ਐੱਮ. ਇੰਦਰ ਕੁਮਾਰ, ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਬਾਂਦੀਪੁਰ ਰਾਸ਼ਟਰੀ ਰੱਖ ਨੇੜੇ ਸਥਿਤ ਮੰਗਲਾ ਪਿੰਡ ਦੇ ਰਹਿਣ ਵਾਲ਼ੇ ਹਨ। ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਕੋਲ਼ ਜ਼ਮੀਨ ਹੋਇਆ ਕਰਦੀ ਸੀ, ਪਰ ਹੁਣ ਨਹੀਂ ਹੈ। 38 ਸਾਲਾ ਇੰਦਰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ਼ ਰਹਿੰਦੇ ਹਨ। ਉਨ੍ਹਾਂ ਦੇ ਬੱਚੇ ਬੱਸ ਰਾਹੀਂ ਸਕੂਲ ਜਾਂਦੇ ਹਨ, ਜੋ 19 ਕਿ.ਮੀ. ਦੂਰ ਸਥਿਤ ਗੁੰਡਲੁਪੇਟ ਵਿਖੇ ਹੈ।
ਇੰਦਰ ਆਪਣੇ ਪਿੰਡ ਦੇ ਵਣ ਜੀਵਨ ਨਾਲ਼ ਜੁੜੀਆਂ ਨਿਸ਼ਾਨੀਆਂ/ਯਾਦਗਾਰਾਂ ਦੀ ਇਕ ਦੁਕਾਨ ਵਿੱਚ ਪ੍ਰਬੰਧਕ ਹਨ, ਜੋ ਮਰਿਯੰਮਾ ਚੈਰੀਟੇਬਲ ਟਰੱਸਟ ਦੇ ਕੰਮ ਵਿੱਚ ਸਹਾਇਤਾ ਦਿੰਦੀ ਹੈ। ਉਹ ਡੰਗਰਾਂ 'ਤੇ ਜੰਗਲੀ ਜਾਨਵਰਾਂ ਦੇ ਹਮਲਿਆਂ ਦਾ ਦਸਤਾਵੇਜ਼ੀਕਰਨ ਕਰਕੇ ਵੀ ਟਰੱਸਟ ਦੀ ਮਦਦ ਕਰਦੇ ਹਨ। ਟਰੱਸਟ ਦੇ ਕੰਮ ਵਿੱਚ ਰੱਖ ਦੇ ਆਸ-ਪਾਸ ਰਹਿਣ ਵਾਲ਼ੇ ਪਿੰਡਵਾਸੀਆਂ ਨੂੰ ਵਿੱਤੀ ਮੁਆਵਜ਼ਾ ਦੇਣਾ ਸ਼ਾਮਿਲ ਹੈ; ਜਦੋਂ ਉਹ ਬਾਗ਼, ਚੀਤੇ ਅਤੇ ਜੰਗਲੀ ਕੁੱਤੇ ਜਿਹੇ ਸ਼ਿਕਾਰੀ ਦੇ ਹਮਲੇ ਵਿੱਚ ਆਪਣੇ ਡੰਗਰਾਂ ਨੂੰ ਗੁਆ ਬਹਿੰਦੇ ਹਨ।












