ਲਗਭਗ ਪੰਜਾਹ ਸਾਲਾਂ ਦੀ ਅਸ਼ੋਕ ਰਾਣੀ ਗੋਂਡ ਕਦੇ ਸਕੂਲ ਨਹੀਂ ਗਈ, ਪਰ ਉਹਨਾਂ ਦਾ ਨੌਂ ਸਾਲਾਂ ਦਾ ਪੋਤਾ ਇੱਕ ਦਿਨ ਦਾ ਵੀ ਨਾਗਾ ਨਹੀਂ ਪਾਉਂਦਾ, ਉਹ ਹੱਸਦੇ ਹੋਏ ਦੱਸਦੇ ਹਨ। “ਏਕ ਦਿਨ ਬੀ ਨਹੀਂ ਛੋੜਾ [ਇੱਕ ਦਿਨ ਵੀ ਨਹੀਂ ਛੱਡਿਆ]” ਉਹ ਪਾਰੀ ਨਾਲ਼ ਗੱਲ ਕਰਦੇ ਹਨ।
ਉਹਨਾਂ ਦਾ ਪੋਤਾ ਦਬਾ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ 39 ਬੱਚਿਆਂ ਵਿੱਚੋਂ ਇੱਕ ਹੈ। ਲਗਭਗ 500 ਲੋਕਾਂ (ਜਨਗਣਨਾ 2011) ਦੀ ਵੱਸੋਂ ਵਾਲ਼ਾ ਇਹ ਪਿੰਡ ਛੋਟੀਆਂ ਪਹਾੜੀਆਂ, ਖੁੱਲੇ ਮੈਦਾਨ ਅਤੇ ਖੇਤਾਂ ਨਾਲ਼ ਘਿਰਿਆ ਹੋਇਆ ਦਾਮੋਹ ਜਿਲ੍ਹੇ ਦੇ ਇੱਕ ਕੋਨੇ ਵਿੱਚ ਵੱਸਿਆ ਪਿੰਡ ਹੈ। ਜਿਆਦਾਤਰ ਪਰਿਵਾਰ- ਮੁੱਖ ਤੌਰ ‘ਤੇ ਗੋਂਡ ਆਦਿਵਾਸੀ- ਖੇਤੀ ਕਰਦੇ ਹਨ ਅਤੇ ਡੰਗਰ ਪਾਲਦੇ ਹਨ।
ਬਹੁਤੇ ਬਾਲਗ ਕਦੇ ਸਕੂਲ ਨਹੀਂ ਗਏ- 2013 ਦੀ ਇੱਕ ਰਿਪੋਰਟ ਅਨੁਸਾਰ 50 ਪ੍ਰਤੀਸ਼ਤ ਗੋਂਡ ਆਦਿਵਾਸੀ ਅਨਪੜ੍ਹ ਹਨ।
ਇਸ ਲਈ ਦਬਾ ਦੇ ਸਕੂਲ ਵਿੱਚ ਹਮੇਸ਼ਾ ਹੀ ਕੁਝ ਅਨਿਛੁੱਕ ਵਿਦਿਆਰਥੀ ਰਹੇ ਹਨ ਅਤੇ ਇਹਨਾਂ ਦੀ ਗਿਣਤੀ ਵੀ ਸੀਜ਼ਨ ਅਨੁਸਾਰ ਬਦਲਦੀ ਰਹਿੰਦੀ ਹੈ: ਸਕੂਲ ਵਿੱਚ ਨਾ ਆਉਣ ਵਾਲ਼ੇ ਵਿਦਿਆਰਥੀਆਂ ਦੀ ਗਿਣਤੀ ਵੱਧ ਜਦ ਜਾਂਦੀ ਹੈ ਜਦ ਕੰਮ ਨਾ ਹੋਣ ਕਾਰਨ ਪਰਿਵਾਰ ਬੱਚਿਆਂ ਸਮੇਤ ਪਰਵਾਸ ਕਰ ਜਾਂਦੇ ਹਨ। ਕੁਝ ਬੱਚੇ ਪਿੱਛੇ ਰਹਿ ਜਾਂਦੇ ਹਨ ਜੋ ਘਰੇ ਖੇਡਣ ਵਿੱਚ ਸਮਾਂ ਬਿਤਾਉਂਦੇ ਹਨ- ਅੰਬ, ਅਮਰੂਦ ਅਤੇ ਹੋਰ ਦਰਖੱਤਾਂ ‘ਤੇ ਚੜ੍ਹਨਾ 6 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਲਈ ਜਿਆਦਾ ਮਨਭਾਉਂਦਾ ਕੰਮ ਹੈ।
ਸਕੂਲ ਦੇ ਦੋ ਅਧਿਆਪਕਾਂ ਵਿੱਚੋਂ ਇੱਕ ਤਾਰਾਚੰਦ ਯਾਦਵ ਇੱਥੋਂ ਦੇ ਹੀ ਜੰਮਪਲ ਹਨ ਅਤੇ ਉਹਨਾਂ ਕੋਲ਼ ਅਜਿਹੇ ਬੱਚਿਆਂ ਨਾਲ਼ ਨਜਿੱਠਣ ਦਾ ਤਰੀਕਾ ਹੈ। ਉਹ ਇੱਕ ਦੋ ਦਿਨ ਤਾਂ ਉਡੀਕਦੇ ਹਨ ਅਤੇ ਫ਼ਿਰ ਇਹਨਾਂ ਨੰਨ੍ਹੇ ਭਗੌੜਿਆਂ ਦੇ ਘਰ ਚਾਕਲੇਟਾਂ ਨਾਲ਼ ਲੈਸ ਹੋ ਕੇ ਪਹੁੰਚ ਜਾਂਦੇ ਹਨ। “ਮੈਂ ਪਹਿਲਾਂ ਮਾਪਿਆਂ ਨਾਲ਼ ਗੱਲਬਾਤ ਕਰਦਾ ਹਾਂ ਤਾਂ ਜੋ ਉਹ ਬੱਚਿਆਂ ਨੂੰ ਸਕੂਲ ਭੇਜਣ,” ਉਹ ਦੱਸਦੇ ਹਨ। “ਉਹ ਮੈਨੂੰ ਅੱਗੋਂ ਕਹਿੰਦੇ ਹਨ, ‘ਮਾਸਟਰ ਜੀ ਅਸੀਂ ਸਵੇਰੇ ਹੀ ਦਿਹਾੜੀ ਲਈ ਘਰੋਂ ਨਿਕਲ ਜਾਂਦੇ ਹਾਂ…ਅਸੀਂ ਕੀ ਕਰ ਸਕਦੇ ਹਾਂ?’”















