ਕੇ. ਐੱਨ. ਮਹੇਸ਼ਾ ਇੱਕ ਟ੍ਰੇਂਡ ਕੁਦਰਤਵਾਦੀ ਹਨ, ਜਿਨ੍ਹਾਂ ਨੇ ਪਹਿਲਾਂ ਵਪਾਰ ਨੂੰ ਲੈ ਕੇ ਅਧਿਐਨ ਕੀਤਾ ਸੀ। ਉਹ ਅਤੇ ਉਨ੍ਹਾਂ ਦੇ ਪਿਤਾ ਕੁੰਗਹੱਲੀ ਪਿੰਡ ਵਿੱਚ ਖੇਤੀ ਕਰਦੇ ਹਨ। ਇਸ ਲੇਖ ਲਈ ਉਨ੍ਹਾਂ ਨੇ ਇਹ ਤਸਵੀਰਾਂ ਉਦੋਂ ਲਈਆਂ, ਜਦੋਂ ਉਹ ਬਾਂਦੀਪੁਰ ਰਾਸ਼ਟਰੀ ਪਾਰਕ ਵਿੱਚ ਤੇਜ਼ੀ ਨਾਲ਼ ਵੱਧ-ਫੁੱਲ ਰਹੇ ਨਦੀਨਾਂ ਨੂੰ ਪੁੱਟਣ ਲਈ ਇੱਕ ਸਥਾਨਕ ਗ਼ੈਰ-ਸਰਕਾਰੀ ਸੰਗਠਨ ਨਾਲ਼ ਕੰਮ ਕਰ ਰਹੇ ਸਨ।
ਉਨ੍ਹਾਂ ਦਾ ਇਹ ਫ਼ੋਟੋ ਲੇਖ ਜੰਗਲੀ ਜੀਵਾਂ ਦੇ ਨਾਲ਼ ਰਹਿਣ ਬਾਰੇ ਇੱਕ ਵੱਡੀ ਸਹਿਯੋਗੀ ਫ਼ੋਟੋਗ੍ਰਾਫ਼ੀ ਪ੍ਰੋਜੈਕਟ ਦਾ ਹਿੱਸਾ ਅਤੇ 'ਪਾਰੀ' 'ਤੇ ਪ੍ਰਕਾਸ਼ਿਤ ਛੇ ਲੇਖ ਲੜੀ ਦਾ ਚੌਥਾ ਭਾਗ ਹੈ। ਮਹੇਸ਼ਾ (27 ਸਾਲ) ਕਹਿੰਦੇ ਹਨ,"ਜਦੋਂ ਮੈਨੂੰ ਕੈਮਰਾ ਫੜ੍ਹਾਇਆ ਗਿਆ, ਮੈਂ ਨਹੀਂ ਜਾਣਦਾ ਸੀ ਤਸਵੀਰ ਕਿਵੇਂ ਲੈਣੀ ਹੈ ਅਤੇ ਤਸਵੀਰਾਂ ਖਿੱਚਣ ਦੇ ਮਾਮਲੇ ਵਿੱਚ ਮੈਂ ਬੜਾ ਸੰਗਾਊ ਵੀ ਸਾਂ। ਫਿਰ ਮੈਂ ਹਰ ਉਹ ਚੀਜ਼ ਕਲਿੱਕ ਕਰਨ ਲੱਗਾ ਜੋ ਮੈਨੂੰ ਨਵੀਂ ਅਤੇ ਦਿਲਚਸਪ ਲੱਗਦੀ। ਮੈਨੂੰ ਇਹ ਪ੍ਰੋਜੈਕਟ ਬਹੁਤ ਪਸੰਦ ਆਇਆ; ਇਸ ਦੇ ਜ਼ਰੀਏ, ਅਸੀਂ ਪਿੰਡਾਂ ਵਿੱਚ ਵਾਪਰਨ ਵਾਲ਼ੀ ਹਰ ਗੱਲ ਨੂੰ ਦੇਖ ਸਕਦੇ ਹਾਂ।"














