“ਕਾਗਜ਼ਾਂ ਵਿੱਚ ਤਾਂ ਇੱਥੇ ਬਹੁਤ ਸਾਰੇ ਜੁਲਾਹੇ ਹਨ ਪਰ ਮੇਰੇ ਮਰਨ ਤੋਂ ਬਾਅਦ ਇਹ ਕੰਮ (ਅਸਲ ਵਿੱਚ) ਮੁੱਕ ਜਾਵੇਗਾ,” ਆਪਣੀ ਬਾਂਸ ਦੀ ਝੌਂਪੜੀ ਵਿੱਚ ਖੱਡੀ ਦੀ ਬੁਣਤੀ ਤੋਂ ਕੁਝ ਚਿਰ ਆਰਾਮ ਲੈਂਦਿਆਂ ਰੂਪਚੰਦ ਦੇਬਨਾਥ ਨੇ ਕਿਹਾ। ਝੌਂਪੜੀ ਵਿੱਚ ਖੱਡੀ ਤੋਂ ਇਲਾਵਾ, ਜਿਸਨੇ ਸਭ ਤੋਂ ਜ਼ਿਆਦਾ ਥਾਂ ਘੇਰੀ ਹੋਈ ਹੈ, ਕਾਫੀ ਟੁੱਟ-ਫੁੱਟ – ਹੋਰ ਚੀਜ਼ਾਂ ਦੇ ਨਾਲ-ਨਾਲ ਟੁੱਟਿਆ ਫਰਨੀਚਰ, ਧਾਤ ਦੇ ਕਲਪੁਰਜੇ ਤੇ ਬਾਂਸ ਦੇ ਟੁਕੜੇ – ਪਏ ਹਨ। ਬਸ ਇੱਕ ਬੰਦੇ ਜੋਗੀ ਹੀ ਥਾਂ ਮਸਾਂ ਹੈ।

73 ਸਾਲਾ ਰੂਪਚੰਦ ਭਾਰਤ-ਬੰਗਲਾਦੇਸ਼ ਦੀ ਸਰਹੱਦ ’ਤੇ ਪੈਂਦੇ ਸੂਬੇ ਤ੍ਰਿਪੁਰਾ ਦੇ ਧਰਮਨਗਰ ਸ਼ਹਿਰ ਦੇ ਬਾਹਰਵਾਰ ਗੋਬਿੰਦਪੁਰ ਵਿੱਚ ਰਹਿੰਦਾ ਹੈ। ਇੱਕ ਭੀੜੀ ਜਿਹੀ ਸੜਕ ਪਿੰਡ ਵੱਲ ਨੂੰ ਜਾਂਦੀ ਹੈ ਜਿੱਥੇ ਸਥਾਨਕ ਲੋਕਾਂ ਮੁਤਾਬਕ ਕਿਸੇ ਵੇਲੇ ਜੁਲਾਹਿਆਂ ਦੇ 200 ਪਰਿਵਾਰ ਤੇ 600 ਤੋਂ ਵੱਧ ਕਾਰੀਗਰ ਰਹਿੰਦੇ ਸਨ। ਭੀੜੀਆਂ ਗਲੀਆਂ ’ਚ ਪੈਂਦੇ ਕੁਝ ਘਰਾਂ ਵਿਚਕਾਰ ਗੋਬਿੰਦਪੁਰ ਜੁਲਾਹਾ ਐਸੋਸੀਏਸ਼ਨ ਦਾ ਦਫ਼ਤਰ ਹੈ, ਤੇ ਇਹਦੀਆਂ ਭੁਰਦੀਆਂ ਕੰਧਾਂ ਲੰਘੇ ਸਮੇਂ ਦੀ ਕਹਾਣੀ ਕਹਿੰਦੀਆਂ ਹਨ।

“ਇੱਕ ਵੀ ਘਰ ਅਜਿਹਾ ਨਹੀਂ ਸੀ ਜਿੱਥੇ ਖੱਡੀ ਨਹੀਂ ਸੀ, ਰੂਪਚੰਦ ਨੇ ਦੱਸਿਆ ਜੋ ਨਾਥ ਭਾਈਚਾਰੇ (ਸੂਬੇ ਵਿੱਚ ਹੋਰ ਪਛੜੀਆਂ ਜਾਤੀਆਂ ਦੀ ਸੂਚੀ ਵਿੱਚ ਸ਼ਾਮਲ) ਨਾਲ ਸਬੰਧ ਰੱਖਦਾ ਹੈ। ਤਿੱਖੀ ਧੁੱਪ ਚੜ੍ਹੀ ਹੋਈ ਹੈ ਤੇ ਉਹ ਆਪਣਾ ਕੰਮ ਕਰਦਿਆਂ ਮੂੰਹ ਤੋਂ ਪਸੀਨਾ ਪੂੰਝਦਾ ਹੈ। ਸਮਾਜ ਵਿੱਚ ਸਾਡੀ ਇੱਜ਼ਤ ਹੁੰਦੀ ਸੀ। ਹੁਣ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਦੱਸੋ ਅਜਿਹੇ ਧੰਦੇ ਦੀ ਕੌਣ ਇੱਜ਼ਤ ਕਰੇਗਾ ਜਿਸ ਵਿੱਚ ਪੈਸਾ ਹੀ ਨਹੀਂ?” ਉਹਨੇ ਭਾਵਨਾਤਮਕ ਹੁੰਦਿਆਂ ਕਿਹਾ।

