ਪਿਛਲੇ ਹਫ਼ਤੇ, ਢਲ਼ਦੇ ਸੂਰਜ ਨਾਲ਼ ਗਣਪਤੀ ਬਾਲ ਯਾਦਵ ਦੇ ਸਾਈਕਲ ਦਾ ਪਹੀਆ ਰੁੱਕ ਗਿਆ। ਅਜ਼ਾਦੀ ਘੁਲਾਟੀਏ ਅਤੇ ਭੂਮੀਕਤ ਇਨਕਲਾਬੀਆਂ ਦੇ ਇਸ ਦੂਤ ਨੇ ਆਪਣੇ ਜੀਵਨ ਦੀ ਇੱਕ ਸਦੀ ਪੂਰੀ ਕਰ ਲਈ ਅਤੇ ਹੁਣ ਆਪਣੇ ਜੀਵਨ ਦੇ 101 ਸਾਲ ਪੂਰੇ ਕਰਨ ਹੀ ਵਾਲ਼ੇ ਸਨ, ਜਦੋਂ ਇੱਕ ਮਾਮੂਲੀ ਜਿਹੀ ਬੀਮਾਰੀ ਤੋਂ ਬਾਅਦ, ਉਹ ਵਿਅਕਤੀ ਜੋ ਆਪਣੀ ਜ਼ਿੰਦਗੀ ਦੇ ਅਖੀਰਲੇ ਮਹੀਨਿਆਂ ਤੱਕ ਵੀ ਆਪਣੇ ਪ੍ਰਾਚੀਨ ਸਾਈਕਲ 'ਤੇ ਰੋਜ਼ਾਨਾ 5-20 ਕਿਲੋਮੀਟਰ ਦਾ ਪੈਂਡਾ ਤੈਅ ਕਰ ਲੈਂਦਾ ਸੀ, ਅੰਬਰੀਂ ਉਡਾਰੀਆਂ ਮਾਰ ਗਿਆ।
2018 ਵਿੱਚ ਜਦੋਂ ਅਸੀਂ ਉਨ੍ਹਾਂ ਨਾਲ਼ ਮਿਲੇ-ਉਦੋਂ ਉਹ 97 ਵਰ੍ਹਿਆਂ ਦੇ ਸਨ- ਅਤੇ ਸਾਡੀ ਭਾਲ਼ ਵਿੱਚ ਉਨ੍ਹਾਂ ਨੇ ਕਰੀਬ 30 ਕਿਲੋਮੀਟਰ ਸਾਈਕਲ ਚਲਾਇਆ ਸੀ। 'ਸਾਡੀ' ਪਾਰੀ (PARI) ਦੀ ਟੀਮ ਜਿਹਨੂੰ ਉਨ੍ਹਾਂ ਤੱਕ ਪਹੁੰਚ ਬਣਾਉਣ ਵਿੱਚ ਦੇਰੀ ਹੋ ਗਈ, ਪਰ ਅਸੀਂ ਉਨ੍ਹਾਂ ਦੀਆਂ ਹੈਰਾਨ ਕਰ ਸੁੱਟਣ ਵਾਲੀ ਕਹਾਣੀ ਸੁਣਨ ਲਈ ਬੇਕਰਾਰ ਸਾਂ। ਉਹ ਅੱਧ-ਮਈ ਦਾ ਸਮਾਂ ਸੀ, ਜਦੋਂ ਉਹ ਘੰਟਿਆਂ ਬੱਧੀ ਸੜਕ 'ਤੇ ਰਹਿੰਦੇ ਰਹੇ ਅਤੇ ਉਨ੍ਹਾਂ ਦਾ ਸਾਈਕਲ ਜੋ ਅਜਾਇਬਘਰ ਦਾ ਇੱਕ ਨਮੂਨਾ ਸੀ, ਪਰ ਉਨ੍ਹਾਂ ਵਾਸਤੇ ਇਨ੍ਹਾਂ ਗੱਲਾਂ ਦੇ ਕੋਈ ਮਾਇਨੇ ਨਹੀਂ ਸਨ। ਉਹ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀ ਕਹਾਣੀ ਸਦਾ ਰਹੇਗੀ: ਗਣਪਤੀ ਯਾਦਵ ਦਾ ਰੋਮਾਂਚਕ ਜੀਵਨ ਚੱਕਰ।
ਗਣਪਤੀ ਬਾਲ ਯਾਦਵ, ਜਿਨ੍ਹਾਂ ਦਾ ਜਨਮ 1920 ਵਿੱਚ ਹੋਇਆ, ਤੂਫਾਨ ਸੈਨਾ (ਵਰਲਵਿੰਡ ਆਰਮੀ) ਨਾਲ਼ ਜੁੜੇ ਅਜ਼ਾਦੀ ਦੇ ਘੁਲਾਟੀਏ ਸਨ, ਸਤਾਰਾ ਦੀ ਤਤਕਾਲਕ, ਭੂਮੀਗਤ ਸਰਕਾਰ, ਪ੍ਰਤਿ ਸਰਕਾਰ, ਨੇ ਹਥਿਆਰ ਚੁੱਕਦਿਆਂ 1943 ਵਿੱਚ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਉਹ ਬ੍ਰਿਟਿਸ਼ ਰਾਜ ਖਿਲਾਫ਼ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ। 'ਗਣਪਾ ਦਾਦਾ' ਉਸ ਇਨਕਲਾਬੀ ਦਲ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਜੀ.ਡੀ. ਬਾਪੂ ਲਾਦ ਅਤੇ 'ਕਪਟੈਨ ਭਾਊ' ਦੀ ਅਗਵਾਈ ਵਿੱਚ ਜੂਨ 1943 ਵਿੱਚ ਸਤਾਲਾ ਜਿਲ੍ਹੇ ਦੇ ਸ਼ੇਨੋਲੀ ਵਿੱਚ ਰੇਲ ਗੱਡੀ ਲੁੱਟਣ ਦੀ ਰੋਮਾਂਚਕ ਘਟਨਾ ਨੂੰ ਸਿਰੇ ਚਾੜ੍ਹਿਆ ਸੀ।
ਬਹੁਤਾ ਸਾਲਾਂ ਤੱਕ, ਜਿਵੇਂ ਕਿ ਉਨ੍ਹਾਂ ਨੇ ਸਾਨੂੰ ਦੱਸਿਆ: "ਮੈਂ ਆਪਣੇ ਆਗੂਆਂ (ਜੋ ਜੰਗਲ ਵਿੱਚ ਲੁਕੇ ਸਨ) ਨੂੰ ਖਾਣਾ ਪਹੁੰਚਾਇਆ। ਮੈਂ ਰਾਤ ਵੇਲੇ ਉਨ੍ਹਾਂ ਨੂੰ ਮਿਲ਼ਣ ਜਾਇਆ ਕਰਦਾ ਸਾਂ। ਨੇਤਾ ਦੇ ਨਾਲ਼ 10-20 ਲੋਕ ਹੋਇਆ ਕਰਦੇ ਸਨ।" ਪਤਾ ਲੱਗਦਿਆਂ ਹੀ ਅੰਗਰੇਜ਼ ਉਨ੍ਹਾਂ ਨੂੰ-ਅਤੇ ਬਾਕੀ ਸਾਰੇ ਵੀਹਾਂ ਨੂੰ ਫਾਹੇ ਲਾ ਦਿੰਦੇ। ਯਾਦਵ ਆਪਣੀ ਸਾਈਕਲ 'ਤੇ ਸਵਾਰ ਹੋ ਕੇ ਉਨ੍ਹੀਂ ਦਿਨੀਂ ਭੂਮੀਗਤ ਸਾਥੀਆਂ ਵਾਸਤੇ 'ਖਾਣੇ ਦੀ ਹੋਮ ਡਿਲੀਵਰੀ' ਕਰਿਆ ਕਰਦੇ ਸਨ। ਉਨ੍ਹਾਂ ਨੇ ਇਨਕਲਾਬੀ ਸਮੂਹਾਂ ਕੋਲ਼ ਅਤਿ-ਲਾਜ਼ਮੀ ਸੁਨੇਹੇ ਪਹੁੰਚਾਉਣ ਦਾ ਕੰਮ ਵੀ ਕੀਤਾ।






