35 ਸਾਲਾ ਜਯੰਮਾ ਬੇਲੀਆ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਅਨੰਜੀਹੁੰਡੀ ਪਿੰਡ ਦੀ ਇੱਕ ਜੇਨੂ ਕੁਰੂਬਾ ਆਦਿਵਾਸੀ ਹਨ। ਉਨ੍ਹਾਂ ਦਾ ਇਹ ਫ਼ੋਟੋ ਲੇਖ ਜੰਗਲ ਅੰਦਰਲੇ ਜੀਵਨ ਨੂੰ ਦਰਜ ਕਰਦਾ ਹੈ, ਜਿੱਥੇ ਇਨਸਾਨ ਤੇ ਜਾਨਵਰ ਦੋਵੇਂ ਇੱਕ-ਦੂਜੇ ਨੂੰ ਮਾਰਨ ਦੀ ਸਮਰੱਥਾ ਰੱਖਦੇ ਹਨ। ਜਯੰਮਾ ਨੇ ਛੇ ਮਹੀਨਿਆਂ ਦੀ ਮਿਆਦ ਅੰਦਰ ਭਾਰਤ ਦੇ ਬਾਘਾਂ ਦੀਆਂ ਪ੍ਰਮੁੱਖ ਰੱਖਾਂ ਵਿੱਚੋਂ ਇੱਕ, ਬਾਂਦੀਪੁਰ ਰਾਸ਼ਟਰੀ ਪਾਰਕ ਦੀ ਸੀਮਾ 'ਤੇ ਰਹਿੰਦਿਆਂ ਆਪਣੇ ਰੋਜ਼ਮੱਰਾ ਦੇ ਜੀਵਨ ਨਾਲ਼ ਜੁੜੀਆਂ ਤਸਵੀਰਾਂ ਖਿੱਚੀਆਂ। ਉਨ੍ਹਾਂ ਦਾ ਫ਼ੋਟੋ ਲੇਖ ਜੰਗਲੀ-ਜੀਵਾਂ ਨਾਲ਼ ਆਮ ਲੋਕਾਂ ਨਾਲ਼ ਜੁੜੀ ਇੱਕ ਵੱਡੀ ਸਹਿਯੋਗੀ ਫ਼ੋਟੋਗ੍ਰਾਫ਼ੀ ਪਰਿਯੋਜਨਾ ਦਾ ਹਿੱਸਾ ਹੈ। ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਉਨ੍ਹਾਂ ਨੇ ਕੈਮਰੇ (ਫਿਊਜੀਫਿਲਮ ਫਾਇਨਪਿਕਸ ਐੱਸ8630) ਦਾ ਇਸਤੇਮਾਲ ਕਰਨਾ ਸਿੱਖਿਆ।


Chamarajanagar, Karnataka
|WED, MAY 21, 2025
ਜਦੋਂ ਜਯੰਮਾ ਨੇ ਕੈਮਰੇ ਵਿੱਚ ਕੈਦ ਕੀਤਾ ਚੀਤਾ
ਕਰਨਾਟਕ ਦੀ ਅਨੰਜੀਹੁੰਡੀ ਪਿੰਡ ਦੀ ਇੱਕ ਆਦਿਵਾਸੀ ਔਰਤ, ਜਯੰਮਾ ਬੇਲਿਆਹ ਨੇ ਕੈਮਰਾ ਚੁੱਕਿਆ ਤੇ ਜੰਗਲ ਦੇ ਜੀਵਨ ਦਾ ਦਸਤਾਵੀਜਕਰਨ ਕਰਨ ਲੱਗੀ। 8 ਮਾਰਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਰੀ ਤੁਹਾਡੇ ਲਈ ਇਨ੍ਹਾਂ ਫ਼ੋਟੋਆਂ ਦਾ ਸੰਗ੍ਰਹਿ ਲੈ ਕੇ ਹਾਜ਼ਰ ਹੈ
Author
Text Editor