ਅਨੁਭਵੀ ਜੁਲਾਹਾ ਹੱਥੀਂ ਬੁਣੀਆਂ ਨਕਸ਼ੀ ਸਾੜ੍ਹੀਆਂ ਬਣਾਉਣ ਦੇ ਕੰਮ ਨੂੰ ਯਾਦ ਕਰਦਾ ਹੈ ਜਿਹਨਾਂ ’ਤੇ ਫੁੱਲਾਂ ਦੇ ਜਟਿਲ ਨਮੂਨੇ ਬਣੇ ਹੁੰਦੇ ਸਨ। ਪਰ 1980ਵਿਆਂ ਵਿੱਚ “ਜਦ ਧਰਮਨਗਰ ਵਿੱਚ ਪੁਰਬਾਸ਼ਾ (ਤ੍ਰਿਪੁਰਾ ਸਰਕਾਰ ਦਾ ਐਂਪੋਰੀਅਮ) ਦੀ ਦੁਕਾਨ ਖੁੱਲ੍ਹੀ ਤਾਂ ਉਹਨਾਂ ਨੇ ਸਾਨੂੰ ਨਕਸ਼ੀ ਸਾੜ੍ਹੀਆਂ ਛੱਡ ਸਾਦਾ ਸਾੜ੍ਹੀਆਂ ਬਣਾਉਣ ਲਈ ਕਿਹਾ,” ਰੂਪਚੰਦ ਨੇ ਕਿਹਾ। ਇਹਨਾਂ ਦੀ ਗੁਣਵੱਤਾ ਅਤੇ ਕੰਮ ਕਾਫ਼ੀ ਮਾੜਾ ਹੁੰਦਾ ਸੀ, ਇਸੇ ਕਰਕੇ ਇਹ ਸਸਤੀਆਂ ਪੈਂਦੀਆਂ ਸਨ।

ਹੌਲੀ-ਹੌਲੀ, ਉਹਨੇ ਕਿਹਾ, ਇਲਾਕੇ ਵਿੱਚ ਨਕਸ਼ੀ ਸਾੜ੍ਹੀਆਂ ਖ਼ਤਮ ਹੋ ਗਈਆਂ, ਤੇ ਅੱਜ, ਉਹਨੇ ਦੱਸਿਆ “ਨਾ ਤਾਂ ਕਾਰੀਗਰ ਬਚੇ ਹਨ ਤੇ ਨਾ ਹੀ ਖੱਡੀਆਂ ਲਈ ਕਲਪੁਰਜੇ।” ਪਿਛਲੇ ਚਾਰ ਸਾਲਾਂ ਤੋਂ ਜੁਲਾਹਾ ਐਸੋਸੀਏਸ਼ਨ ਦੇ ਪ੍ਰਧਾਨ ਦੀ ਆਰਜੀ ਤੌਰ ‘ਤੇ ਜ਼ਿੰਮੇਵਾਰੀ ਨਿਭਾ ਰਿਹਾ ਰਬਿੰਦਰਾ ਦੇਬਨਾਥ ਵੀ ਉਸ ਦੀਆਂ ਗੱਲਾਂ ਨਾਲ ਸਹਿਮਤ ਹੈ ਜਿਸਦਾ ਕਹਿਣਾ ਹੈ, “ਜਿਹੜੇ ਕੱਪੜੇ ਅਸੀਂ ਬਣਾ ਰਹੇ ਸੀ, ਉਹਨਾਂ ਲਈ ਬਜ਼ਾਰ ਹੀ ਨਹੀਂ ਸੀ।” 63 ਸਾਲ ਦੀ ਉਮਰ ਵਿੱਚ ਉਹ ਬੁਣਤੀ ਦੇ ਕੰਮ ਵਿੱਚ ਲਗਦੀ ਸਰੀਰਕ ਮਿਹਨਤ ਨਹੀਂ ਲਾ ਸਕਦਾ। ...

PHOTO • Rajdeep Bhowmik
PHOTO • Deep Roy

ਖੱਬੇ: ਰੂਪਚੰਦ ਦੇਬਨਾਥ (ਖੱਡੀ ਦੇ ਪਿੱਛੇ ਖੜ੍ਹਾ) ਤ੍ਰਿਪੁਰਾ ਦੇ ਗੋਬਿੰਦਪੁਰਾ ਪਿੰਡ ਵਿੱਚ ਆਖਰੀ ਜੁਲਾਹਾ ਹੈ ਤੇ ਹੁਣ ਸਿਰਫ਼ ਗਮਛੇ ਬਣਾਉਂਦਾ ਹੈ। ਉਹਦੇ ਨਾਲ ਰਬਿੰਦਰਾ ਦੇਬਨਾਥ ਖੜ੍ਹਾ ਹੈ ਜੋ ਇਸ ਵੇਲੇ ਸਥਾਨਕ ਜੁਲਾਹਾ ਐਸੋਸੀਏਸ਼ਨ ਦਾ ਪ੍ਰਧਾਨ ਹੈ। ਸੱਜੇ: ਮਾਵਾ ਲਾ ਕੇ ਧਾਗੇ ਧੁੱਪ ਵਿੱਚ ਸੁੱਕਣੇ ਪਾਏ ਹੋਏ ਹਨ ਤਾਂ ਕਿ ਕੱਪੜਾ ਖਸਤਾ, ਆਕੜਿਆ ਹੋਇਆ ਤੇ ਵਲਾਂ ਬਿਨ੍ਹਾਂ ਤਿਆਰ ਹੋਵੇ

