ਇਹ ਪੈਨਲ ' ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ

ਕੰਮ ਹੀ ਕੰਮ ਬੋਲੇ , ਔਰਤ ਰਹੀ ਓਹਲੇ ਦੀ ਓਹਲੇ

ਉਹ ਪਹਾੜੀ ਦੀ ਉੱਚੀ ਢਲ਼ਾਣ ਵੱਲ ਪੈਰ ਪੁੱਟ ਰਹੀ ਸੀ, ਸਿਰ 'ਤੇ ਰੱਖੀ ਘਾਹ ਦੀ ਵੱਡੀ ਸਾਰੀ ਪੰਡ ਨੇ ਉਹਦੇ ਚਿਹਰੇ ਨੂੰ ਢੱਕਿਆ ਹੋਇਆ ਸੀ। ਇਸ ਮੂੰਹੋਂ ਬੋਲਦੀ ਤਸਵੀਰ ਨੂੰ ਦੇਖ ਕੇ ਇਹੀ ਲੱਗਦਾ ਹੈ: ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ। ਓੜੀਸਾ ਦੇ ਮਲਕਾਨਗਿਰੀ ਦੀ ਇਸ ਬੇਜ਼ਮੀਨੀ ਮਜ਼ਦੂਰ ਔਰਤ ਵਾਸਤੇ ਦਿਹਾੜੀ ਦਾ ਇਹ ਆਮ ਦਿਨ ਸੀ। ਪਾਣੀ ਭਰਨਾ, ਬਾਲਣ ਅਤੇ ਚਾਰਾ ਇਕੱਠਾ ਕਰਨਾ। ਇਨ੍ਹਾਂ ਤਿੰਨਾਂ ਕੰਮਾਂ ਵਿੱਚ ਔਰਤਾਂ ਦਾ ਇੱਕ ਤਿਹਾਈ ਜੀਵਨ ਲੰਘ ਜਾਂਦਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ, ਔਰਤਾਂ ਦਿਨ ਦੇ ਸੱਤ ਘੰਟੇ ਸਿਰਫ਼ ਆਪਣੇ ਪਰਿਵਾਰ ਲਈ ਪਾਣੀ ਅਤੇ ਬਾਲਣ ਇਕੱਠਾ ਕਰਨ ਵਿੱਚ ਹੀ ਲੰਘਾ ਦਿੰਦੀਆਂ ਹਨ। ਡੰਗਰਾਂ ਲਈ ਚਾਰਾ ਇਕੱਠਾ ਕਰਨ ਵਿੱਚ ਵੀ ਸਮਾਂ ਲੱਗਦਾ ਹੈ। ਪੇਂਡੂ ਭਾਰਤ ਦੀਆਂ ਕਰੋੜਾਂ ਔਰਤਾਂ, ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਲਈ ਹਰ ਦਿਨ ਕਈ ਕਈ ਕਿਲੋਮੀਟਰ ਪੈਦਲ ਤੁਰਦੀਆਂ ਹਨ।

ਸਿਰ 'ਤੇ ਲੱਦਿਆ ਬੋਝਾ ਕਾਫ਼ੀ ਭਾਰੀ ਹੈ। ਇਹ ਆਦਿਵਾਸੀ ਔਰਤ, ਜੋ ਮਲਕਾਨਗਿਰੀ ਵਿਖੇ ਇੱਕ ਪਹਾੜੀ ਢਲ਼ਾਣ 'ਤੇ ਚੜ੍ਹ ਰਹੀ ਹੈ, ਉਹਦੇ ਸਿਰ 'ਤੇ ਕਰੀਬ 30 ਕਿਲੋ ਵਜ਼ਨੀ ਬਾਲਣ ਦੀ ਲੱਕੜ ਰੱਖੀ ਹੋਈ ਹੈ ਅਤੇ ਉਹਨੇ ਅਜੇ ਤਿੰਨ ਕਿਲੋਮੀਟਰ ਹੋਰ ਤੁਰਨਾ ਹੈ। ਕਈ ਔਰਤਾਂ ਆਪਣੇ ਘਰਾਂ ਵਿੱਚ ਪਾਣੀ ਲਿਆਉਣ ਲਈ, ਇੰਨੀ ਹੀ ਜਾਂ ਇਸ ਤੋਂ ਵੱਧ ਦੂਰੀ ਤੈਅ ਕਰਦੀਆਂ ਹਨ।