Translator

Jayamma Belliah
ਇਹ ਫ਼ੋਟੋ ਲੇਖ ਮਨੁੱਖ-ਜੰਗਲੀਜੀਵਾਂ ਦੇ ਸਬੰਧਾਂ ਵਿਚਾਲੇ ਸਮੋਈ, ਪਰ ਆਮ ਤੌਰ 'ਤੇ ਅਦ੍ਰਿਸ਼ ਰਹਿਣ ਵਾਲ਼ੀ ਲਿੰਗੀ ਗਤੀਸ਼ੀਲਤਾ 'ਤੇ ਰੋਸ਼ਨੀ ਪਾਉਂਦਾ ਹੈ। ਇਹ ਵਣਜੀਵ ਸੰਰਖਣ ਪ੍ਰਤੀ ਦ੍ਰਿਸ਼ਟੀਕੋਣਾਂ ਬਾਰੇ ਸਵਾਲ ਚੁੱਕਦਾ ਹੈ, ਜੋ ਪਿੰਡਾਂ ਵਿੱਚ ਰਹਿਣ ਵਾਲ਼ੇ ਗ਼ਰੀਬਾਂ ਦੀਆਂ ਸਮਾਜਿਕ-ਆਰਥਿਕ ਹਕੀਕਤਾਂ ਦੀ ਅਣਦੇਖੀ ਕਰਦੇ ਹਨ। ਇੱਥੇ ਪ੍ਰਸਤੁਤ ਕੀਤੀਆਂ ਗਈਆਂ ਤਸਵੀਰਾਂ ਦੇ ਇਲਾਵਾ, ਜਯੰਮਾ ਨੇ ਪੰਛੀਆਂ ਦੀਆਂ ਵੀ ਕਈ ਖੂਬਸੂਰਤ ਤਸਵੀਰਾਂ ਖਿੱਚੀਆਂ। ਉਨ੍ਹਾਂ ਨੂੰ ਕੰਨੜ ਵਿੱਚ ਕਿਹਾ,"ਮੇਰਾ ਪਰਿਵਾਰ ਹੈਰਾਨ ਸੀ ਕਿ ਮੈਂ ਇੰਨੀਆਂ ਵਧੀਆ ਤਸਵੀਰਾਂ ਖਿੱਚ ਸਕਦੀ ਹਾਂ।"

Jayamma Belliah
ਖੱਡ ਵਿੱਚ ਚਰਦੀਆਂ ਗਾਵਾਂ: “ਝਾੜੀਆਂ ਵਿੱਚ ਘੁੰਮਦੀਆਂ ਇਹ ਗਾਵਾਂ [ਅਵਰਗੀਕ੍ਰਿਤ ਸਥਾਨਕ ਮਵੇਸ਼ੀ, ਜਿਨ੍ਹਾਂ ਨੂੰ ਮੁੱਖ ਤੌਰ 'ਤੇ ਗੋਹੇ ਲਈ ਹੀ ਪਾਲਿਆ ਜਾਂਦਾ ਹੈ] ਮੇਰੇ ਪਰਿਵਾਰ ਦੀਆਂ ਹਨ ਅਤੇ ਮੇਰੀ ਭੈਣ ਅਤੇ ਭਾਬੀ ਇਨ੍ਹਾਂ ਨੂੰ ਖੇਤਾਂ ਵਿੱਚ ਚਰਾਉਣ ਲੈ ਜਾਂਦੀਆਂ ਹਨ। ਸਾਨੂੰ ਆਪਣੇ ਪਿੰਡ ਤੱਕ ਪਹੁੰਚਣ ਲਈ [ਬਾਂਦੀਪੁਰ] ਜੰਗਲ ਨੂੰ ਪਾਰ ਕਰਨਾ ਪੈਂਦਾ ਹੈ। ਦੋ ਸਾਲ ਪਹਿਲਾਂ, ਸਾਡੇ ਇੱਕ ਵੱਛੇ ਨੂੰ ਇੱਕ ਬਾਘ ਨੇ ਜੰਗਲ ਵਿੱਚ ਮਾਰ ਦਿੱਤਾ ਸੀ।

Jayamma Belliah