2005 ਤੱਕ ਆਉਂਦੇ-ਆਉਂਦੇ ਰੂਪਚੰਦ ਨੇ ਨਕਸ਼ੀ ਸਾੜ੍ਹੀਆਂ ਬਣਾਉਣੀਆਂ ਪੂਰਨ ਤੌਰ ’ਤੇ ਛੱਡ ਦਿੱਤੀਆਂ ਤੇ ਗਮਛੇ ਬਣਾਉਣੇ ਸ਼ੁਰੂ ਕਰ ਦਿੱਤੇ, “ਅਸੀਂ ਕਦੇ ਵੀ ਗਮਛੇ ਨਹੀਂ ਸੀ ਬਣਾਉਂਦੇ। ਅਸੀਂ ਸਾਰੇ ਸਿਰਫ਼ ਸਾੜ੍ਹੀਆਂ ਬਣਾਉਂਦੇ ਸਾਂ। ਪਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ ਬਚਿਆ,” ਗੋਬਿੰਦਾਪੁਰ ਦੇ ਆਖਰੀ ਖੱਡੀ ਮਾਹਰਾਂ ’ਚੋਂ ਇੱਕ ਰੂਪਚੰਦ ਨੇ ਕਿਹਾ। ਕੱਲ੍ਹ ਤੋਂ ਲੈ ਕੇ ਹੁਣ ਤੱਕ ਮੈਂ ਸਿਰਫ਼ ਦੋ ਗਮਛੇ ਬੁਣੇ ਹਨ। ਇਹਨਾਂ ਨੂੰ ਵੇਚ ਕੇ ਮੈਨੂੰ ਮਸਾਂ 200 ਰੁਪਏ ਜੁੜਨਗੇ,” ਰੂਪਚੰਦ ਨੇ ਕਿਹਾ ਤੇ ਨਾਲ ਹੀ ਦੱਸਿਆ, “ਇਹ ਸਿਰਫ਼ ਮੇਰੀ ਕਮਾਈ ਨਹੀਂ। ਮੇਰੀ ਪਤਨੀ ਧਾਗਾ ਲਪੇਟਣ ਵਿੱਚ ਮੇਰੀ ਮਦਦ ਕਰਦੀ ਹੈ। ਸੋ ਇਹ ਪੂਰੇ ਪਰਿਵਾਰ ਦੀ ਕਮਾਈ ਹੈ। ਕੋਈ ਐਨੀ ਕੁ ਕਮਾਈ ਵਿੱਚ ਕਿਵੇਂ ਗੁਜ਼ਾਰਾ ਕਰ ਸਕਦਾ ਹੈ?”

ਸਵੇਰੇ ਨਾਸ਼ਤਾ ਕਰਕੇ ਰੂਪਚੰਦ ਖੱਡੀ ’ਤੇ ਕੰਮ ਸ਼ੁਰੂ ਕਰਦਾ ਹੈ ਤੇ ਦੁਪਹਿਰ ਤੋਂ ਥੋੜ੍ਹਾ ਸਮਾਂ ਬਾਅਦ ਤੱਕ ਕੰਮ ਕਰਦਾ ਰਹਿੰਦਾ ਹੈ। ਨਹਾਉਣ ਤੇ ਦੁਪਹਿਰ ਦਾ ਖਾਣਾ ਖਾਣ ਲਈ ਕੁਝ ਸਮਾਂ ਕੱਢ ਕੇ ਉਹ ਫਿਰ ਕੰਮ ’ਤੇ ਲੱਗ ਜਾਂਦਾ ਹੈ। ਅੱਜ ਕੱਲ੍ਹ ਉਹ ਸ਼ਾਮ ਨੂੰ ਕੰਮ ਨਹੀਂ ਕਰਦਾ ਕਿਉਂਕਿ ਉਹਦੇ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਪਰ ਜਦ ਉਹ ਜਵਾਨ ਸੀ, ਰੂਪਚੰਦੇ ਨੇ ਦੱਸਿਆ, “ਮੈਂ ਦੇਰ ਰਾਤ ਤੱਕ ਵੀ ਕੰਮ ਕਰਦਾ ਰਹਿੰਦਾ ਸੀ।”

ਖੱਡੀ ’ਤੇ ਰੂਪਚੰਦ ਦਾ ਜ਼ਿਆਦਾਤਰ ਦਿਨ ਗਮਛੇ ਬੁਣਦਿਆਂ ਬੀਤਦਾ ਹੈ। ਘੱਟ ਕੀਮਤ ਅਤੇ ਲੰਬਾ ਸਮਾਂ ਕੱਟਣ ਕਰਕੇ, ਗਮਛੇ ਅਜੇ ਵੀ ਇੱਥੇ ਅਤੇ ਬੰਗਾਲ ਦੇ ਬਹੁਤੇ ਇਲਾਕਿਆਂ ਵਿੱਚ ਘਰਾਂ ਵਿੱਚ ਵਰਤੇ ਜਾਂਦੇ ਹਨ। “ਜਿਹੜੇ ਗਮਛੇ ਮੈਂ ਬੁਣਦਾ ਹਾਂ, ਉਹ (ਜ਼ਿਆਦਾਤਰ) ਇਸ ਤਰੀਕੇ ਬਣਦੇ ਹਨ,” ਗਮਛੇ ਵਿੱਚ ਚਿੱਟੇ ਤੇ ਲਾਲ ਧਾਗੇ ਬੁਣਦਿਆਂ, ਤੇ ਕਿਨਾਰੇ ’ਤੇ ਸੂਹੇ ਲਾਲ ਰੰਗ ਦੀਆਂ ਪੱਟੀਆਂ ਬੁਣਦਿਆਂ ਰੂਪਚੰਦ ਨੇ ਕਿਹਾ। “ਪਹਿਲਾਂ ਅਸੀਂ ਧਾਗੇ ਆਪ ਰੰਗਦੇ ਸਾਂ। ਪਿਛਲੇ ਕਰੀਬ 10 ਕੁ ਸਾਲ ਤੋਂ ਅਸੀਂ ਜੁਲਾਹਾ ਐਸੋਸੀਏਸ਼ਨ ਤੋਂ ਰੰਗਦਾਰ ਧਾਗੇ ਖਰੀਦ ਰਹੇ ਹਾਂ,” ਉਹਨੇ ਦੱਸਿਆ ਤੇ ਨਾਲ ਹੀ ਕਿਹਾ ਕਿ ਉਹ ਆਪਣੇ ਬਣਾਏ ਗਮਛੇ ਵਰਤਦਾ ਹੈ।

