ਚਾਂਗਕੀ ਔਰਤਾਂ ਦੁਆਰਾ ਤਿਆਰ ਕੀਤੀਆਂ ਮਿੱਟੀ ਦੀਆਂ ਤੌੜੀਆਂ ਸਥਾਨਕ ਜੰਗਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਸਨ। ਕੋਈ ਵੀ ਇਨ੍ਹਾਂ ਤੌੜੀਆਂ ਨੂੰ ਨੁਕਸਾਨ ਨਾ ਪਹੁੰਚਾਉਂਦਾ ਕਿਉਂਕਿ ਭੋਜਨ ਬਣਾਉਣ ਵਿੱਚ ਇਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਰਹਿੰਦੀ! ਇਸ ਕਰਕੇ ਦੂਜੇ ਪਿੰਡ ਦੇ ਲੋਕ ਜਦੋਂ ਵੀ ਇਸ ਪਿੰਡ 'ਤੇ ਹਮਲਾ ਕਰਦੇ ਤਾਂ ਕਦੇ ਵੀ ਤੌੜੀਆਂ ਦਾ ਨਾਸ਼ ਨਾ ਕਰਦੇ। ਕਦੇ ਵੀ ਕਿਸੇ ਪਿੰਡ ਵਿੱਚ ਕੋਈ ਬਿਪਤਾ ਆਉਂਦੀ ਤਾਂ ਇਨ੍ਹਾਂ ਤੌੜੀਆਂ ਵਿੱਚ ਹੀ ਖਾਣਾ ਉਨ੍ਹੀਂ ਥਾਈਂ ਜਾਇਆ ਕਰਦਾ। ਆਵੋ ਕਬੀਲੇ ਦੀਆਂ ਔਰਤਾਂ ਬੜੇ ਮਾਣ ਨਾਲ਼ ਚਾਂਗਕੀ ਤੌੜੀਆਂ ਦੀ ਭੂਮਿਕਾ ਤੇ ਸਾਡੇ ਜੀਵਨ ਵਿੱਚ ਇਨ੍ਹਾਂ ਦੇ ਮਹੱਤਵ ਨੂੰ ਬਿਆਨ ਕਰਦੀਆਂ ਹਨ।
ਸਦੀਆਂ ਬੀਤ ਗਈਆਂ ਪਰ ਅੱਜ ਵੀ ਇਹ ਭਾਂਡੇ ਰਵਾਇਤੀ ਤਰੀਕੇ ਭਾਵ ਹੱਥ ਨਾਲ਼ ਹੀ ਬਣਾਏ ਜਾਂਦੇ ਹਨ। "ਅਸੀਂ ਚੱਕ ਜਾਂ ਕਿਸੇ ਵੀ ਯੰਤਰ ਦਾ ਇਸਤੇਮਾਲ ਨਹੀਂ ਕਰਦੇ। ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਿਰਫ਼ ਹੱਥ ਨਾਲ਼ ਹੀ ਤਿਆਰ ਕੀਤੇ ਜਾਂਦੇ ਹਨ" , ਟਿਆਮੋਂਗਲਾਲ ਲਾਂਗਚਾਰੀ ਦੱਸਦੇ ਹਨ। ਇਸ ਤੌੜੀ ਨੂੰ ਬਣਾਉਣ ਦੀ ਮਿੱਟੀ ਮੋਕੋਚੁੰਗ ਦੇ ਖੇਤਾਂ, ਪਹਾੜੀਆਂ, ਜੰਗਲਾਂ ਤੇ ਦਰਿਆ ਦੇ ਕਿਨਾਰੇ ਤੋਂ ਲਿਆਂਦੀ ਜਾਂਦੀ ਹੈ। ਕਿਤੇ ਪਹਾੜਾਂ ਤੇ ਜੰਗਲ ਦੀ ਮਿੱਟੀ ਨੂੰ ਰਲ਼ਾ ਕੇ ਇਹ ਤੌੜੀਆਂ ਬਣਾਈਆਂ ਜਾਂਦੀਆਂ ਹਨ।
ਭਾਂਡੇ ਬਣਾਉਣ ਲਈ ਅੱਜ ਵੀ ਪੁਰਾਣੀਆਂ ਪਰੰਪਰਾਵਾਂ ਨੂੰ ਅਪਣਾਇਆ ਜਾਂਦਾ ਹੈ। "ਅਸੀਂ ਆਪਣੀ ਦਾਦੀ ਅਤੇ ਪੜਦਾਦੀ ਦੇ ਤਰੀਕੇ ਨੂੰ ਜਾਰੀ ਰੱਖਿਆ ਹੈ," 55 ਸਾਲਾ ਟਿਆਮੋਂਗਲਾਲ ਦਾ ਕਹਿਣਾ ਹੈ। ਨਾਗਾਲੈਂਡ ਦੇ ਚਾਂਗਕੀ ਪਿੰਡ ਦੀਆਂ ਕੁਝ ਕੁ ਬਚੀਆਂ ਇਨ੍ਹਾਂ ਕਾਰੀਗਰਾਂ ਵਿੱਚੋਂ ਇੱਕ, ਟਿਆਮੋਂਗਲਾਲ ਆਪਣੀ ਬਜ਼ੁਰਗ ਮਾਂ ਨਾਲ਼ ਰਹਿੰਦੇ ਹਨ ਅਤੇ ਉੱਥੇ ਹੀ ਭਾਂਡੇ ਤਿਆਰ ਕਰਦੇ ਹਨ। ਪਹਿਲਾਂ, ਹਰ ਘਰ ਦੀ ਔਰਤ ਆਪਣੇ ਵਰਤਣ ਤੇ ਵੇਚਣ ਲਈ ਭਾਂਡੇ ਬਣਾਇਆ ਕਰਦੀ। ਪਰ ਮੌਜੂਦਾ ਸਮੇਂ ਨਾਗਾਲੈਂਡ ਦੇ ਚਾਂਗਕੀ ਪਿੰਡ ਵਿੱਚ ਸਿਰਫ਼ 15 ਔਰਤਾਂ ਹੀ ਭਾਂਡੇ ਤਿਆਰ ਕਰਨ ਦੀ ਇਸ ਕਲਾ ਨੂੰ ਤੋਰ ਰਹੀਆਂ ਹਨ।
ਇਸ ਪੂਰੀ ਕਲਾ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਪਾਰੀ ਉਨ੍ਹਾਂ ਨੂੰ ਜਾ ਮਿਲ਼ੀ, ਜਿੱਥੇ ਇਨ੍ਹਾਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਲ਼-ਮਿਲ਼ ਕੇ ਆਪਣੇ ਪੁਰਖਿਆਂ ਦੀ ਇਸ ਕਲਾ ਨੂੰ ਜਾਰੀ ਰੱਖਣ ਤੇ ਆਪਣੇ ਕਬੀਲੇ ਦੀਆਂ ਅਗਲੀ ਪੀੜ੍ਹੀ ਦੀਆਂ ਔਰਤਾਂ ਦੇ ਸੁਪਰਦ ਕਰਨ ਵਿੱਚ ਬੜਾ ਸਕੂਨ ਮਿਲ਼ਦਾ ਹੈ। ਇਸ ਕੰਮ ਤੋਂ ਹੁੰਦੀ ਵਾਧੂ ਆਮਦਨੀ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦਗਾਰ ਸਾਬਤ ਹੁੰਦੀ ਹੈ।








