“ਜਦੋਂ ਅਸੀਂ ਖੇਤਾਂ ਵਿੱਚ ਕੰਮ ਕਰਦੇ ਹਾਂ, ਤਾਂ ਆਮ ਤੌਰ 'ਤੇ ਦੁਪਹਿਰ ਦੇ ਖਾਣੇ ਲਈ ਗਾਬੀਏ ਪਕਾਉਂਦੇ ਹਾਂ,” ਕਿਸਾਨ ਅਸਿਨੋ ਮਹੀਏਸੀਸੀਏਨੋ ਮੇਯਾਸੇ ਕਹਿੰਦੇ ਹਨ। ਹਲਕੇ ਮਸਾਲਿਆਂ ਵਾਲ਼ੀ ਇਸ ਕਰੀ ਵਿੱਚ ਸਿਰਫ਼ ਕੁਝ ਕੁ ਚੀਜ਼ਾਂ ਹੀ ਪੈਂਦੀਆਂ ਹਨ ਤੇ ਉਹ ਵੀ ਨਾਗਾਲੈਂਡ ਦੇ ਖੋਨੋਮਾ ਵਿਖੇ ਮੁਕਾਮੀ ਤੌਰ 'ਤੇ ਉਪਲਬਧ ਹਨ ਅਤੇ ਖੇਤ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਆਸਾਨੀ ਨਾਲ਼ ਮਿਲ਼ ਵੀ ਜਾਂਦੀਆਂ ਹਨ।
“ਕਦੇ-ਕਦੇ ਅਸੀਂ ਗਾਲਹੋ ਵੀ ਬਣਾਉਂਦੇ ਹਾਂ,” ਉਹ ਅੱਗੇ ਦੱਸਦੇ ਹਨ। ਇਹ ਇੱਕ ਪੋਸ਼ਟਿਕ ਖਾਣਾ ਹੈ, ਜਿਸ ਵਿੱਚ ਚੌਲ਼ਾਂ ਨੂੰ ਤਾਜ਼ੇ ਪੱਤਿਆਂ ਜਾਂ ਜੰਗਲੀ ਸਾਗ, ਦੇਸੀ ਮਸਾਲਿਆਂ ਅਤੇ ਸਮੋਕਡ ਪੋਰਕ ਜਾਂ ਬੀਫ਼ ਵਰਗੇ ਮਾਸ ਦੇ ਨਾਲ਼ ਪਕਾ ਕੇ ਦਲੀਏ ਵਰਗਾ ਬਣਾ ਦਿੱਤਾ ਜਾਂਦਾ ਹੈ। 36 ਸਾਲਾ ਅਸਿਨੋ ਪਾਰੀ ਨੂੰ ਦੱਸਦੇ ਹਨ, “ਇਹ ਅੰਗਾਮੀ ਲੋਕਾਂ ਦਾ ਖ਼ਾਸ ਵਿਅੰਜਨ ਹੈ।”
ਸਰਦੀਆਂ ਦੀ ਇੱਕ ਸੁਹਾਵਣੀ ਸਵੇਰ ਅਸਿਨੋ ਆਪਣੀ ਪੱਕੀ ਸਹੇਲੀ, ਉਤਸੋਨੋ ਮੇਰੂ ਦੇ ਨਾਲ਼ ਖੋਨੋਮਾ ਦੇ ਝੂਮ ਦੇ ਖੇਤਾਂ ਵੱਲ ਨੂੰ ਜਾਂਦੀ ਇੱਕ ਤੰਗ ਜਿਹੀ ਪਗਡੰਡੀ 'ਤੇ ਚੱਲ ਰਹੇ ਹਨ। ਨਾਗਾਲੈਂਡ ਵਿੱਚ ਪਹਾੜੀ ਢਲਾਨਾਂ 'ਤੇ ਝੂਮ, ਯਾਨੀ ਸਥਾਨਾਂਤਰਿਤ ਖੇਤੀ ਆਮ ਤੌਰ 'ਤੇ ਕੀਤੀ ਜਾਂਦੀ ਹੈ। ਤੁਰਦੇ-ਤੁਰਦੇ ਦੋਵੇਂ ਅਚਾਨਕ ਝੁਕਦੀਆਂ ਹਨ ਅਤੇ ਸਾਗ ਅਤੇ ਕੁਝ ਹੋਰ ਪੱਤੇ ਤੋੜਨ ਲੱਗਦੀਆਂ ਹਨ। ਇਸ ਦੌਰਾਨ ਉਨ੍ਹਾਂ ਦੀਆਂ ਗੱਲਾਂ ਅਤੇ ਹਾਸੇ ਜਾਰੀ ਰਹਿੰਦੇ ਹਨ। ਅਸਿਨੋ ਕਹਿੰਦੇ ਹਨ,“ਅਸੀਂ ਵਾਕਈ ਸਭ ਤੋਂ ਪੱਕੀਆਂ ਸਹੇਲੀਆਂ ਹਾਂ। ਜਦੋਂ ਅਸੀਂ ਇਕੱਠੀਆਂ ਹੁੰਦੀਆਂ ਹਾਂ, ਤਾਂ ਹੀ ਸਭ ਤੋਂ ਵੱਧ ਖੁਸ਼ ਰਹਿੰਦੀਆਂ ਹਾਂ।” ਇਸ ਲਈ ਬਚਪਨ ਦੀਆਂ ਇਹ ਦੋਵੇਂ ਸਹੇਲੀਆਂ ਆਪਣੇ ਸਮੇਂ ਦਾ ਤਾਲਮੇਲ ਬਿਠਾਉਂਦੀਆਂ ਹਨ ਅਤੇ ਆਪਣੇ ਝੂਮ ਦੇ ਖੇਤਾਂ ਵਿੱਚ ਕੰਮ ਕਰਨ ਵੀ ਇਕੱਠੀਆਂ ਹੀ ਨਿਕਲ਼ਦੀਆਂ ਹਨ।
42 ਸਾਲਾਂ ਉਤਸੋਨੋ ਆਪਣੇ ਹੱਥ ਵਿੱਚ ਫੜ੍ਹੀਆਂ ਤਾਜ਼ਾ ਜੜ੍ਹੀਆਂ-ਬੂਟੀਆਂ ਦੇ ਗੁੱਛੇ ਵੱਲ ਇਸ਼ਾਰਾ ਕਰਦਿਆਂ ਟੇਨੀਡੀ ਭਾਸ਼ਾ ਵਿੱਚ ਉਨ੍ਹਾਂ ਦੇ ਨਾਮ ਗਿਣਾਉਂਦੇ ਹਨ – ਗਾਥਾ (ਫਿਸ ਮਿੰਟ, ਹਾਊਤਟੁਯਨੀਆ ਕੋਰਡੇਟਾ), ਗਗੇਈ (ਹਿਮਾਲਿਆਈ ਨਾਟਵੀਡ, ਕੋਏਨਿਗਿਆ ਪੋਲੀਸਟੈਚੀਆ), ਖਾਮਹੂ (ਜੰਗਲੀ ਪੇਰੀਲਾ, ਪੇਰੀਲਾ ਫਰੁਟਸੈਂਸ) ਅਤੇ ਗਾਕਰਾ (ਜਾਵਾ ਵਾਟਰ ਡ੍ਰਾਪਵਰਟ, ਓਨੇਂਥੇ ਜਾਵਨਿਕਾ)।
''ਗਾਥਾ ਤੋਂ ਅਸੀਂ ਕਿੰਗ ਚਿਲੀ ਤੇ ਨਾਲ਼ ਚਟਣੀ ਬਣਾਵਾਂਗੇ, ਜਿਹਨੂੰ ਗਾਬੀਏ ਦੇ ਨਾਲ਼ ਖਾਵਾਂਗੇ ਤੇ ਬਾਕੀ ਸਾਗ ਗਾਬੀਏ ਵਿੱਚ ਪਾ ਦਿਆਂਗੇ। ਜੋ ਬੱਚ ਗਿਆ, ਉਹਨੂੰ ਘਰ ਲੈ ਜਾਵਾਂਗੇ ਤੇ ਬਾਅਦ ਵਿੱਚ ਪਕਾਵਾਂਗੇ,'' ਉਹ ਸਮਝਾਉਂਦੇ ਹਨ।