ਪਰ ਜੁਲਾਹਾ ਉਦਯੋਗ ਵਿੱਚ ਐਨਾ ਸਭ ਕੁਝ ਕਦੋਂ ਬਦਲ ਗਿਆ ? ਰੂਪਚੰਦ ਨੇ ਕਿਹਾ, “ਧਾਗਿਆਂ ਦੀ ਗੁਣਵੱਤਾ ਵਿੱਚ ਨਿਘਾਰ ਅਤੇ ਬਿਜਲੀ ਦੀਆਂ ਖੱਡੀਆਂ ਦੇ ਆਉਣ ਨਾਲ ਇਸਦੀ ਸ਼ੁਰੂਆਤ ਹੋਈ। ਸਾਡੇ ਵਰਗੇ ਜੁਲਾਹੇ ਬਿਜਲੀ ਦੀਆਂ ਖੱਡੀਆਂ ਨਾਲ ਮੁਕਾਬਲਾ ਨਹੀਂ ਕਰ ਸਕਦੇ।”

PHOTO • Rajdeep Bhowmik
PHOTO • Rajdeep Bhowmik

ਖੱਬੇ: ਬਾਂਸ ਦੇ ਬਣੇ ਚਰਖਿਆਂ ਜ਼ਰੀਏ ਗੋਲੇ ਬਣਾਉਣ, ਧਾਗੇ ਲਪੇਟ ਕੇ ਇੱਕੋ ਮੋਟਾਈ ਦੇ ਗੋਲੇ ਬਣਾਉਣ ਦੀ ਪ੍ਰਕਿਰਿਆ, ਦਾ ਕੰਮ ਕੀਤਾ ਜਾਂਦਾ ਹੈ। ਇਹ ਕੰਮ ਆਮ ਤੌਰ ’ਤੇ ਰੂਪਚੰਦ ਦੀ ਪਤਨੀ, ਬਾਸਨਾ ਦੇਬਨਾਥ ਕਰਦੀ ਹੈ। ਸੱਜੇ: ਬੁਣਨ ਲਈ ਰੱਖੀਆਂ ਧਾਗਿਆਂ ਦੀਆਂ ਗੱਠਾਂ

PHOTO • Rajdeep Bhowmik
PHOTO • Rajdeep Bhowmik

ਖੱਬੇ: ਰੂਪਚੰਦ ਨੇ ਇਹ ਕਲਾ ਆਪਣੇ ਪਿਤਾ ਤੋਂ ਸਿੱਖੀ ਅਤੇ ਉਹ 1970ਵਿਆਂ ਤੋਂ ਬੁਣਾਈ ਕਰ ਰਿਹਾ ਹੈ। ਇਹ ਖੱਡੀ ਉਹਨੇ ਤਕਰੀਬਨ 20 ਸਾਲ ਪਹਿਲਾਂ ਖਰੀਦੀ ਸੀ। ਸੱਜੇ: ਨੰਗੇ ਪੈਰਾਂ ਨਾਲ ਖੱਡੀ ਚਲਾਉਂਦਿਆਂ ਰੂਪਚੰਦ ਗਮਛਾ ਬੁਣਦਾ ਹੋਇਆ

ਬਿਜਲੀ ਦੀਆਂ ਖੱਡੀਆਂ ਮਹਿੰਗੀਆਂ ਹਨ ਜਿਸ ਕਰਕੇ ਜ਼ਿਆਦਾਤਰ ਜੁਲਾਹਿਆਂ ਲਈ ਬਿਜਲੀ ਦੀਆਂ ਖੱਡੀਆਂ ਲੈ ਕੰਮ ਕਰਨਾ ਔਖਾ ਹੈ। ਇਸ ਤੋਂ ਇਲਾਵਾ, ਗੋਬਿੰਦਪੁਰ ਵਰਗੇ ਪਿੰਡਾਂ ਵਿੱਚ ਕੋਈ ਦੁਕਾਨਾਂ ਨਹੀਂ ਜਿੱਥੇ ਖੱਡੀ ਲਈ ਕਲਪੁਰਜੇ ਵਿਕਦੇ ਹੋਣ ਅਤੇ ਰਿਪੇਅਰ ਦਾ ਕੰਮ ਵੀ ਔਖਾ ਹੈ, ਜਿਸ ਕਰਕੇ ਬਹੁਤ ਸਾਰੇ ਜੁਲਾਹਿਆਂ ਲਈ ਮੁਸ਼ਕਿਲ ਖੜ੍ਹੀ ਹੋ ਗਈ। ਰੂਪਚੰਦ ਦਾ ਕਹਿਣਾ ਹੈ ਕਿ ਹੁਣ ਉਹਦੀ ਮਸ਼ੀਨਾਂ ਚਲਾਉਣ ਦੀ ਉਮਰ ਨਹੀਂ ਰਹੀ।

“ਮੈਂ ਹਾਲ ਹੀ ਵਿੱਚ 12,000 (ਰੁਪਏ) ਦੇ (22 ਕਿਲੋ) ਧਾਗੇ ਖਰੀਦੇ ਜਿਹੜੇ ਪਿਛਲੇ ਸਾਲ ਮੈਂ 9000 ਦੇ ਲਏ ਸਨ ; ਤੇ ਅਜਿਹੀ ਸਿਹਤ ਨਾਲ ਮੈਨੂੰ 150 ਗਮਛੇ ਬਣਾਉਣ ਵਿੱਚ ਤਕਰੀਬਨ 3 ਮਹੀਨੇ ਲੱਗ ਜਾਣਗੇ। ...ਤੇ ਮੈਂ ਇਹ (ਜੁਲਾਹਾ ਐਸੋਸੀਏਸ਼ਨ ਨੂੰ) ਬਸ 16,000 ਕੁ ਰੁਪਏ ਵਿੱਚ ਵੇਚ ਦੇਵਾਂਗਾ,” ਰੂਪਚੰਦ ਨੇ ਲਾਚਾਰਗੀ ਨਾਲ ਕਿਹਾ।