ਭੇਡਾਂ ਘਰ ਜਾ ਰਹੀਆਂ ਹਨ: "ਮੇਰੀਆਂ ਭੈਣਾਂ ਸਾਡੀਆਂ ਭੇਡਾਂ ਨੂੰ ਘਰ ਵਾਪਸ ਲੈ ਜਾ ਰਹੀਆਂ ਹਨ। ਮੇਰੀ ਭੈਣ ਵੀ ਬਾਲ਼ਣ ਲਿਜਾ ਰਹੀ ਹੈ, ਜੋ ਉਸਨੇ ਜੰਗਲ ਤੋਂ ਇਕੱਠਾ ਕੀਤਾ ਸੀ। ਸਾਡੇ ਵਿੱਚੋਂ ਕੁਝ ਲੋਕਾਂ ਨੂੰ ਸਰਕਾਰ ਤੋਂ ਮੁਫ਼ਤ ਐੱਲਪੀਜੀ (ਰਸੋਈ ਗੈਸ) ਮਿਲ਼ੀ ਸੀ, ਪਰ ਹੋਰਾਂ ਨੇ ਇਹ ਸੋਚ ਕੇ ਨਹੀਂ ਲਿਆ ਕਿ ਉਨ੍ਹਾਂ ਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ, ਸੋ ਉਨ੍ਹਾਂ ਲੈਣ ਤੋਂ ਮਨ੍ਹਾ ਕਰ ਦਿੱਤਾ।''

Jayamma Belliah
ਔਰਤਾਂ ਤੇ ਬੱਕਰੀਆਂ: "ਇਹ ਬੱਕਰੀਆਂ ਵੀ ਮੇਰੇ ਪਰਿਵਾਰ ਦਾ ਹਿੱਸਾ ਹਨ। ਮੇਰਾ ਭਰਾ, ਭੈਣ ਅਤੇ ਭਾਬੀ ਉਨ੍ਹਾਂ ਦੀ ਦੇਖਭਾਲ਼ ਕਰਦੇ ਹਨ। ਸਾਡੇ ਕੋਲ਼ ਲਗਭਗ 50 ਬੱਕਰੀਆਂ ਹਨ, ਅਤੇ ਉਹ ਜੰਗਲ ਵਿੱਚ ਚਰਦੀਆਂ ਹਨ। ਅਸੀਂ ਉਨ੍ਹਾਂ ਨੂੰ ਹਰ ਰੋਜ਼ ਸ਼ਾਮੀਂ ਵੇਲ਼ੇ ਸਿਰ ਵਾਪਸ ਲੈ ਆਉਂਦੇ ਹਾਂ, ਨਹੀਂ ਤਾਂ ਜੰਗਲੀ ਜਾਨਵਰਾਂ ਦੇ ਮਾਰੇ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇ ਅਸੀਂ ਗੁਜ਼ਾਰੇ ਜੋਗੀ ਕਮਾਈ ਨਾ ਕਰ ਸਕੀਏ ਜਾਂ ਕੁਝ ਹੋਰ ਵੀ ਹੋ ਜਾਵੇ ਤਾਂ ਅਸੀਂ ਇਨ੍ਹਾਂ ਵਿੱਚੋਂ ਇੱਕ ਜਾਂ ਦੋ ਬੱਕਰੀਆਂ ਵੇਚ ਦਿੰਦੀਆਂ ਹਾਂ।"

Jayamma Belliah
ਬਾਘ ਦੇ ਪੈਰਾਂ ਦੇ ਨਿਸ਼ਾਨ: "ਇੱਕ ਸਵੇਰ ਮੈਂ ਪੈਰਾਂ ਦੇ ਇਹ ਨਿਸ਼ਾਨ ਦੇਖੇ, ਜਦੋਂ ਮੈਂ ਨੇੜਲੇ ਘਰਾਂ ਦਾ ਕੰਮ ਕਰਨ ਜਾ ਰਹੀ ਸਾਂ। ਇੱਥੇ ਆਸ-ਪਾਸ ਕਈ ਬਾਘ ਹਨ, ਉਹ ਸਾਡੀਆਂ ਗਾਂਵਾਂ ਅਤੇ ਬੱਕਰੀਆਂ ਨੂੰ ਮਾਰ ਦਿੰਦੇ ਹਨ, ਉਹ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਇੱਥੇ ਦੇ ਲੋਕ ਕਹਿੰਦੇ ਹਨ ਕਿ ਚੀਤਿਆਂ ਦੇ ਮੁਕਾਬਲੇ ਹੁਣ ਇੱਥੇ ਬਾਘ ਜ਼ਿਆਦਾ ਹਨ।"

Jayamma Belliah
ਦੋ ਬੱਚੀਆਂ: "ਮੇਰੀਆਂ ਭਤੀਜੀਆਂ ਨੂੰ ਆਪਣੇ ਸਕੂਲ ਪਹੁੰਚਣ ਲਈ ਜੰਗਲ 'ਚੋਂ ਹੋ ਕੇ ਜਾਣਾ ਪੈਂਦਾ ਹੈ; ਉਹ ਸਾਡੇ ਪਿੰਡ ਤੋਂ ਰੋਜ਼ਾਨਾ ਤਿੰਨ ਕਿਲੋਮੀਟਰ ਪੈਦਲ ਤੁਰਦੀਆਂ ਹਨ। ਮੇਰੀ ਪਹਿਲੀ ਭਤੀਜੀ ਨੇ 8ਵੀਂ ਦੀ ਪਰੀਖਿਆ ਪਾਸ ਕਰ ਲਈ ਹੈ, ਪਰ ਇੱਥੇ ਕੋਈ ਹਾਈ ਸਕੂਲ ਨਹੀਂ ਹੈ, ਇਸ ਲਈ ਹੁਣ ਉਸਨੂੰ ਪੜ੍ਹਨ ਲਈ 10 ਕਿਲੋਮੀਟਰ ਦੂਰ ਸਥਿਤ ਸਕੂਲ ਜਾਣਾ ਪਵੇਗਾ। ਉਹ ਜਾਂ ਤਾਂ ਉੱਥੇ ਹੋਸਟਲ ਵਿੱਚ ਰਹੇਗੀ ਜਾਂ ਰੋਜ਼ ਆਇਆ-ਜਾਇਆ ਕਰੇਗੀ। ਕਿਉਂਕਿ ਉਹ ਹੁਣ ਜਾ ਰਹੀ ਹੈ, ਇਸ ਲਈ ਉਸਦੀ ਛੋਟੀ ਭੈਣ ਨੂੰ ਹੁਣ ਇਕੱਲਿਆਂ ਹੀ ਸਕੂਲ ਜਾਣਾ ਪਿਆ ਕਰੇਗਾ। ਉਹ ਜੰਗਲੀ ਜਾਨਵਰਾਂ ਕਾਰਨ ਇਕੱਲਿਆਂ ਆਉਣ-ਜਾਣ ਤੋਂ ਡਰਦੀ ਹੈ, ਇਸਲਈ ਕਦੇ-ਕਦੇ ਸਕੂਲ ਨਹੀਂ ਵੀ ਜਾਦੀ। ਹੋ ਸਕਦਾ ਹੈ ਕਿ ਉਹ ਪੜ੍ਹਾਈ ਹੀ ਛੱਡ ਦੇਵੇ। ਮੇਰੇ ਪਿੰਡ ਦੇ ਸੱਤ ਜਾਂ ਅੱਠ ਬੱਚੇ ਸਕੂਲ ਜਾਂਦੇ ਸਨ, ਪਰ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਸਕੂਲ ਜਾਣਾ ਛੱਡ ਦਿੱਤਾ। ਸਿਰਫ਼ ਮੇਰੀ ਭਤੀਜੀਆਂ ਹੀ ਇੰਨਾ ਵੀ ਪੜ੍ਹ ਸਕੀਆਂ ਹਨ।"

Jayamma Belliah
ਚੀਤਿਆਂ ਦਾ ਦਰੱਖ਼ਤ: "ਇਹ ਕਾਲੁਦਾਰੀ [ਪਗਡੰਡੀ] ਹੈ, ਜੋ ਜੰਗਲ ਵਿੱਚੋਂ ਦੀ ਲੰਘਦੀ ਹੈ। ਮੈਂ ਕੰਮ ਕਰਨ ਲਈ ਹਰ ਰੋਜ਼ ਇਸ ਰਸਤੇ ਤੋਂ ਹੋ ਕੇ ਜਾਂਦੀ ਹਾਂ ਅਤੇ ਮੇਰੀ ਭਤੀਜੀਆਂ ਸਵੇਰੇ ਮੇਰੇ ਨਾਲ਼ ਹੀ ਸਕੂਲ ਜਾਂਦੀਆਂ ਹਨ। ਤਿੰਨ ਮਹੀਨੇ ਪਹਿਲਾਂ, ਇੱਕ ਬੁੱਢੀ ਔਰਤ ਸਵੇਰੇ ਜੰਗਲ ਵਿੱਚ ਆਪਣੀਆਂ ਬੱਕਰੀਆਂ ਚਰਾਉਣ ਗਈ ਸੀ। ਬਾਅਦ ਵਿੱਚ, ਜਦੋਂ ਮੈਂ ਕੰਮ ਤੋਂ ਘਰ ਵਾਪਸ ਆ ਰਹੀ ਸਾਂ, ਤਦੋਂ ਮੈਂ ਦੇਖਿਆ ਕਿ ਕਈ ਲੋਕ ਇਸ ਦਰੱਖ਼ਤ ਦੇ ਕੋਲ਼ ਖੜ੍ਹੇ ਸਨ। ਉਸ ਦੀਆਂ ਸਾਰੀਆਂ ਬੱਕਰੀਆਂ ਪਹਿਲਾਂ ਹੀ ਘਰ ਵਾਪਸ ਆ ਚੁੱਕੀਆਂ ਸਨ, ਉਨ੍ਹਾਂ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਈ ਸੀ ਅਤੇ ਨਾ ਹੀ ਕਿਸੇ ਉੱਤੇ ਹਮਲਾ ਹੋਇਆ ਸੀ। ਸੋ, ਜਦੋਂ ਉਹ ਔਰਤ ਘਰ ਨਾ ਮੁੜੀ ਤਾਂ ਹੋਰ ਲੋਕਾਂ ਨੇ ਉਸ ਦੀ ਖੋਜ ਸ਼ੁਰੂ ਕੀਤੀ ਅਤੇ ਉਸ ਦਾ ਸਰੀਰ ਇਸੇ ਦਰਖ਼ਤ ਦੇ ਕੋਲ਼ ਮਿਲ਼ਿਆ। ਜਾਨਵਰ ਨੇ ਉਸਨੂੰ ਖਾਧਾ ਨਹੀਂ ਸੀ, ਉਸ ਦੇ ਮੱਥੇ ਦੇ ਦੋਵੇਂ ਪਾਸੀਂ ਵੱਢੇ ਜਾਣ ਦੇ ਨਿਸ਼ਾਨ ਸਨ। ਮੈਨੂੰ ਪਤਾ ਨਹੀਂ ਕਿ ਇਹ ਹਮਲਾ ਚੀਤੇ ਨੇ ਕੀਤਾ ਸੀ ਜਾਂ ਬਾਘ ਨੇ। ਹਸਪਤਾਲ ਲੈ ਜਾਣ ਤੋਂ ਬਾਅਦ, ਅਗਲੇ ਦਿਨ ਉਸ ਔਰਤ ਦੀ ਮੌਤ ਹੋ ਗਈ। ਉਹ ਮੇਰੀ ਚਾਚੀ ਸੀ। ਮੈਂ ਹਰ ਦਿਨ ਉਸੇ ਰਸਤੇ ਤੋਂ ਜਾਂਦੀ ਹਾਂ। ਸਾਨੂੰ ਇੱਥੋਂ ਲੰਘਦੇ ਵੇਲ਼ੇ ਡਰ ਲੱਗਦਾ ਹੈ, ਪਰ ਅਸੀਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਰ ਸਕਦੇ। ਅਸੀਂ ਡਰ ਦੇ ਮਾਰੇ ਘਰੇ ਨਹੀਂ ਬੈਠ ਸਕਦੇ। ਅਸੀਂ ਸਾਰਿਆਂ ਨੇ ਸਕੂਲੀ ਬੱਚਿਆਂ ਲਈ ਵੈਨ ਦੀ ਸੁਵਿਧਾ ਦਿੱਤੇ ਜਾਣ ਲਈ ਹਸਤਾਖ਼ਰ ਕੀਤਾ ਬਿਨੈ ਭੇਜਿਆ ਸੀ, ਪਰ ਕੁਝ ਵੀ ਨਹੀਂ ਹੋਇਆ।"

Jayamma Belliah
