ਲਾਤੇਹਰਾ ਟੋਲਾ ਵਿੱਚ ਸੜਕ ਦੇ ਦੋਵੇਂ ਪਾਸੇ ਅਦਿਵਾਸੀਆਂ ਦੇ ਦੋ ਦਰਜਨ ਘਰ ਹਨ। ਕੁਝ ਘਰ ਪੱਕੇ ਹਨ, ਬਾਕੀ ਮਿੱਟੀ ਅਤੇ ਘਾਹ ਫੂਸ ਦੇ ਬਣੇ ਹੋਏ ਹਨ। ਸਤੰਬਰ ਮਹੀਨੇ ਦੀ ਦੁਪਹਿਰ ਹੈ ਅਤੇ ਬਾਰਿਸ਼ ਹੁਣੇ ਹੀ ਰੁਕੀ ਹੈ; ਆਸਮਾਨ ਲਗਭਗ ਸਾਫ਼ ਹੋ ਚੁੱਕਿਆ ਹੈ। ਕੁਝ ਬਜ਼ੁਰਗ ਔਰਤਾਂ ਸੜਕ ਕਿਨਾਰੇ ਘਰਾਂ ਦੀ ਛਾਵੇਂ ਬੈਠੇ ਗੱਲਾਂ ਬਾਤਾਂ ਕਰਦੇ ਸਮਾਂ ਬਤੀਤ ਕਰ ਰਹੇ ਹਨ।
ਝੁਕੀ ਹੋਈ ਕਮਰ ਅਤੇ ਝੁਰੜੀਆਂ ਫੂਲਮਨੀ ਜੀ ਦੀ ਵਧਦੀ ਹੋਈ ਉਮਰ ਦੀ ਗਵਾਹੀ ਭਰਦੀਆਂ ਹਨ। ਉਹ ਮੇਰੇ ਵੱਲ ਸੋਟੀ ਦੇ ਸਹਾਰੇ ਤੁਰਦਿਆਂ ਆ ਰਹੇ ਹਨ। ਫੂਲਮਨੀ ਜੀ ਤਿੰਨ ਸਾਲ ਦੇ ਸਨ ਜਦ ਭਾਰਤ ਆਜ਼ਾਦ ਹੋਇਆ ਸੀ। ਜਮੂਈ ਜਿਲ੍ਹੇ ਦੇ ਲਾਤੇਹਰਾ ਟੋਲਾ ਨਾਲ਼ ਸਬੰਧ ਰੱਖਦੀ ਇਹ ਸੰਥਾਲ ਆਦਿਵਾਸੀ ਔਰਤ 21 ਸਾਲਾਂ ਦੀ ਉਮਰ ਤੋਂ ਵੋਟਰ ਲਿਸਟ ਦਾ ਹਿੱਸਾ ਰਹੀ ਹੈ, ਪਰ ਪਿਛਲੇ ਮਹੀਨੇ ਉਹਨਾਂ ਦਾ ਨਾਮ ਕੱਟ ਦਿੱਤਾ ਗਿਆ। ਆਪਣੀ ਉਮਰ ਦੇ ਅੱਸੀਵੇਂ ਨੂੰ ਢੁਕੇ ਫੂਲਮਨੀ ਜੀ ਨੂੰ ਇਹ ਫ਼ਿਕਰ ਸਤਾ ਰਹੀ ਹੈ ਕਿ ਉਹਨਾਂ ਦੀ ਬਾਕੀ ਜ਼ਿੰਦਗੀ ਕਿਵੇਂ ਬੀਤੇਗੀ- ਉਹਨਾਂ ਨੂੰ ਡਰ ਹੈ ਕਿ ਜੇ ਉਹ ਵੋਟ ਨਹੀਂ ਪਾ ਸਕਣਗੇ ਤਾਂ ਉਹ ਸਰਕਾਰੀ ਸਕੀਮਾਂ ਲਈ ਅਯੋਗ ਹੋ ਜਾਣਗੇ ਜੋ ਇਸ ਬਜ਼ੁਰਗ ਔਰਤ ਲਈ ਬਹੁਤ ਜ਼ਰੂਰੀ ਹਨ।
ਵਿਸ਼ਨੂਦੇਵ ਹੰਸਦਾ ਨਾਮ ਵੀ ਦੁਬਾਰਾਤਰੀ ਪਿੰਡ ਦੇ ਕਨਾਰ ਆਦਿਵਾਸੀ ਟੋਲਾ ਦੀ ਯੋਗ ਵੋਟਰਾਂ ਦੀ ਲਿਸਟ ਵਿੱਚੋਂ ਕੱਟ ਦਿੱਤਾ ਗਿਆ। ਅਤੇ ਰਾਜੂ ਕਿਸਕੂ ਦਾ ਵੀ। ਅਤੇ ਫੂਲਮਨੀ ਜੀ ਦੇ ਪਰਿਵਾਰ ਦੇ ਹੋਰ ਪੰਜ ਮੈਂਬਰਾਂ ਦਾ ਵੀ। ਇਹ ਸਭ ਲੋਕ ਬੂਥ ਨੰਬਰ 14, ਉਤਕ੍ਰਮਿਤ ਮੱਧਿਆ ਵਿਦਿਆਲਾ, ਖਿਰਭੋਜਨਾ (ਪੂਰਬ) ਦੇ ਅੰਤਰਗਤ ਆਉਂਦੇ ਹਨ। ਪੰਜਾਹ ਨਾਮ ਕੱਟੇ ਗਏ ਹਨ। ਜਦ ਮੈਂ ਚੈੱਕ ਕੀਤਾ ਤਾਂ ਇਹਨਾਂ ਵਿੱਚੋਂ 50 ਪ੍ਰਤੀਸ਼ਤ ਆਦਿਵਾਸੀ ਸਨ। ਸੰਸ਼ੋਧਨ ਤੋਂ ਬਾਅਦ ਅੰਤਿਮ ਲਿਸਟ ਵਿੱਚ ਇਸ ਬੂਥ ਵਿੱਚ 661 ਵੋਟਰ ਸਨ।
ਬਿਹਾਰ ਵਿੱਚ ਵਿਸ਼ੇਸ਼ ਡੂੰਘੀ ਪੜਤਾਲ਼ (ਐੱਸਆਈਆਰ)ਜੁਲਾਈ 2025 ਵਿੱਚ ਕੀਤਾ ਗਿਆ ਸੀ, ਅਤੇ ਇਸ ਤਹਿਤ ‘ਮ੍ਰਿਤ’ ਜਾਂ ‘ਪਲਾਇਨ’ ਨੂੰ ਮੁੱਖ ਕਾਰਨ ਦੱਸਦਿਆਂ 66 ਲੱਖ ਤੋਂ ਜਿਆਦਾ ਵੋਟਾਂ ਕੱਟ ਦਿੱਤੀਆਂ ਗਈਆਂ। ਪੜ੍ਹੋ: ਬਿਹਾਰ ਦੇ 'ਮ੍ਰਿਤਕ' ਜਦ ਬੋਲ ਉੱਠੇ
ਇਸ ਸੂਬੇ ਵਿੱਚ ਅਦਿਵਾਸੀਆਂ ਦੀ ਗਿਣਤੀ ਕੁੱਲ ਜਨਸੰਖਿਆ ਦੇ ਦੋ ਪ੍ਰਤੀਸ਼ਤ ਤੋਂ ਵੀ ਘੱਟ ਹੈ, ਪਰ ਹਾਲ ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਹੋਈ ਐੱਸ. ਆਈ. ਆਰ. ਵਿੱਚ ਇਹਨਾਂ ਦੀਆਂ ਵੋਟਾਂ ਸਭ ਤੋਂ ਜਿਆਦਾ ਕੱਟੀਆਂ ਗਈਆਂ। ਘਰੇਲੂ ਗੁਜ਼ਰ ਬਸਰ ਲਈ ਕਬਾਇਲੀ ਲੋਕ ਜਿਆਦਾਤਰ ਨੇੜਲੀਆਂ ਪਹਾੜੀਆਂ ਦੇ ਜੰਗਲਾਂ ਤੋਂ ਮਿਲ਼ਣ ਵਾਲੇ ਲਘੂ ਉਤਪਾਦਾਂ ‘ਤੇ ਨਿਰਭਰ ਹਨ। ਉਹ ਸਾਰਾ ਦਿਨ ਜੰਗਲ ਤੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਦੇ ਹਨ ਅਤੇ ਸ਼ਾਮ ਵੇਲ਼ੇ ਨੇੜਲੇ ਬਜ਼ਾਰ ਵਿੱਚ ਵੇਚ ਕੇ 150-200 ਰੁਪਏ ਕਮਾ ਲੈਂਦੇ ਹਨ। ਇਸ ਤੋਂ ਇਲਾਵਾ ਇਹ ਲੋਕ ਖੇਤਾਂ ਵਿੱਚ, ਮਨਰੇਗਾ ਵਿੱਚ ਅਤੇ ਜਿੱਥੇ ਵੀ ਕੰਮ ਮਿਲ਼ੇ ਦਿਹਾੜੀ ‘ਤੇ ਕੰਮ ਕਰਦੇ ਹਨ।
