*****

ਰੂਪਚੰਦ ਦਾ ਜਨਮ 1950 ਦੇ ਨੇੜੇ ਸਿਲਹਿਟ, ਬੰਗਲਾਦੇਸ਼ ਵਿੱਚ ਹੋਇਆ ਅਤੇ ਉਹ 1956 ਵਿੱਚ ਭਾਰਤ ਆ ਗਿਆ। “ਮੇਰੇ ਪਿਤਾ ਇੱਥੇ ਭਾਰਤ ਵਿੱਚ ਜੁਲਾਹੇ ਦਾ ਕੰਮ ਕਰਦੇ ਰਹੇ। ਮੈਂ ਸਕੂਲ ਵਿੱਚ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਤੇ ਫਿਰ ਸਕੂਲ ਛੱਡ ਦਿੱਤਾ,” ਉਹਨੇ ਦੱਸਿਆ। ਉਸ ਤੋਂ ਬਾਅਦ ਰੂਪਚੰਦ ਨੇ ਸਥਾਨਕ ਬਿਜਲੀ ਵਿਭਾਗ ਵਿੱਚ ਨੌਕਰੀ ਲੈ ਲਈ, “ਕੰਮ ਬਹੁਤ ਜ਼ਿਆਦਾ ਸੀ ਤੇ ਤਨਖਾਹ ਬਹੁਤ ਘੱਟ, ਸੋ ਮੈਂ ਚਾਰ ਸਾਲ ਬਾਅਦ ਨੌਕਰੀ ਛੱਡ ਦਿੱਤੀ।”

ਫਿਰ ਉਹਨੇ ਆਪਣੇ ਪਿਤਾ ਤੋਂ ਬੁਣਤੀ ਸਿੱਖਣ ਦਾ ਫੈਸਲਾ ਲਿਆ ਜੋ ਪੀੜ੍ਹੀਦਰ (ਖਾਨਦਾਨੀ) ਜੁਲਾਹਾ ਸੀ। “ਉਸ ਵੇਲੇ ਜੁਲਾਹੇ ਦੇ ਕੰਮ (ਉਦਯੋਗ) ਵਿੱਚ ਚੰਗਾ ਪੈਸਾ ਸੀ। ਮੈਂ 15 ਰੁਪਏ ਦੀਆਂ ਸਾੜ੍ਹੀਆਂ ਵੀ ਵੇਚੀਆਂ ਹਨ। ਜੇ ਮੈਂ ਇਸ ਕੰਮ ਵਿੱਚ ਨਾ ਹੁੰਦਾ ਤਾਂ ਆਪਣੇ ਸਿਹਤ ਸਬੰਧੀ ਖਰਚੇ ਨਾ ਦੇ ਸਕਦਾ, ਨਾ ਹੀ ਆਪਣੀਆਂ (ਤਿੰਨ) ਭੈਣਾਂ ਦੇ ਵਿਆਹ ਕਰ ਸਕਦਾ,” ਉਹਨੇ ਕਿਹਾ।

PHOTO • Rajdeep Bhowmik
PHOTO • Deep Roy

ਖੱਬੇ: ਰੂਪਚੰਦ ਨੇ ਜੁਲਾਹੇ ਦੇ ਤੌਰ ’ਤੇ ਆਪਣੀ ਕਲਾ ਦਾ ਸਫ਼ਰ ਨਕਸ਼ੀ ਸਾੜ੍ਹੀਆਂ ਤੋਂ ਸ਼ੁਰੂ ਕੀਤਾ ਜਿਹਨਾਂ ਉੱਤੇ ਜਟਿਲ ਫੁੱਲਦਾਰ ਨਮੂਨੇ ਬਣੇ ਹੁੰਦੇ ਸਨ। ਪਰ 1980ਵਿਆਂ ਵਿੱਚ ਸਟੇਟ ਐਂਪੋਰੀਅਮ ਵੱਲੋਂ ਉਹਨਾਂ ਨੂੰ ਬਿਨ੍ਹਾਂ ਕਿਸੇ ਡਿਜ਼ਾਈਨ ਵਾਲੀਆਂ ਸੂਤੀ ਸਾੜ੍ਹੀਆਂ ਬੁਣਨ ਲਈ ਕਿਹਾ ਗਿਆ। 2005 ਤੱਕ ਆਉਂਦੇ-ਆਉਂਦੇ ਰੂਪਚੰਦ ਨੇ ਸਾੜ੍ਹੀਆਂ ਛੱਡ ਸਿਰਫ਼ ਗਮਛੇ ਬਣਾਉਣੇ ਸ਼ੁਰੂ ਕਰ ਦਿੱਤੇ। ਸੱਜੇ: ਬਸਾਨਾ ਦੇਬਨਾਥ ਘਰ ਦੇ ਕੰਮਾਂ ਦੇ ਨਾਲ-ਨਾਲ ਆਪਣੇ ਪਤੀ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ ਹੈ

PHOTO • Rajdeep Bhowmik
PHOTO • Rajdeep Bhowmik

ਖੱਬੇ: ਭਾਵੇਂ ਹੁਣ ਜੁਲਾਹਾ ਉਦਯੋਗ ਵਿੱਚ ਅਨੇਕਾਂ ਮੁਸ਼ਕਿਲਾਂ ਹਨ ਪਰ ਰੂਪਚੰਦ ਇਹ ਕੰਮ ਨਹੀਂ ਛੱਡਣਾ ਚਾਹੁੰਦਾ। ‘ਮੈਂ ਆਪਣੀ ਕਲਾ ਦੇ ਮਾਮਲੇ ਵਿੱਚ ਕਦੇ ਲਾਲਚ ਤੋਂ ਕੰਮ ਨਹੀਂ ਲਿਆ,’ ਉਹਨੇ ਕਿਹਾ। ਸੱਜੇ: ਗੋਲੇ ਬਣਾਉਣ ਲਈ ਧਾਗਾ ਲਪੇਟਦਾ ਹੋਇਆ ਰੂਪਚੰਦ

