''ਇਸਕੋ ਦੇਖਿਓ! ਮਰ ਗਯਾ ਹੈ... ਔਰ ਚਲ ਰਹਾ ਹੈ।''
ਪਿਛਲੇ ਕੁਝ ਸਮੇਂ ਤੋਂ ਅਮਿਤ ਮਰਾਂਡੀ ਮਜ਼ਾਕ ਦਾ ਵਿਸ਼ਾ ਬਣੇ ਹੋਏ ਹਨ ਅਤੇ ਅੱਜ ਵੀ ਉਨ੍ਹਾਂ ਨਾਲ਼ ਕੁਝ ਵੱਖਰਾ ਨਹੀਂ ਹੋਇਆ ਹੈ। ਉਹ ਮਚਾਨ (ਬਾਂਸ ਤੋਂ ਬਣੀ ਬੈਂਚ ਵਰਗੀ ਬਣਤਰ) ਵੱਲ ਵਧ ਰਹੇ ਹਨ, ਜਿੱਥੇ ਪਿੰਡ ਦੇ ਅੱਧੇ ਦਰਜਨ ਲੋਕ ਮੌਜੂਦ ਹਨ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ।
32 ਸਾਲਾ ਸੰਤਾਲ ਆਦਿਵਾਸੀ ਅਮਿਤ ਵੀ ਇਸੇ ਮਜ਼ਾਕ ਵਿੱਚ ਜਾ ਰਲ਼ਦੇ ਹਨ, ਪਰ ਛੇਤੀ ਹੀ ਉਨ੍ਹਾਂ ਦਾ ਚਿਹਰਾ ਗੰਭੀਰ ਹੋ ਜਾਂਦਾ ਹੈ। ਦੁੱਖ ਦੇ ਨਾਲ਼ ਉਹ ਕਹਿੰਦੇ ਹਨ,''ਦੇਖ ਲੀਜੀਏ, ਹਮ ਜ਼ਿੰਦਾ ਹੈਂ ਲੇਕਿਨ ਹਮਕੋ ਮਾਰ ਦਿਯਾ ਹੈ।''
ਬਿਹਾਰ ਦੇ ਲੋਹਸਿੰਘਣਾ ਪਿੰਡ ਦੇ ਰਹਿਣ ਵਾਲ਼ੇ ਦਿਹਾੜੀ ਮਜ਼ਦੂਰ ਅਮਿਤ ਮਰਾਂਡੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਮ੍ਰਿਤਕ ਵੋਟਰਾਂ ਦੀ ਸੂਚੀ ਵਿੱਚ ਆਪਣਾ ਨਾਮ ਦੇਖ ਕੇ ਹੈਰਾਨ ਹਨ। ਇਹ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਪੜਤਾਲ਼ (ਐੱਸਆਈਆਰ) ਦੌਰਾਨ ਤਿਆਰ ਕੀਤੀ ਗਈ ਸੀ। ਚੋਣ ਆਯੋਗ ਨੇ ਇਸ ਪ੍ਰਕਿਰਿਆ ਰਾਹੀਂ ਰਾਜ ਵਿੱਚ ਵੋਟਿੰਗ ਲਈ ਅਯੋਗ ਵੋਟਰਾਂ ਨੂੰ ਵੋਟਰ ਸੂਚੀ ਤੋਂ ਹਟਾਉਣ ਦੀ ਪਹਿਲ ਸ਼ੁਰੂ ਕੀਤੀ ਸੀ। ਪਰ ਲੋਆ ਟੋਲਾ ਦੇ ਕਈ ਆਦਿਵਾਸੀ ਵੋਟਰਾਂ ਨੂੰ ਜੀਊਂਦੇ ਜੀ ‘ਮ੍ਰਿਤਕ’ ਘੋਸ਼ਿਤ ਕਰ ਦਿੱਤਾ ਗਿਆ ਹੈ। ਫ਼ੋਨ 'ਤੇ ਮੈਂ ਸਥਾਨਕ ਸੂਤਰਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਮਿਤ ਦਾ ਨਾਮ ਵੀ ਇਸੇ ਸੂਚੀ ਵਿੱਚ ਦਰਜ ਹੈ।
ਇਹ ਜਾਣ ਕੇ ਕਿ ਉਨ੍ਹਾਂ ਦਾ ਨਾਮ ਹਟਾਏ ਗਏ ਵੋਟਰਾਂ ਦੀ ਸੂਚੀ ਵਿੱਚ ਹੈ, ਇਹ ਗੱਲ ਉਨ੍ਹਾਂ ਨੂੰ ਚੁਭਦੀ ਹੈ। ਉਹ ਕਹਿੰਦੇ ਹਨ,''ਬੁਰਾ ਤੋ ਲਗਤਾ ਹੈ ਨਾ।''