ਵੀਡਿਓ ਦੇਖੋ : ' ਜਿਹੜਾ  ਭਾਰ ਉਹ ਆਪਣੇ ਸਿਰ ' ਤੇ ਲੱਦੀ ਲਿਜਾ ਰਹੀ ਹੈ ਉਹ ਉਹਦੇ ਆਪਣੇ ਸਰੀਰ ਦੇ ਅਕਾਰ ਅਤੇ ਭਾਰ ਨਾਲ਼ੋਂ ਕਿਤੇ ਵੱਧ ਹੈ '

ਮੱਧ ਪ੍ਰਦੇਸ਼ ਦੇ ਝਾਬੂਆ ਵਿਖੇ, ਲੱਕੜ ਦੇ ਮੋਛਿਆਂ 'ਤੇ ਖੜ੍ਹੀ ਇਹ ਔਰਤ, ਇੱਕ ਅਜਿਹੇ ਖ਼ੂਹ ਵਿੱਚੋਂ ਦੀ ਪਾਣੀ ਖਿੱਚ ਰਹੀ ਹੈ ਜਿਹਦੇ ਚੁਫ਼ੇਰੇ ਕੋਈ ਵਲ਼ਗਣ ਨਹੀਂ ਹੈ। ਇਹ ਮੋਛੇ ਖ਼ੂਹ ਦੇ ਮੁਹਾਨੇ 'ਤੇ ਰੱਖੇ ਹੋਏ ਹਨ ਤਾਂਕਿ ਉਹਦੇ ਅੰਦਰ ਚਿੱਕੜ ਜਾਂ ਧੂੜ ਮਿੱਟੀ ਨਾ ਜਾ ਸਕੇ। ਉਹ ਮੋਛੇ ਇਕੱਠੇ ਬੱਝੇ ਵੀ ਨਹੀਂ ਹੋਏ। ਜੇ ਕਿਤੇ ਉਹਦਾ ਸੰਤੁਲਨ ਵਿਗੜ ਗਿਆ ਤਾਂ ਉਹ ਇਸ ਵੀਹ ਫੁੱਟ ਡੂੰਘੇ ਖ਼ੂਹ ਵਿੱਚ ਜਾ ਡਿੱਗੇਗੀ। ਜੇ ਕਿਤੇ ਤਿਲ਼ਕ ਗਈ ਤਾਂ ਉਹ ਮੋਛੇ ਉਹਦੇ ਪੈਰ ਨੂੰ ਨਪੀੜ ਸੁੱਟਣਗੇ।

ਜੰਗਲਾਂ ਦੀ ਕਟਾਈ ਵਾਲ਼ੇ ਜਾਂ ਪਾਣੀ ਦੀ ਕਿੱਲਤ ਮਾਰੇ ਇਲਾਕਿਆਂ ਵਿੱਚ, ਔਰਤਾਂ ਨੂੰ ਹੋਰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉੱਥੇ ਰੋਜ਼ਮੱਰਾ ਦੇ ਇਨ੍ਹਾਂ ਕੰਮਾਂ ਵਾਸਤੇ ਹੋਰ ਵੀ ਜ਼ਿਆਦਾ ਦੂਰੀ ਤੈਅ ਕਰਨੀ ਪੈਂਦੀ ਹੈ। ਅਜਿਹੇ ਸਮੇਂ ਇਹ ਔਰਤਾਂ ਇੱਕੋ ਹੀਲੇ ਵੱਧ ਤੋਂ ਵੱਧ ਭਾਰ ਢੋਹਣ ਦੀ ਕੋਸ਼ਿਸ਼ ਕਰਦੀਆਂ ਹਨ।

ਚੰਗੇ ਤੋਂ ਚੰਗੇ ਸਮੇਂ ਵਿੱਚ ਵੀ ਕੰਮ ਤਾਂ ਬਣੇ ਹੀ ਰਹਿੰਦੇ ਹਨ। ਕਿਉਂਕਿ ਪਿੰਡ ਦੀ ਸਾਂਝੀ/ਸ਼ਾਮਲਾਟ ਜਾਂ ਸਧਾਰਣ ਜ਼ਮੀਨ ਕਰੋੜਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ, ਇਸਲਈ ਸਮੱਸਿਆਵਾਂ ਹੋਰ ਵੀ ਪੇਚੀਦਾ ਹੁੰਦੀਆਂ ਜਾ ਰਹੀਆਂ ਹਨ। ਦੇਸ਼ ਦੇ ਬਹੁਤੇਰੇ ਰਾਜਾਂ ਵਿੱਚ ਪਿੰਡ ਦੀਆਂ ਸਾਂਝੀਆਂ/ਸ਼ਾਮਲਾਟ ਥਾਵਾਂ ਦਾ ਤੇਜ਼ੀ ਨਾਲ਼ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਨਾਲ਼ ਗ਼ਰੀਬਾਂ, ਖ਼ਾਸ ਕਰਕੇ ਖੇਤ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ। ਸਦੀਆਂ ਤੋਂ, ਉਹ ਇਨ੍ਹਾਂ ਥਾਵਾਂ ਤੋਂ ਆਪਣੀ ਵਰਤੋਂ ਦੀਆਂ ਚੀਜ਼ਾਂ ਵੱਡੀ ਮਾਤਰਾ ਵਿੱਚ ਹਾਸਲ ਕਰਦੇ ਆਏ ਹਨ। ਹੁਣ ਇਨ੍ਹਾਂ ਥਾਵਾਂ ਦੇ ਹੱਥੋਂ ਖੁੱਸਣ ਦਾ ਮਤਲਬ ਹੈ, ਹੋਰ ਚੀਜ਼ਾਂ ਦੇ ਨਾਲ਼ ਨਾਲ਼, ਤਲਾਬਾਂ ਅਤੇ ਰਸਤਿਆਂ, ਚਰਾਂਦਾਂ, ਬਾਲਣ ਦੀ ਲੱਕੜ, ਡੰਗਰਾਂ ਲਈ ਚਾਰਾ ਅਤੇ ਪਾਣੀ ਦੇ ਵਸੀਲਿਆਂ ਤੋਂ ਹੱਥ ਧੋ ਲੈਣਾ। ਰੁੱਖਾਂ-ਪੌਦਿਆਂ ਦੇ ਉਸ ਇਲਾਕੇ ਨੂੰ ਗੁਆ ਲੈਣਾ ਜਿੱਥੋਂ ਉਨ੍ਹਾਂ ਨੂੰ ਫਲ ਅਤੇ ਅਨਾਜ ਮਿਲ਼ ਸਕਦਾ ਹੈ।

PHOTO • P. Sainath
PHOTO • P. Sainath
PHOTO • P. Sainath

ਸਾਂਝੀਆਂ/ਸ਼ਾਮਲਾਟ ਥਾਵਾਂ ਦਾ ਨਿੱਜੀਕਰਨ ਅਤੇ ਵਪਾਰੀਕਰਨ ਗ਼ਰੀਬ ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਰੂਪ ਵਿੱਚ ਪ੍ਰਭਾਵਤ ਕਰ ਰਿਹਾ ਹੈ। ਪਰ ਸਭ ਤੋਂ ਵੱਧ ਅਸਰ ਔਰਤਾਂ 'ਤੇ ਹੀ ਪਿਆ ਹੈ, ਜੋ ਇਨ੍ਹਾਂ ਥਾਵਾਂ ਤੋਂ ਲੋੜ ਦੀਆਂ ਚੀਜ਼ਾਂ ਇਕੱਠੀਆਂ ਕਰਦੀਆਂ ਹਨ। ਦਲਿਤ ਅਤੇ ਬੇਜ਼ਮੀਨੇ ਮਜ਼ਦੂਰਾਂ ਦੇ ਵੱਧ ਪਿਛੜੇ ਸਮੂਹ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ। ਹਰਿਆਣਾ ਜਿਹੇ ਰਾਜਾਂ ਵਿੱਚ ਉੱਚ ਜਾਤੀ ਵਾਲ਼ਿਆਂ ਦੀ ਅਗਵਾਈ ਵਾਲ਼ੀਆਂ ਪੰਚਾਇਤਾਂ ਨੇ ਅਜਿਹੀਆਂ ਸ਼ਾਮਲਾਟ ਜ਼ਮੀਨਾਂ ਕਾਰਖ਼ਾਨਿਆਂ, ਹੋਟਲਾਂ, ਸ਼ਰਾਬ ਕੱਢਣ ਦੀਆਂ ਭੱਠੀਆਂ, ਲਗਜ਼ਰੀ ਫ਼ਾਰਮ-ਹਾਊਸਾਂ ਅਤੇ ਕਲੋਨੀਆਂ ਦੀ ਉਸਾਰੀ ਲਈ ਪਟੇ 'ਤੇ ਦੇ ਦਿੱਤੀਆਂ ਹਨ।