ਉਹਦੀ ਪਤਨੀ, ਬਾਸਨਾ ਦੇਬਨਾਥ ਨੇ ਯਾਦ ਕਰਦਿਆਂ ਕਿਹਾ ਕਿ ਵਿਆਹ ਤੋਂ ਬਾਅਦ ਹੀ ਉਹਨੇ ਕੰਮ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। “ਸਾਡੇ ਕੋਲ ਉਸ ਵੇਲੇ ਚਾਰ ਖੱਡੀਆਂ ਹੁੰਦੀਆਂ ਸਨ ਅਤੇ ਇਹ ਅਜੇ ਮੇਰੇ ਸਹੁਰੇ ਤੋਂ ਕੰਮ ਸਿੱਖ ਰਹੇ ਸਨ,” ਦੂਜੇ ਕਮਰੇ ’ਚ ਉਹਦੇ ਪਤੀ ਵੱਲੋਂ ਖੱਡੀ ’ਤੇ ਕੰਮ ਕਰਨ ਦੀ ਆਵਾਜ਼ ਵਿਚਾਲੇ ਉਹਨੇ ਕਿਹਾ।

ਬਾਸਨਾ ਦਾ ਦਿਨ ਰੂਪਚੰਦ ਨਾਲੋਂ ਕਿਤੇ ਵੱਡਾ ਹੁੰਦਾ ਹੈ। ਉਹ ਸਵੇਰੇ ਜਲਦੀ ਉੱਠਦੀ ਹੈ, ਘਰ ਦੇ ਕੰਮ ਕਰਦੀ ਹੈ ਤੇ ਧਾਗੇ ਲਪੇਟਣ ਵਿੱਚ ਆਪਣੇ ਪਤੀ ਦੀ ਮਦਦ ਕਰਨ ਤੋਂ ਪਹਿਲਾਂ ਦੁਪਹਿਰ ਦਾ ਭੋਜਨ ਤਿਆਰ ਕਰਦੀ ਹੈ। ਸ਼ਾਮ ਵੇਲੇ ਹੀ ਉਹਨੂੰ ਆਰਾਮ ਕਰਨ ਲਈ ਕੁਝ ਸਮਾਂ ਮਿਲਦਾ ਹੈ। “ਧਾਗਾ ਲਪੇਟਣ ਅਤੇ ਗੋਲੇ ਤਿਆਰ ਕਰਨ ਦਾ ਸਾਰਾ ਕੰਮ ਇਹ ਕਰਦੀ ਹੈ,” ਰੂਪਚੰਦ ਨੇ ਮਾਣ ਨਾਲ ਕਿਹਾ।

ਰੂਪਚੰਦ ਤੇ ਬਾਸਨਾ ਦੇ ਚਾਰ ਬੱਚੇ ਹਨ। ਦੋ ਬੇਟੀਆਂ ਦੇ ਵਿਆਹ ਹੋ ਚੁੱਕੇ ਹਨ, ਤੇ ਉਹਦੇ ਦੋ ਪੁੱਤਰ (ਇੱਕ ਮਕੈਨਿਕ ਤੇ ਇੱਕ ਸੁਨਿਆਰ) ਉਹਨਾਂ ਦੇ ਘਰ ਨੇੜੇ ਹੀ ਰਹਿੰਦੇ ਹਨ। ਜਦ ਪੁੱਛਿਆ ਕਿ ਕੀ ਲੋਕ ਰਵਾਇਤੀ ਕਲਾ ਤੇ ਕਾਰੀਗਰੀ ਤੋਂ ਦੂਰ ਹੁੰਦੇ ਜਾ ਰਹੇ ਹਨ, ਤਾਂ ਮਾਹਰ ਰੂਪਚੰਦ ਨੇ ਕਿਹਾ, “ਮੈਂ ਵੀ ਫੇਲ੍ਹ ਹੋ ਗਿਆ ਹਾਂ। ਨਹੀਂ ਤਾਂ ਮੈਂ ਆਪਣੇ ਬੱਚਿਆਂ ਨੂੰ ਹੀ ਉਤਸ਼ਾਹਤ ਨਾ ਕਰ ਲੈਂਦਾ?”

*****

ਪੂਰੇ ਭਾਰਤ ਵਿੱਚ 93.3 ਫ਼ੀਸਦ ਜੁਲਾਹਾ ਕਾਰੀਗਰਾਂ ਦੀ ਘਰੇਲੂ ਆਮਦਨ 10,000 ਰੁਪਏ ਤੋਂ ਘੱਟ ਹੈ, ਜਦਕਿ ਤ੍ਰਿਪੁਰਾ ਵਿੱਚ 86.4 ਫ਼ੀਸਦ ਜੁਲਾਹਾ ਕਾਰੀਗਰਾਂ ਦੀ ਘਰੇਲੂ ਆਮਦਨ ( ਚੌਥੀ ਭਾਰਤੀ ਹਥਕਰਘਾ ਮਰਦਮਸ਼ੁਮਾਰੀ , 2019-2020 ਦੇ ਮੁਤਾਬਕ) 5,000 ਰੁਪਏ ਤੋਂ ਘੱਟ ਹੈ।

“ਇਹ ਕਲਾ ਇੱਥੇ ਹੌਲੀ-ਹੌਲੀ ਖ਼ਤਮ ਹੁੰਦੀ ਜਾ ਰਹੀ ਹੈ,” ਰੂਪਚੰਦ ਦੇ ਗੁਆਂਢੀ, ਅਰੁਣ ਭੋਮਿਕ ਨੇ ਕਿਹਾ, “ਅਸੀਂ ਇਸਨੂੰ ਸਾਂਭਣ ਲਈ ਬਹੁਤਾ ਕੁਝ ਨਹੀਂ ਕਰ ਰਹੇ।” ਪਿੰਡ ਦੇ ਇੱਕ ਹੋਰ ਬਜ਼ੁਰਗ ਵਾਸੀ ਨਾਨੀਗੋਪਾਲ ਭੋਮਿਕ ਵੀ ਇਸ ਗੱਲ ਨਾਲ ਸਹਿਮਤ ਹਨ, “ਲੋਕ ਕੰਮ ਘੱਟ ਤੇ ਕਮਾਈ ਵੱਧ ਚਾਹੁੰਦੇ ਹਨ,” ਉਹਨਾਂ ਲੰਮਾ ਸਾਹ ਲੈਂਦਿਆਂ ਕਿਹਾ। “ਜੁਲਾਹੇ (ਹਮੇਸ਼ਾ) ਝੌਂਪੜੀਆਂ ਤੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਰਹੇ ਹਨ। ਕੌਣ ਇਵੇਂ ਰਹਿਣਾ ਚਾਹੁੰਦਾ ਹੈ ? ਰੂਪਚੰਦ ਨੇ ਕਿਹਾ।

