“ਆਹ੍ਹ...!” ਉਨ੍ਹਾਂ ਪੰਜਾਂ ਦੇ ਮੂੰਹੋਂ ਇੱਕ ਸੁਰ ਵਿੱਚ ਨਿਕਲ਼ੀ ਅਵਿਸ਼ਵਾਸ ਅਤੇ ਨਿਰਾਸ਼ਾ ਭਰੀ ਅਵਾਜ਼ਅਤੇ ਉਹਦੇ ਫ਼ੌਰਨ ਬਾਅਦ ਗੂੰਜਦੇ ਠਹਾਕਿਆਂ ਨਾਲ਼ ਉਸ ਸ਼ਾਂਤ ਗਲੀ ਦੀ ਚੁੱਪੀ ਟੁੱਟ ਜਾਂਦੀ ਹੈ। ਜ਼ਾਹਰ ਹੈ, ਅਸੀਂ ਫਿਰ ਤੋਂ ਖ਼ੁਦ ਨੂੰ ਹੀ ਮੂਰਖ ਬਣਾ ਲਿਆ। ਵਿਚਾਲ਼ਿਓਂ ਦੋਫ਼ਾੜ ਕੀਤੇ ਇਮਲੀ ਦੇ ਚਾਰੇ ਬੀਜ ਸਿੱਧੇ ਡਿੱਗਣ ਤੋਂ ਬਾਅਦ ਚਾਰ ਵੱਖ-ਵੱਖ ਦਿਸ਼ਾਵਾਂ ਵਿੱਚ ਖਿੰਡ ਗਏ। ਸਾਨੂੰ ਇਓਂ ਨਹੀਂ ਸੀ ਸੁੱਟਣਾ ਚਾਹੀਦਾ ਜਿਵੇਂ ਲੁਡੋ ਵਿੱਚ ਪਾਸੇ ਨੂੰ ਉਛਾਲ਼ਿਆ ਜਾਂਦਾ ਹੈ। ਹਾਲੰਮਾ ਤੁਰੰਤ ਵਿੱਚ ਪੈ ਕੇ ਸਹੀ ਤਰੀਕਾ ਦਿਖਾਉਂਦੀ ਹੈ। ਉਹ ਸਾਨੂੰ ਧਿਆਨ ਨਾਲ਼ ਦੇਖਣ ਨੂੰ ਕਹਿੰਦੀ ਹੈ, ਫਿਰ ਉਹ ਬੀਜਾਂ ਨੂੰ ਇਕੱਠਾ ਕਰ ਕੇ ਤੇਜ਼ੀ ਨਾਲ਼ ਗੁੱਟ ਹਿਲਾਉਂਦੀ ਹੋਈ ਇੱਕ ਮਰੋੜ ਦੇ ਕੇ ਸੁੱਟਦੀ ਹੈ, ਜਿਵੇਂ ਕੋਈ ਸਪਿਨ ਗੇਂਦਬਾਜ਼ ਗੁਗਲੀ ਕਰਦਾ ਹੈ।
ਇਸ ਵਾਰ ਗੀਟੀਆਂ ਅੱਡ ਹੀ ਤਰੀਕੇ ਨਾਲ਼ ਡਿੱਗੀਆਂ- ਕੁਝ ਟੇਢੀਆਂ, ਕੁਝ ਸਿੱਧੀਆਂ ਹਾਥੀਦੰਦ ਵਰਗੇ ਚਿੱਟੇ ਢਿੱਡ ਕੱਢੀ। ਜਿੰਨੇ ਬੀਜਾਂ ਦੇ ਢਿੱਡ ਉਪਰਲੇ ਪਾਸੇ ਹੁੰਦੇ ਹਨ, ਉਹਦੇ ਹਿਸਾਬ ਨਾਲ਼ ਹਾਲੰਮਾ ਆਪਣੀ ਗੋਟੀ ਅੱਗੇ ਵਧਾਉਂਦੀ ਹੈ। ਗੋਟੀ, ਗੂੜ੍ਹੇ ਹਰੇ ਰੰਗ ਦੀ ਵੰਗ ਦਾ ਇੱਕ ਟੁਕੜਾ ਹੈ। "ਏਕ ਗਿਰਤਾ ਹੈ ਤੋ ਏਕ, ਦੋ ਗਿਰਤਾ ਹੈ ਤੋ ਦੋ, ਤੀਨ ਗਿਰਤਾ ਹੈ ਤੋ ਤੀਨ, ਚਾਰ ਗਿਰਤਾ ਹੈ ਤੋ ਚਾਰ," ਉਹ ਦੱਸਦੀ ਹੈ। ਬਾਹਰੋਂ ਆਈਆਂ ਦੋ ਨਵੀਂਆਂ ਸਿਖਾਂਦਰੂ ਕੁੜੀਆਂ ਨੂੰ, ਜਿਨ੍ਹਾਂ ਨੂੰ ਕੰਨੜ ਨਾ ਦੇ ਬਰਾਬਰ ਹੀ ਆਉਂਦੀ ਹੈ, ਖੇਡ ਸਮਝਾਉਣ ਦੀ ਇੱਕ ਹੋਰ ਕੋਸ਼ਿਸ਼ ਕਰਦਿਆਂ ਟੁੱਟੀ-ਫੁੱਟੀ ਹਿੰਦੀ ਬੋਲਦੀ ਹੈ। ਉਹ ਰੰਗੇ ਹੋਏ ਖਾਨਿਆਂ 'ਤੇ 'ਸਾਡੀ' ਗੋਟੀ ਅੱਗੇ ਵਧਾਉਂਦੀ ਹੈ ਤੇ ਇਮਲੀ ਦੇ ਬੀਜਾਂ ਨੂੰ ਮੁੜ ਉਛਾਲ਼ਦੀ ਹੈ। ਹੁਣ ਉਨ੍ਹਾਂ ਦੀ ਵਾਰੀ ਹੈ।