ਟਰੈਕਟਰ ਦੇ ਨਾਲ਼ -ਨਾਲ਼ ਹੁਣ ਖੇਤੀਬਾੜੀ ਵਿੱਚ ਮਸ਼ੀਨਾਂ ਦਾ ਵੱਡੇ ਪੱਧਰ 'ਤੇ ਉਪਯੋਗ ਹੋਣ ਲੱਗਿਆ ਹੈ, ਜਿਸ ਕਾਰਨ ਜ਼ਮੀਨ ਮਾਲਕਾਂ ਨੂੰ ਮਜ਼ਦੂਰਾਂ ਦੀ ਘੱਟ ਲੋੜ ਪੈਂਦੀ ਹੈ। ਇਸਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਉਨ੍ਹਾਂ ਸਾਂਝੀਆਂ/ਸ਼ਾਮਲਾਟ ਜ਼ਮੀਨਾਂ ਨੂੰ ਵੇਚ ਸਕਦੇ ਹਨ ਜੋ ਕਿਸੇ ਜ਼ਮਾਨੇ ਵਿੱਚ ਪਿੰਡ ਦੇ ਅੰਦਰ ਗ਼ਰੀਬ ਮਜ਼ਦੂਰਾਂ ਦੇ ਰੁਕਣ ਜਾਂ ਵੱਸਣ ਦੇ ਕੰਮ ਆਉਂਦੀਆਂ ਸਨ। ਅਕਸਰ ਇਹ ਦੇਖਿਆ ਗਿਆ ਹੈ ਕਿ ਗ਼ਰੀਬ ਲੋਕ ਜਦੋਂ ਕਦੇ ਵੀ ਇਨ੍ਹਾਂ ਸ਼ਾਮਲਾਟ ਜ਼ਮੀਨਾਂ ਦੇ ਵੇਚੇ ਜਾਣ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਦੀ ਜਾਤ ਨੂੰ ਹੀਣਾ ਸਮਝ ਕੇ ਉਨ੍ਹਾਂ ਨੂੰ ਪਿੰਡ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਇਸ ਸਾਰੇ ਹਾਲਾਤਾਂ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਔਰਤਾਂ ਲਈ ਗ਼ੁਸਲ ਦੀ ਥਾਂ ਤੱਕ ਨਹੀਂ ਬੱਚਦੀ। ਉਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਲਈ ਇਹ ਵੱਡੀ ਸਮੱਸਿਆ ਹੈ।

ਕਿਤੇ ਦੂਰੋਂ ਬਾਲਣ, ਪੱਠੇ/ਚਾਰਾ ਅਤੇ ਪਾਣੀ ਲਿਆਉਣਾ, ਲੱਖਾਂ ਲੱਖ ਘਰਾਂ ਦੀ ਕਹਾਣੀ ਹੈ। ਪਰ ਇਸ ਕਹਾਣੀ ਦੀਆਂ ਨਾਇਕ ਔਰਤਾਂ ਹੀ ਹਨ, ਜਿਨ੍ਹਾਂ ਨੂੰ ਇੰਨੇ ਸਖ਼ਤ ਕੰਮਾਂ ਦੇ ਬਦਲੇ ਭਾਰੀ ਕੀਮਤ ਤਾਰਨੀ ਪੈਂਦੀ ਹੈ।

PHOTO • P. Sainath

ਤਰਜਮਾ: ਕਮਲਜੀਤ ਕੌਰ

P. Sainath

পি. সাইনাথ পিপলস আর্কাইভ অফ রুরাল ইন্ডিয়ার প্রতিষ্ঠাতা সম্পাদক। বিগত কয়েক দশক ধরে তিনি গ্রামীণ ভারতবর্ষের অবস্থা নিয়ে সাংবাদিকতা করেছেন। তাঁর লেখা বিখ্যাত দুটি বই ‘এভরিবডি লাভস্ আ গুড ড্রাউট’ এবং 'দ্য লাস্ট হিরোজ: ফুট সোলজার্স অফ ইন্ডিয়ান ফ্রিডম'।

Other stories by পি. সাইনাথ
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur