ਅੱਜਕੱਲ੍ਹ, ਪੂਰਨੀਆ ਜ਼ਿਲ੍ਹੇ ਦੇ ਮੱਕੀ ਖੇਤਾਂ ਵਿੱਚੋਂ ਹੋ ਕੇ ਲੰਘਣ ਵਾਲ਼ੀ ਮੁੱਖ ਅਸਫਾਲਟ (ਇੱਕ ਪ੍ਰਕਾਰ ਦੀ ਕੇਰੀ) ਸੜਕ ਦੇ ਦੋਵੇਂ ਪਾਸੀਂ ਜਿਓਂ ਕਿਸੇ ਨੇ ਸੋਨਾ ਵਿਛਾ ਦਿੱਤਾ ਹੋਵੇ। ਮੱਕੀ ਦੀ ਫ਼ਸਲ ਕੱਟੀ ਜਾ ਚੁੱਕੀ ਹੈ ਅਤੇ ਕਿਸਾਨ ਦਾਣਿਆਂ ਨੂੰ ਸੁਕਾਉਣ ਲਈ ਸੜਕ ਦੇ ਦੋਵੇਂ ਪਾਸੇ ਖਲ੍ਹਾਰ ਦਿੰਦੇ ਹਨ। ਜਦੋਂ ਅਸੀਂ ਚਾਂਦਵਾ-ਰੂਪਸਪੁਰ ਆਦਿਵਾਸੀ ਟੋਲਾ ਕੋਲ਼ ਪਹੁੰਚਦੇ ਹਾਂ, ਤਦ ਵੇਖਦੇ ਹਾਂ ਕਿ ਸੰਥਾਲ ਮਰਦ ਅਤੇ ਔਰਤਾਂ ਲੱਕੜ ਦੇ ਹੱਲ ਵਰਗੇ ਔਜ਼ਾਰ ਨਾਲ਼ ਦਾਣਿਆਂ ਨੂੰ ਉਲਟਾ-ਪੁਲਟਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਨਮੀ ਜਲਦੀ ਉੱਡ ਜਾਵੇ। ਉਨ੍ਹਾਂ ਦੀ ਹਰ ਹਰਕਤ 'ਤੇ ਕਿਤੇ ਨਾ ਕਿਤੇ ਕੋਈ ਚੌਕੀਦਾਰ ਨਿਗਰਾਨੀ ਜ਼ਰੂਰ ਕਰ ਰਿਹਾ ਹੁੰਦਾ ਹੈ ਤੇ ਛੇਤੀ ਹੀ ਉਹ ਜਿਮੀਂਦਾਰਾਂ ਦੇ ਹਿੱਸੇ ਆਉਂਦੀ ਫ਼ਸਲ ਵਸੂਲਣ ਉਨ੍ਹਾਂ ਦੇ ਦਰਵਾਜ਼ੇ 'ਤੇ ਆ ਧਮਕੇਗਾ। ਜਿਮੀਂਦਾਰਾਂ ਦੀ ਜ਼ਮੀਨ 'ਤੇ ਇਹ ਆਦਿਵਾਸੀ ਪੀੜ੍ਹੀਆਂ ਤੋਂ ਮੁਜ਼ਾਰੇ ਬਣ ਆਪਣਾ ਸਰੀਰ ਤੋੜਦੇ ਆ ਰਹੇ ਹਨ ਅਤੇ ਭੂ-ਸੁਧਾਰ ਕਾਨੂੰਨ ਬਣਨ ਤੋਂ ਸਾਲਾਂ ਬਾਅਦ ਵੀ ਅੱਜ ਤੱਕ ਆਪਣੀ ਫ਼ਸਲ ਦਾ ਇੱਕ ਹਿੱਸਾ ਉਨ੍ਹਾਂ ਨੂੰ ਦਿੰਦੇ ਹਨ।
ਸੜਕ ਤੋਂ ਥੋੜ੍ਹੀ ਦੂਰ, ਪਿੰਡ ਦੇ ਨੇੜੇ ਬਣੀ ਇੱਕ ਯਾਦਗਾਰ ਦੀਆਂ ਝੀਤਾਂ ਵਿੱਚੋਂ ਦੀ ਉਨ੍ਹਾਂ ਦੇ ਪੁਰਖੇ ਵੀ ਚੌਕਸੀ ਰੱਖਦੇ ਹਨ। ਸਤੰਭਨੁਮਾ ਇਹ ਯਾਦਗਾਰ 50 ਸਾਲ ਪਹਿਲਾਂ ਹੋਈ ਕਤਲੋਗਾਰਤ ਦੀ ਯਾਦ ਵਿੱਚ ਬਣਾਈ ਗਈ ਹੈ। ਉੱਚੇ ਚਬੂਤਰੇ 'ਤੇ ਬਣਿਆ ਇੱਕ ਚਿੱਟਾ ਸਤੰਭ, ਲੋਹੇ ਦੀਆਂ ਸੀਖਾਂ ਨਾਲ਼ ਜਿਹਦਾ ਘੇਰਾ ਘੱਤਿਆ ਗਿਆ ਹੈ, ਖੇਤਾਂ ਵਿੱਚ ਹਿੱਕ ਤਾਣੀ ਖੜ੍ਹਾ ਹੈ। ਇਹਦੇ 'ਤੇ ਜੜੀ ਸੰਗਮਰਮਰ ਦੀ ਪੱਟੀ 'ਤੇ ਉਨ੍ਹਾਂ 14 ਲੋਕਾਂ ਦੇ ਨਾਮ ਖੁਦੇ ਹੋਏ ਹਨ, ਜਿਨ੍ਹਾਂ ਨੂੰ 22 ਨਵੰਬਰ 1971 ਨੂੰ ਜ਼ਿਮੀਂਦਾਰਾਂ ਨੇ ਬੇਰਹਮੀ ਨਾਲ਼ ਮਾਰ ਮੁਕਾਇਆ ਸੀ।
“ਸਾਰਾ ਪਿੰਡ ਸ਼ਮਸ਼ਾਨ ਵਰਗਾ ਲੱਗ ਰਿਹਾ ਸੀ। ਹਰ ਘਰ 'ਚੋਂ ਰੋਣ-ਪਿੱਟਣ ਦੀਆਂ ਅਵਾਜ਼ਾਂ ਆ ਰਹੀਆਂ ਸਨ ਅਤੇ ਧੂੰਆ ਉੱਠ ਰਿਹਾ ਸੀ। ਲੋਕ ਬੇਸੁੱਧ ਹੋ ਕੇ ਰੋ ਰਹੇ ਸਨ। ਉਨ੍ਹਾਂ (ਜ਼ਿਮੀਂਦਾਰਾਂ ਦੀ ਨਿੱਜੀ ਫੌਜ ਨੇ) 45 ਘਰਾਂ ਨੂੰ ਅੱਗ ਦੇ ਹਵਾਲ਼ੇ ਕਰ ਦਿੱਤਾ ਸੀ।” ਬੁਢਾਪੇ ਨੇ ਵੀ ਸ਼ਿਵਨਾਰਾਇਣ ਦੀਆਂ ਉਨ੍ਹਾਂ ਦਿਲ-ਦਹਿਲਾ ਦੇਣ ਵਾਲ਼ੀਆਂ ਯਾਦਾਂ ਨੂੰ ਧੁੰਦਲਾ ਨਹੀਂ ਸੀ ਕੀਤਾ ਜਿਹਦਾ ਚਸ਼ਮਦੀਦ ਗਵਾਹ ਉਹ ਇੱਕ ਗਭਰੇਟ ਮੁੰਡਾ ਸੀ। ਬਿਹਾਰ ਵਿੱਚ ਹਾਲਾਤ ਅਜੇ ਵੀ ਬਹੁਤੇ ਨਹੀਂ ਬਦਲੇ।
ਹੁਣ 70 ਸਾਲ ਦੇ ਹੋ ਚੁੱਕੇ ਸ਼ਿਵਨਾਰਾਇਣ ਮੁਰਮੂ ਅੱਜ ਵੀ ਉਸ ਦਿਨ ਨੂੰ ਨਹੀਂ ਭੁੱਲੇ ਹਨ। ਉਹ ਦੱਸਦੇ ਹਨ,“ਉਸ ਵੇਲ਼ੇ ਵੀ ਲੜਾਈ ਜ਼ਮੀਨ ਦੀ ਸੀ।” ਉਸ ਹੱਤਿਆਕਾਂਡ ਵਿੱਚ ਉਨ੍ਹਾਂ ਦੇ ਦੋ ਰਿਸ਼ਤੇਦਾਰ ਮਾਰੇ ਗਏ। ਜਦੋਂ ਜੁਲਾਈ, 2025 ਦੀ ਇੱਕ ਸ਼ਾਮ ਅਸੀਂ ਉਨ੍ਹਾਂ ਨੂੰ ਮਿਲ਼ਣ ਗਏ ਤਾਂ ਉਨ੍ਹਾਂ ਦੱਸਿਆ,“ਸੂਰਜ ਅਜੇ ਡੁੱਬਿਆ ਨਹੀਂ ਸੀ। ਉਹ ਬੰਦੂਕ, ਡਾਂਗ, ਕੁਹਾੜੀ ਨਾਲ਼ ਲੈਸ ਹੋ ਕੇ ਆਏ ਸਨ ਅਤੇ ਚੁਫ਼ੇਰਿਓਂ ਸਾਡੇ ਟੋਲੇ ਨੂੰ ਘੇਰ ਲਿਆ। ਉਨ੍ਹਾਂ ਸਾਡੇ ਆਦਿਵਾਸੀ ਘਰਾਂ ਨੂੰ ਅੱਗ ਲਾ ਦਿੱਤੀ ਅਤੇ ਜੋ ਵੀ ਸਾਹਮਣੇ ਆਇਆ, ਉਸਨੂੰ ਗੋਲ਼ੀ ਮਾਰ ਦਿੱਤੀ ਜਾਂ ਜਿਊਂਦੇ ਸਾੜ ਦਿੱਤਾ।”
ਪਰ ਸ਼ਿਵਨਾਰਾਇਣ ਦਾ ਦਰਦ ਇਸ ਤੋਂ ਵੀ ਡੂੰਘਾ ਹੈ। ਉਸ ਨਰਸੰਹਾਰ ਤੋਂ ਲਗਭਗ ਸੱਤ ਸਾਲ ਪਹਿਲਾਂ, ਜਦੋਂ ਉਹ ਮੁਸ਼ਕਲ ਨਾਲ਼ 10 ਸਾਲ ਦੇ ਸਨ, ਉਨ੍ਹਾਂ ਦੇ ਪਿਤਾ ਲਖਨਲਾਲ ਹੈਂਬਰਮ ਦੀ ਹੱਤਿਆ ਕਰ ਦਿੱਤੀ ਗਈ। ਕਾਰਨ ਫਿਰ ਉਹੀ ਸੀ, ਜ਼ਮੀਨ। “ਉਹ ਪੜ੍ਹੇ-ਲਿਖੇ ਸਨ ਅਤੇ ਸੰਥਾਲ ਆਦਿਵਾਸੀਆਂ ਦੇ ਮਾਲਿਕਾਨੇ ਹੱਕ ਲਈ ਅਦਾਲਤਾਂ ਵਿੱਚ ਜਾਂਦੇ ਸਨ। ਇੱਕ ਦਿਨ ਉਹ ਜ਼ਿਮੀਂਦਾਰ ਪਾਸੇ ਦੇ ਲੋਕਾਂ ਨੂੰ ਛੱਡਣ ਗਏ ਅਤੇ ਵਾਪਸ ਨਹੀਂ ਆਏ। ਤਿੰਨ ਦਿਨ ਬਾਅਦ ਉਨ੍ਹਾਂ ਦੀ ਗਲ਼ਾ ਵੱਢੀ ਲਾਸ਼ ਘਰ ਤੋਂ ਚਾਰ ਕਿਲੋਮੀਟਰ ਦੂਰ ਜੰਗਲ ਵਿੱਚ ਬਰਾਬਦ ਹੋਈ।” ਕਿਸੇ ਨੂੰ ਸਜ਼ਾ ਨਹੀਂ ਮਿਲ਼ੀ।
ਜਦੋਂ ਕਤਲੋਗਾਰਤ ਤੋਂ ਲਗਭਗ ਇੱਕ ਦਹਾਕੇ ਬਾਅਦ ਹੇਠਲੀ ਅਦਾਲਤ ਨੇ 25-30 ਜ਼ਿਮੀਂਦਾਰ ਮੁਲਜ਼ਮਾਂ ਨੂੰ 20 ਸਾਲ ਦੀ ਸਜ਼ਾ ਸੁਣਾਈ, ਤਾਂ ਸ਼ਿਵਨਾਰਾਇਣ ਨੂੰ ਲੱਗਾ ਕਿ ਸਮਾਂ ਬਦਲ ਗਿਆ ਹੈ।
ਪਰ ਉਹ ਸਿਰਫ਼ ਅੱਧੀ ਕਹਾਣੀ ਹੀ ਜਾਣਦੇ ਹਨ।