ਚੀਤਾ: "ਜਿੱਥੇ ਮੈਂ ਕੰਮ ਕਰਦੀ ਹਾਂ, ਉਸਦੇ ਪਿੱਛੇ ਪਹਾੜੀ ਦੀ ਢਲਾਣ 'ਤੇ ਚੱਟਾਨ 'ਤੇ ਚੀਤਾ ਬੈਠਾ ਸੀ। ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆ ਰਹੀ ਸਾਂ, ਮੈਂ ਉਸਨੂੰ ਦੇਖਿਆ। ਉਹ ਮੇਰੇ ਬਹੁਤ ਨੇੜੇ ਸੀ, ਸ਼ਾਇਦ 4-5 ਮੀਟਰ ਦੀ ਦੂਰੀ 'ਤੇ। ਮੇਰੇ ਪਤੀ ਮੈਨੂੰ ਲੈਣ ਆਏ ਸਨ, ਇਸ ਲਈ ਮੈਂ ਜ਼ਿਆਦਾ ਡਰੀ ਨਹੀਂ। ਜੇ ਚੀਤਾ ਨੇੜੇ ਆ ਜਾਂਦਾ, ਤਾਂ ਅਸੀਂ ਜ਼ਿਆਦਾ ਕੁਝ ਨਹੀਂ ਸਾਂ ਕਰ ਸਕਦੇ। ਮੈਂ ਇਹ ਤਸਵੀਰ ਇਸ ਲਈ ਖਿੱਚੀ ਕਿਉਂਕਿ ਮੈਂ ਚੀਤੇ ਦੀ ਤਸਵੀਰ ਲੈਣਾ ਚਾਹੁੰਦੀ ਸੀ। ਜੇ ਮੇਰੇ ਪਤੀ ਨਾਲ਼ ਨਾ ਵੀ ਹੁੰਦੇ, ਫਿਰ ਵੀ ਮੈਂ ਇਹ ਤਸਵੀਰ ਜ਼ਰੂਰ ਖਿੱਚਦੀ। ਮੈਨੂੰ ਚੀਤਿਆਂ ਤੇ ਬਾਘਾਂ ਤੋਂ ਡਰ ਲੱਗਦਾ ਹੈ। ਜਦੋਂ ਮੈਂ ਫ਼ੋਟੋ ਖਿੱਚ ਰਹੀ ਸੀ, ਤਾਂ ਚੀਤੇ ਨੇ ਸਾਨੂੰ ਦੇਖਿਆ ਅਤੇ ਹੌਲ਼ੀ-ਹੌਲ਼ੀ ਕਰਕੇ ਆਪਣਾ ਸਿਰ ਚੱਟਾਨ ਦੇ ਪਿੱਛੇ ਲੁਕੋ ਜਿਹੇ ਲਿਆ।"

Jayamma Belliah
ਮਚਾਨ: ''ਲੋਕ ਜਦੋਂ ਮੂੰਗਫਲੀ, ਰਾਗੀ ਅਤੇ ਅਵਰੇਕਾਈ (ਸੁਰਤੀ ਪਾਪੜੀ) ਦੀ ਖੇਤੀ ਕਰਦੇ ਹਨ, ਤਾਂ ਉਹ ਸ਼ਾਮ ਦੇ ਸੱਤ ਵਜੇ ਆਪਣੇ ਖੇਤਾਂ ਵਿੱਚ ਜਾਂਦੇ ਹਨ ਅਤੇ ਅਗਲੀ ਸਵੇਰ ਛੇ ਵਜੇ ਤੱਕ ਉੱਥੇ ਹੀ ਰਹਿੰਦੇ ਹਨ। ਉਹ ਦਰੱਖ਼ਤ 'ਤੇ ਚੜ੍ਹ ਜਾਂਦੇ ਹਨ ਅਤੇ ਸਾਰੀ ਰਾਤ ਬਿਨਾਂ ਸੁੱਤੇ ਜਾਨਵਰਾਂ ਤੋਂ ਖੇਤਾਂ ਦੀ ਰਾਖੀ ਕਰਦੇ ਹਨ। ਉਹ ਆਪਣੀਆਂ ਫ਼ਸਲਾਂ ਨੂੰ ਹਾਥੀਆਂ ਅਤੇ ਜੰਗਲੀ ਸੂਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਜਾਨਵਰ ਆਉਂਦੇ ਹਨ, ਤਾਂ ਉਹ ਪਟਾਕੇ ਚਲਾਉਂਦੇ ਹਨ। ਕਈ ਵਾਰੀ ਇਓਂ ਵੀ ਹੁੰਦਾ ਹੈ ਜਦੋਂ ਉਹ ਕੁਝ ਵੀ ਨਹੀਂ ਕਰ ਪਾਉਂਦੇ। ਉਨ੍ਹਾਂ ਨੂੰ ਫ਼ਸਲ ਦੇ ਸੀਜ਼ਨ ਦੌਰਾਨ ਛੇ ਮਹੀਨਿਆਂ ਤੱਕ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ, ਨਹੀਂ ਤਾਂ ਸਭ ਕੁਝ ਬਰਬਾਦ ਹੋ ਜਾਂਦਾ ਹੈ।"

Jayamma Belliah
ਮਰਿਆ ਹੋਇਆ ਗਿੱਧ: "ਗਿੱਧ ਨੂੰ ਬਿਜਲੀ ਦੀਆਂ ਤਾਰਾਂ ਦਾ ਪਤਾ ਨਹੀਂ ਸੀ, ਇਸ ਲਈ ਉਸ 'ਤੇ ਬੈਠਦੇ ਹੀ ਉਸਦੀ ਮੌਤ ਹੋ ਗਈ। ਇਹ ਮੀਂਹ ਪੈਣ ਦੇ ਠੀਕ ਬਾਅਦ ਹੋਇਆ ਸੀ। ਇਨ੍ਹਾਂ ਤਾਰਾਂ ਤੋਂ ਲੰਘਣ ਵਾਲ਼ੇ ਕਰੰਟ ਬਾਰੇ ਇਨ੍ਹਾਂ ਜਾਨਵਰਾਂ ਨੂੰ ਕਿਸ ਤਰ੍ਹਾ ਪਤਾ ਰਹੇਗਾ? ਕਰੰਟ ਲੱਗਣ ਤੋਂ ਬਾਅਦ ਇਹ ਹੇਠਾਂ ਲੈਂਟਾਨਾ ਕੈਮਰਾ ਦੀ ਵਾੜ 'ਤੇ ਆਣ ਡਿੱਗਿਆ। ਇਸ ਖੇਤਰ ਵਿੱਚ ਪਹਿਲਾਂ ਕਈ ਸਾਰੀਆਂ ਗਿੱਧਾਂ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ ਘੱਟ ਹੋ ਗਈ ਹੈ। ਪਹਿਲਾਂ ਇੰਨੇ ਲੈਂਟਾਨਾ ਦੇ ਪੌਦੇ ਵੀ ਨਹੀਂ ਸਨ, ਜਿੰਨੇ ਹੁਣ ਹਨ, ਪਰ ਪਿਛਲੇ 10 ਸਾਲਾਂ ਤੋਂ ਇਹ ਤੇਜ਼ੀ ਨਾਲ਼ ਵੱਧ ਰਹੇ ਹਨ, ਅਤੇ ਕਿਸੇ ਨੂੰ ਨਹੀਂ ਪਤਾ ਕਿ ਇਹ ਇੱਕ ਦਮ ਕਿਵੇਂ ਵੱਧ ਗਏ। ਇਹ ਕੋਈ ਖਾਸ ਲਾਭਦਾਇਕ ਵੀ ਨਹੀਂ ਹੁੰਦੇ, ਪਰ ਇਨ੍ਹਾਂ ਦੀਆਂ ਸ਼ਾਖਾਂ ਤੋਂ ਕੁਰਸੀਆਂ ਬਣਾਈਆਂ ਜਾ ਸਕਦੀਆਂ ਹਨ। ਹੁਣ ਇਹ ਜੰਗਲ ਵਿੱਚ ਵੀ ਉਗਣ ਲੱਗੇ ਹਨ। ਇਹ ਉਨ੍ਹਾਂ ਥਾਵਾਂ 'ਤੇ ਉਗਦੇ ਹਨ ਜਿੱਥੇ ਘਾਹ ਹੁੰਦਾ ਹੈ ਅਤੇ ਹੁਣ ਘਾਹ ਘੱਟ ਹੁੰਦਾ ਜਾ ਰਿਹਾ ਹੈ। ਇਸ ਕਾਰਨ, ਗਾਂਵਾਂ ਅਤੇ ਬੱਕਰੀਆਂ ਦੇ ਖਾਣੇ ਲਈ ਘਾਹ ਹੀ ਘੱਟ ਬਚਿਆ ਹੈ।"
ਇਸ ਕੰਮ ਨੂੰ ਜਰੇਡ ਮਾਰਗੁਲੀਜ਼ ਨੇ ਕਰਨਾਟਕ ਦੇ ਮੰਗਲਾ ਪਿੰਡ ਵਿਖੇ ਪੈਂਦੇ ਮਰਿਅੰਮਾ ਚੈਰੀਟੇਬਲ ਟ੍ਰਸਟ ਨਾਲ਼ ਮਿਲ਼ ਕੇ ਕੀਤਾ ਸੀ। ਇਹ 2015-16 ਦੇ ਫੁਲਬ੍ਰਾਈਟ ਨਹਿਰੂ ਸਟੂਡੈਂਟ ਰਿਸਰਚ ਗ੍ਰਾਂਟ, ਜੋ ਕਿ ਬਾਲਟੀਮੋਰ ਕਾਊਂਟੀ ਦੇ ਮੈਰੀਲੈਂਡ ਯੂਨੀਵਰਸਿਟੀ ਦਾ ਗ੍ਰੈਜੁਏਟ ਸਟੂਡੈਂਟ ਐਸੋਸੀਏਸ਼ਨ ਰਿਸਰਚ ਗ੍ਰਾਂਟ ਹੈ, ਦੀ ਮਦਦ ਜ਼ਰੀਏ ਪੂਰਾ ਹੋ ਪਾਇਆ; ਨਾਲ਼ ਹੀ ਮਰਿਅੰਮਾ ਚੈਰੀਟੇਬਲ ਟ੍ਰਸਟ ਦੇ ਸਮਰਥਨ, ਅਤੇ ਸਭ ਤੋਂ ਜਿਆਦਾ ਫ਼ੋਟੋਗ੍ਰਾਫ਼ਰਾਂ ਦੀ ਹਿੱਸੇਦਾਰੀ, ਉਤਸ਼ਾਹ ਤੇ ਯਤਨ ਸਦਕਾ ਹੀ ਸੰਭਵ ਹੋ ਪਾਇਆ। ਟੈਕਸਟ ਦੇ ਅਨੁਵਾਦ ਵਿੱਚ ਬੀਆਰ ਰਾਜੀਵ ਦੀ ਮਦਦ ਵੀ ਅਨਮੋਲ ਸੀ। ਤਸਵੀਰਾਂ ਦੇ ਸਾਰੇ ਕਾਪੀਰਾਈਟ 'ਪਾਰੀ' ਦੇ ਕ੍ਰੀਏਟਿਵ ਕਾਮਨਸ ਨੀਤੀਆਂ ਮੁਤਾਬਕ, ਸਿਰਫ਼ ਫ਼ੋਟੋਗ੍ਰਾਫ਼ਰਾਂ ਦੇ ਕੋਲ਼ ਸੁਰੱਖਿਅਤ ਰੱਖੇ ਹੋਏ ਹਨ। ਉਨ੍ਹਾਂ ਦੇ ਉਪਯੋਗ ਜਾਂ ਮੁੜ-ਪ੍ਰਕਾਸ਼ਨ ਲਈ 'ਪਾਰੀ' ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਲੜੀ ਨਾਲ਼ ਸਬੰਧਤ ਹੋਰ ਫ਼ੋਟੋ ਲੇਖ:
‘We have hills and forests and we live here’
Home with the harvest in Bandipur
Close encounters with the Prince of Bandipur
'That is where the leopard and tiger attack'
'This calf went missing after I took this photo'
ਤਰਜਮਾ: ਨਿਰਮਲਜੀਤ ਕੌਰ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/when-jayamma-spotted-the-leopard-pa