PHOTO • Deep Roy
PHOTO • Deep Roy

ਖੱਬੇ: ਆਪਣੇ ਮਿੱਟੀ ਦੇ ਘਰ ਸਾਹਮਣੇ ਰੂਪਚੰਦ ਤੇ ਬਾਸਨਾ ਦੇਬਨਾਥ  ਸੱਜੇ: ਬਾਂਸ ਤੇ ਮਿੱਟੀ ਦੀ ਬਣੀ ਝੌਂਪੜੀ ਜਿਸ ਉੱਤੇ ਟੀਨ ਦੀ ਛੱਤ ਹੈ, ਰੂਪਚੰਦ ਦੇ ਕੰਮ ਕਰਨ ਦੀ ਜਗ੍ਹਾ ਹੈ

ਕਮਾਈ ਦੀ ਘਾਟ ਦੇ ਨਾਲ-ਨਾਲ ਜੁਲਾਹਿਆਂ ਲਈ, ਲੰਬੇ ਸਮੇਂ ਵਾਲੀਆਂ, ਬਿਮਾਰੀਆਂ ਵੀ ਮੁਸ਼ਕਿਲ ਦਾ ਕਾਰਨ ਬਣਦੀਆਂ ਹਨ। “ਮੇਰੀ ਪਤਨੀ ਤੇ ਮੈਂ ਹਰ ਸਾਲ 50-60,000 ਰੁਪਏ ਤਾਂ ਸਿਰਫ਼ ਮੈਡੀਕਲ ਬਿਲਾਂ ਲਈ ਦਿੰਦੇ ਹਾਂ,” ਰੂਪਚੰਦ ਨੇ ਕਿਹਾ। ਉਹਨਾਂ ਦੋਵਾਂ ਨੂੰ ਸਾਹ ਚੜ੍ਹਦਾ ਹੈ ਤੇ ਦਿਲ ਸਬੰਧੀ ਸਮੱਸਿਆਵਾਂ ਹਨ, ਜੋ ਉਹਨਾਂ ਦੇ ਕੰਮ ਕਾਰਨ ਹੀ ਹੋਈਆਂ ਹਨ।

ਸਰਕਾਰ ਵੱਲੋਂ ਇਸ ਕਲਾ ਨੂੰ ਸਾਂਭਣ ਲਈ ਕੁਝ ਕਦਮ ਚੁੱਕੇ ਗਏ ਹਨ। ਪਰ ਰੂਪਚੰਦ ਤੇ ਪਿੰਡ ਦੇ ਹੋਰ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈ ਰਿਹਾ। “ਮੈਂ ਦੀਨ ਦਿਆਲ ਹਥਖਰਗਾ ਪ੍ਰੋਤਸਾਹਨ ਯੋਜਨਾ (2000 ਵਿੱਚ ਸ਼ੁਰੂ ਕੀਤੀ ਕੇਂਦਰ ਸਰਕਾਰ ਦੀ ਯੋਜਨਾ) ਜ਼ਰੀਏ 300 ਜੁਲਾਹਿਆਂ ਨੂੰ ਸਿਖਲਾਈ ਦੇ ਚੁੱਕਿਆ ਹਾਂ, ਰੂਪਚੰਦ ਨੇ ਦੱਸਿਆ। “ਸਿਖਲਾਈ ਦੇਣ ਲਈ ਵਿਦਿਆਰਥੀ ਲੱਭਣੇ ਔਖੇ ਹਨ,” ਉਹਨੇ ਕਿਹਾ, ਲੋਕ ਜ਼ਿਆਦਾਤਰ ਭੱਤੇ ਦੇ ਲਾਲਚ ਵਿੱਚ ਆ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਹੁਨਰਮੰਦ ਜੁਲਾਹੇ ਤਿਆਰ ਕਰਨਾ ਸੰਭਵ ਨਹੀਂ।” “ਹੈਂਡਲੂਮ ਦੀ ਸਾਂਭ-ਸੰਭਾਲ ਵਿੱਚ ਕੁਪ੍ਰਬੰਧਨ, ਸਿਉਂਖ ਲੱਗਣ ਤੇ ਚੂਹਿਆਂ ਦੁਆਰਾ ਧਾਗਾ ਖਰਾਬ ਕਰਨ” ਨਾਲ ਹਾਲਾਤ ਹੋਰ ਖਰਾਬ ਹੋ ਜਾਂਦੇ ਹਨ, ਰੂਪਚੰਦ ਨੇ ਕਿਹਾ।

2012 ਤੋਂ 2022 ਦੇ ਵਿਚਕਾਰ ( ਹੈਂਡਲੂਮ ਨਿਰਯਾਤ ਪ੍ਰੋਮੋਸ਼ਨ ਕਾਊਂਸਲ ) ਮੁਤਾਬਕ ਹੈਂਡਲੂਮ ਦਾ ਨਿਰਯਾਤ 3000 ਕਰੋੜ ਤੋਂ ਲਗਭਗ 50 ਫ਼ੀਸਦ ਘਟ ਕੇ 1500 ਕਰੋੜ ਰਹਿ ਗਿਆ ਹੈ ਤੇ ਮੰਤਰਾਲੇ ਦੇ ਫੰਡ ਵੀ ਘਟ ਗਏ ਹਨ।

