਦੇ ਮੱਥੇ 'ਤੇ ਸਜਾਇਆ ਜਾਂਦਾ ਮੁਕਟਨੁਮਾ ਗਹਿਣਾ ਹੁੰਦਾ ਹੈ


PHOTO • Sanket Jain

ਉਨ੍ਹਾਂ ਨੂੰ ਇੱਕ ਜੋੜੀ ਬੇਸ਼ਿੰਗਾ (ਕਾਗ਼ਜ਼ੀ) ਬਣਾਉਣ ਵਿੱਚ ਡੇਢ ਘੰਟਾ ਲੱਗਦਾ ਹੈ ਜੋ 150 ਰੁਪਏ ਵਿੱਚ ਵਿਕਦਾ ਹੈ। ਉਹ ਕਿੰਨੇ ਬੇਸ਼ਿੰਗਾ ਵੇਚ ਪਾਉਂਦੇ ਹਨ, ਇਹ ਆਰਡਰ ਅਤੇ ਸੀਜ਼ਨ ' ਤੇ ਨਿਰਭਰ ਕਰਦਾ ਹੈ


PHOTO • Sanket Jain

ਇਹ ਜਾਤਰਾਵਾਂ (ਪੇਂਡੂ ਮੇਲੇ) ਦੌਰਾਨ ਸਥਾਨਕ ਦੇਵਤਾਵਾਂ ਨੂੰ ਵੀ ਚੜ੍ਹਾਇਆ ਜਾਂਦਾ ਹੈ। ਪਰ ਸਖ਼ਤ ਮਿਹਨਤ ਦੇ ਨਾਲ਼ ਇਨ੍ਹਾਂ ਪੇਚੀਦਾ ਵਸਤਾਂ ਨੂੰ ਹੱਥੀਂ ਬਣਾਉਂਦੇ ਹੋਏ ਕਰੀਬ ਛੇ ਦਹਾਕੇ ਬੀਤ ਜਾਣ ਬਾਅਦ ਵੀ ਮੁਰਲੀਧਰ ਦੀ ਇਸ ਕਲਾ ਨੂੰ ਅੱਗੇ ਵਧਾਉਣ ਵਾਲ਼ਾ ਕੋਈ ਵਾਰਸ ਨਹੀਂ


ਤਰਜਮਾ: ਕਮਲਜੀਤ ਕੌਰ

Sanket Jain

Sanket Jain is a journalist based in Kolhapur, Maharashtra. He is a 2022 PARI Senior Fellow and a 2019 PARI Fellow.

Other stories by Sanket Jain
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur