ਰਸੋਈ ਵਿੱਚ ਅੱਗ ਬਲ਼ ਚੁੱਕੀ ਹੈ। ਟੀਆਮੋਂਗਲਾ ਸਮਾਂ ਨਹੀਂ ਗੁਆ ਸਕਦੀ। ਉਹ ਫੁਰਤੀ ਨਾਲ਼ ਰਸੋਈ ਵਿੱਚ ਕੰਮ ਕਰ ਰਹੀ ਹੈ, ਆਪਣੀ ਬਗੀਚੀ ਵਿੱਚੋਂ ਤੋੜੇ ਹੋਏ ਮਿਪਾਂਗ (ਜਿਮੀਕੰਦ) ਦੇ ਪੱਤੇ, ਚੀਨੀ ਪਿਆਜ਼, ਅੱਜ ਹੀ ਇਕੱਠਾ ਕੀਤੇ ਥੋਟੋ ਦੇ ਪੱਤੇ, ਕੇਕੜਿਆਂ ਦਾ ਪੇਸਟ ਅਤੇ ਹੋਰ ਕਈ ਕੁਝ ਇਕੱਠਾ ਕਰ ਰਹੀ ਹੈ।
ਚਾਂਗਕੀ ਦੀ ਇਹ 55-ਸਾਲਾ ਕਿਸਾਨ ਮਿਪਾਂਗਮਿੰਗ ਬਨਾਉਣ ਦੀ ਤਿਆਰੀ ਕਰ ਰਹੀ ਹੈ- ਜੋ ਇੱਕ ਆਵੋ ਨਾਗਾ ਖਾਸੀਅਤ ਹੈ। “ਇਹ ਰੋਸੁਪ ਨਾਲੋਂ ਬਿਲਕੁਲ ਵੱਖਰਾ ਪਕਵਾਨ ਹੈ, ਜੋ ਕਿ ਸਾਡੇ ਕਬੀਲੇ ਵਿੱਚ ਜਿਆਦਾ ਪ੍ਰਚਲਿਤ ਅਕਸਰ ਮਿਕਸ ਸਬਜ਼ੀਆਂ ਨਾਲ਼ ਬਣਾਇਆ ਜਾਣ ਵਾਲ਼ਾ ਪਕਵਾਨ ਹੈ,” ਟੀਆਮੋਂਗਲਾ ਲੌਂਗਚਾਰੀ, ਚਾਂਗਕੀ ਭਾਸ਼ਾ ਵਿੱਚ ਦੱਸਦੇ ਹਨ। ਉਹ ਮਿਪਾਂਗਮਿੰਗ ਨੂੰ ਆਪਣੇ ਖੇਤ ਵਿੱਚੋਂ ਲਿਆਂਦੇ ਸਥਾਨਕ ਚੌਲਾਂ ਅਤੇ ਸਥਾਨਕ ਚਿਕਨ ਫ੍ਰਾਈ ਨਾਲ਼ ਵਰਤਾਉਣਗੇ।
ਮਿਪਾਂਗਮਿੰਗ ਨੂੰ ਇਸ ਦਾ ਖਾਸ ਸਵਾਦ ਨਮਕ, ਹਰੀਆਂ ਮਿਰਚਾਂ, ਟਮਾਟਰ, ਮਿਚੀਗਨ (ਸੀਚੁਆਨ ਮਿਰਚਾਂ) ਪੱਤੇ, ਟੇਜਾਂਗ ਲਹਸੁਨ (ਸਥਾਨਕ ਚੀਨੀ ਪਿਆਜ਼), ਅਦਰਕ ਦੇ ਪੱਤੇ ਅਤੇ ਜਾਂਗਪਾਂਗਨਾਤਸੂ (ਖਮੀਰਿਆ ਕੇਕੜਿਆਂ ਦਾ ਪੇਸਟ) ਵਰਗੀਆਂ ਚੀਜ਼ਾਂ ਦਿੰਦੀਆਂ ਹਨ। ਉਹ ਮੌਸਮੀ ਤਾਜ਼ੀਆਂ ਸਬਜ਼ੀਆਂ ਵੀ ਵਰਤਦੇ ਹਨ।
ਚਾਂਗਕੀ ਪਿੰਡ ਵਿੱਚ 2,486 ਲੋਕ (ਜਨਗਣਨਾ 2011) ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਆਵੋ ਨਾਗਾ ਭਾਈਚਾਰੇ (ਅਨੁਸੂਚਿਤ ਜਨਜਾਤੀ ਵਜੋਂ ਸੂਚੀਬੱਧ) ਬਹੁਗਿਣਤੀ ਵਿੱਚ ਹੈ। ਚਾਂਗਕੀ ਬੋਲੀ ਸਿਰਫ਼ ਇਸ ਪਿੰਡ ਵਿੱਚ ਬੋਲੀ ਜਾਂਦੀ ਹੈ।
ਟੀਆਮੋਂਗਲਾ ਹੋਰ ਚਾਂਗਕੀ ਔਰਤਾਂ ਵਾਂਗ ਝੋਨੇ ਦੇ ਖੇਤਾਂ, ਜੰਗਲ ਦੀਆਂ ਪਗਡੰਡੀਆਂ ਅਤੇ ਪਾਣੀ ਦੇ ਸੋਮਿਆਂ ਦੇ ਨਾਲੋ ਨਾਲ਼ ਲਗਭਗ ਦੋ ਘੰਟਿਆਂ ਦਾ ਸਫ਼ਰ ਕਰ ਕੇ- ਸਥਾਨਕ ਪਕਵਾਨ ਪਕਾਉਣ ਲਈ ਮਿਪਾਂਗ, ਥੋਟੋ ਅਤੇ ਹੋਰ ਸਮਾਨ ਇਕੱਠਾ ਕਰ ਕੇ ਲੈ ਕੇ ਆਉਂਦੇ ਹਨ।
“ਭੋਜਨ ਇਕੱਠਾ ਕਰਨਾ ਪੁਰਾਣੇ ਸਮੇਂ ਵਿੱਚ ਜਿਆਦਾ ਮਹੱਤਵਪੂਰਨ ਹੁੰਦਾ ਸੀ ਕਿਉਂਕਿ ਹੋਰ ਕਿਤੋਂ ਉਪਜ ਮਿਲ਼ਣਾ ਆਸਾਨ ਨਹੀਂ ਹੁੰਦਾ ਸੀ,” ਉਹ ਪਾਰੀ ਨੂੰ ਦੱਸਦੇ ਹਨ। ਉਹਨਾਂ ਦੀ ਪੀੜ੍ਹੀ ਦੀਆਂ ਔਰਤਾਂ ਨੂੰ ਸਹਿਜੇ ਹੀ ਸਥਾਨਕ ਸਮੱਗਰੀ ਦੀ ਵਰਤੋਂ ਕਰਨ ਦਾ ਗਿਆਨ ਸੀ। “ਅਸੀਂ ਸਿਰਫ਼ ਉਹ ਹੀ ਖਾਂਦੇ ਸਾਂ ਜੋ ਸਾਡੇ ਝੂਮ ਖੇਤਾਂ ਵਿੱਚ, ਚੌਲਾਂ ਦੇ ਖੇਤਾਂ ਵਿੱਚ ਅਤੇ ਸਾਡੀ ਘਰੇਲੂ ਬਗੀਚੀ ਵਿੱਚ ਪੈਦਾ ਹੁੰਦਾ ਹੈ, ਜਦੋਂ ਕਿ ਹੁਣ ਅਸੀਂ ਨੇੜਲੇ ਬਜ਼ਾਰਾਂ ਵਿੱਚੋਂ ਉਪਜ ਖਰੀਦ ਵੀ ਲੈਂਦੇ ਹਾਂ।”
ਭੋਜਨ ਇਕੱਠਾ ਕਰਨ ਦਾ ਕੰਮ ਮੁੱਖ ਤੌਰ ‘ਤੇ ਔਰਤਾਂ ਹੀ ਕਰਦੀਆਂ ਹਨ, ਭਾਵੇਂ ਕਿ ਆਦਮੀ ਵੀ ਜੰਗਲ ਜਾਂ ਖੇਤ ਜਾਣ ‘ਤੇ ਕੁਝ ਨਾ ਕੁਝ ਲੈ ਹੀ ਆਉਂਦੇ ਹਨ। “ਅਸੀਂ ਭੋਜਨ ਇਕੱਠਾ ਕਰਨ ਦਾ ਹੁਨਰ ਅਤੇ ਕੀ ਚੀਜ਼ ਖਾਣਯੋਗ ਹੈ ਅਤੇ ਕੀ ਨਹੀਂ ਆਪਣੇ ਮਾਪਿਆਂ ਅਤੇ ਤਜੁਰਬੇਕਾਰ ਭੋਜਨ ਇਕੱਠਾ ਕਰਨ ਵਾਲ਼ਿਆਂ ਪਾਸੋਂ ਸਿੱਖਿਆ ਸੀ,” ਉਹ ਢਿੰਗਰੀ ਖੁੰਬਾਂ ਨੂੰ ਸਾਫ਼ ਕਰਦਿਆਂ ਸਾਨੂੰ ਦੱਸਦੇ ਹਨ ਜੋ ਉਹਨਾਂ ਦੀ ਗੁਆਂਢਣ ਉਹਨਾਂ ਲਈ ਦੀਮਾਪੁਰ ਬਜ਼ਾਰ ਤੋਂ ਲੈ ਕੇ ਆਈ ਸੀ, ਅਤੇ ਕੀਮਤੀ ਥੋਟੋ। “ਥੋਟੋ ਦੀ ਜੋੜੀ ਮਿਪਾਂਗ [ਜਿਮੀਕੰਦ ਦੇ ਪੱਤੇ] ਨਾਲ਼ ਬਹੁਤ ਵਧੀਆ ਲੱਗਦੀ ਹੈ।”
ਇੱਕ ਮੁੱਖ ਸਮੱਗਰੀ ਕੇਕੜਿਆਂ ਦਾ ਪੇਸਟ ਹੈ- ਜੋ ਆਵੋ ਨਾਗਾ ਰਸੋਈ ਵਿੱਚ ਕਾਫ਼ੀ ਵਰਤਿਆ ਜਾਂਦਾ ਹੈ। “ਚਾਂਗਕੀ ਵਿੱਚ ਤਿਆਰ ਕੇਕੜਿਆਂ ਦਾ ਪੇਸਟ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਇਸ ਦੀ ਬਹੁਤ ਮੰਗ ਰਹਿੰਦੀ ਹੈ,” ਟੀਆਮੋਂਗਲਾ ਮਾਣ ਨਾਲ਼ ਦੱਸਦੇ ਹਨ।
ਜਿਵੇਂ ਉਹ ਮਰਤਬਾਨ ਖੋਲਦੇ ਹਨ ਤਾਂ ਕਮਰਾ ਇੱਕ ਮਿੱਠੀ, ਮੱਛੀ ਵਰਗੀ ਖਮੀਰੀ ਖੁਸ਼ਬੂ ਨਾਲ਼ ਬਹਰ ਜਾਂਦਾ ਹੈ। ਜਾਂਗਪਾਂਗਨਾਤਸੂ ਇੱਕ ਆਵੋ ਨਾਗਾ ਖਾਸੀਅਤ ਹੈ ਜੋ ਝੋਨੇ ਦੇ ਖੇਤਾਂ ਦੇ ਨਾਲ਼ ਲੱਗਦੇ ਉੱਥਲੇ ਪਾਣੀ ਦੇ ਸੋਮਿਆਂ ਵਿੱਚ ਪਾਏ ਜਾਂਦੇ ਕੇਕੜਿਆਂ ਤੋਂ ਤਿਆਰ ਕੀਤੀ ਜਾਂਦੀ ਹੈ। ਭੁੰਨ ਕੇ ਛਿੱਲ ਉਤਾਰਨ ਤੋਂ ਬਾਅਦ ਕੇਕੜਿਆਂ ਨੂੰ ਰਗੜ ਕੇ ਕਾਲੇ ਤਿਲ ਰਲਾਏ ਜਾਂਦੇ ਹਨ ਅਤੇ ਕੁਝ ਦਿਨਾਂ ਲਈ ਕੇਲੇ ਦੇ ਪੱਤਿਆਂ ਵਿੱਚ ਵਲੇਟ ਕੇ ਅੰਗੀਠੀ ਕੋਲ਼ ਖਮੀਰਨ ਲਈ ਛੱਡ ਦਿੱਤਾ ਜਾਂਦਾ ਹੈ। ਇਹ ਆਵੋ ਨਾਗਾ ਰਸੋਈ ਵਿੱਚ ਕਈ ਤਰ੍ਹਾਂ ਦੀਆਂ ਚਟਨੀਆਂ, ਕੜ੍ਹੀਆਂ ਅਤੇ ਸ਼ੋਰਬਿਆਂ ਵਿੱਚ ਸਵਾਦ ਲਈ ਵਰਤਿਆ ਜਾਂਦਾ ਹੈ।
ਕਈ ਕਲਾਵਾਂ ਦੀ ਮਾਲਿਕ ਟੀਆਮੋਂਗਲਾ ਮਿੱਟੀ ਦੇ ਭਾਂਡੇ ਬਨਾਉਣ ਵਿੱਚ ਮਾਹਿਰ ਹਨ ਅਤੇ ਕਿਸਾਨ ਵੀ ਹਨ। ਪੜ੍ਹੋ: ਹੱਥੀਂ ਭਾਂਡੇ ਬਣਾਉਂਦੀਆਂ ਚਾਂਗਕੀ ਦੀਆਂ ਔਰਤਾਂ
ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ (2025) ਮੌਸਮ ਬਹੁਤ ਅਸਥਿਰ ਰਿਹਾ ਹੈ, ਅਤੇ ਕਈ ਵਾਰ ਭੂਸਖਲਣ ਹੋਣ ਨਾਲ਼ ਚੌਲਾਂ ਦੇ ਖੇਤ ਨਸ਼ਟ ਹੋ ਗਏ। “ਇੱਕ ਭੂਸਖਲਣ ਵਿੱਚ ਪਨੀਰੀ ਸਮੇਤ ਮੇਰੇ ਖੇਤ ਦੇ ਕੁਝ ਹਿੱਸੇ ਬਰਬਾਦ ਹੋ ਗਏ ਅਤੇ ਆਪਣੇ ਝੂਮ ਖੇਤਾਂ ਵਿੱਚ ਮੈਂ ਜਿਆਦਾਤਰ ਅਦਰਕ ਉਗਾਉਂਦੀ ਹਾਂ ਕਿਉਂਕਿ ਇਹਨਾਂ ਦੀ ਚੰਗੀ ਕੀਮਤ ਮਿਲ਼ ਜਾਂਦੀ ਹੈ।”
ਉਹਨ ਖਾਣਾ ਪਕਾਉਣ ਲਈ ਚਾਂਗਕੀ ਤੌੜੀਆਂ ਦੀ ਵਰਤੋਂ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਥਾਨਕ ਤੌੜੀਆਂ ਵਿੱਚ ਪਕਾਇਆ ਖਾਣਾ ਜਿਆਦਾ ਸਵਾਦੀ ਹੁੰਦਾ ਹੈ। ਸਰ੍ਹੋਂ ਦੇ ਤੇਲ ਦੀ ਤਿੱਖੀ ਮਹਿਕ ਅਤੇ ਛਣਕ ਖਮੀਰੇ ਕੇਕੜਿਆਂ ਦੀ ਖੁਸ਼ਬੂ ਨਾਲ਼ ਮਿਲ਼ ਕੇ ਸਾਰੀ ਰਸੋਈ ਨੂੰ ਮਹਿਕਾ ਰਹੀ ਹੈ। ਅਸੀਂ ਬੇਸਬਰੀ ਨਾਲ਼ ਖਾਣੇ ਦਾ ਇੰਤਜ਼ਾਰ ਕਰ ਰਹੇ ਹਾਂ।