ਸੂਬੇ ’ਚ ਹੈਂਡਲੂਮ ਦਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ ਤੇ ਰੂਪਚੰਦ ਕਹਿੰਦਾ ਹੈ, “ਮੈਨੂੰ ਲਗਦਾ ਹੈ ਕਿ ਇਹਦਾ ਹੁਣ ਕੋਈ ਹੱਲ ਨਹੀਂ।” ਪਰ ਕੁਝ ਪਲ ਰੁਕ ਕੇ ਉਹ ਹੱਲ ਦੱਸਦਾ ਹੈ। “ਔਰਤਾਂ ਦੀ ਜ਼ਿਆਦਾ ਸ਼ਮੂਲੀਅਤ ਨਾਲ ਕੁਝ ਹੋ ਸਕਦਾ ਹੈ,” ਉਹਨੇ ਕਿਹਾ, “ਮੈਂ ਸਿਧਾਈ ਮੋਹਨਪੁਰ (ਪੱਛਮੀ ਤ੍ਰਿਪੁਰਾ ਵਿੱਚ ਹੈਂਡਲੂਮ ਉਤਪਾਦ ਦੀ ਵਪਾਰਕ ਜਗ੍ਹਾ) ਵਿੱਚ ਲਗਭਗ ਪੂਰਨ ਤੌਰ ’ਤੇ ਔਰਤਾਂ ਦੁਆਰਾ ਚਲਾਇਆ ਜਾਂਦਾ ਕੰਮ ਦੇਖਿਆ ਹੈ।” ਹਾਲਾਤ ਬਿਹਤਰ ਬਣਾਉਣ ਦਾ ਇੱਕ ਤਰੀਕਾ, ਉਹਨੇ ਕਿਹਾ, ਮੌਜੂਦਾ ਕਾਰੀਗਰਾਂ ਦੀ ਦਿਹਾੜੀ ਨਿਯਮਿਤ ਕਰਨਾ ਹੈ।

ਜਦ ਪੁੱਛਿਆ ਕਿ ਕੀ ਉਹਨੇ ਕਦੇ ਇਹ ਕੰਮ ਛੱਡਣ ਬਾਰੇ ਸੋਚਿਆ ਹੈ ਤਾਂ ਰੂਪਚੰਦ ਮੁਸਕੁਰਾ ਪਿਆ। “ਕਦੇ ਨਹੀਂ,” ਉਹਨੇ ਦ੍ਰਿੜ੍ਹਤਾ ਨਾਲ ਕਿਹਾ, “ਮੈਂ ਆਪਣੇ ਕੰਮ ਦੇ ਮਾਮਲੇ ਵਿੱਚ ਕਦੇ ਲਾਲਚ ਨਹੀਂ ਕੀਤਾ।” ਜਦ ਉਹ ਖੱਡੀ ’ਤੇ ਹੱਥ ਰੱਖ ਰਿਹਾ ਹੈ ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। “ਇਹ ਮੈਨੂੰ ਭਾਵੇਂ ਛੱਡ ਦਵੇ ਪਰ ਮੈਂ ਕਦੇ ਨਹੀਂ ਛੱਡਾਂਗਾ।”

ਇਹ ਰਿਪੋਰਟ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ( MMF ) ਵੱਲੋਂ ਦਿੱਤੀ ਫੈਲੋਸ਼ਿਪ ਦੀ ਮਦਦ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ।

ਤਰਜਮਾ: ਅਰਸ਼ਦੀਪ ਅਰਸ਼ੀ

Rajdeep Bhowmik

রাজদীপ ভৌমিক পুণের আইআইএসইআর-এ পিএইচডি করছেন। ২০২৩ সালের পারি-এমএমএফ ফেলো।

Other stories by Rajdeep Bhowmik
Deep Roy

দীপ রায় নয়াদিল্লির ভিএমসিসি এবং সফদরজং হাসপাতালের স্নাতকোত্তর রেসিডেন্ট ডাক্তার। ২০২৩ সালের পারি-এমএমএফ ফেলো।

Other stories by Deep Roy
Photographs : Rajdeep Bhowmik

রাজদীপ ভৌমিক পুণের আইআইএসইআর-এ পিএইচডি করছেন। ২০২৩ সালের পারি-এমএমএফ ফেলো।

Other stories by Rajdeep Bhowmik
Editor : Sarbajaya Bhattacharya

সর্বজয়া ভট্টাচার্য বরিষ্ঠ সহকারী সম্পাদক হিসেবে পিপলস আর্কাইভ অফ রুরাল ইন্ডিয়ায় কর্মরত আছেন। দীর্ঘদিন যাবত বাংলা অনুবাদক হিসেবে কাজের অভিজ্ঞতাও আছে তাঁর। কলকাতা নিবাসী সর্ববজয়া শহরের ইতিহাস এবং ভ্রমণ সাহিত্যে সবিশেষ আগ্রহী।

Other stories by Sarbajaya Bhattacharya
Editor : Priti David

প্রীতি ডেভিড পারি-র কার্যনির্বাহী সম্পাদক। তিনি জঙ্গল, আদিবাসী জীবন, এবং জীবিকাসন্ধান বিষয়ে লেখেন। প্রীতি পারি-র শিক্ষা বিভাগের পুরোভাগে আছেন, এবং নানা স্কুল-কলেজের সঙ্গে যৌথ উদ্যোগে শ্রেণিকক্ষ ও পাঠক্রমে গ্রামীণ জীবন ও সমস্যা তুলে আনার কাজ করেন।

Other stories by Priti David
Translator : Arshdeep Arshi

অর্শদীপ আরশি চণ্ডিগড়-নিবাসী একজন স্বতন্ত্র সাংবাদিক ও অনুবাদক। তিনি নিউজ১৮ পঞ্জাব ও হিন্দুস্থান টাইমস্‌-এর সঙ্গে কাজ করেছেন। পাতিয়ালার পঞ্জাব বিশ্ববিদ্যালয় থেকে ইংরেজি সাহিত্যে এম.ফিল করেছেন।

Other stories by Arshdeep Arshi