ਦੁਪਹਿਰ ਦੇ ਕਰੀਬ 12 ਵਜੇ ਮੈਂ ਲੋਆ ਟੋਲਾ ਵਿੱਚ ਹਾਂ, ਜੋ ਆਦਿਵਾਸੀਆਂ ਦੀ ਇੱਕ ਛੋਟੀ ਜਿਹੀ ਢਾਣੀ ਹੈ। ਮੇਰੇ ਹੱਥ ਵਿੱਚ ਬੂਥ ਨੰਬਰ 223 ਦੇ ਹਟਾਏ ਗਏ ਵੋਟਰਾਂ ਦੀ ਸੂਚੀ ਹੈ। ਜਦੋਂ ਮੈਂ ਚੋਣ ਆਯੋਗ ਦੀ ਵੈੱਬਸਾਈਟ 'ਤੇ ਹਟਾਏ ਗਏ ਵੋਟਰਾਂ ਦੀਆਂ ਸੂਚੀਆਂ ਦੀ ਜਾਂਚ ਕਰ ਰਿਹਾ ਸਾਂ ਤਾਂ ਇਸ ਦੌਰਾਨ ਮੈਨੂੰ ਇਸ ਪਿੰਡ ਬਾਰੇ ਪਤਾ ਲੱਗਿਆ। ਇਸੇ ਤਰ੍ਹਾਂ ਮੈਂ ਲੋਹਸਿੰਘਣਾ ਪਿੰਡ ਦੇ ਬੂਥ ਨੰਬਰ 223 ਤੱਕ ਪਹੁੰਚਿਆ, ਜਿੱਥੇ ਕਈ ਆਦਿਵਾਸੀ ਵੋਟਰਾਂ ਦੇ ਨਾਮ ਸੂਚੀ ਤੋਂ ਹਟਾ ਦਿੱਤੇ ਗਏ ਸਨ।
ਲੋਆ ਟੋਲਾ ਸੰਤਾਲ ਆਦਿਵਾਸੀਆਂ ਦੀ ਇੱਕ ਬਸਤੀ ਹੈ, ਜਿਸਦਾ ਨਾਮ ਇੱਕ ਦਰੱਖਤ ਦੇ ਨਾਮ 'ਤੇ ਪਿਆ ਹੈ। ਡੁਮਰ ਜਾਂ ਗੂਲਰ (ਕਲਸਟਰ ਫਿਗ) ਦੇ ਦਰੱਖਤ ਨੂੰ ਸੰਤਾਲੀ ਭਾਸ਼ਾ ਵਿੱਚ 'ਲੋਆ' ਕਿਹਾ ਜਾਂਦਾ ਹੈ। ਸੰਤਾਲੀ ਇੱਕ ਆਸਟ੍ਰੋਏਸ਼ਿਆਟਿਕ ਭਾਸ਼ਾ ਹੈ, ਜਿਸਨੂੰ ਭਾਰਤ ਵਿੱਚ ਲਗਭਗ 74 ਲੱਖ ਲੋਕ ਬੋਲਦੇ ਹਨ।
ਮੁਕਾਮੀ ਲੋਕ ਦੱਸਦੇ ਹਨ ਕਿ ਕਦੇ ਇਸ ਢਾਣੀ ਵਿੱਚ ਗੂਲਰ ਦਾ ਇੱਕ ਬੜਾ ਵੱਡਾ ਦਰੱਖਤ ਸੀ, ਜੋ ਗਾਰੇ ਅਤੇ ਫੂਸ ਵਾਲ਼ੀ ਸੰਤਾਲੀ ਢਾਣੀ ਦੀ ਪਛਾਣ ਬਣ ਗਿਆ। ਬਿਹਾਰ ਜਾਤੀ ਸਰਵੇਖਣ 2022-2023 ਦੇ ਮੁਤਾਬਕ, ਜ਼ਿਆਦਾਤਰ ਸੰਤਾਲ ਲੋਕਾਂ ਦੀ ਮਹੀਨੇ ਦੀ ਔਸਤ ਆਮਦਨੀ ਲਗਭਗ 6,000 ਰੁਪਏ ਜਾਂ ਉਸ ਤੋਂ ਘੱਟ ਹੈ। ਹਰ ਪੰਜ ਵਿੱਚੋਂ ਇੱਕ ਸੰਤਾਲ ਆਦਿਵਾਸੀ ਖੇਤੀ ਨਾਲ਼ ਜੁੜਿਆ ਹੋਇਆ ਹੈ। ਭਾਵੇਂ ਉਹ ਛੋਟਾ ਕਿਸਾਨ ਹੋਵੇ ਜਾਂ ਮੁਜਾਰਾ। ਬਾਕੀ ਲੋਕ ਅਮਿਤ ਵਾਂਗ ਮਜ਼ਦੂਰੀ ਕਰਦੇ ਹਨ। ਅਮਿਤ ਪਟਨਾ ਵਿੱਚ ਡਰਾਈਵਰੀ ਦਾ ਕੰਮ ਕਰਦੇ ਹਨ।





















