''ਉਸ ਦੁਪਹਿਰੇ ਮੈਨੂੰ ਮਾਸਾ ਵੀ ਯਕੀਨ ਨਹੀਂ ਸੀ ਕਿ ਮੇਰਾ ਬੱਚਾ ਤੇ ਮੈਂ ਬੱਚ ਜਾਵਾਂਗੇ। ਮੇਰੇ ਪਾਣੀ ਦੀ ਥੈਲੀ ਫੱਟ ਚੁੱਕੀ ਸੀ। ਆਸ ਪਾਸ ਨਾ ਤਾਂ ਕੋਈ ਹਸਪਤਾਲ ਸੀ ਤੇ ਨਾ ਹੀ ਕੋਈ ਸਿਹਤ ਕਰਮੀ ਹੀ। ਸ਼ਿਮਲਾ ਜਾਣ ਲਈ ਕਿਰਾਏ 'ਤੇ ਲਈ ਗੱਡੀ ਵਿੱਚ ਪੈਂਦਿਆਂ ਹੀ ਮੈਨੂੰ ਜੰਮਣ-ਪੀੜ੍ਹਾਂ ਛੁੱਟੀਆਂ ਹੋਈਆਂ ਸਨ। ਚੀਕਾਂ ਮਾਰਦਿਆਂ ਹੋਇਆਂ ਵੀ ਮੇਰੇ ਸਾਹਮਣੇ ਉਡੀਕ ਕਰਨ ਤੋਂ ਸਿਵਾ ਕੋਈ ਚਾਰਾ ਹੀ ਨਹੀਂ ਸੀ। ਮੇਰੇ ਬੱਚਾ ਥਾਏਂ ਹੀ ਪੈਦਾ ਹੋ ਗਿਆ- ਬੋਲੈਰੋ ਦੇ ਅੰਦਰ ਹੀ।'' ਉਸ ਹਾਦਸੇ ਤੋਂ ਛੇ ਮਹੀਨਿਆਂ ਬਾਅਦ, ਅਪ੍ਰੈਲ 2022 ਨੂੰ ਜਦੋਂ ਰਿਪੋਰਟਰ ਉਨ੍ਹਾਂ ਨੂੰ ਮਿਲ਼ੀ ਤਾਂ ਅਨੁਰਾਧਾ ਮਾਹਤੋ (ਬਦਲਿਆ ਨਾਮ) ਆਪਣੇ ਬੱਚੇ ਨੂੰ ਗੋਦੀ ਵਿੱਚ ਲਈ ਬੈਠੀ ਹੋਈ ਸਨ ਤੇ ਉਸ ਦਿਨ ਦੇ ਵੇਰਵਿਆਂ ਨੂੰ ਇਣ-ਬਿਣ ਚੇਤੇ ਕਰ ਰਹੀ ਸਨ।
''ਦੁਪਹਿਰ ਦੇ ਕੋਈ ਤਿੰਨ ਵੱਜੇ ਹੋਏ ਸਨ। ਜਿਓਂ ਹੀ ਮੇਰਾ ਪਾਣੀ ਛੁੱਟਿਆ ਮੇਰੇ ਪਤੀ ਨੇ ਆਸ਼ਾ ਦੀਦੀ ਨੂੰ ਸੂਚਿਤ ਕੀਤਾ। ਉਹ ਅਗਲੇ 15-20 ਮਿੰਟਾਂ ਵਿੱਚ ਮੇਰੇ ਕੋਲ਼ ਅੱਪੜ ਗਈ। ਮੇਰੇ ਕੋਲ਼ ਅੱਪੜਦਿਆਂ ਹੀ ਮੈਨੂੰ ਉਨ੍ਹਾਂ ਦਾ ਐਂਬੂਲੈਂਸ ਬੁਲਾਉਣਾ ਚੇਤੇ ਹੈ। ਉਸ ਦਿਨ ਮੀਂਹ ਪੈ ਰਿਹਾ ਸੀ। ਐਂਬੂਲੈਂਸ ਕਰਮੀਆਂ ਨੇ ਕਿਹਾ ਕਿ ਉਹ ਅਗਲੇ 10 ਮਿੰਟਾਂ ਵਿੱਚ ਨਿਕਲ਼ਣ ਵਾਲ਼ੇ ਹਨ ਪਰ ਉਨ੍ਹਾਂ ਨੂੰ ਸਾਡੇ ਕੋਲ਼ ਪਹੁੰਚਣ ਵਿੱਚ ਲੱਗਦੇ ਆਮ ਸਮੇਂ ਨਾਲ਼ੋਂ ਇੱਕ ਘੰਟਾ ਵੱਧ ਲੱਗ ਗਿਆ,'' 25 ਸਾਲਾ ਅਨੁਰਾਧਾ ਕਹਿੰਦੀ ਹਨ। ਉਹ ਦੱਸਦੀ ਹਨ ਕਿ ਮੀਂਹ ਦੇ ਦਿਨੀਂ ਸੜਕਾਂ ਰਾਹੀਂ ਸਫ਼ਰ ਕਰਨਾ ਕਿੰਨਾ ਖ਼ਤਰਨਾਕ ਹੁੰਦਾ ਹੈ।
ਉਹ ਹਿਮਾਚਲ ਪ੍ਰਦੇਸ਼ ਦੇ ਕੋਟੀ ਪਿੰਡ ਵਿਖੇ ਆਪਣੇ ਪਤੀ ਤੇ ਤਿੰਨ ਬੱਚਿਆਂ ਦੇ ਨਾਲ਼ ਆਰਜ਼ੀ ਝੌਂਪੜੀ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਪ੍ਰਵਾਸੀ ਪਤੀ ਇੱਕ ਉਸਾਰੀ ਮਜ਼ਦੂਰ ਹਨ। ਪਰਿਵਾਰ ਮੂਲ਼ ਰੂਪ ਵਿੱਚ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਪਿੰਡ ਤੋਂ ਹੈ।
ਅਨੁਰਾਧਾ, ਜੋ 2020 ਵਿੱਚ ਸ਼ਿਮਲਾ ਜ਼ਿਲ੍ਹੇ ਦੇ ਮਸ਼ੋਰਬਾ ਬਲਾਕ ਵਿਖੇ ਰਹਿੰਦੇ ਆਪਣੇ ਪਤੀ ਕੋਲ਼ ਰਹਿਣ ਆਈ, ਕਹਿੰਦੀ ਹਨ,''ਅਸੀਂ ਆਰਥਿਕ ਤੰਗੀ ਕਾਰਨ ਆਪਣੇ ਪਿੰਡ (ਬਿਹਾਰ) ਤੋਂ ਇੱਥੇ ਰਹਿਣ ਆਏ। ਦੋਵੀਂ ਥਾਈਂ ਕਿਰਾਇਆ ਭਰਨਾ ਬੜਾ ਔਖ਼ਾ ਸੀ।'' ਉਨ੍ਹਾਂ ਦੇ 38 ਸਾਲਾ ਪਤੀ, ਰਾਮ ਮਾਹਤੋ (ਬਦਲਿਆ ਨਾਮ) ਰਾਜਮਿਸਤਰੀ ਹਨ, ਉਨ੍ਹਾਂ ਨੂੰ ਜਿੱਥੇ ਕੰਮ ਮਿਲ਼ਦਾ ਹੋਵੇ ਉੱਥੇ ਹੀ ਕੰਮ ਕਰਨ ਜਾਣਾ ਪੈਂਦਾ ਹੈ। ਇਸ ਵੇਲ਼ੇ ਉਹ ਆਪਣੀ ਝੌਂਪੜੀ ਦੇ ਨੇੜੇ ਹੀ ਕੰਮ ਕਰ ਰਹੇ ਹਨ।
ਆਮ ਦਿਨੀਂ ਵੀ ਐਂਬੂਲੈਂਸ ਦਾ ਉਨ੍ਹਾਂ ਦੇ ਘਰ ਤੱਕ ਪਹੁੰਚਣਾ ਕੋਈ ਸੌਖ਼ੀ ਗੱਲ ਨਹੀਂ ਹੁੰਦੀ। ਜੇਕਰ ਐਂਬੂਲੈਂਸ ਨੇ ਕਿਤੇ 30 ਕਿਲੋਮੀਟਰ ਦੂਰ ਸ਼ਿਮਲਾ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਕਮਲਾ ਨਹਿਰੂ ਹਸਪਤਾਲ ਤੋਂ ਆਉਣਾ ਹੋਵੇ ਤਾਂ ਕੋਟੀ ਪਹੁੰਚਣ ਵਿੱਚ ਡੇਢ ਤੋਂ 2 ਘੰਟੇ ਦਾ ਸਮਾਂ ਲੱਗਦਾ ਹੈ। ਪਰ ਮੀਂਹ ਜਾਂ ਬਰਫ਼ਬਾਰੀ ਵਿੱਚ ਦੋਗੁਣਾ ਸਮਾਂ ਵੀ ਲੱਗ ਜਾਂਦਾ ਹੈ।










