ਕਾਟੂਪੱਲੀ ਦੇ ਤੱਟ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬੀਚ ‘ਤੇ ਹਲਚਲ ਸ਼ੁਰੂ ਹੋ ਜਾਂਦੀ ਹੈ। ਇਰੂਲਰ ਭਾਈਚਾਰੇ ਦੇ ਮੈਂਬਰ ਗੋਡੇ-ਗੋਡੇ ਲਹਿਰਾਂ ਵਿੱਚ ਖੜ੍ਹੇ ਹੋਏ ਬੰਗਾਲ ਦੀ ਖਾੜੀ ਵਿੱਚ ਜਵਾਰ ਦੇ ਘੱਟਣ ਦੀ ਉਡੀਕ ਕਰ ਰਹੇ ਹਨ। ਖਾਸ ਤੌਰ ‘ਤੇ ਬਣਾਏ ਗਏ ਨੈਟਾਂ ਦੀ ਸਹਾਇਤਾ ਨਾਲ਼ ਉਹ ਉੱਚ ਜਵਾਰਭਾਟੇ ਨਾਲ਼ ਰੁੜ੍ਹ ਕੇ ਆਏ ਕਿਲਿੰਜਲ (ਸਮੁੰਦਰੀ ਸਿੱਪੀਆਂ) ਨੂੰ ਫ਼ਟਾਫ਼ਟ ਇਕੱਠਾ ਕਰ ਲੈਂਦੇ ਹਨ।
“ਉੱਚ ਜਵਾਰਭਾਟੇ ਸਮੇਂ ਅਸੀਂ ਸਿੱਪੀਆਂ ਇਕੱਠੀਆਂ ਨਹੀਂ ਕਰ ਸਕਦੇ ਇਸ ਲਈ ਅਸੀਂ ਜਵਾਰ ਘਟਣ ਦੀ ਉਡੀਕ ਕਰਦੇ ਹਾਂ। ਤਦ ਤੱਕ ਜਾਂ ਤਾਂ ਅਸੀਂ ਖਾਣਾ ਖਾਣ ਘਰ ਚਲੇ ਜਾਂਦੇ ਹਾਂ ਜਾਂ ਫ਼ਿਰ ਇੱਥੇ ਹੀ ਸਮੁੰਦਰ ਕਿਨਾਰੇ ਰੁਕ ਜਾਂਦੇ ਹਾਂ,” ਰਮੇਸ਼ (ਉਹ ਸਿਰਫ਼ ਇਹੀ ਨਾਮ ਵਰਤਦੇ ਹਨ) ਦੱਸਦੇ ਹਨ। ਉਹਨਾਂ ਵਰਗੇ ਹੋਰ ਇਰੂਲਰ ਭਾਈਚਾਰੇ ਦੇ ਮੈਂਬਰਾਂ ਲਈ ਸਿੱਪੀਆਂ ਇਕੱਠੀਆਂ ਕਰਨੀਆਂ ਸਿਰਫ਼ ਇੱਕ ਕਿੱਤਾ ਨਹੀਂ ਹੈ ਬਲਕਿ ਇੱਕ ਰਿਵਾਇਤੀ ਆਜੀਵੀਕਾ ਹੈ ਜੋ ਤਮਿਲਨਾਡੁ ਦੇ ਤਿਰੂਵੱਲੂਰ ਜਿਲ੍ਹੇ ਵਿੱਚ ਸਮੁੰਦਰ ਦੀ ਤਾਲ ਨਾਲ ਗੁੰਦੀ ਹੋਈ ਹੈ।
ਇਕੱਠੀਆਂ ਕੀਤੀਆਂ ਸਿੱਪੀਆਂ ਨੂੰ ਸੁਕਾ ਕੇ ਬਲਦ ਗੱਡੀਆਂ ‘ਤੇ ਲਿਜਾਇਆ ਜਾਂਦਾ ਹੈ ਜਿੱਥੇ ਇਹਨਾਂ ਨੂੰ ਪੀਹ ਕੇ ਚੂਨਾ ਬਣਾਇਆ ਜਾਂਦਾ ਹੈ। ਕਾਮਿਆਂ ਨੂੰ ਇੱਕ ਗੱਡੀ ਦੇ ਲਗਭਗ 500 ਰੁਪਏ ਮਿਲ਼ਦੇ ਹਨ ਅਤੇ ਔਸਤਨ ਇੱਕ ਬੰਦਾ ਹਫ਼ਤੇ ਵਿੱਚ ਸੱਤ ਗੇੜੇ ਲਾ ਹੀ ਲੈਂਦਾ ਹੈ। ਸਿੱਪੀਆਂ ਨੂੰ ਪੀਸ ਕੇ ਚੂਨਾ ਅਤੇ ਸੁਨਾਂਬੂ, ਜੋ ਕਿ ਰਗੜੀਆਂ ਸਿੱਪੀਆਂ ਹੁੰਦੀਆਂ ਹਨ ਜੋ ਉਸਾਰੀ ਵਿੱਚ ਵਰਤੋਂ ਹੁੰਦੀਆਂ ਹਨ, ਬਣਾਏ ਜਾਂਦੇ ਹਨ।
























